ਪੂਰੀ ਦੁਨੀਆ ’ਚ ਰਵਾਇਤੀ ਊਰਜਾ ਦੇ ਮੁਕਾਬਲੇ ਨਵਿਆਉਣਯੋਗ ਊਰਜਾ ਦੀ ਮੰਗ ਲਗਾਤਾਰ ਤੇਜ਼ੀ ਨਾਲ ਵਧ ਰਹੀ ਹੈ। ਦਰਅਸਲ ਵਰਤਮਾਨ ’ਚ ਪੂਰੀ ਦੁਨੀਆ ਵਾਤਾਵਰਣ ਸਬੰਧੀ ਗੰਭੀਰ ਚੁਣੌਤੀਆਂ ਨਾਲ ਜੂਝ ਰਹੀ ਹੈ ਅਤੇ ਰਵਾਇਤੀ ਊਰਜਾ ਸਰੋਤ ਇਸ ਸਮੱਸਿਆ ਨੂੰ ਹੋਰ ਜ਼ਿਆਦਾ ਭਿਆਨਕ ਬਣਾਉਣ ’ਚ ਸਹਿਯੋਗੀ ਬਣ ਰਹੇ ਹਨ ਜਦਕਿ ਨਵਿਆਉਣਯੋਗ ਊਰਜਾ ਇਨ੍ਹਾਂ ਗੰਭੀਰ ਚੁਣੌਤੀਆਂ ਨੂੰ ਨਜਿੱਠਣ ਲਈ ਕਾਰਗਰ ਸਾਬਤ ਹੋ ਸਕਦੀ ਹੈ। ਇਹੀ ਕਾਰਨ ਹੈ ਕਿ ਭਾਰਤ ’ਚ ਵੀ ਨਵਿਆਉਣਯੋਗ ਊਰਜਾ ਉਤਪਾਦਨ ਸਮਰੱਥਾ ਨੂੰ ਵਧਾਉਣ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਸੌਰ ਊਰਜਾ, ਪੌਣ ਊਰਜਾ ਆਦਿ ਦੀ ਪੈਦਾਵਾਰ ਵਧਾਉਣ ਲਈ ਵੱਡੇ-ਵੱਡੇ ਪ੍ਰਾਜੈਕਟ ਸਥਾਪਿਤ ਕੀਤੇ ਜਾ ਰਹੇ ਹਨ।
ਵੱਖ-ਵੱਖ ਮੌਕਿਆਂ ’ਤੇ ਪ੍ਰਧਾਨ ਮੰਤਰੀ ਸੌਰ ਊਰਜਾ ਨੂੰ ‘ਸ਼ਿਓਰ, ਪਿਓਰ ਅਤੇ ਸਕਿਓਰ’ ਦੱਸਦੇ ਹੋਏ ਨਵਿਆਉਣਯੋਗ ਊਰਜਾ ਦੀ ਅਹਿਮੀਅਤ ਨੂੰ ਸਪੱਸ਼ਟ ਤੌਰ ’ਤੇ ਰੇਖਾਂਕਿਤ ਕਰ ਚੁੱਕੇ ਹਨ। ਨਵਿਆਉਣਯੋਗ ਊਰਜਾ ਪੈਦਾਵਾਰ ਦੇ ਮਾਮਲੇ ’ਚ ਭਾਰਤ ਦੀ ਇਹ ਵੱਡੀ ਪ੍ਰਾਪਤੀ ਮੰਨੀ ਜਾ ਸਕਦੀ ਹੈ ਕਿ ਭਾਰਤ ਦੁਨੀਆ ਭਰ ’ਚ ਨਵਿਆਉਣਯੋਗ ਊਰਜਾ ਪੈਦਾਵਾਰ ’ਚ ਚੌਥੇ ਸਥਾਨ ’ਤੇ ਪੁੱਜ ਚੁੱਕਾ ਹੈ। ਦੇਸ਼ ’ਚ ਨਵਿਆਉਣਯੋਗ ਊਰਜਾ ਨੂੰ ਲੈ ਕੇ ਜਾਗਰੂਕਤਾ ਵਧਾਉਣ ਦੇ ਮੰਤਵ ਨਾਲ ਹੀ ਸਾਲ 2004 ਤੋਂ ਹਰ ਸਾਲ 20 ਅਗਸਤ ਨੂੰ ਨਵਿਆਉਣਯੋਗ ਊਰਜਾ ਦਿਵਸ ਮਨਾਇਆ ਜਾਂਦਾ ਹੈ।
ਪ੍ਰਦੂਸ਼ਣਕਾਰੀ ਅਤੇ ਸੀਮਤ ਮਾਤਰਾ ’ਚ ਪ੍ਰਾਪਤ ਰਵਾਇਤੀ ਊਰਜਾ ਸਰੋਤਾਂ ਦੀ ਥਾਂ ਨਵਿਆਉਣਯੋਗ ਊਰਜਾ ਨਾਲ ਹੀ ਊਰਜਾ ਲੋੜਾਂ ਪੂਰੀਆਂ ਕਰਨ ਲਈ ਹੁਣ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਵੱਖ-ਵੱਖ ਨਵਿਆਉਣਯੋਗ ਊਰਜਾ ਪ੍ਰਾਜੈਕਟ ਸਥਾਪਿਤ ਕੀਤੇ ਜਾ ਰਹੇ ਹਨ। ਇਨ੍ਹਾਂ ਪ੍ਰਾਜੈਕਟਾਂ ਤੋਂ ਪੈਦਾ ਹੋਣ ਵਾਲੀ ਬਿਜਲੀ ਕਾਰਨ ਵਾਤਾਵਰਣ ’ਚ ਕਾਰਬਨ ਡਾਈਆਕਸਾਈਡ ਦੇ ਨਿਕਾਸ ’ਚ ਹਰ ਸਾਲ ਲੱਖਾਂ ਟਨ ਕਮੀ ਆਏਗੀ। ਇਹ ਤਸੱਲੀਬਖਸ਼ ਸਥਿਤੀ ਹੀ ਹੈ ਕਿ ਭਾਰਤ ਨਵੇਂ-ਨਵੇਂ ਨਵਿਆਉਣਯੋਗ ਊਰਜਾ ਪ੍ਰਾਜੈਕਟਾਂ ਨਾਲ ਤੇਜ਼ੀ ਨਾਲ ਇਸ ਦਿਸ਼ਾ ’ਚ ਅੱਗੇ ਵਧ ਰਿਹਾ ਹੈ। ਕਰਨਾਟਕ ਦੇ ਪਾਵਗਾੜਾ ’ਚ 2000 ਮੈਗਾਵਾਟ ਤੋਂ ਵੱਧ ਸਮਰੱਥਾ ਦੇ ਸੋਲਰ ਪਾਰਕ ਸਮੇਤ ਰੀਵਾ ਤੋਂ ਵੀ ਵੱਧ ਸੌਰ ਊਰਜਾ ਦੀ ਪੈਦਾਵਾਰ ਕਰ ਰਹੇ ਕੁਝ ਹੋਰ ਸੋਲਰ ਪਾਰਕ ਵੀ ਦੇਸ਼ ’ਚ ਨਵਿਆਉਣਯੋਗ ਊਰਜਾ ਪੈਦਾਵਾਰ ’ਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ।
ਹਾਲ ਦੀ ਘੜੀ, ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਨਵਿਆਉਣਯੋਗ ਊਰਜਾ ਆਖਿਰ ਹੈ ਕੀ ਅਤੇ ਇਸ ਦੇ ਸੋਮੇ ਕਿਹੜੇ ਹਨ? ਨਵਿਆਉਣਯੋਗ ਊਰਜਾ ਅਸੀਮਿਤ ਅਤੇ ਪ੍ਰਦੂਸ਼ਣ ਰਹਿਤ ਹੈ, ਇਹ ਊਰਜਾ ਹੈ ਜਿਸ ਦਾ ਨਵੀਨੀਕਰਨ ਹੁੰਦਾ ਰਹਿੰਦਾ ਹੈ। ਊਰਜਾ ਦੇ ਅਜਿਹੇ ਕੁਦਰਤੀ ਸੋਮੇ, ਜਿਹੜੇ ਸੜਦੇ ਨਹੀਂ, ਨਵਿਆਉਣਯੋਗ ਊਰਜਾ ਦੇ ਸੋਮੇ ਕਹੇ ਜਾਂਦੇ ਹਨ। ਨਵਿਆਉਣਯੋਗ ਊਰਜਾ ਦੇ ਮੁੱਖ ਸਰੋਤ ਸੂਰਜ, ਪਾਣੀ, ਪੌਣ, ਜਵਾਰ–ਭਾਟਾ ਆਦਿ ਮੁੱਖ ਹਨ।
ਮਿਸਾਲ ਲਈ ਸੌਰ ਊਰਜਾ ਨੂੰ ਹੀ ਲਵੋ। ਸੂਰਜ ਸੌਰ ਊਰਜਾ ਦਾ ਮੁੱਖ ਸੋਮਾ ਹੈ, ਜਿਸ ਦੀ ਰੋਸ਼ਨੀ ਖੁਦ ਹੀ ਧਰਤੀ ’ਤੇ ਪਹੁੰਚਦੀ ਰਹਿੰਦੀ ਹੈ। ਜੇ ਅਸੀਂ ਸੂਰਜ ਦੀ ਇਸ ਰੋਸ਼ਨੀ ਨੂੰ ਸੌਰ ਊਰਜਾ ’ਚ ਤਬਦੀਲ ਨਹੀਂ ਵੀ ਕਰਦੇ, ਤਦ ਵੀ ਇਹ ਰੋਸ਼ਨੀ ਤਾਂ ਧਰਤੀ ’ਤੇ ਆਉਂਦੀ ਹੀ ਰਹੇਗੀ ਪਰ ਕਿਉਂਕਿ ਸੂਰਜ ਤੋਂ ਪ੍ਰਾਪਤ ਹੋਣ ਵਾਲੀ ਇਸ ਅਸੀਮਤ ਊਰਜਾ ਦੀ ਵਰਤੋਂ ਨਾਲ ਨਾ ਤਾਂ ਇਹ ਊਰਜਾ ਘਟਦੀ ਹੈ ਅਤੇ ਨਾ ਹੀ ਇਸ ਨਾਲ ਵਾਤਾਵਰਣ ਨੂੰ ਕਿਸੇ ਵੀ ਤਰ੍ਹਾਂ ਦੀ ਹਾਨੀ ਪੁੱਜਦੀ ਹੈ। ਇਸ ਲਈ ਸੂਰਜ ਤੋਂ ਪ੍ਰਾਪਤ ਹੋਣ ਵਾਲੀ ਇਸ ਊਰਜਾ ਨੂੰ ਨਵਿਆਉਣਯੋਗ ਊਰਜਾ ਕਿਹਾ ਜਾਂਦਾ ਹੈ।
ਗਲੋਬਲ ਵਾਰਮਿੰਗ ਅਤੇ ਪੌਣ-ਪਾਣੀ ਤਬਦੀਲੀ ਤੋਂ ਬਚਾਅ ਦੇ ਮੱਦੇਨਜ਼ਰ ਹੀ ਅੱਜ ਨਵਿਆਉਣਯੋਗ ਊਰਜਾ ਨੂੰ ਅਪਣਾਉਣਾ ਸਮੇਂ ਦੀ ਸਭ ਤੋਂ ਵੱਡੀ ਮੰਗ ਹੈ। ਦਰਅਸਲ ਪੂਰੀ ਦੁਨੀਆ ਇਸ ਸਮੇਂ ਧਰਤੀ ਦੇ ਵਧਦੇ ਤਾਪਮਾਨ ਅਤੇ ਗਲੋਬਲ ਵਾਰਮਿੰਗ ਕਾਰਨ ਵਧਦੀਆਂ ਕੁਦਰਤੀ ਆਫਤਾਂ ਨੂੰ ਲੈ ਕੇ ਬੇਹੱਦ ਚਿੰਤਤ ਹੈ। ਇਸ ਲਈ ਕੋਲਾ, ਗੈਸ, ਪੈਟ੍ਰੋਲੀਅਮ ਪਦਾਰਥਾਂ ਵਰਗੇ ਊਰਜਾ ਦੇ ਰਵਾਇਤੀ ਸੋਮਿਆਂ ਦੀ ਥਾਂ ਨਵਿਆਉਣਯੋਗ ਊਰਜਾ ਨੂੰ ਉਤਸ਼ਾਹਿਤ ਕਰਨਾ ਬੇਹੱਦ ਜ਼ਰੂਰੀ ਹੈ। ਭਾਰਤ ਸਮੇਤ ਕਈ ਪ੍ਰਮੁੱਖ ਦੇਸ਼ਾਂ ’ਚ ਹੁਣ ਥਰਮਲ ਪਾਵਰ ਪਲਾਂਟਾਂ ’ਚ ਕੋਲੇ ਦੀ ਵਰਤੋਂ ਨੂੰ ਘੱਟ ਕਰਦਿਆਂ ਸੌਰ ਊਰਜਾ ਅਤੇ ਪੌਣ ਊਰਜਾ ਵਰਗੇ ਨਵਿਆਉਣਯੋਗ ਸੋਮਿਆਂ ਦੀ ਵਰਤੋਂ ਕੀਤੀ ਜਾਣ ਲੱਗੀ ਹੈ।
ਦਰਅਸਲ ਅੱਜ ਸਵੱਛ ਵਾਤਾਵਰਣ ਲਈ ਕੋਲਾ ਆਧਾਰਿਤ ਥਰਮਲ ਪਾਵਰ ਪਲਾਂਟਾਂ ਦੀ ਥਾਂ ਕਲੀਨ ਅਤੇ ਗ੍ਰੀਨ ਐਨਰਜੀ ਦੀ ਪੂਰੀ ਦੁਨੀਆ ਨੂੰ ਲੋੜ ਹੈ ਅਤੇ ਇਨ੍ਹਾਂ ਲੋੜਾਂ ਨੂੰ ਹੀ ਰੇਖਾਂਕਿਤ ਕਰਦਿਆਂ ਪ੍ਰਧਾਨ ਮੰਤਰੀ ‘ਵਨ ਵਰਲਡ, ਵਨ ਸਨ, ਵਨ ਗ੍ਰਿਡ’ ਦੀ ਗੱਲ ਕਰਦੇ ਹੋਏ ਇਸ ਵੱਲ ਪੂਰੀ ਦੁਨੀਆ ਦਾ ਧਿਆਨ ਖਿੱਚ ਚੁੱਕੇ ਹਨ। ਪਿਛਲੇ ਕੁਝ ਸਾਲਾਂ ’ਚ ਭਾਰਤ ’ਚ ਸੌਰ ਊਰਜਾ ਪੈਦਾਵਾਰ ਦੀ ਸਮਰੱਥਾ ਕਈ ਗੁਣਾ ਵਧ ਚੁੱਕੀ ਹੈ। ਇਸ ਤੋਂ ਇਲਾਵਾ ਤਕਰੀਬਨ ਸਾਢੇ ਤਿੰਨ ਦਹਾਕਿਆਂ ਤੋਂ ਪਹਿਲਾਂ ਪੌਣ ਊਰਜਾ ਨਾਲ ਊਰਜਾ ਲੋੜਾਂ ਨੂੰ ਪੂਰਾ ਕਰਨ ਦੀ ਸ਼ੁਰੂ ਕੀਤੀ ਗਈ ਪਹਿਲ ਪਿੱਛੋਂ ਦੇਸ਼ ਦੀ ਪੌਣ ਊਰਜਾ ਪੈਦਾਵਾਰ ਸਮਰੱਥਾ ਵੀ ਕਾਫੀ ਵਧ ਚੁੱਕੀ ਹੈ। ਚੀਨ, ਅਮਰੀਕਾ ਅਤੇ ਜਰਮਨੀ ਪਿੱਛੋਂ ਭਾਰਤ ਹੁਣ ਪੌਣ ਊਰਜਾ ਪੈਦਾਵਾਰ ਦੇ ਮਾਮਲੇ ’ਚ ਵੀ ਚੌਥੇ ਸਥਾਨ ’ਤੇ ਹੈ।
ਹਾਲ ਦੀ ਘੜੀ ਜਿਸ ਤਰ੍ਹਾਂ ਦੇਸ਼ ’ਚ ਸ਼ੁੱਧ, ਸੁਰੱਖਿਅਤ ਅਤੇ ਭਰੋਸੇਮੰਦ ਊਰਜਾ ਵੱਲ ਤੇਜ਼ੀ ਨਾਲ ਕਦਮ ਵਧਾਏ ਜਾ ਰਹੇ ਹਨ, ਉਸ ਤੋਂ ਲੱਗਦਾ ਹੈ ਕਿ ਅਗਲੇ ਕੁਝ ਦਹਾਕਿਆਂ ’ਚ ਦੇਸ਼ ਦੀ ਕੋਲਾ, ਗੈਸ ਆਦਿ ਪ੍ਰਦੂਸ਼ਣ ਪੈਦਾ ਕਰਨ ਵਾਲੇ ਸੋਮਿਆਂ ਤੋਂ ਊਰਜਾ ’ਤੇ ਨਿਰਭਰਤਾ ਕਾਫੀ ਘੱਟ ਹੋ ਜਾਵੇਗੀ। ਭਾਰਤ ਸਰਕਾਰ ਵੱਲੋਂ ਸਾਲ 2030 ਤੱਕ ਦੇਸ਼ ਦੀ ਨਵਿਆਉਣਯੋਗ ਊਰਜਾ ਸਥਾਪਤ ਸਮਰੱਥਾ ਨੂੰ 500 ਗੀਗਾਵਾਟ ਤੱਕ ਵਿਸਥਾਰਿਤ ਕਰਨ ਦਾ ਟੀਚਾ ਰੱਖਿਆ ਗਿਆ ਹੈ ਅਤੇ 2030 ਤੱਕ ਦੇਸ਼ ਦੀ ਕੁੱਲ ਅੰਦਾਜ਼ਨ ਕਾਰਬਨ ਨਿਕਾਸੀ ਨੂੰ 1 ਬਿਲੀਅਨ ਟਨ ਤੱਕ ਘੱਟ ਕਰਨ, ਦਹਾਕੇ ਦੇ ਅਖੀਰ ਤੱਕ ਦੇਸ਼ ਦੀ ਅਰਥ-ਵਿਵਸਥਾ ਦੀ ਕਾਰਬਨ ਤੀਬਰਤਾ ਨੂੰ 45 ਫੀਸਦੀ ਤੋਂ ਘੱਟ ਕਰਨ ਅਤੇ ਸਾਲ 2070 ਤੱਕ ਨੈੱਟ-ਜ਼ੀਰੋ ਕਾਰਬਨ ਨਿਕਾਸੀ ਪ੍ਰਾਪਤੀ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ।
ਹਾਲ ਹੀ ’ਚ ਮੂਡੀਜ਼ ਰੇਟਿੰਗਸ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ਦਾ ਟੀਚਾ 2030 ਤੱਕ 500 ਗੀਗਾਵਾਟ ਨਵਿਆਉਣਯੋਗ ਊਰਜਾ ਪੈਦਾਵਾਰ ਕਰਨਾ ਅਤੇ ਭਾਰਤ ਨੂੰ 2030 ਤੱਕ ਇਸ ਨਵਿਆਉਣਯੋਗ ਊਰਜਾ ਟੀਚੇ ਨੂੰ ਪੂਰਾ ਕਰਨ ਲਈ 385 ਬਿਲੀਅਨ ਡਾਲਰ ਦਾ ਨਿਵੇਸ਼ ਕਰਨਾ ਪਵੇਗਾ। ਮੂਡੀਜ਼ ਅਨੁਸਾਰ, ਭਾਰਤ ਹਾਲਾਂਕਿ 2022 ਤੱਕ 175 ਗੀਗਾਵਾਟ ਦੇ ਆਪਣੇ ਟੀਚੇ ਤੋਂ ਪਿੱਛੇ ਰਹਿ ਗਿਆ ਸੀ ਪਰ 2030 ਤੱਕ ਨਵਿਆਉਣਯੋਗ ਊਰਜਾ ਟੀਚੇ ਨੂੰ ਪੂਰਾ ਕਰਨ ਲਈ ਭਾਰਤ ਦੀ ਗੈਰ-ਜੀਵਾਸ਼ਮ ਈਂਧਣ ਸਮਰੱਥਾ ਨੂੰ ਹਰ ਸਾਲ 50 ਗੀਗਾਵਾਟ ਵਧਾਉਣ ਦੀ ਯੋਜਨਾ ਹੈ ਅਤੇ ਮੂਡੀਜ਼ ਦੇ ਅੰਦਾਜ਼ੇ ਅਨੁਸਾਰ 44 ਗੀਗਾਵਾਟ ਦਾ ਸਾਲਾਨਾ ਸਮਰੱਥਾ ਵਾਧਾ ਵੀ ਟੀਚੇ ਨੂੰ ਪ੍ਰਾਪਤ ਕਰਨ ’ਚ ਮਦਦ ਕਰੇਗਾ।
ਮੂਡੀਜ਼ ਦਾ ਕਹਿਣਾ ਹੈ ਕਿ 2030 ਤੱਕ 500 ਗੀਗਾਵਾਟ ਨਵਿਆਉਣਯੋਗ ਊਰਜਾ ਟੀਚੇ ਨੂੰ ਹਾਸਲ ਕਰਨ ਲਈ ਭਾਰਤ ਨੂੰ ਆਗਾਮੀ 6-7 ਸਾਲਾਂ ’ਚ 190-215 ਬਿਲੀਅਨ ਡਾਲਰ ਅਤੇ ਟਰਾਂਸਮਿਸ਼ਨ ਅਤੇ ਵੰਡ ’ਤੇ 150-170 ਬਿਲੀਅਨ ਡਾਲਰ ਖਰਚ ਕਰਨੇ ਪੈਣਗੇ। ਮੂਡੀਜ਼ ਦੇ ਮੁਤਾਬਕ, ਭਾਰਤ ਦੇ ਮਜ਼ਬੂਤ ਨੀਤੀਗਤ ਸਮਰਥਨ ਨੇ ਵਿੱਤੀ ਸਾਲ 2023-24 ’ਚ ਆਪਣੀ ਬਿਜਲੀ ਪੈਦਾਵਾਰ ਸਮਰੱਥਾ ’ਚ ਨਵਿਆਉਣਯੋਗ ਊਰਜਾ ਦੀ ਹਿੱਸੇਦਾਰੀ ਨੂੰ ਤਕਰੀਬਨ 43 ਫੀਸਦੀ ਤੱਕ ਵਧਾ ਦਿੱਤਾ, ਨਾਲ ਹੀ ਨਿੱਜੀ ਖੇਤਰ ਦੇ ਨਿਵੇਸ਼ ਨੂੰ ਵੀ ਖਿੱਚਿਆ ਹੈ। ਨਵਿਆਉਣਯੋਗ ਊਰਜਾ ’ਚ ਲਗਾਤਾਰ ਵਾਧਾ ਵੀ ਦੇਖਿਆ ਜਾ ਰਿਹਾ ਹੈ ਪਰ ਰਿਪੋਰਟ ’ਚ ਕਿਹਾ ਗਿਆ ਹੈ ਕਿ ਕੋਲਾ ਅਗਲੇ 10 ਸਾਲਾਂ ਤੱਕ ਬਿਜਲੀ ਪੈਦਾਵਾਰ ’ਚ ਅਹਿਮ ਭੂਮਿਕਾ ਨਿਭਾਏਗਾ।
ਮੂਡੀਜ਼ ਦਾ ਕਹਿਣਾ ਹੈ ਕਿ ਉਸ ਨੂੰ ਆਸ ਹੈ ਕਿ ਭਾਰਤ ਅਗਲੇ 5-6 ਸਾਲਾਂ ’ਚ ਕੋਲਾ ਆਧਾਰਿਤ ਸਮਰੱਥਾ ’ਚ ਹਰ ਸਾਲ 40-50 ਗੀਗਾਵਾਟ ਜੋੜੇਗਾ, ਜਿਸ ਨਾਲ ਬਿਜਲੀ ਦੀ ਮੰਗ ਨੂੰ ਪੂਰਾ ਕਰਨ ’ਚ ਮਦਦ ਮਿਲੇਗੀ, ਜੋ ਇਸ ਮਿਆਦ ’ਚ 5-6 ਫੀਸਦੀ ਤੱਕ ਸਾਲਾਨਾ ਦੀ ਦਰ ਨਾਲ ਵਧਣ ਦੀ ਸੰਭਾਵਨਾ ਹੈ। ਹਾਲ ਦੀ ਘੜੀ ਆਉਣ ਵਾਲੇ ਸਾਲਾਂ ’ਚ ਨਵਿਆਉਣਯੋਗ ਊਰਜਾ ਸਮਰੱਥਾ ਨੂੰ ਤੇਜ਼ੀ ਨਾਲ ਵਧਾਉਣ ਲਈ ਇਸ ਦਿਸ਼ਾ ’ਚ ਕਾਫੀ ਕੰਮ ਕਰਨਾ ਪਵੇਗਾ, ਕਿਉਂਕਿ ਮੰਨਿਆ ਜਾ ਰਿਹਾ ਹੈ ਕਿ ਡੇਢ ਦਹਾਕੇ ਪਿੱਛੋਂ ਭਾਰਤ ’ਚ ਸੌਰ ਊਰਜਾ ਦੀ ਮੰਗ 7 ਗੁਣਾ ਤੱਕ ਵਧ ਸਕਦੀ ਹੈ।
ਅੱਜ ਨਾ ਸਿਰਫ ਭਾਰਤ, ਸਗੋਂ ਸਾਰੀ ਦੁਨੀਆ ਦੇ ਸਾਹਮਣੇ ਬਿਜਲੀ ਵਰਗੀ ਊਰਜਾ ਦੀਆਂ ਅਹਿਮ ਲੋੜਾਂ ਨੂੰ ਪੂਰਾ ਕਰਨ ਲਈ ਸੀਮਤ ਕੁਦਰਤੀ ਸਰੋਤ, ਨਾਲ ਹੀ ਵਾਤਾਵਰਣ ਅਸੰਤੁਲਨ ਅਤੇ ਵਿਗਾੜ ਵਰਗੀਆਂ ਗੰਭੀਰ ਚੁਣੌਤੀਆਂ ਵੀ ਹਨ। ਇਨ੍ਹਾਂ ਗੰਭੀਰ ਸਮੱਸਿਆਵਾਂ ਅਤੇ ਚੁਣੌਤੀਆਂ ਨਾਲ ਨਜਿੱਠਣ ਲਈ ਨਵਿਆਉਣਯੋਗ ਊਰਜਾ ਹੀ ਅਜਿਹਾ ਬਿਹਤਰੀਨ ਬਦਲ ਹੈ, ਜੋ ਵਾਤਾਵਰਣ ਨਾਲ ਸਬੰਧਤ ਸਮੱਸਿਆਵਾਂ ਨੂੰ ਨਜਿੱਠਣ ਦੇ ਨਾਲ-ਨਾਲ ਊਰਜਾ ਦੀਆਂ ਲੋੜਾਂ ਨੂੰ ਪੂਰਾ ਕਰਨ ’ਚ ਵੀ ਕਾਰਗਰ ਸਾਬਿਤ ਹੋਵੇਗੀ। ਨਵਿਆਉਣਯੋਗ ਊਰਜਾ ਸੋਮਿਆਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਸਾਡੀ ਊਰਜਾ ਦੀ ਮੰਗ ਅਤੇ ਸਪਲਾਈ ਦੇ ਦਰਮਿਆਨ ਫਰਕ ਘੱਟ ਹੁੰਦਾ ਜਾਵੇਗਾ ਅਤੇ ਇਸ ਨਾਲ ਪ੍ਰਤੱਖ-ਅਪ੍ਰਤੱਖ ਤੌਰ ’ਤੇ ਸਮਾਜਿਕ ਜੀਵਨ ਪੱਧਰ ’ਚ ਵੀ ਸੁਧਾਰ ਹੋਵੇਗਾ।
ਯੋਗੇਸ਼ ਕੁਮਾਰ ਗੋਇਲ
ਰਾਖਵੇਂਕਰਨ ’ਚ ਵਰਗੀਕਰਨ ਹੀ ਅਸਲ ਹਿੱਸੇਦਾਰੀ
NEXT STORY