ਤੀਰ ਕੀ ਨਿਸ਼ਾਨੇ ’ਤੇ ਸੀ...!
ਜੈ ਹਿੰਦ ਦੋਸਤੋ!
ਪ੍ਰਧਾਨ ਮੰਤਰੀ ਆਦਰਯੋਗ ਸ਼੍ਰੀ ਨਰਿੰਦਰ ਮੋਦੀ ਨੇ ਸੁਤੰਤਰਤਾ ਦਿਵਸ ’ਤੇ ਲਾਲ ਕਿਲੇ ਤੋਂ ਆਪਣੇ ਸੰਬੋਧਨ ’ਚ ਦੇਸ਼ਹਿੱਤ, ਸਮਾਜਹਿੱਤ ’ਚ ਚੱਲ ਰਹੀਆਂ ਅਨੇਕ ਕਲਿਆਣਕਾਰੀ ਕੰਮਾਂ ਅਤੇ ਯੋਜਨਾਵਾਂ ਦਾ ਜ਼ਿਕਰ ਕੀਤਾ। ਉੱਥੇ ਹੀ ਵਿਸ਼ਵ ਦੀਆਂ ਘਟਨਾਵਾਂ ਅਤੇ ਆਉਣ ਵਾਲੀਆਂ ਚੁਣੌਤੀਆਂ ਦਾ ਜ਼ਿਕਰ ਵੀ ਕੀਤਾ। ਇਸੇ ਦੇ ਨਾਲ ਉਨ੍ਹਾਂ ਨੇ ਨਵੇਂ ਤਕਨਾਲੋਜੀ ਅਤੇ ਡਿਜੀਟਲ ਯੁੱਗ ’ਚ ਨੈਰੇਟਿਵ ਘੜਨ ਲਈ ਇਸਤੇਮਾਲ ਹੋਣ ਵਾਲੇ ਅਲੱਗ-ਅਲੱਗ ਟੂਲਜ਼ ਨੂੰ ਲੈ ਕੇ ਦੇਸ਼ਵਾਸੀਆਂ ਨੂੰ ਸੁਚੇਤ ਵੀ ਕੀਤਾ। ਇਸ ਲਈ ਉਨ੍ਹਾਂ ਨੇ ‘ਦਿਮਾਗੀ ਨਕਸਲੀ’ ਸ਼ਬਦ ਦੀ ਵਰਤੋਂ ਕੀਤੀ। ਕਿਉਂਕਿ ਅੱਜ ਦੀ ਲੜਾਈ ਜ਼ਮੀਨ ’ਤੇ ਨਹੀਂ, ਦਿਮਾਗ ਨਾਲ ਲੜੀ ਜਾਂਦੀ ਹੈ।
ਇਸ ਸ਼ਬਦ ਦੇ ਵਿਰੋਧ ’ਚ ਵਿਰੋਧੀ ਨੇਤਾਵਾਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ। ਸਾਬਕਾ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਚਿਦਾਂਬਰਮ ਨੇ ਆਪਣੇ ਆਪ ਨੂੰ ਦਿਮਾਗੀ ਨਕਸਲੀ ਹੋਣ ’ਤੇ ਮਾਣ ਮਹਿਸੂਸ ਕੀਤਾ। ਇੱਥੇ ‘ਚੋਰ ਦੀ ਦਾੜ੍ਹੀ ’ਚ ਤਿਣਕਾ’ ਵਾਲੀ ਕਹਾਵਤ ਪੂਰੀ ਤਰ੍ਹਾਂ ਢੁੱਕਦੀ ਹੈ। ਅਜਿਹਾ ਲੱਗਿਆ ਜਿਵੇਂ ਇਹ ਸ਼ਬਦ, ਕਾਂਗਰਸ ਅਤੇ ਉਨ੍ਹਾਂ ਦੀ ਪਹਿਲਾਂ ਵਾਲੀ ਕਾਰਜਸ਼ੈਲੀ ਦਾ ਸਮਾਨਾਰਥੀ ਹੈ ਅਤੇ ਇਹ ਸਿੱਧਾ ਉਨ੍ਹਾਂ ’ਤੇ ਕਿਹਾ ਗਿਆ ਹੋਵੇ। ਸੱਚ ਕੌੜਾ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਕਿਸੇ ਦਾ ਨਾਂ ਨਹੀਂ ਲਿਆ, ਪਰ ਜਿਨ੍ਹਾਂ ਨੇ ਬਿਨਾਂ ਹਥਿਆਰਾਂ ਦੇ ਅੱਜ ਤੱਕ ਦੇਸ਼ ’ਚ ਵੈਰ-ਵਿਰੋਧ, ਜ਼ਹਿਰ ਅਤੇ ਭੇਦਭਾਵ ਫੈਲਾਉਣ ਦਾ ਕੰਮ ਕੀਤਾ, ਉਨ੍ਹਾਂ ਨੂੰ ਲੱਗਿਆ ਕਿ ਇਹ ਉਂਗਲ ਉਨ੍ਹਾਂ ਦੀ ਤਰਫ਼ ਹੀ ਉੱਠੀ ਹੈ।
ਸ਼ਬਦਾਂ ਦੀ ਖੇਡ ਅਤੇ ਨੈਰੇਟਿਵ ਦੀ ਰਾਜਨੀਤੀ : ਦੇਸ਼ ਦੀ ਰਾਜਨੀਤੀ ’ਚ ਆਪਣਾ ਪ੍ਰਭਾਵ ਬਣਾਈ ਰੱਖਣ ਅਤੇ ਸੱਤਾ ਨੂੰ ਹਰ ਹਾਲ ’ਚ ਬਚਾਉਣ ਲਈ ਕਾਂਗਰਸ ਅਤੇ ਉਸ ਦੇ ਨੇਤਾਵਾਂ ਦੁਆਰਾ ਸਮੇਂ-ਸਮੇਂ ’ਤੇ ਕੁਝ ਸ਼ਬਦ ਘੜੇ ਗਏ :
1. ਸਮਾਜਵਾਦੀ, ਪੰਥਨਿਰਪੱਖ, ਅਖੰਡਤਾ :
ਐਮਰਜੈਂਸੀ ਤੋਂ ਬਾਅਦ ਸੰਵਿਧਾਨ ਦੀ ਪ੍ਰਸਤਾਵਨਾ ’ਚ ਇੰਦਰਾ ਗਾਂਧੀ ਸਰਕਾਰ ਦੁਆਰਾ ਸਮਾਜਵਾਦੀ, ਪੰਥਨਿਰਪੱਖ, ਅਖੰਡਤਾ ਇਹ ਤਿੰਨ ਸ਼ਬਦ ਜੋੜੇ ਗਏ। ਆਲੋਚਕਾਂ ਦਾ ਮੰਨਣਾ ਹੈ ਕਿ ਇਸ ਨਾਲ ਸੰਵਿਧਾਨ ਦੀ ਮੂਲ ਭਾਵਨਾ ਨੂੰ ਬਦਲਣ ਦਾ ਯਤਨ ਕੀਤਾ ਗਿਆ, ਜਦਕਿ ਸੰਵਿਧਾਨ ਦੇ ਮੂਲਢਾਂਚੇ ਨੂੰ ਬਦਲਣ ਦਾ ਕੋਈ ਪ੍ਰਬੰਧ ਨਹੀਂ ਹੈ। ਇਨ੍ਹਾਂ ਸ਼ਬਦਾਂ ਨੇ ਭਾਰਤ ਦੇ ਸੰਵਿਧਾਨ ਦੀ ਆਤਮਾ ਨੂੰ ਬਦਲਣ ਦਾ ਪਾਪ ਕੀਤਾ ਹੈ।
2. ਹਿੰਦੂ ਅੱਤਵਾਦ ਅਤੇ ਸੈਫ਼ਰਨ ਟੈਰਰ :
ਕਾਂਗਰਸ ਨੇ ਸੱਤਾ ’ਚ ਬਣੇ ਰਹਿਣ ਲਈ ਹਮੇਸ਼ਾ ਅੱਤਵਾਦ ਅਤੇ ਨਕਸਲਵਾਦ ਨੂੰ ਬੜ੍ਹਾਵਾ ਦਿੱਤਾ ਹੈ। ਅੱਤਵਾਦ ਹਿੰਦੂਆਂ ਖ਼ਿਲਾਫ਼ ਹੋਵੇ ਤਾਂ ਉਸ ਨੂੰ ਨਜ਼ਰਅੰਦਾਜ਼ ਕੀਤਾ। ਹਜ਼ਾਰਾਂ ਹਿੰਦੂਆਂ ਦੇ ਕਤਲ ਅਤੇ ਉਨ੍ਹਾਂ ਨੂੰ ਭਜਾਉਣ ਦੀ ਕਸ਼ਮੀਰ ਇਸ ਦੀ ਵੱਡੀ ਉਦਾਹਰਣ ਹੈ। ਉਨ੍ਹਾਂ ਦੇ ਸ਼ਾਸਨਕਾਲ ’ਚ ਇਸਲਾਮਿਕ ਅੱਤਵਾਦ ਦੀਆਂ ਘਟਨਾਵਾਂ ਵਧੀਆਂ, ਜਿਸ ਨਾਲ ਦੁਨੀਆ ’ਚ ਇਹ ਧਾਰਨਾ ਬਣੀ ਕਿ ਵਿਸ਼ਵ ’ਚ ਅੱਤਵਾਦ ਕੱਟੜਵਾਦ ਦਾ ਨਤੀਜਾ ਹੈ। ਇਹ ਨੈਰੇਟਿਵ ਕਾਂਗਰਸ ਦੇ ਮੁਸਲਿਮ ਤੁਸ਼ਟੀਕਰਨ ਦੀ ਰਾਜਨੀਤੀ ਨੂੰ ਨੁਕਸਾਨ ਪਹੁੰਚਾਉਣ ਲੱਗਿਆ। ਪਾਕਿਸਤਾਨ ਨੇ ਵੀ ਮੁੰਬਈ 26/11 ਹਮਲੇ ’ਚ ਕਸਾਬ ਦੇ ਹੱਥ ’ਚ ਕਲਾਵਾ ਅਤੇ ਜਾਅਲੀ ਪਛਾਣ ਪੱਤਰ ਨਾਲ ਇਹ ਹਿੰਦੂ ਅੱਤਵਾਦ ’ਤੇ ਮੋਹਰ ਲਗਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਸੀ ਪਰ ਕਸਾਬ ਦੇ ਜਿਊਂਦਾ ਫੜੇ ਜਾਣ ਨਾਲ ਸੱਚ ਸਾਹਮਣੇ ਆ ਗਿਆ। ਇਸ ਦੇ ਬਾਵਜੂਦ ਕਾਂਗਰਸ ਨੇ ਸਰਕਾਰੀ ਰਿਪੋਰਟਾਂ, ਹਲਫ਼ਨਾਮਿਆਂ, ਮਨਘੜਤ ਸਬੂਤਾਂ ਅਤੇ ਨਾਜਾਇਜ਼ ਤੌਰ ’ਤੇ ਹਿੰਦੂਆਂ ਨੂੰ ਫੜ ਕੇ ਉਨ੍ਹਾਂ ਨੂੰ ਅੱਤਵਾਦੀ ਪੇਸ਼ ਕਰਨ ਦਾ ਸਾਜ਼ਿਸ਼ ਰਚੀ। ਅਜਿਹਾ ਕਰ ਕੇ ਦੇਸ਼ ’ਚ ਹਿੰਦੂ ਅੱਤਵਾਦ ਅਤੇ ਸੈਫ਼ਰਨ ਟੈਰਰ ਦਾ ਨੈਰੇਟਿਵ ਘੜਨ ਦੀ ਕੋਸ਼ਿਸ਼ ਕੀਤੀ। ਵੋਟ ਦੀ ਰਾਜਨੀਤੀ ਕਰਦੇ ਹੋਏ ਭਾਰਤ ਦੇ ਬਹੁ-ਗਿਣਤੀ ਹਿੰਦੂ ਸਮਾਜ ਨੂੰ ਬਦਨਾਮ ਅਤੇ ਇਸਲਾਮਿਕ ਅੱਤਵਾਦ ਦੇ ਬਰਾਬਰ ਖੜ੍ਹਾ ਕਰਨ ਦੀ ਕੋਸ਼ਿਸ਼ ’ਚ ਨਾਕਾਮ ਰਹੇ। ਇਹ ਦਿਮਾਗੀ ਨਕਸਲਵਾਦ ਦਾ ਹੀ ਦੂਜਾ ਰੂਪ ਸੀ।
3. ਭਗਵਾਕਰਨ : 2014 ’ਚ ਭਾਜਪਾ ਸਰਕਾਰ ਬਣਨ ਤੋਂ ਬਾਅਦ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ’ ਦੇ ਮੰਤਰ ਨਾਲ ਕੰਮ ਸ਼ੁਰੂ ਹੋਇਆ। ਹਜ਼ਾਰਾਂ ਸਾਲ ਦੀ ਗੁਲਾਮੀ ਦੇ ਪ੍ਰਤੀਕਾਂ ਨੂੰ ਹਟਾ ਕੇ ਦੇਸ਼ ਦੀ ਮੂਲ ਸੰਸਕ੍ਰਿਤੀ ਅਤੇ ਮੁੱਲਾਂ ਨੂੰ ਸਥਾਪਤ ਕਰਨ ਦਾ ਯਤਨ ਹੋਇਆ। ਦੇਸ਼ ਦੇ ਮਹਾਪੁਰਸ਼ਾਂ, ਵੀਰਾਂ ਅਤੇ ਸ਼ਹੀਦਾਂ ਦਾ ਗੌਰਵਮਈ ਇਤਿਹਾਸ ਦੇਸ਼ ਦੇ ਨੌਜਵਾਨਾਂ ਦੇ ਸਾਹਮਣੇ ਲਿਆਂਦਾ ਜਾਣ ਲੱਗਿਆ। ਇਸ ਨੂੰ ਰੋਕਣ ਲਈ ਭਗਵਾਕਰਨ ਸ਼ਬਦ ਘੜਿਆ ਗਿਆ, ਤਾਂ ਜੋ ਯੂਥ ਨੂੰ ਉਨ੍ਹਾਂ ਦੇ ਆਤਮਬੋਧ ਤੋਂ ਦੂਰ ਰੱਖਿਆ ਜਾ ਸਕੇ।
4. ਗੋਦੀ ਮੀਡੀਆ : ਦੁਨੀਆ ’ਚ ਜੇਕਰ ਕਿਤੇ ਪ੍ਰਗਟਾਵੇ ਦੀ ਆਜ਼ਾਦੀ ਹੈ ਤਾਂ ਉਹ ਭਾਰਤ ਹੈ। ਐਮਰਜੈਂਸੀ ’ਚ ਵੀ ਮੀਡੀਆ ਨੇ ਹੱਥ ਨਾਲ, ਟਰੈਕਟਰ ਨਾਲ, ਸਾਈਕਲੋਸਟਾਈਲ ਨਾਲ ਸੱਚ ਜਨਤਾ ਤੱਕ ਪਹੁੰਚਾਇਆ। ਸੱਚ ਲਿਖਣ ਦੀ ਕੀਮਤ ਸ਼ਹਾਦਤ ਦੇ ਰੂਪ ’ਚ ਦਿੱਤੀ। ‘ਪੰਜਾਬ ਕੇਸਰੀ’ ਇਸ ਦੀ ਵੱਡੀ ਉਦਾਹਰਣ ਹੈ। ਜਦੋਂ ਇਹੋ ਮੀਡੀਆ ਪ੍ਰਧਾਨ ਮੰਤਰੀ ਮੋਦੀ ਦੇ ਕਾਰਜਾਂ ਨੂੰ ਪ੍ਰਮੁੱਖਤਾ ਨਾਲ ਦਿਖਾਉਣ ਲੱਗਿਆ ਤਾਂ ਵਿਰੋਧੀ ਧਿਰ ਨੇ ਇਸ ਨੂੰ ‘ਗੋਦੀ ਮੀਡੀਆ’ ਕਹਿ ਕੇ ਬਦਨਾਮ ਕੀਤਾ। ਇਹ ਦੇਸ਼ ਦੇ ਲੋਕਤੰਤਰ ਦੇ ਚੌਥੇ ਥੰਮ੍ਹ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਸੀ।
ਚੌਕੀਦਾਰ ਚੋਰ, ਕਾਤਿਲ, ਮੌਤ ਦਾ ਸੌਦਾਗਰ, ਸਨਾਤਨ ਇਕ ਕੈਂਸਰ, ਭਾਰਤ ਤੇਰੇ ਟੁਕੜੇ ਹੋਣਗੇ ਹਰ ਘਰ ਸੇ ਅਫ਼ਜ਼ਲ ਨਿਕਲੇਗਾ ਵਰਗੇ ਨਾਅਰੇ ਅਤੇ ਵਿਦਿਆਰਥੀ ਅੰਦੋਲਨਾਂ ’ਚ ਬੱਚੀਆਂ ਤੋਂ ਲਗਵਾਏ ਗਏ ਅਭੱਦਰ ਨਾਅਰੇ-ਇਨ੍ਹਾਂ ਸਭ ਨੇ ਹਰ ਦੇਸ਼ਭਗਤ ਅਤੇ ਹਰ ਹਿੰਦੂ ਦੇ ਮਨ ਨੂੰ ਸੱਟ ਮਾਰੀ ਹੈ। ਇਹੋ ਦਿਮਾਗੀ ਨਕਸਲਵਾਦ ਹੈ। ਜੋ ਲੋਕ ਬਿਨਾਂ ਬੰਦੂਕ ਦੇ ਦੇਸ਼ ਦੇ ਦਿਮਾਗ ’ਚ ਜ਼ਹਿਰ ਘੋਲਦੇ ਹਨ, ਉਨ੍ਹਾਂ ਲਈ ਹੀ ਪ੍ਰਧਾਨ ਮੰਤਰੀ ਨੇ ਇਹ ਸ਼ਬਦ ਇਸਤੇਮਾਲ ਕੀਤਾ।
ਜੈ ਹਿੰਦ ਜੈ ਭਾਰਤ।
- ਪ੍ਰਵੀਨ ਬਾਂਸਲ
ਇਸ ਅਤਿਅੰਤ ਮੁਸ਼ਕਲ ਦੌਰ ’ਚ ਵੀ ਸੱਚ ਦੇ ਬੀਜ ਲਗਾਤਾਰ ਫੁੱਟ ਰਹੇ ਹਨ
NEXT STORY