ਸੱਚ-ਝੂਠ, ਅਮੀਰੀ-ਗਰੀਬੀ, ਅਸੂਲਪ੍ਰਸਤੀ ਤੇ ਬੇਅਸੂਲੀ ਦਰਮਿਆਨ ਯੁੱਧ ਯੁਗਾਂ-ਯੁਗਾਂ ਤੋਂ ਜਾਰੀ ਹੈ। ਮਨੁੱਖੀ ਇਤਿਹਾਸ ਦੇ ਸਮੁੱਚੇ ਕੈਨਵੈਸ ’ਤੇ ਨਜ਼ਰ ਮਾਰਿਆਂ ਇਹ ਵੀ ਸਪੱਸ਼ਟ ਪਤਾ ਲੱਗ ਜਾਂਦਾ ਹੈ ਕਿ ਅਨੇਕਾਂ ਵਕਤੀ ਹਾਰਾਂ ਤੇ ਪਛਾੜਾਂ ਦੇ ਬਾਵਜੂਦ ਇਤਿਹਾਸ ਦਾ ਪਹੀਆ ਹਮੇਸ਼ਾ ਅਗਾਂਹ ਵੱਲ ਨੂੰ ਹੀ ਤੁਰਦਾ ਰਿਹਾ ਹੈ। ਇਹ ਵੀ ਸੱਚ ਹੈ ਕਿ ਹੁਕਮਰਾਨਾਂ ਨੇ ਸੱਤਾ ਵਿਰੋਧੀ ਅਵਾਜ਼ਾਂ ਨੂੰ ਸਦਾ ਹੀ ਜਬਰ-ਜ਼ੁਲਮ ਨਾਲ ਦਬਾਉਣਾ ਚਾਹਿਆ ਹੈ। ਪ੍ਰੰਤੂ ਹੱਕ-ਸੱਚ ਲਈ ਲੜੇ ਜਾਣ ਵਾਲੇ ਯੁੱਧ ਦੀ ਮਹਾਨਤਾ ਜਦੋਂ ਲੋਕਾਂ ਦੀ ਸੋਚ ਦਾ ਸਥਾਈ ਹਿੱਸਾ ਬਣ ਜਾਂਦੀ ਹੈ, ਤਾਂ ਖ਼ਲਕਤ ਹਰ ਔਕੜ ਤੇ ਮੁਸੀਬਤ ਦਾ ਟਾਕਰਾ ਕਰਦਿਆਂ ਸੱਚ ਦੀ ਫਤਿਹ ਦਾ ਡੰਕੇ ਵਜਾ ਕੇ ਨਵਾਂ ਇਤਿਹਾਸ ਸਿਰਜਣ ਦਾ ਕਾਰਜ ਸਿਰੇ ਚਾੜ੍ਹਦੀ ਆ ਰਹੀ ਹੈ।
ਐਹੋ ਜਿਹੀ ਹੀ ਸਥਿਤੀ ਅੱਜ-ਕਲ੍ਹ ਭਾਰਤ ਦੀ ਸਿਆਸਤ ਤੇ ਸਮਾਜਿਕ ਵਰਤਾਰਿਆਂ ’ਚ ਵੀ ਬਣੀ ਹੋਈ ਹੈ। ਸਾਲ 2014 ’ਚ ਆਪਣੀ ਹੱਥਠੋਕਾ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਦੇ ਜਰੀਏ ਦੇਸ਼ ਦੀ ਕੇਂਦਰੀ ਸੱਤਾ ’ਤੇ ਕਾਬਜ ਹੋਣ ਤੋਂ ਪਿੱਛੋਂ ਆਰ.ਐਸ.ਐਸ. ਨੇ ਭਾਰਤ ਨੂੰ ਤਾਨਾਸ਼ਾਹੀ ਤਰਜ਼ ਦਾ, ਧਰਮ ਅਧਾਰਤ, ਪਿਛਾਖੜੀ ‘ਹਿੰਦੂਤਵੀ’ ਰਾਸ਼ਟਰ ਬਣਾਉਣ ਦਾ ਆਪਣਾ ਇਕ ਸਦੀ ਪੁਰਾਣਾ ਨਿਸ਼ਾਨਾ ਸਾਕਾਰ ਕਰਨ ਲਈ ਹਰ ਹਰਬਾ ਵਰਤਿਆ ਹੈ। ਭਾਰਤੀ ਸੱਤਾ ਦੇ ਸਾਰੇ ਅੰਗਾਂ, ਖਾਸ ਕਰਕੇ ਪੁਲਸ ਤੇ ਅਫਸਰਸ਼ਾਹੀ ਯਾਨਿ ਕਾਰਜ ਪਾਲਕਾ, ਨਿਆਂ ਪਾਲਕਾ, ਸੈਨਾ ਤੇ ਅਰਧ ਸੈਨਿਕ ਬਲਾਂ ਆਦਿ ਦਾ ਵੱਡਾ ਹਿੱਸਾ ਆਰ.ਐਸ.ਐਸ. ਨੇ ਕਾਬੂ ਕਰ ਲਿਆ ਹੈ। ਦੇਸ਼ ਦੇ ਜ਼ਿਆਦਾਤਰ ਜੱਜ ਤੇ ਆਲ੍ਹਾ ਅਧਿਕਾਰੀ ਸੰਘ ਦੇ ਨਖਿੱਧ ਕਾਰਜ ’ਚ ਇਸ ਦਾ ਪੂਰਾ-ਪੂਰਾ ਹੱਥ ਵਟਾ ਰਹੇ ਹਨ। ਮੀਡੀਆ, ਖਾਸ ਕਰਕੇ ਬਿਜਲਈ ਮੀਡੀਆ ਦਾ ਵੱਡਾ ਹਿੱਸਾ, ਸਰਕਾਰਾਂ ਨੂੰ ਸਵਾਲ ਕਰਨ ਵਾਲੇ ’ਪਹਿਰੇਦਾਰ’ ਦੀ ਆਪਣੀ ਭੂਮਿਕਾ ਨੂੰ ਬੇਦਾਵਾ ਦੇ ਕੇ ਅਜੋਕੇ ਹੁਕਮਰਾਨਾਂ ਦਾ ‘ਪਾਲਤੂ’ ਬਣ ਗਿਆ ਹੈ। ਬਾਵੱਕਾਰ ਸੰਵਿਧਾਨਕ ਅਦਾਰਿਆਂ ’ਤੇ ਆਰ.ਐਸ.ਐਸ. ਦੇ ਸਮਰਥਕ ਬਿਠਾ ਦਿੱਤੇ ਗਏ ਹਨ। ਦੇਸ਼ ਦੇ ਇਤਿਹਾਸ ਤੇ ਵਿਦਿਅਕ ਪਾਠਕ੍ਰਮ ਦਾ ਆਰ.ਐਸ.ਐਸ. ਦੀ ਵਿਚਾਰਧਾਰਾ ਤੇ ਮਕਸਦ ਦੇ ਅਨੁਕੂਲ ਪੁਨਰ ਲੇਖਨ ਕੀਤਾ ਜਾ ਰਿਹਾ ਹੈ। ਕਲਾ ਤੇ ਸਭਿਆਚਾਰ ਨੂੰ ਭਗਵਾਂ ਰੰਗ ਚਾੜ੍ਹਨ ਦੇ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਸੜਕਾਂ, ਰੇਵਲੇ ਸਟੇਸ਼ਨਾਂ, ਸ਼ਹਿਰਾਂ ਤੇ ਇਤਿਹਾਸਕ ਯਾਦਗਾਰਾਂ ਦੇ ਨਾਂ ਬਦਲ ਕੇ ਇਨ੍ਹਾਂ ਨੂੰ ਫਿਰਕੂ ਰੰਗਤ ਦਿੱਤੀ ਜਾ ਰਹੀ ਹੈ। ਇੱਥੋਂ ਤੱਕ ਕਿ ਭਾਰਤ ਦੀ ਹਾਕੀ ਟੀਮ ਦੀ ਵਰਦੀ ਦਾ ਨੀਲਾ ਰੰਗ ਵੀ ਹਾਕੀ ਫੈਡਰੇਸ਼ਨ ਦੇ ਪ੍ਰਧਾਨ ਤੇ ਖਿਡਾਰੀਆਂ ਦੀ ਸਲਾਹ ਲਏ ਬਿਨਾਂ ਹੀ ਭਗਵਾਂ ਕਰ ਦਿੱਤਾ ਗਿਆ ਹੈ। ਸੁਤੰਤਰਤਾ ਪ੍ਰਾਪਤੀ ਤੋਂ ਲੈ ਕੇ ਹੁਣ ਤਾਈਂ ਕਾਨੂੰਨੀ ਦਾਇਰੇ ’ਚ ਰਹਿ ਕੇ ਵੱਡੀ ਹੱਦ ਤੱਕ ਨਿਰਪੱਖਤਾ ਨਾਲ ਕੰਮ ਕਰਦੀਆਂ ਆ ਰਹੀਆਂ ਏਜੰਸੀਆਂ ਤੇ ਖੁਦ ਮੁਖ਼ਤਾਰ ਲੋਕ-ਰਾਜੀ ਅਦਾਰੇ ਦੇਸ਼ ਦੇ ਸੰਵਿਧਾਨ ਦੀ ਸ਼ਰ੍ਹੇਆਮ ਉਲੰਘਣਾ ਕਰਦੇ ਹੋਏ, ਅੱਜ ਆਪਣੀ ਜ਼ਿੰਮੇਵਾਰੀ ਸੰਘੀ ਹੁਕਮਰਾਨਾਂ ਦੇ ਇਸ਼ਾਰੇ ’ਤੇ ਸਿਰੇ ਦੇ ਪੱਖਪਾਤੀ ਢੰਗ ਨਾਲ ਨਿਭਾ ਰਹੇ ਹਨ। ਸਰਕਾਰੀ ਮਸ਼ੀਨਰੀ, ਵਿਰੋਧੀ ਧਿਰ ਨੂੰ ਦਬਾਉਣ ਤੇ ਤੰਗ-ਪ੍ਰੇਸ਼ਾਨ ਕਰਨ ਦਾ ਕੋਈ ਮੌਕਾ ਨਹੀਂ ਖੁੰਝਾਉਂਦੀ। ਰਹਿੰਦੀ ਕਸਰ ਭਾਰਤ ਦੇ ਚੋਣ ਕਮਿਸ਼ਨ, ਜਿਸਦੀ ‘ਨਿਰਪੱਖਤਾ’ ’ਤੇ ਦੇਸ਼ ਦੀ ਲੋਕਰਾਜੀ ਵਿਵਸਥਾ ਟਿੱਕੀ ਹੋਈ ਹੈ, ਨੇ ਕੱਢ ਦਿੱਤੀ ਹੈ। ਯਾਦ ਰਹੇ ਈਸੀਆਈ ਪੂਰੀ ਤਰ੍ਹਾਂ ਨਾਲ ਭਾਜਪਾ ਦੀ ਝੋਲੀ ਪੈ ਚੁੱਕਾ ਹੈ। ਇਸ ਨੇ ਐਸ.ਆਈ.ਆਰ. ਰਾਹੀਂ ਲੱਖਾਂ ਜਾਇਜ਼ ਵੋਟਰਾਂ ਦੇ ਨਾਂ ਵੋਟ ਸੂਚੀ ’ਚੋਂ ਖਾਰਜ ਕਰ ਦਿੱਤੇ ਹਨ। ਚੋਣ ਕਮਿਸ਼ਨ ਨੇ, ਸੰਵਿਧਾਨਕ ਮਰਿਆਦਾ ਤੇ ਜਮਹੂਰੀ ਮਾਨਤਾਵਾਂ ਦੀਆਂ ਧੱਜੀਆਂ ਉਡਾ ਕੇ ਬੇਸ਼ੁਮਾਰ ਧਨ ਤੇ ਧਰਮ ਦੀ ਅੰਨ੍ਹੀ ਦੁਰਵਰਤੋਂ ਰਾਹੀਂ ਤੇ ਗੁੰਡਾਗਰਦੀ ਦੀ ਸਹਾਇਤਾ ਨਾਲ ਹਰ ਹਾਲਤ ਚੋਣਾਂ ਜਿੱਤੇ ਜਾਣ ਦੇ ਭਾਜਪਾ ਦੇ ’ਫਾਰਮੂਲੇ’ ਨੂੰ ’ਕਾਨੂੰਨੀ ਮਾਨਤਾ’ ਦੇ ਦਿੱਤੀ ਹੈ। ਚੁਣੇ ਹੋਏ ਨੁਮਾਇੰਦਿਆਂ ਨੂੰ ਦਲਬਦਲੀ ਰਾਹੀਂ ਜਾਂ ਹੋਰ ਕੋਈ ਪ੍ਰਲੋਭਣ ਦੇ ਕੇ ਭਾਜਪਾ ’ਚ ਸ਼ਾਮਲ ਕੀਤੇ ਜਾਣ ਰਾਹੀਂ ਵਿਧਾਨ ਸਭਾਵਾਂ ਤੇ ਦੋਹਾਂ ਕੇਂਦਰੀ ਸਦਨਾਂ ’ਚ ਹਾਕਮ ਧਿਰ ਦੇ ਮੈਂਬਰਾਂ ਦੀ ਗਿਣਤੀ ਲਗਾਤਾਰ ਵਧਾਈ ਜਾ ਰਹੀ ਹੈ।
ਪ੍ਰੰਤੂ ਇਤਿਹਾਸ ਦੇ ਇਸ ਅਤਿ ਕਠਿਨ ਦੌਰ ’ਚ ਵੀ ਸੱਚ ਦੇ ਬੀਜ਼ ਲਗਾਤਾਰ ਪੁੰਗਰ ਰਹੇ ਹਨ। ਝੱਖੜਾਂ ਤੇ ਤੂਫ਼ਾਨਾਂ ਦੇ ਹੱਲਿਆਂ ਦੇ ਬਾਵਜੂਦ ਹੱਕ-ਸੱਚ ਇਨਸਾਫ ਦੀ ਪ੍ਰਾਪਤੀ ਲਈ ਲੋਕ ਕਾਫ਼ਲਾ ਲਗਾਤਾਰ ਅਗਾਂਹ ਵਧ ਰਿਹਾ ਹੈ। ਸੱਤਾ ਦਾ ਵਿਰੋਧ ਕਰਨ ਦੀ ਸਜ਼ਾ ਵਜੋਂ ਜੇਲ੍ਹਾਂ, ਪੁਲਸ ਦੇ ਜ਼ੁਲਮਾਂ, ਝੂਠੇ ਮੁਕੱਦਮਿਆਂ ਸਮੇਤ ਹਰ ਤਰ੍ਹਾਂ ਦੇ ਦਾ ਭੈਅ ਲੋਕ ਮਨਾਂ ’ਚੋਂ ਦਿਨੋ-ਦਿਨ ਖੰਭ ਲਾ ਕੇ ਰਫੂ ਚੱਕਰ ਹੁੰਦਾ ਜਾ ਰਿਹਾ ਹੈ। ਇਸ ਦੀ ਪਹਿਲੀ ਮਿਸਾਲ ਉਦੋਂ ਸਾਹਮਣੇ ਆਈ ਸੀ, ਜਦੋਂ ਸੰਸਦ ਮੈਂਬਰ ਐਮ.ਜੇ. ਅਕਬਰ ਨੂੰ ਇਕ ਸੈਕਸ ਸਕੈਂਡਲ ’ਚ ਫਸੇ ਹੋਣ ਕਰਕੇ ਲੋਕ ਦਬਾਅ ਅਧੀਨ ਅਸਤੀਫ਼ਾ ਦੇਣਾ ਪਿਆ ਸੀ। ਇਸ ਪਿੱਛੋਂ ਪੰਜਾਬ ਦੇ ਕਿਸਾਨਾਂ ਵਲੋਂ ਵਿੱਢੇ ਘੋਲ ਨਾਲ ਹਰਿਆਣਾ, ਰਾਜਸਥਾਨ, ਪੱਛਮੀ ਯੂ.ਪੀ. ਤੇ ਦੇਸ਼ ਦੇ ਹੋਰ ਭਾਗਾਂ ਦੇ ਕਿਸਾਨਾਂ ਨੇ ਆਪਣਾ ਨਾਤਾ ਜੋੜ ਕੇ, ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ-ਬਾੜੀ ਨਾਲ ਸਬੰਧਤ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਬਰੂਹਾਂ ’ਤੇ ਇਕ ਸਾਲ ਤੋਂ ਵਧੇਰੇ ਸਮਾਂ ਲਗਾਤਾਰ ਸ਼ਾਂਤਮਈ ਮੋਰਚਾ ਮੱਲੀ ਰੱਖਿਆ ਸੀ। ਇਸ ਜਾਬਤਾਬੱਧ ਘੋਲ ਨੂੰ ਦੇਸ਼-ਵਿਦੇਸ਼ ’ਚੋਂ ਮਿਲੇ ਲਾਜਵਾਬ ਲੋਕ-ਸਮਰਥਨ ਦਾ ਤਾਂ ਕਦੀ ਕਿਸੇ ਨੇ ਅੰਦਾਜ਼ਾ ਵੀ ਨਹੀਂ ਲਗਾਇਆ ਹੋਣਾ! ਸਰਕਾਰੀ ਜਬਰ ਤੇ ਸਾਜਿਸ਼ਾਂ ਦੇ ਨਤੀਜੇ ਵਜੋਂ ਤੇ ਮੋਰਚਿਆਂ ’ਤੇ ਅਣਸੁਖਾਵੀਆਂ ਹਾਲਤਾਂ ਕਰਕੇ ਔਰਤਾਂ ਸਮੇਤ 750 ਤੋਂ ਵਧੇਰੇ ਕਿਰਤੀ-ਕਿਸਾਨ ਸ਼ਹੀਦ ਹੋਏ ਸਨ। ਵੱਖੋ-ਵੱਖ ਪ੍ਰਾਂਤਾਂ ਦੇ ਕਿਰਤੀ-ਕਿਸਾਨ, ਜੋ ਹਕੂਮਤੀ ਸਾਜ਼ਿਸ਼ਾਂ ਦੇ ਨਤੀਜੇ ਵਜੋਂ ਇਕ-ਦੂਜੇ ਦੇ ਵੈਰੀ ਬਣਾ ਦਿੱਤੇ ਗਏ ਸਨ, ਸਕੇ ਭਰਾਵਾਂ ਵਾਂਗ ਛਾਤੀਆਂ ਤਾਣ ਕੇ ਮੈਦਾਨ ਏ ਜੰਗ ’ਚ ਡਟੇ ਰਹੇ। ਯਾਦ ਰਹੇ ਮੋਦੀ ਸਰਕਾਰ ਤੇ ਇਸਦੇ ਜੋਟੀਦਾਰਾਂ, ਖਾਸ ਕਰਕੇ ਭਾਜਪਾ ਦੇ ‘ਵਿਚਾਰਧਾਰਕ ਆਕਾ’ ਨੇ ਆਪਣੇ ਏਜੰਟਾਂ ਰਾਹੀਂ ਘੋਲ ਨੂੰ ਕੁਰਾਹੇ ਪਾਉਣ ਲਈ ਹਰ ਹਰਬਾ ਵਰਤਿਆ ਸੀ। ਘੋਲ ਦੌਰਾਨ ਹਿੰਸਾ ਭੜਕਾਉਣ ਦਾ ਯਤਨ ਵੀ ਕੀਤਾ ਗਿਆ ਸੀ। ਪ੍ਰੰਤੂ ਸੂਝਵਾਨ, ਸਾਂਝੀ ਲੀਡਰਸ਼ਿਪ ਨੇ ਬੜੇ ਠਰ੍ਹੰਮੇ ਤੇ ਸਿਆਣਪ ਨਾਲ ਕੇਂਦਰੀ ਸਰਕਾਰ ਦਾ ਹਰ ਹੱਲਾ ਧਾਰਾਸ਼ਾਈ ਕਰ ਦਿੱਤਾ ਸੀ। ਕਿਸਾਨਾਂ ਤੇ ਆਮ ਲੋਕਾਂ ਦੀ ਵਿਸ਼ਾਲ ਏਕਤਾ ਦੇ ਸਿੱਟੇ ਵਜੋਂ ਹੀ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੂੰ ਖੇਤੀਬਾੜੀ ਨਾਲ ਸਬੰਧਤ ਤਿੰਨੇ ਕਾਲੇ ਕਾਨੂੰਨ ਵਾਪਸ ਲੈਣ ਦਾ ’ਅੱਕ ਚੱਬਣਾ’ ਪਿਆ ਸੀ। ਇਸ ਜਿੱਤ ਨਾਲ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੇ ਇਸ ਦੀ ਫਿਰਕੂ-ਫਾਸ਼ੀ ਸੋਚ ਖਿਲਾਫ਼ ਲੜ ਰਹੇ ਦੇਸ਼ ਭਰ ਦੇ ਆਮ ਲੋਕਾਂ ਨੂੰ ਭਾਰੀ ਹੌਂਸਲਾ ਮਿਲਿਆ ਸੀ। ਇਹ ਜਿੱਤ ਲੋਕਾਈ ਦੀ ਅਜਿੱਤ ਸ਼ਕਤੀ ਦਾ ਪ੍ਰਤੀਕ ਹੋ ਨਿੱਬੜੀ ਸੀ।
ਇਸੇ ਸਾਲ ਜੂਨ ਮਹੀਨੇ ਪੇਪਰ ਲੀਕ ਘਪਲੇ ਦੇ ਮੁੱਖ ਦੋਸ਼ੀ ਦੇਸ਼ ਦੇ ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਲਈ ਕੌਮੀ ਰਾਜਧਾਨੀ ਦਿੱਲੀ ਵਿਚਲੇ ਜੰਤਰ-ਮੰਤਰ ਵਿਖੇ ਹਫਤਿਆਂਬੱਧੀ ਲੜਿਆ ਗਿਆ ਲੋਕ ਘੋਲ ਦੇਸ਼ ਦੀ ਚੇਤੰਨ ਜਵਾਨੀ ਦੀ ਸਰਗਰਮ ਸ਼ਮੂਲੀਅਤ ਤੇ ਸਿਰੜੀ ਅਗਵਾਈ ਸਦਕਾ ਉਪਰੋਕਤ ਸੰਘਰਸ਼ਾਂ ਦਾ ਸ਼ਿਖਰ ਹੋ ਨਿਬੜਿਆ ਹੈ। ਇਹ ਘੋਲ ਸੋਸ਼ਲ ਮੀਡੀਆ ਮੰਚਾਂ ਜਰੀਏ ਹੋਂਦ ’ਚ ਆਈ ‘‘ਕੌਕਰੋਚ ਜਨਤਾ ਪਾਰਟੀ’’ ਦੇ ਸੱਦੇ ’ਤੇ ਸ਼ੁਰੂ ਹੋਇਆ ਸੀ। ਦੇਸ਼ ਦੀ ਸਰਵ ਉੱਚ ਅਦਾਲਤ ਦੇ ਮੁੱਖ ਜੱਜ (ਸੀਜੇਆਈ) ਵਲੋਂ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਖਿਲਾਫ਼ ਕੀਤੀ ਗਈ ਇਤਰਾਜਯੋਗ ਤੇ ਅਪਮਾਨਜਨਕ ਟਿੱਪਣੀ ਇਸ ਘੋਲ ਦੇ ਫੁੱਟਣ ਦਾ ਫੌਰੀ ਕਾਰਨ ਬਣੀ ਸੀ। ਮੱਧ ਵਰਗੀ ਤੇ ਗਰੀਬ ਪਰਿਵਾਰਾਂ ਦੇ ਡੇਢ ਦਰਜਨ ਤੋਂ ਵਧੇਰੇ ਬੱਚਿਆਂ ਵਲੋਂ ਪੇਪਰ ਲੀਕ ਦੇ ਸਦਮੇ ਨਾਲ ਖੁਦਕਸ਼ੀ ਕਰਨ ਦੇ ਨਤੀਜੇ ਵਜੋਂ ਉਪਜੀ ਬੇਚੈਨੀ ਨੇ ਵੀ ’ਬਲਦੀ ’ਤੇ ਤੇਲ ਪਾਉਣ’ ਦਾ ਕੰਮ ਕੀਤਾ ਸੀ। ਲੇਕਿਨ ਸਾਡੀ ਜਾਚੇ, ਮੋਦੀ ਸਰਕਾਰ ਦੇ ਪਿਛਲੇ 12 ਸਾਲਾਂ ਦੇ ਦੁਰਰਾਜ ਚੋਂ ਉਪਜਿਆ ਲੋਕ ਰੋਹ ਤੇ ਖਤਰਨਾਕ ਹੱਦਾਂ ਪਾਰ ਕਰ ਚੁੱਕੀ ਬੇਰੁਜ਼ਗਾਰੀ ਤੇ ਅਰਧ ਬੇਰੁਜ਼ਗਾਰੀ ਇਸ ਘੋਲ ਦੇ ਫੁੱਟਣ ਤੇ ਲੰਮਾਂ ਚੱਲਣ ਪਿਛੇ ਮੁੱਖ ਕਾਰਕ ਹੈ। ਦੇਸ਼ ਭਰ ਦੇ ਹਜ਼ਾਰਾਂ ਨੌਜਵਾਨਾਂ-ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਇਸ ਘੋਲ ’ਚ ਧਾਹ ਕੇ ਸ਼ਾਮਲ ਹੋਣਾ ੳਕਤ ਤੱਥ ਦੀ ਬਾਖੂਬੀ ਪੁਸ਼ਟੀ ਕਰਦਾ ਹੈ। ਇਸ ਘੋਲ ’ਚ ਖੱਬੀ-ਪ੍ਰਗਤੀਸ਼ੀਲ ਦਿੱਖ ਵਾਲੀਆਂ ਵਿਦਿਆਰਥੀ ਜਥੇਬੰਦੀਆਂ ਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੇ ਪੈਰੋਕਾਰਾਂ ਨੇ ਵੀ ਬੜਾ ਮਹੱਤਵਪੂਰਨ ਯੋਗਾਦਨ ਪਾਇਆ ਹੈ। ਵਿਦਿਆਰਥੀ ਕਾਰਕੁੰਨਾਂ ਨੇ ਲਗਾਤਾਰ 23 ਦਿਨ ਭੁੱਖ ਹੜਤਾਲ ਕਰਕੇ ਸ਼ਹੀਦ-ਇ-ਆਜ਼ਮ ਭਗਤ ਸਿੰਘ ਤੇ ਸਾਥੀਆਂ ਵਲੋਂ ਜੇਲ੍ਹ ’ਚ ਰੱਖੀ ਭੁੱਖ ਹੜਤਾਲ ਦੀਆਂ ਯਾਦਾਂ ਲੋਕਾਂ ਦੇ ਜ਼ਿਹਨ ’ਚ ਤਾਜ਼ਾ ਕਰਵਾ ਦਿੱਤੀਆਂ ਹਨ। ਇਹ ਪਹਿਲਾ ਅਜਿਹਾ ਲੋਕ ਘੋਲ ਹੈ, ਜਿਸ ’ਚ ਸੰਘ-ਭਾਜਪਾ ਦੇ ਆਗੂਆਂ ਦੇ ਟੱਬਰਾਂ ਦੇ ਨੌਜਵਾਨ ਵੀ ਆਪਣੀ ਜ਼ਮੀਰ ਦੀ ਆਵਾਜ ਸੁਣ ਕੇ ਸ਼ਾਮਲ ਹੋਏ ਹਨ। ਸਵਾਰਥੀ ਆਗੂਆਂ ਤੇ ਕੱਟੜਪੰਥੀਆਂ ਦੇ ’ਹੁਕਮਾਂ’ ਨੂੰ ਦਰਕਿਨਾਰ ਕਰਦਿਆਂ ਮੁਸਲਿਮ ਵਸੋਂ ਦੇ ਚੋਖੇ ਹਿੱਸੇ ਨੇ ਵੀ ਘੋਲ ਦਾ ਸ਼ਾਨਦਾਰ ਸਹਿਯੋਗ ਕੀਤਾ ਹੈ। ਇੰਝ ਹੀ ਦਿੱਲੀ ਐਨਸੀਆਰ ਤੇ ਨੇੜਲੇ ਖੇਤਰਾਂ ਦੇ ਗਿੱਗ ਵਰਕਰ ਤੇ ਸਨਅਤੀ ਕਿਰਤੀ ਵੀ ਪਿੱਛੇ ਨਹੀਂ ਰਹੇ। ਜੰਤਰ-ਮੰਤਰ ਤੋਂ ਇਲਾਵਾ ਦੇਸ਼ ਦੇ ਅਨੇਕਾਂ ਹੋਰ ਭਾਗਾਂ ’ਚ ਵੀ ਲੱਖਾਂ ਯੁਵਕਾਂ-ਵਿਦਿਆਰਥੀਆਂ ਨੇ ਸਰਕਾਰ ਵਿਰੋਧੀ ਪ੍ਰਦਰਸ਼ਨ ਕੀਤੇ ਤੇ ਸਿੱਖਿਆ ਮੰਤਰੀ ਦੇ ਅਸਤੀਫ਼ੇ ਦੀ ਮੰਗ ਕੀਤੀ ਸੀ। ਦਿੱਲੀ ਵਿਖੇ ਇਸ ਘੋਲ ’ਚ ਸ਼ਾਮਲ ਲੋਕਾਂ ਨੂੰ ਪੈਲੇਟ ਗੰਨਾਂ ਦੇ ਕਹਿਰ ਦਾ ਨਿਸ਼ਾਨਾ ਬਣਾਇਆ ਗਿਆ, ਜਿਸ ਨਾਲ ਕੁਝ-ਇਕ ਦੀ ਅੱਖਾਂ ਦੀ ਰੋਸ਼ਨੀ ਸਦਾ ਲਈ ਖੁੱਸ ਜਾਣ ਦਾ ਖਤਰਾ ਬਣ ਗਿਆ ਹੈ। ਬਿਹਾਰ ’ਚ ਫੋਰਸ ਵਲੋਂ ਭੀੜ ਨੂੰ ਖਿੰਡਾਉਣ ਲਈ ਏਕੇ-47 ਵੀ ਵਰਤੀ ਗਈ। ਇਸ ਤੱਥ ਦੀ ਪੁਸ਼ਟੀ ਹੋ ਚੁੱਕੀ ਹੈ ਕਿ ਸੇਵਾ ਮੁਕਤ ਦਾਗੀ ਪੁਲਸ ਕਰਮਚਾਰੀਆਂ ਤੇ ਹਿਟਲਰੀ ਤਰਜ਼ ਦੀਆਂ ਨਿਜੀ ਸੈਨਾਵਾਂ ਵੀ ਜਬਰ ਢਾਹੁਣ ਵਾਲਿਆਂ ’ਚ ਸ਼ਾਮਲ ਸਨ। ’ਕੌਕਰੋਚ ਜਨਤਾ ਪਾਰਟੀ’ ਵੱਲੋਂ ਵਿੱਢੇ ਇਸ ਲਾਮਿਸਾਲ ਘੋਲ ਦੀ ਖਾਸੀਅਤ ਇਹ ਰਹੀ ਹੈ ਕਿ ਇਹ ਕਿਸੇ ਵਿਸ਼ੇਸ਼ ਦਲ ਜਾਂ ਸੰਗਠਨ ਦੇ ਜਨ ਆਧਾਰ ਦੇ ਸੀਮਤ ਦਾਇਰਿਆਂ ਤੋਂ ਕਿਤੇ ਅਗਾਂਹ ਫੈਲ ਗਿਆ ਹੈ। 10-12 ਸਾਲ ਤੋਂ ਲੈ ਕੇ 25-30 ਸਾਲਾਂ ਦੇ ਵਿਦਿਆਰਥੀਆਂ ਨੇ ਅੱਤ ਦੀ ਗਰਮੀ ਤੇ ਹੁੰਮਸ ’ਚ ਪੁਲਸ ਤੇ ਅਰਧ ਸੈਨਿਕ ਬਲਾਂ ਦੇ ਨਾਲ ਸੰਘ ਪਰਿਵਾਰ ਦੇ ਗੁੰਡਾ ਤੱਤਾਂ ਦੇ ਹਰ ਜਬਰ-ਜ਼ੁਲਮ ਦਾ ਟਾਕਰਾ ਸ਼ਾਂਤਚਿੱਤ ਤੇ ਅਨੁਸ਼ਾਸਨਬੱਧ ਰਹਿ ਕੇ ਕੀਤਾ ਹੈ। ਕਿਸੇ ਨੇ ਠੀਕ ਹੀ ਕਿਹਾ ਹੈ ਕਿ ‘‘ਸਿਰਫ ਜ਼ੇਨ-ਜ਼ੀ ਹੀ ਨਹੀਂ ਜ਼ੇਨ-ਅਲਫਾ ਵੀ ਮੌਜੂਦਾ ਨਿਜ਼ਾਮ ਤੋਂ ਬੇਜ਼ਾਰ ਹੈ।’’ ਸਰਕਾਰੀ ਏਜੰਟਾਂ ਤੇ ਗੋਦੀ ਮੀਡੀਆ ਦੀਆਂ ਅੱਤ ਦੀਆਂ ਭੜਕਾਊ ਕਾਰਵਾਈਆਂ ਤੇ ਕੂੜ ਪ੍ਰਚਾਰ ਦੇ ਬਾਵਜੂਦ ਇਹ ਸੂਰਬੀਰ ਤੇ ਜ਼ਿੰਦਾਦਿਲ ਨੌਜਵਾਨ ਚੱਟਾਨ ਵਾਂਗ ਇਕਮੁੱਠ ਰਹੇ। ਅੱਤ ਦੀ ਗਰਮੀ ਨਾਲ ਬੇਹਾਲ ਹੋਏ ਮੁੰਡੇ-ਕੁੜੀਆਂ ਧਰਨੇ ’ਚ ਨਵੇਂ ਜੁੜ ਰਹੇ ਲੋਕਾਂ ਦਾ ਰਵਾਇਤੀ ਪੱਖੀਆਂ ਝੱਲ ਕੇ ਸਵਾਗਤ ਕਰ ਰਹੇ ਸਨ। ਧਰਨੇ ’ਚ ਸ਼ਾਮਲ ਲੋਕਾਂ ਵਲੋਂ ਪੂਰੀ-ਪੂਰੀ ਰਾਤ ਲਾਏ ਜਾਂਦੇ ਆਕਾਸ਼ ਗੂੰਜਾਊ ਨਾਅਰੇ ਦਿੱਲੀ ਸਮੇਤ ਪੂਰੇ ਦੇਸ਼ ਦਾ ਮਾਹੌਲ ਕਿਸੇ ‘ਵਿਸ਼ਾਲ ਲੋਕ ਯੁੱਧ’ ’ਚ ਰੰਗੇ ਹੋਣ ਦਾ ਸੁਖਦ ਅਹਿਸਾਸ ਕਰਵਾ ਰਹੇ ਸਨ। ਇਸ ਘੋਲ ਦੇ ਜੇਤੂ ਬਿਗਲ ਦੀ ਆਵਾਜ਼ ਉਦੋਂ ਸੰਸਾਰ ਭਰ ਦੇ ਲੋਕਾਂ ਦੇ ਕੰਨਾਂ ਤੱਕ ਪੁੱਜ ਗਈ, ਜਦੋਂ ਅੰਦੋਲਨਕਾਰੀਆਂ ਦੇ ਨੁਮਾਇੰਦਿਆਂ ਤੇ ਸਰਕਾਰ ਵਿਚਾਲੇ ਸਿਰੇ ਚੜ੍ਹੇ ਸਮਝੌਤੇ ਅਧੀਨ ਧਰਮਿੰਦਰ ਪ੍ਰਧਾਨ ਨੇ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ ਸੀ। ਨਾਲ ਹੀ ਅੰਦੋਲਨਕਾਰੀਆਂ ’ਤੇ ਬਣਾਏ ਝੂਠੇ ਕੇਸ ਵਾਪਸ ਲੈਣ ਤੇ ਵਿਦਿਅਕ ਪ੍ਰਣਾਲੀ ’ਚ ਤਿੱਖੇ ਸੁਧਾਰ ਕਰਨ ਦੀ ਵੀ ਸਹਿਮਤੀ ਬਣੀ ਸੀ। ਅਫਸੋਸ, ਮੋਦੀ ਸਰਕਾਰ ਦੀਆਂ ਸੂਹੀਆ ਏਜੰਸੀਆਂ ਤੇ ਦਿੱਲੀ ਪੁਲਸ ਘੋਲ ’ਚ ਕੁੱਦੇ ਨੌਜਵਾਨਾਂ-ਵਿਦਿਆਰਥੀਆਂ ਨੂੰ ਵੱਖੋ-ਵੱਖ ਢੰਗਾਂ ਨਾਲ ਜਿੱਚ ਕਰਨ ਅਤੇ ਗ੍ਰਿਫ਼ਤਾਰੀਆਂ ਤੇ ਫਰਜੀ ਕੇਸਾਂ ਆਦਿ ਦਾ ਦਮਨ-ਚੱਕਰ ਅਜੇ ਵੀ ਜਾਰੀ ਰੱਖ ਰਹੀਆਂ ਹਨ। ਤਸੱਲੀ ਦੀ ਗੱਲ ਇਹ ਹੈ ਕਿ ਕੇਂਦਰੀ ਸਰਕਾਰ ਦੇ ਇਨ੍ਹਾਂ ਦਮਨਕਾਰੀ ਕਦਮਾਂ ਦਾ ਆਮ ਲੋਕੀਂ ਦੇਸ਼ ਭਰ ’ਚ ਡਟਵਾਂ ਵਿਰੋਧ ਕਰ ਰਹੇ ਹਨ।
ਇਸ ਘੋਲ ਦੀ ਜਿੱਤ ਦੇ ਭਵਿੱਖ ’ਚ ਬੜੇ ਹਾਂ-ਪੱਖੀ ਨਤੀਜੇ ਨਿਕਲਣਗੇ। ਇਹ ਜਿੱਤ, ਆਪਣੇ ਹੱਕਾਂ ਦੀ ਰਾਖੀ ਲਈ ਲੜ ਰਹੇ ਆਮ ਲੋਕਾਂ ਅਤੇ ਮੋਦੀ ਸਰਕਾਰ ਦੀ ਸਾਮਰਾਜੀਆਂ ਅੱਗੇ ਗੋਡੇ ਟੇਕੂ ਪਹੁੰਚ ਤੇ ਇਸ ਦੀਆਂ ਫਿਰਕੂ-ਫਾਸ਼ੀ ਨੀਤੀਆਂ ਖਿਲਾਫ ਪੂਰੇ ਦੇਸ਼ ’ਚ ਜੂਝ ਰਹੀਆਂ ਨਰੋਈਆਂ ਤਾਕਤਾਂ ਨੂੰ ਰਾਹ ਦਿਖਾਉਣ ਵਾਲੀ ਐਸੀ ‘ਜਗਦੀ ਮਸ਼ਾਲ’ ਬਣ ਗਈ ਹੈ, ਜਿਸ ਦੀ ਰੌਸ਼ਨੀ ਚਹੁੰ ਕੂਟੀਂ ਖਿੰਡ ਗਈ ਹੈ। ਭਵਿੱਖ ’ਚ ਇਸ ਦੇ ਲਾਜ਼ਮੀ ਹੋਰ ਵੀ ਸਾਰਥਕ ਸਿੱਟੇ ਸਾਹਮਣੇ ਆਉਣਗੇ।
ਇਸ ਨਾਲ ਦੇਸ਼ ਨੂੰ ਸਾਮਰਾਜ ਦੀ ‘ਨਵ-ਬਸਤੀਵਾਦੀ’ ਗੁਲਾਮੀ ਦੇ ਜੂਲੇ ’ਚ ਜਕੜਨ ਦੇ ਸੰਘ-ਭਾਜਪਾ ਤੇ ਹਾਕਮ ਜਮਾਤਾਂ ਦੇ ਹਰ ਹਰਬੇ ਨੂੰ ਮਾਤ ਦੇਣ ਦਾ ਮਹੌਲ ਵੀ ਸਿਰਜਿਆ ਗਿਆ ਹੈ।
- ਮੰਗਤ ਰਾਮ ਪਾਸਲਾ
ਖਾਣੇ ’ਚ ਮਿਲਾਵਟ ਭ੍ਰਿਸ਼ਟਾਚਾਰ ਜਾਂ ਧੋਖਾ
NEXT STORY