ਸਵ. ਲਾਲਾ ਜਗਤ ਨਾਰਾਇਣ ਨਾ ਸਿਰਫ ਹਿੰਦੁਸਤਾਨ ਸਗੋਂ ਸਾਰੇ ਜਗਤ ’ਚ 20ਵੀਂ ਸਦੀ ’ਚ ਪੱਤਰਕਾਰਤਾ ਦਾ ਇਕ ਅਜਿਹਾ ਅਧਿਆਏ ਹਨ, ਜਿਨ੍ਹਾਂ ਨੂੰ ਪੱਤਰਕਾਰਤਾ ਦੇ ਇਤਿਹਾਸ ’ਚ ਹਮੇਸ਼ਾ ਮੋਹਰੀ ਸਮਝਿਆ ਅਤੇ ਯਾਦ ਕੀਤਾ ਜਾਂਦਾ ਰਹੇਗਾ। 31 ਮਈ, 1899 ਦੇ ਦਿਨ ਵਜ਼ੀਰਾਬਾਦ ਜ਼ਿਲਾ ਗੁਜਰਾਂਵਾਲਾ (ਹੁਣ ਪਾਕਿਸਤਾਨ) ’ਚ ਜੰਮੇ ਲਾਲਾ ਜਗਤ ਨਾਰਾਇਣ ਰਾਸ਼ਟਰ ਦੀ ਆਜ਼ਾਦੀ ਦੇ ਇਕ ਕਲਮਕਾਰ, ਕ੍ਰਾਂਤੀਕਾਰੀ ਸਿਪਾਹੀ, ਫ੍ਰੀਡਮ ਫਾਈਟਰ ਹੋਣ ਦੇ ਨਾਲ-ਨਾਲ ਇਕ ਮਾਣਯੋਗ ਪੱਤਰਕਾਰ, ਸੰਪਾਦਕ, ਵਿਧਾਨ ਸਭਾ (ਪੰਜਾਬ) ਦੇ ਮੈਂਬਰ, ਸਿੱਖਿਆ ਮੰਤਰੀ, ਸੰਸਦ ਮੈਂਬਰ ਵੀ ਸਨ ਲਾਲਾ ਜੀ। ਉੱਤਰੀ ਭਾਰਤ ’ਚ ਬੜੇ ਸ਼ੌਕ ਅਤੇ ਚਾਅ ਨਾਲ ਪੜ੍ਹੇ ਜਾਣ ਵਾਲੇ ਅਖਬਾਰ ‘ਹਿੰਦ ਸਮਾਚਾਰ’ ਅਤੇ ‘ਪੰਜਾਬ ਕੇਸਰੀ’ ਦੇ ਸੰਸਥਾਪਕ ਸੰਪਾਦਕ ਹੋਣ ਦੇ ਨਾਤੇ ਇਕ ਸਨਮਾਣਯੋਗ ਵਿਅਕਤੀ ਰਹੇ ਹਨ ਲਾਲਾ ਜਗਤ ਨਾਰਾਇਣ।
ਜਗਤ ਨਾਰਾਇਣ ਜੀ ਨੇ 1919 ’ਚ ਡੀ. ਏ. ਵੀ. ਕਾਲਜ ਲਾਹੌਰ ’ਚ ਗ੍ਰੈਜੁਏਟ ਤੱਕ ਅਧਿਐਨ ਕੀਤਾ ਅਤੇ ਉੱਥੇ ਹੀ ਸਥਿਤ ਲਾਅ ਕਾਲਜ ਲਾਹੌਰ ’ਚ ਕਾਨੂੰਨ ਵਿਸ਼ੇ ਦੀ ਪੜ੍ਹਾਈ ਸ਼ੁਰੂ ਕੀਤੀ ਪਰ ਉਨ੍ਹਾਂ ਹੀ ਦਿਨਾਂ ’ਚ ਮਹਾਤਮਾ ਗਾਂਧੀ ਜੀ ਨੇ ਜਗਤ ਜੀ ਨੂੰ ਨਿੱਜੀ ਪੱਧਰ ’ਤੇ ਰਾਸ਼ਟਰ ਦੀ ਆਜ਼ਾਦੀ ਦੇ ਅਸਹਿਯੋਗ ਅੰਦੋਲਨ (ਨਾਨ ਕੋ-ਆਪ੍ਰੇਸ਼ਨ ਮੂਵਮੈਂਟ) ’ਚ ਸ਼ਮੂਲੀਅਤ ਲਈ ਸੱਦ ਲਿਆ ਸੀ ਅਤੇ ਲਾਲਾ ਜੀ ਲਾਅ ਕਾਲਜ ਦੀ ਪੜ੍ਹਾਈ ਵਿਚਾਲੇ ਹੀ ਛੱਡ ਕੇ ਗਾਂਧੀ ਜੀ ਨਾਲ ਜਾ ਮਿਲੇ ਸਨ।
ਉਸ ਨਾਨ ਕੋ-ਆਪ੍ਰੇਸ਼ਨ ਮੂਵਮੈਂਟ ਦੌਰਾਨ ਅੰਗਰੇਜ਼ ਸਰਕਾਰ ਦੇ ਵਿਰੋਧ ਮੌਕੇ ਜਗਤ ਨਾਰਾਇਣ ਵਿਰੁੱਧ ਇਲਜ਼ਾਮ ਲੱਗਦੇ ਰਹੇ ਸਨ ਅਤੇ ਅਜਿਹੇ ਦੋਸ਼ ਲਈ ਲਾਲਾ ਜੀ ਢਾਈ ਸਾਲ ਜੇਲ ’ਚ ਵੀ ਰਹੇ ਸਨ। ਉਕਤ ਜੇਲ ’ਚ ਵੀ ਲਾਲਾ ਜੀ ਖਾਲੀ ਨਹੀਂ ਬੈਠੇ ਸਨ। ਉਨ੍ਹੀਂ ਦਿਨੀਂ ਜਗਤ ਜੀ ਨੇ ਲਾਲਾ ਲਾਜਪਤਰਾਏ ਦੇ ਨਿੱਜੀ ਸਹਾਇਕ ਦੀ ਜ਼ਿੰਮੇਵਾਰੀ ਨਿਭਾਈ ਸੀ। ਉਕਤ ਸਜ਼ਾ ਦੀ ਸਮਾਪਤੀ ਤੋਂ ਬਾਅਦ ਲਾਲਾ ਜੀ ਨੂੰ ਭਰਾ ਪਰਮਾਨੰਦ ਨੇ ਆਪਣੀ ਹਫਤਾਵਾਰੀ ਮੈਗਜ਼ੀਨ ਆਕਾਸ਼ਵਾਣੀ ਦੇ ਸੰਪਾਦਕ ਦੀ ਜ਼ਿੰਮੇਵਾਰੀ ਦਿੱਤੀ ਸੀ। ਉਸ ਜ਼ਿੰਮੇਵਾਰੀ ਦੇ ਨਾਲ-ਨਾਲ ਲਾਲਾ ਜੀ ਮਹਾਤਮਾ ਗਾਂਧੀ ਜੀ ਵੱਲੋਂ ਪ੍ਰਚਲਿਤ ਸੱਤਿਆਗ੍ਰਹਿ ’ਚ ਬਰਾਬਰ ਹਿੱਸਾ ਲੈਂਦੇ ਰਹੇ। ਉਨ੍ਹਾਂ ਸਤਿਆਗ੍ਰਹਿਆਂ ਦੌਰਾਨ ਅੰਗਰੇਜ਼ ਸਰਕਾਰ ਨੇ ਇਨ੍ਹਾਂ ਨੂੰ ਕਈ ਵਾਰ ਕਸੂਰਵਾਰ ਠਹਿਰਾਇਆ, ਮੁਕੱਦਮੇ ਚੱਲੇ ਅਤੇ ਜੇਲ ਦੇ ਹੁਕਮ ਹੋਏ। ਇਸ ਤਰ੍ਹਾਂ ਲਾਲਾ ਜੀ ਲਗਭਗ 9 ਸਾਲ ਜੇਲ ’ਚ ਰਹਿ ਕੇ ਆਜ਼ਾਦੀ ਲਈ ਲੜੇ ਸਨ। ਇੱਥੋਂ ਤੱਕ ਕਿ ਲਾਲਾ ਜੀ ਦੀ ਧਰਮਪਤਨੀ ਸ਼ਾਂਤੀ ਦੇਵੀ ਵੀ ਆਜ਼ਾਦੀ ਦੇ ਸੰਘਰਸ਼ ’ਚ ਹਿੱਸਾ ਲੈਂਦੀ ਰਹੀ ਸੀ ਅਤੇ ਉਨ੍ਹਾਂ ਨੇ ਵੀ 6 ਮਹੀਨੇ ਬਤੌਰ ਆਜ਼ਾਦੀ ਘੁਲਾਟੀਏ ਜੇਲ ’ਚ ਬਿਤਾਏ ਸਨ। ਆਜ਼ਾਦੀ ਲਈ ਸੰਘਰਸ਼ ’ਚ ਲਾਲਾ ਜੀ ਦੇ ਬੇਟੇ ਸਵ. ਰਮੇਸ਼ ਚੰਦਰ ਵੀ ਬਰਾਬਰ ਦੇ ਭਾਈਵਾਲ ਰਹੇ ਅਤੇ ਅੰਗਰੇਜ਼ ਸਰਕਾਰ ਵੱਲੋਂ ਜੇਲ ਹੁਕਮ ਭੋਗਦੇ ਝੱਲਦੇ ਰਹੇ ਸਨ।
1947 ’ਚ ਜਦੋਂ ਭਾਰਤ ਨੂੰ ਆਜ਼ਾਦੀ ਮਿਲੀ ਅਤੇ ਦੇਸ਼ ਦੀ ਵੰਡ ਹੋਈ ਤਾਂ ਲਾਲਾ ਜੀ ਵਜ਼ੀਰਾਬਾਦ ਅਤੇ ਲਾਹੌਰ ਛੱਡ ਕੇ ਪਰਿਵਾਰ ਸਮੇਤ ਜਲੰਧਰ ਆ ਗਏ ਸਨ। ਜਲੰਧਰ ਆ ਕੇ ਇਨ੍ਹਾਂ 1948 ’ਚ ਦੈਨਿਕ ਉਰਦੂ ਅਖਬਾਰ ‘ਹਿੰਦ ਸਮਾਚਾਰ’ ਸ਼ੁਰੂ ਕੀਤਾ। ਉਨ੍ਹੀਂ ਦਿਨੀਂ ਸਰਕਾਰੀ ਅਫਸਰ ਅਤੇ ਪੜ੍ਹੇ ਲਿਖੇ ਸਭ ਲੋਕ ਉਰਦੂ ਹੀ ਪੜ੍ਹਦੇ ਸਨ। ਇਸ ਲਈ ਲਾਲਾ ਜੀ ਦੇ ਉਰਦੂ ਅਖਬਾਰ ‘ਹਿੰਦ ਸਮਾਚਾਰ’ ਨੂੰ ਬੜੇ ਸ਼ੌਕ ਨਾਲ ਪੜ੍ਹਿਆ ਜਾਂਦਾ ਸੀ ਪਰ ਹੌਲੀ-ਹੌਲੀ ਉਰਦੂ ਦੀ ਥਾਂ ਹਿੰਦੀ ਅਤੇ ਪੰਜਾਬੀ ਭਾਸ਼ਾ ’ਤੇ ਨਿਰਭਰਤਾ ਸ਼ੁਰੂ ਹੋ ਗਈ। ਉਸ ਰੱਦੋ-ਅਮਲ ਦੇ ਮੱਦੇਨਜ਼ਰ ਲਾਲਾ ਜੀ ਨੇ 1965 ’ਚ ਦੈਨਿਕ ਹਿੰਦੀ ਅਖਬਾਰ ‘ਪੰਜਾਬ ਕੇਸਰੀ’ ਦੀ ਸ਼ੁਰੂਆਤ ਕੀਤੀ।
1980 ਦੇ ਦਹਾਕੇ ’ਚ ਵਿਦੇਸ਼ਾਂ ’ਚ ਜਾ ਪੁੱਜੇ ਕੁਝ ਇਕ ਪੰਜਾਬੀ ਲੋਕਾਂ ਨੇ ਪੰਜਾਬ ਨੂੰ ਸਿੱਖ ਹੋਮਲੈਂਡ ਬਣਾਉਣ ਲਈ ਖੁਫੀਆ ਅੰਦੋਲਨ ਚਾਲੂ ਕਰ ਿਦੱਤਾ ਸੀ। ਲਾਲਾ ਜੀ ਪੰਜਾਬ ਦੇ ਪੁਰਾਣੇ ਨੇਤਾ ਅਤੇ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਵਾਂਗ ਸਿੱਖ ਹੋਮਲੈਂਡ ਨੂੰ ਵੱਖਰਾ ਦੇਸ਼ ਬਣਾਉਣ ਦੇ ਹੱਕ ’ਚ ਨਹੀਂ ਸਨ। ਇਸ ਲਈ ਇਨ੍ਹਾਂ ਨੇ ਸਿੱਖ ਹੋਮਲੈਂਡ ਦੀ ਮੰਗ ਵਿਰੁੱਧ ਆਪਣੇ ਵਿਚਾਰ ਲਿਖਣੇ ਅਤੇ ਛਾਪਣੇ ਜਾਰੀ ਰੱਖੇ ਸਨ, ਲਾਲਾ ਜੀ ਦੇ ਸਿੱਖ ਹੋਮਲੈਂਡ ਵਿਰੁੱਧ ਅਖੌਤੀ ਲੇਖਾਂ ਨਾਲ ਸਿੱਖ ਹੋਮਲੈਂਡ ਦੇ ਆਲੰਬੜਦਾਰ ਖਫਤਗੀ ਮਹਿਸੂਸ ਕਰਨ ਲੱਗ ਗਏ ਸਨ। ਇਸ ਲਈ ਸਿੱਖ ਹੋਮਲੈਂਡ ਦੇ ਹਮਾਇਤੀਆਂ ਨੇ ਲਾਲਾ ਜੀ ਦੇ ਵਿਰੋਧ ਨੂੰ ਹਟਾਉਣ ਲਈ ਜਨਵਰੀ, 1981 ’ਚ ਇਨ੍ਹਾਂ ਦਾ ਕਤਲ ਕਰਨ ਦਾ ਯਤਨ ਕੀਤਾ ਸੀ ਪਰ ਈਸ਼ਵਰ ਦੀ ਕਿਰਪਾ ਨਾਲ ਲਾਲਾ ਜੀ ਉਸ ਜਾਨਲੇਵਾ ਹਮਲੇ ਤੋਂ ਬਚ ਨਿਕਲੇ ਸਨ।
ਉਕਤ ਹੱਤਿਆ ਦੇ ਯਤਨ ਤੋਂ ਲਾਲਾ ਜੀ ਨਿਰਾਸ਼ ਨਹੀਂ ਹੋਏ ਸਨ ਤੇ ਉਨ੍ਹਾਂ ਨੇ ਆਪਣਾ ਦੇਸ਼ ਪ੍ਰੇਮ ਦਾ ਲੇਖਨ ਜਾਰੀ ਰੱਖਿਆ ਸੀ ਪਰ ਦੇਸ਼ ਵਿਰੋਧੀ ਤਾਕਤ ਲਾਲਾ ਜੀ ਦੀ ਆਵਾਜ਼ ਅਤੇ ਦੇਸ਼ ਪ੍ਰੇਮ ਤੇ ਸਿੱਖ ਹੋਮਲੈਂਡ ਵਿਰੋਧੀ ਲੇਖਨ ਨੂੰ ਦਬਾਉਣ ਲਈ ਲਾਲਾ ਜੀ ’ਤੇ ਘਾਤ ਲਗਾਏ ਹੋਏ ਰਹੇ ਅਤੇ 9 ਸਤੰਬਰ, 1981 ਵਾਲੇ ਦਿਨ ਸਿੱਖ ਹੋਮਲੈਂਡ ਦੇ ਤੱਤਾਂ ਦੇ ਦੂਜੇ ਹਮਲੇ ’ਚ ਲਾਲਾ ਜੀ ਸ਼ਹੀਦ ਹੋ ਗਏ ਸਨ।
ਕਹਿਣਾ ਨਹੀਂ ਹੋਵੇਗਾ ਕਿ ਲਾਲਾ ਜੀ ਦੀ ਸਾਹਸੀ ਪੱਤਰਕਾਰਤਾ ਤੇ ਸ਼ਹਾਦਤ ਦੀ ਯਾਦਦਾਸ਼ਤ ਦੀ ਪੁਸ਼ਟੀ ਲਈ ਭਾਰਤ ਸਰਕਾਰ ਦੇ ਡਾਕ ਵਿਭਾਗ ਨੇ 2013 ’ਚ ਲਾਲਾ ਜੀ ਦੀ ਤਸਵੀਰ ਵਾਲੀ ਇਕ ਡਾਕ ਟਿਕਟ ਜਾਰੀ ਕੀਤੀ ਸੀ।
ਇੱਥੇ ਇਹ ਕਹਿਣਾ ਵੀ ਜ਼ਰੂਰੀ ਹੈ ਕਿ ਲਾਲਾ ਜਗਤ ਨਾਰਾਇਣ ਜੀ ਦੀ ਸ਼ਹਾਦਤ ਦੇ ਮੱਦੇਨਜ਼ਰ ‘ਹਿੰਦ ਸਮਾਚਾਰ’ ਤੇ ‘ਪੰਜਾਬ ਕੇਸਰੀ’ ਦੇ ਸੰਪਾਦਕ ਅਤੇ ਪ੍ਰਕਾਸ਼ਨ ਦਾ ਭਾਰ ਉਨ੍ਹਾਂ ਦੇ ਵੱਡੇ ਬੇਟੇ ਰਮੇਸ਼ ਚੰਦਰ ’ਤੇ ਆਇਆ ਸੀ। ਇਨ੍ਹਾਂ ਨੇ ਵੀ ਆਪਣਾ ਲੇਖਨ ਲਾਲਾ ਜੀ ਵਾਂਗ ਹੀ ਜਨਤਾ ਦੀ ਭਲਾਈ ਤੇ ਪੰਜਾਬ ਦੇ ਧਰੁਵੀਕਰਨ ਤੋਂ ਬਚਾਅ ’ਤੇ ਕੇਂਦਰਿਤ ਰੱਖਿਆ। ਇਸ ਲਈ ਸਿੱਖ ਹੋਮਲੈਂਡ ਹਮਾਇਤੀ ਵਿਦੇਸ਼ੀ ਅੱਤਵਾਦੀਆਂ ਨੇ ਰਮੇਸ਼ ਚੰਦਰ ਜੀ ਨੂੰ ਵੀ 11 ਮਈ, 1984 ਵਾਲੇ ਦਿਨ ਸ਼ਹੀਦ ਕਰ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਉਕਤ ਸਭ ਜਾਨਲੇਵਾ ਵਾਰਦਾਤਾਂ ਨੂੰ ਝਲਦੇ ਹੋਏ ਮੌਜੂਦਾ ਵਿਚ ਲਾਲਾ ਜੀ ਦੇ ‘ਹਿੰਦ ਸਮਾਚਾਰ’ ਪੱਤਰ ਸਮੂਹ ਦੇ ਜਨ ਕਲਿਆਣ ਸੰਪਾਦਨ ਤੇ ਸੰਚਾਲਨ ਭਾਰਤ ਦੇ ਮੰਨੇ-ਪ੍ਰਮੰਨੇ ਪੱਤਰਕਾਰ ਲਾਲਾ ਜੀ ਦੇ ਛੋਟੇ ਬੇਟੇ ਵਿਜੇ ਕੁਮਾਰ ਕਰ ਰਹੇ ਹਨ ਜੋ ਕਿ ਨਾ ਸਿਰਫ ਉੱਤਰੀ ਭਾਰਤ ਸਗੋਂ ਸਮੁੱਚੇ ਏਸ਼ੀਆ ’ਚ ਵਧੀਆ ਜਨ ਕਲਿਆਣ ਪੱਤਰਕਾਰਤਾ ਕਰ ਰਹੇ ਹਨ। ਸਰਵਉੱਚ ਪੱਤਰਕਾਰਤਾ ਦੇ ਨਾਲ-ਨਾਲ ‘ਪੰਜਾਬ ਕੇਸਰੀ’ ਸਮੂਹ ਸਰਹੱਦੀ ਇਲਾਕਿਆਂ ’ਚ ਆਏ ਦਿਨ ਹੋਣ ਵਾਲੀ ਗੋਲੀਬਾਰੀ ਤੋਂ ਪ੍ਰਭਾਵਿਤ ਲੋਕਾਂ ਦੀ ਸਮੇਂ-ਸਮੇਂ ’ਤੇ ਰੋਜ਼ਾਨਾ ਦੀਆਂ ਵਰਤੋਂ ਵਾਲੀਆਂ ਚੀਜ਼ਾਂ ਦੀ ਹਰ ਤਰ੍ਹਾਂ ਨਾਲ ਮਦਦ ਕਰ ਰਹੇ ਹਨ ਭਾਵ ਸਰਹੱਦ ’ਤੇ ਚੱਲ ਰਹੀ ਛੋਟੀ-ਮੋਟੀ ਜੰਗ ਤੋਂ ਪ੍ਰਭਾਵਿਤ ਲੋਕਾਂ ਨੂੰ ਬਿਨਾਂ ਕਿਸੇ ਜਾਤੀ, ਧਰਮ, ਨਿਵਾਸ ਤੇ ਭੇਦਭਾਵ ਨੂੰ ਰੋਜ਼ਾਨਾ ਜ਼ਰੂਰਤ ਦੀਆਂ ਵਸਤੂਆਂ, ਕੱਪੜੇ, ਭੋਜਨ ਆਦਿ ਸਮੱਗਰੀ ਦੇ ਰੂਪ ’ਚ ਪਹੁੰਚਾ ਰਹੇ ਹਨ। ਲਾਲਾ ਜਗਤ ਨਾਰਾਇਣ ਜੀ ਦੀ ਸ਼ਹਾਦਤ ਬਾਰੇ ਇਕ ਪ੍ਰਸਿੱਧ ਕਵੀ ਦੇ ਸ਼ਬਦਾਂ ’ਚ
‘‘ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ,
ਵਤਨ ਪਰ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ।’’
ਕੇ. ਐੱਲ. ਨੋਤੇ
ਭਵਨ ਲੋਕਤੰਤਰ ਦਾ, ਭਾਵਨਾ ਰਾਜਤੰਤਰ ਦੀ
NEXT STORY