ਪਹਿਲਾਂ ਤੋਂ ਹੀ ਕਿਹਾ ਜਾ ਰਿਹਾ ਸੀ ਕਿ ਪਾਕਿਸਤਾਨ ਜੰਗ ’ਚ ਭਾਰਤ ਦੇ ਅੱਗੇ ਚਾਰ ਦਿਨ ਤੋਂ ਵੱਧ ਨਹੀਂ ਟਿਕੇਗਾ। ਆਪ੍ਰੇਸ਼ਨ ਸਿੰਧੂਰ ਦੇ ਤਹਿਤ ਭਾਰਤੀ ਫੌਜ ਨੇ ਜਦੋਂ 6 ਮਈ ਨੂੰ ਪਾਕਿਸਤਾਨ ਦੇ ਕਬਜ਼ੇ ਬਾਰੇ ਕਸ਼ਮੀਰ ’ਚ ਮੌਜੂਦ ਅੱਤਵਾਦੀ ਟਿਕਾਣਿਆਂ ਨੂੰ ਢਹਿ-ਢੇਰੀ ਕੀਤਾ ਤਾਂ ਉਸ ਨੇ ਆਪਣੀ ਫੌਜ ਸਰਹੱਦ ’ਤੇ ਭੇਜ ਕੇ ਜੰਗ ਛੇੜਨ ਦੀ ਪੂਰੀ ਕੋਸ਼ਿਸ਼ ਕੀਤੀ।
ਉਸ ਨੇ 400 ਤੋਂ ਵੱਧ ਡਰੋਨ ਇਕ ਘੰਟੇ ਤੋਂ ਘੱਟ ਸਮੇਂ ’ਚ ਦਾਗ ਕੇ ਜ਼ਬਰਦਸਤ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਮਿਜ਼ਾਈਲਾਂ ਦਾਗੀਆਂ। ਸਰਹੱਦ ਅਤੇ ਐੱਲ. ਓ. ਸੀ. ’ਤੇ ਗੋਲਾਬਾਰੀ ਕੀਤੀ। ਨਾਗਰਿਕ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੇ ਨਾਲ ਉਹ ਹਰ ਕੰਮ ਕਰਨ ਦੀ ਕੋਸ਼ਿਸ਼ ਕੀਤੀ, ਜੋ ਅੰਤਰਰਾਸ਼ਟਰੀ ਨਿਯਮਾਂ ਦੇ ਵਿਰੁੱਧ ਹੈ ਪਰ ਭਾਰਤੀ ਫੌਜ ਨੇ ਉਸ ਦੇ ਹਰ ਹਮਲੇ ਨੂੰ ਅਸਫਲ ਕਰ ਕੇ ਪਾਕਿਸਤਾਨੀ ਫੌਜ ਦਾ ਹੌਸਲਾ ਪਸਤ ਕੀਤਾ। ਉਸ ਦੇ ਚਾਰ-ਚਾਰ ਹਵਾਈ ਟਿਕਾਣਿਆਂ ਨੂੰ ਨਸ਼ਟ ਕੀਤਾ। ਪਹਿਲੇ ਹੀ ਦਿਨ ਦੇ ਹਮਲੇ ’ਚ ਉਸ ਦੇ ਸੌ ਤੋਂ ਵੱਧ ਅੱਤਵਾਦੀ ਮਾਰੇ ਗਏ। ਪਾਕਿਸਤਾਨ ਨੇ ਆਪਣੇ ਸਾਰੇ ਦਾਅ ਅਜ਼ਮਾਏ, ਪਰ ਉਸ ਦੀ ਇਕ ਨਾ ਚੱਲੀ। ਇਹ ਭਾਰਤੀ ਫੌਜ ਦੀ ਇਕ ਵੱਡੀ ਸਫਲਤਾ ਹੈ ਕਿ ਪਾਕਿਸਤਾਨ ਚਾਰ ਦਿਨ ਬਾਅਦ ਹੀ ਗੋਡੇ ਟੇਕਦੇ ਹੋਏ ਜੰਗਬੰਦੀ ’ਤੇ ਰਾਜ਼ੀ ਹੋ ਗਿਆ। ਤੈਅ ਹੈ ਕਿ ਇਸ ਦੇ ਲਈ ਪਾਕਿਸਤਾਨ ਅਮਰੀਕਾ ਦੇ ਅੱਗੇ ਗਿੜਗਿੜਾਇਆ। ਉਸ ਨੂੰ ਪਤਾ ਸੀ ਕਿ ਇਸ ਸਮੇਂ ਭਾਰਤੀ ਕੂਟਨੀਤਿਕਾਂ ਨੇ ਪੂਰੀ ਦੁਨੀਆ ਦੇ ਬੜੇ ਵੱਡੇ ਹਿੱਸੇ ਨੂੰ ਆਪਣੇ ਸਮਰਥਨ ’ਚ ਕਰ ਰੱਖਿਆ ਹੈ।
ਇੱਥੇ ਇਹ ਕਹਿਣ ’ਚ ਝਿਜਕ ਨਹੀਂ ਹੈ ਕਿ ਇਹ ਜੰਗਬੰਦੀ ਭਾਰਤ ਦੀਆਂ ਸ਼ਰਤਾਂ ’ਤੇ ਹੈ। ਭਾਰਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸਿੰਧੂ ਜਲ ਸੰਧੀ ਮੁਲਤਵੀ ਹੀ ਰਹੇਗੀ, ਪਾਕਿਸਤਾਨ ਨਾਲ ਕਾਰੋਬਾਰ ’ਤੇ ਰੋਕ ਰਹੇਗੀ, ਪਾਕਿਸਤਾਨ ਨਾਲ ਕੂਟਨੀਤਿਕ ਸੰਬੰਧ ਬਹਾਲ ਨਹੀਂ ਕੀਤੇ ਜਾਣਗੇ। ਤੈਅ ਹੈ ਕਿ ਭਾਰਤ ਵਲੋਂ ਜੋ ਕੋਸ਼ਿਸ਼ਾਂ ਹੋਣਗੀਆਂ, ਉਨ੍ਹਾਂ ਨਾਲ ਪਾਕਿਸਤਾਨ ਕਾਫੀ ਹੱਦ ਤੱਕ ਅਲੱਗ-ਥਲੱਗ ਹੋਵੇਗਾ। ਉਸ ਨੂੰ ਜਾਂ ਉਸ ਦੇ ਨਾਗਰਿਕਾਂ ਨੂੰ ਉਹ ਸਹੂਲਤ ਹੁਣ ਨਹੀਂ ਮਿਲੇਗੀ ਜੋ ਮਿਲਦੀ ਰਹੀ ਹੈ। (ਪਹਿਲਾਂ ਤੋਂ ਹੀ ਉਸ ’ਚ ਕਾਫੀ ਕਟੌਤੀ ਹੋ ਚੁੱਕੀ ਹੈ।)
ਚਾਰ ਦਿਨ ਤੱਕ ਚੱਲੀ ਇਲਾਕਾਈ ਤੌਰ ’ਤੇ ਸੀਮਤ ਇਸ ਜੰਗ ’ਚ ਪਾਕਿਸਤਾਨ ਨੇ ਨਾ ਸਿਰਫ ਹਰ ਤਰ੍ਹਾਂ ਦੇ ਫੌਜੀ ਹਥਿਆਰ ਅਜ਼ਮਾਏ ਸਗੋਂ ਹਮੇਸ਼ਾ ਵਾਂਗ ਕੂੜ ਪ੍ਰਚਾਰ ਦਾ ਸਹਾਰਾ ਖੁੱਲ੍ਹ ਕੇ ਲਿਆ। ਉਸ ਨੇ ਭਾਰਤ ਨੂੰ ਆਪਣੇ ਹਮਲਿਆਂ ਨਾਲ ਵੱਡਾ ਨੁਕਸਾਨ ਪਹੁੰਚਾਉਣ ਦੀਆਂ ਝੂਠੀਆਂ ਖਬਰਾਂ ਆਪਣੇ ਦੇਸ਼ ਦੇ ਮੀਡੀਆ ’ਚ ਉਛਾਲੀਆਂ ਹਨ। ਪਾਕਿਸਤਾਨੀ ਫੌਜ ਆਪਣੀ ਅਸਫਲਤਾ ਨੂੰ ਛੁਪਾਉਣ ਲਈ ਆਪਣੀ ਜਨਤਾ ਨਾਲ ਇਕ ਤੋਂ ਵੱਡਾ ਇਕ ਝੂਠ ਬੋਲਦੀ ਰਹੀ। ਭਾਰਤੀ ਫੌਜੀ ਅੱਡਿਆਂ ਨੂੰ ਨਿਸ਼ਾਨਾ ਬਣਾਉਣ ਦੀ ਅਫਵਾਹ ਫੈਲਾਈ। ਇੱਥੋਂ ਤੱਕ ਕਿ ਦੁਸ਼ਮਣ ਦੇ ਹਰ ਹਮਲੇ ਨੂੰ ਅਸਫਲ ਕਰਨ ਵਾਲੇ ਸਾਡੇ ਐੱਸ-400 ਡਿਫੈਂਸ ਸਿਸਟਮ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਵੀ ਕਹੀ। ਇੱਥੋਂ ਤੱਕ ਕਿ ਭਾਰਤੀਆਂ ਨੂੰ ਆਪਸ ’ਚ ਲੜਾਉਣ ਦੀ ਸਾਜ਼ਿਸ਼ ਤਹਿਤ ਸ੍ਰੀ ਨਨਕਾਣਾ ਸਾਹਿਬ ’ਤੇ ਹਮਲੇ ਦਾ ਝੂਠ ਫੈਲਾਇਆ। ਜੰਗ ਨੂੰ ਹਿੰਦੂ-ਮੁਸਲਿਮ ਨਜ਼ਰੀਏ ਨਾਲ ਦਿਖਾਉਣ ਲਈ ਸੋਸ਼ਲ ਮੀਡੀਆ ਦੀ ਦੁਰਵਰਤੋਂ ਕੀਤੀ। ਉਸ ਨੇ ਆਪਣੇ ਪਾਬੰਦੀਸ਼ੁਦਾ ਏਅਰਸਪੇਸ ’ਚ ਨਾਗਰਿਕ ਜਹਾਜ਼ਾਂ ਦੀ ਢਾਲ ਅੰਤਰਰਾਸ਼ਟਰੀ ਨਿਯਮਾਂ ਦੇ ਵਿਰੁੱਧ ਬਣਾਈ। ਦੂਜੇ ਪਾਸੇ ਉਸ ਨੇ ਸਾਡੇ ਸਰਹੱਦੀ ਨਾਗਰਿਕ ਸਥਾਨਾਂ ’ਤੇ ਮਾਰ ਕਰਨ ਦੀ ਕੋਸ਼ਿਸ਼ ਕੀਤੀ। ਪੁੰਛ ਅਤੇ ਜੰਮੂ ’ਚ ਨੁਕਸਾਨ ਵੀ ਹੋਇਆ। ਭਾਰਤੀ ਫੌਜ ਨੇ ਪਾਕਿਸਤਾਨ ਦੀ ਝੂਠ ਦੀ ਰਣਨੀਤੀ ਦਾ ਵੀ ਮੂੰਹ-ਤੋੜ ਜਵਾਬ ਦਿੱਤਾ। ਅਸੀਂ ਉਸ ਦੇ ਫੌਜੀ ਟਿਕਾਣਿਆਂ ਨੂੰ ਇੰਨਾ ਬਰਬਾਦ ਕਰ ਦਿੱਤਾ ਹੈ ਕਿ ਉਸ ਨੂੰ ਇਨ੍ਹਾਂ ਨਾਲ ਨਜਿੱਠਣ ’ਚ ਕੁਝ ਦਹਾਕੇ ਲੱਗ ਜਾਣਗੇ। ਪਿਛਲੇ ਤਿੰਨ ਦਿਨਾਂ ’ਚ ਕਈ ਪ੍ਰੈੱਸ ਕਾਨਫਰੰਸਾਂ ਰਾਹੀਂ ਭਾਰਤੀ ਫੌਜ ਨੇ ਪਾਕਿਸਤਾਨ ਦੇ ਹਰ ਝੂਠ ਨੂੰ ਬੇਨਕਾਬ ਕੀਤਾ। ਨਫਰਤ ਫੈਲਾਅ ਰਹੇ ਪਾਕਿਸਤਾਨੀ ਯੂ-ਟਿਊਬ ਚੈਨਲਾਂ ’ਤੇ ਪਾਬੰਦੀ ਲਗਾਈ ਗਈ। ਸੋਸ਼ਲ ਮੀਡੀਆ ’ਤੇ ਨਜ਼ਰ ਰੱਖੀ ਗਈ। ਇਸ ਤਰ੍ਹਾਂ ਭਾਰਤੀ ਫੌਜ ਨੇ ਇਕ ਵਾਰ ਫਿਰ ਦੁਨੀਆ ਨੂੰ ਦਿਖਾ ਦਿੱਤਾ ਕਿ ਉਹ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰੱਖਿਆ ਲਈ ਪੂਰੇ ਤਰੀਕੇ ਨਾਲ ਤਿਆਰ ਹੈ। ਪਹਿਲਾਂ ਵੀ ਤਿਆਰ ਸੀ ਅਤੇ ਅੱਗੇ ਵੀ ਤਿਆਰ ਰਹੇਗੀ।
ਜੰਗਬੰਦੀ ਦੇ ਐਲਾਨ ਦੇ ਬਾਅਦ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਐਕਸ ’ਤੇ ਆਪਣੀ ਪੋਸਟ ’ਚ ਲਿਖਿਆ, ‘‘ਅੱਤਵਾਦ ਦੇ ਸਾਰੇ ਰੂਪਾਂ ਦੇ ਵਿਰੁੱਧ ਭਾਰਤ ਨੇ ਲਗਾਤਾਰ ਸਖਤ ਅਤੇ ਨਾ ਝੁਕਣ ਵਾਲਾ ਰੁਖ ਅਪਣਾਇਆ ਹੈ। ਉਹ ਅਜਿਹਾ ਕਰਨਾ ਜਾਰੀ ਰੱਖੇਗਾ।’’ ਸ਼ਨੀਵਾਰ ਨੂੰ ਠੀਕ 5 ਵਜੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਾਕਿਸਤਾਨ ਦੇ ਫੌਜੀ ਆਪ੍ਰੇਸ਼ਨਜ਼ ਦੇ ਡਾਇਰੈਕਟਰ ਜਨਰਲ ਨੇ ਭਾਰਤ ਦੇ ਆਪਣੇ ਹਮਰੁਤਬਾ ਨੂੰ 3 ਵਜ ਕੇ 35 ਮਿੰਟ ’ਤੇ ਫੋਨ ਕੀਤਾ ਸੀ। ਦੋਵਾਂ ਦਰਮਿਆਨ ਸਹਿਮਤੀ ਬਣੀ ਕਿ ਉਹ ਸ਼ਾਮ ਨੂੰ 5 ਵਜੇ ਤੱਕ ਜ਼ਮੀਨ, ਸਮੁੰਦਰ ਅਤੇ ਹਵਾ ’ਚ ਫਾਇਰਿੰਗ ਬੰਦ ਕਰ ਦੇਣਗੇ। ਉਸ ਦੇ ਬਾਅਦ ਦੋਵਾਂ ਧਿਰਾਂ ਵਲੋਂ ਇਸ ਸੰਬੰਧ ’ਚ ਨਿਰਦੇਸ਼ ਜਾਰੀ ਕਰ ਦਿੱਤੇ ਗਏ।
ਹੁਣ ਸਵਾਲ ਇਹ ਦੇਸ਼ ’ਚ ਉਠਾਇਆ ਜਾਵੇਗਾ ਤੇ ਉਠਾਇਆ ਜਾਣਾ ਸ਼ੁਰੂ ਹੋ ਗਿਆ ਹੈ ਕਿ ਕੀ ਭਾਰਤ ਨੇ ਸੱਚਮੁੱਚ ਆਪਣੇ ਪਹਿਲਗਾਮ ’ਚ ਮਾਰੇ ਗਏ 26 ਬੇਗੁਨਾਹਾਂ ਦੇ ਇਲਾਵਾ ਉਨ੍ਹਾਂ 16 ਵਿਅਕਤੀਆਂ ਦੀ ਮੌਤ ਦਾ ਬਦਲਾ ਲੈ ਲਿਆ ਹੈ ਜੋ ਜੰਗ ਸ਼ੁਰੂ ਹੋਣ ਤੋਂ ਬਾਅਦ ਸਰਹੱਦ ’ਤੇ ਮਾਰੇ ਗਏ। ਇਹ ਸਵਾਲ ਹਰ ਜੰਗ ਦੇ ਬਾਅਦ ਉੱਠਦੇ ਹਨ। ਜੰਗ ’ਚ ਜਿੱਤ ਕਿਸੇ ਦੂਜੀ ਧਿਰ ਦੇ ਜਾਨੀ ਨੁਕਸਾਨ ਨਾਲੋਂ ਵੱਧ ਉਸ ਦੇ ਪਹਿਲੇ ਤੋਂ ਹੀ ਆਤਮਸਮਰਪਣ ਦੀ ਮੁਦਰਾ ਨਾਲ ਜਾਣੀ ਜਾਂਦੀ ਹੈ। ਪਾਕਿਸਤਾਨੀ ਫੌਜ ਅਤੇ ਸਰਕਾਰ ਦੇ ਫੈਸਲੇ ਖਿੰਡੇ-ਪੁੰਡੇ ਜਿਹੇ ਦਿਸ ਰਹੇ ਸਨ, ਉਧਰ ਦੂਜੇ ਪਾਸੇ ਭਾਰਤ ਸਰਕਾਰ ਦੇ ਫੈਸਲੇ ਠਰ੍ਹੰਮੇ ਵਾਲੇ ਅਤੇ ਇਕਜੁੱਟ ਸਨ। ਪਹਿਲਾਂ ਤੋਂ ਤੈਅ ਸਨ ਕਿ ਅਸੀਂ ਕੀ ਕਰਨਾ ਹੈ ਅਤੇ ਪਾਕਿਸਤਾਨ ਨੂੰ ਕਿਸ ਤਰ੍ਹਾਂ ਗੋਡਿਆਂ ’ਤੇ ਲਿਆਉਣਾ ਹੈ। ਸ਼ਾਇਦ ਇਹੀ ਕਾਰਨ ਰਿਹਾ ਕਿ ਪਾਕਿਸਤਾਨ ਦੀ ਸਰਕਾਰ ਦੇ ਵੱਡੇ ਅਹੁਦੇਦਾਰ ਜੰਗ ਰੋਕਣ ਦੀ ਮੁਦਰਾ ’ਚ ਆ ਗਏ ਸਨ। ਸਾਨੂੰ ਅੱਤਵਾਦ ਝੱਲਦੇ ਹੋਏ 33 ਸਾਲ ਹੋ ਗਏ ਹਨ ਅਤੇ ਸਾਨੂੰ ਇਹ ਹਮੇਸ਼ਾ ਸਵਾਲ ਕੀਤੇ ਜਾਣਗੇ ਕਿ ਅਜਿਹਾ ਕਦੋਂ ਤੱਕ ਅਸੀਂ ਝੱਲਾਂਗੇ ਪਰ ਇਸ ਵਾਰ ਸ਼ਾਇਦ ਪਾਕਿਸਤਾਨ ਦੇ ਆਕਿਆਂ ਨੂੰ ਪਤਾ ਲੱਗ ਗਿਆ ਹੋਵੇਗਾ ਕਿ ਅੱਗੇ ਇਹ ਸਭ ਨਹੀਂ ਚੱਲ ਸਕੇਗਾ। ਪਾਕਿਸਤਾਨ ਦੀ ਦਿੱਕਤ ਦੂਸਰੀ ਹੈ। ਉੱਥੋਂ ਦੀ ਸਰਕਾਰ ’ਤੇ ਫੌਜ ਦਾ ਦਬਦਬਾ ਹੈ ਅਤੇ ਫੌਜ ’ਤੇ ਆਈ. ਐੱਸ. ਆਈ. ਦਾ। ਪਾਕਿਸਤਾਨ ਦੀ ਅੰਦਰੂਨੀ ਲੜਾਈ ਦੇਸ਼ ਦੇ ਬਣੇ ਰਹਿਣ ਦੀ ਹੈ। ਬਲੋਚਿਸਤਾਨ ਤੋਂ ਕਦੋਂ ਕਿਹੋ ਜਿਹੀ ਖਬਰ ਆਵੇ, ਕਿਹਾ ਨਹੀਂ ਜਾ ਸਕਦਾ ਹੈ। ਇਮਰਾਨ ਖਾਨ ਨੂੰ ਲੈ ਕੇ ਵੀ ਮੌਜੂਦਾ ਪਾਕਿਸਤਾਨ ਸਰਕਾਰ ਦਬਾਅ ’ਚ ਹੈ। ਸਿੰਧ ’ਚ ਵੱਖਰਾ ਸੰਕਟ ਹੈ। ਉੱਥੇ ਕਦੇ ਵੀ ਸਰਕਾਰ ਦੇ ਵਿਰੱੁਧ ਤਖਤਾ ਪਲਟ ਦੀ ਤਿਆਰੀ ਦੀਆਂ ਖਬਰਾਂ ਸੁਣਨ ਨੂੰ ਮਿਲ ਸਕਦੀਆਂ ਹਨ। ਅਜਿਹੀ ਸਥਿਤੀ ’ਚ ਜਦੋਂ ਉੱਥੇ ਬੁਰੀ ਤਰ੍ਹਾਂ ਹਫੜਾ-ਦਫੜੀ ਹੈ, ਇਹ ਕਹਿਣਾ ਕਿ ਸਭ ਜਲਦੀ ਹੀ ਆਮ ਵਰਗਾ ਹੋ ਜਾਵੇਗਾ, ਔਖਾ ਹੈ। ਕੁਝ ਲੋਕ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਨੂੰ ਲੈ ਕੇ ਬੇਸਬਰੇ ਹੋ ਰਹੇ ਹਨ। ਮੈਨੂੰ ਜਾਪਦਾ ਹੈ ਕਿ ਉਸ ਦੇ ਲਈ ਸਾਨੂੰ ਜ਼ਿਆਦਾ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ, ਉਥੋਂ ਦੇ ਅੰਦਰੂਨੀ ਹਾਲਾਤ ਹੀ ਸਾਨੂੰ ਕੁਝ ਚੰਗੀਆਂ ਖਬਰਾਂ ਜਲਦੀ ਦੇ ਦੇਣਗੇ।
ਆਸ ਹੈ ਕਿ ਇਸ ਵਾਰ ਮਿਲੇ ਸਬਕ ਨੂੰ ਪਾਕਿਸਤਾਨ ਲੰਬੇ ਸਮੇਂ ਤੱਕ ਯਾਦ ਰੱਖੇਗਾ ਤੇ ਖੁਦ ’ਚ ਸੁਧਾਰ ਕਰੇਗਾ। ਅੱਤਵਾਦ ਦੇ ਪੋਸ਼ਣ ਦੀ ਉਸ ਦੀ ਨੀਤੀ ਹੁਣ ਦੁਨੀਆ ਸਹਿਣ ਕਰਨ ਵਾਲੀ ਨਹੀਂ ਹੈ। ਉਸ ਦੀ ਜ਼ਮੀਨ ’ਤੇ ਪਲਣ ਵਾਲਾ ਕੋਈ ਵੀ ਅੱਤਵਾਦ ਹੁਣ ਪਾਕਿਸਤਾਨ ਦੀ ਆਪਣੀ ਹੋਂਦ ਲਈ ਹੀ ਸਭ ਤੋਂ ਵੱਡਾ ਖਤਰਾ ਹੈ। ਉਸ ਨੂੰ ਇਹ ਗਲਤਫਹਿਮੀ ਵੀ ਦੂਰ ਕਰ ਲੈਣੀ ਚਾਹੀਦੀ ਹੈ ਕਿ ਕੋਈ ਨਾ ਕੋਈ ਦੇਸ਼ ਉਸ ਨੂੰ ਬਚਾਉਣ ਲਈ ਆ ਜਾਵੇਗਾ। ਇਸ ਵਾਰ ਤਾਂ ਉਸ ਨੂੰ ਆਈ. ਐੱਮ. ਐੱਫ. ਤੋਂ ਕਰਜ਼ਾ ਮਿਲ ਗਿਆ, ਅੱਗੇ ਕੁਝ ਹਰਕਤ ਕੀਤੀ ਤਾਂ ਪੂਰੀ ਦੁਨੀਆ ਉਸ ਤੋਂ ਹੋਰ ਕਿਨਾਰਾ ਕਰ ਲਵੇਗੀ।
ਅੱਕੂ ਸ਼੍ਰੀਵਾਸਤਵ
ਰਿਸ਼ਵਤ ਲੈ ਕੇ ਸਵਾਲ ਪੁੱਛਣ ਦਾ ਪੁਰਾਣਾ ਕਾਲਾ ਇਤਿਹਾਸ ਰਿਹਾ ਹੈ
NEXT STORY