ਭਾਰਤ ਦੇ ਇਕ ਹੋਰ ਗੁਆਂਢੀ ਦੇਸ਼ ਨੇਪਾਲ ’ਚ ਸਿਆਸੀ ਅਸਥਿਰਤਾ ਵਧਦੀ ਜਾ ਰਹੀ ਹੈ। ਬੀਤੇ ਕਈ ਦਿਨਾਂ ਤੋਂ ਨੇਪਾਲ ’ਚ ‘ਸੰਵਿਧਾਨਕ ਰਾਜਸ਼ਾਹੀ’ ਦੀ ਬਹਾਲੀ ਦੀ ਮੰਗ ਨੂੰ ਲੈ ਕੇ ਚਲ ਰਿਹਾ ਅੰਦੋਲਨ ਅਚਾਨਕ ਹਿੰਸਕ ਹੋ ਗਿਆ। 28 ਮਾਰਚ ਨੂੰ ਹੋਏ ਹਿੰਸਕ ਪ੍ਰਦਰਸ਼ਨ ’ਚ 3 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਪ੍ਰਦਰਸ਼ਨਕਾਰੀਆਂ ਨੇ 2 ਸਾਬਕਾ ਨੇਪਾਲੀ ਪ੍ਰਧਾਨ ਮੰਤਰੀਆਂ ਪੁਸ਼ਪ ਕਮਲ ਦਹਿਲ ‘ਪ੍ਰਚੰਡ’ ਅਤੇ ਮਾਧਵ ਕੁਮਾਰ ਨੇਪਾਲ ਦੀਆਂ ਪਾਰਟੀਆਂ ਦੇ ਦਫਤਰਾਂ ’ਤੇ ਹਮਲਾ ਕਰ ਦਿੱਤਾ।
ਇੰਨਾ ਹੀ ਨਹੀਂ, ਇਕ ਪ੍ਰਦਰਸ਼ਨਕਾਰੀ ਨੇ ਆਪਣੀ ਕਾਰ ਸੰਸਦ ਭਵਨ ਤਕ ਦਾਖਲ ਹੋ ਕੇ ਪੁਲਸ ਦੀ ਨਾਕਾਬੰਦੀ ਤੋੜ ਦਿੱਤੀ। ਇਸ ਅੰਦੋਲਨ ਨੂੰ ਆਮ ਜਨਤਾ ਦੇ ਨਾਲ 40 ਸੰਗਠਨਾਂ ਦਾ ਸਮਰਥਨ ਪ੍ਰਾਪਤ ਹੈ। ਪ੍ਰਦਰਸ਼ਨਕਾਰੀ ਮੌਜੂਦਾ ਨੇਪਾਲੀ ਸ਼ਾਸਕੀ ਵਿਵਸਥਾ, ਸੰਵਿਧਾਨ ਅਤੇ ਗਣਰਾਜ ਦੇ ਪ੍ਰਤੀ ਆਪਣੇ ਗੁੱਸੇ ਅਤੇ ਹਤਾਸ਼ਾ ਨੂੰ ਪ੍ਰਗਟ ਕਰਦੇ ਹੋਏ ਸਾਬਕਾ ਰਾਜਾ ਗਿਆਨੇਂਦਰ ਸ਼ਾਹ ਦੇ ਸਮਰਥਨ ’ਚ ਨਾਅਰੇ ਲਗਾ ਰਹੇ ਹਨ। ਲੇਖ ਲਿਖੇ ਜਾਣ ਤਕ ਕਾਠਮਾਂਡੂ ’ਚ ਕਰਫਿਊ ਲਾਗੂ ਹੈ ਅਤੇ ਸੁਰੱਖਿਆ ਵਿਵਸਥਾ ਦੇ ਲਈ ਫੌਜ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਸਵਾਲ ਇਹ ਉੱਠਦਾ ਹੈ ਕਿ ਆਖਰ ਨੇਪਾਲ ਦੀ ਜਨਤਾ ਆਪਣੇ ‘ਲੋਕਤੰਤਰ ਅਤੇ ਗਣਰਾਜ’ ਉੱਤੇ ਭਰੋਸਾ ਕਿਉਂ ਗੁਆ ਰਹੀ ਹੈ?
ਉਂਝ ਤਾਂ ਸਾਬਕਾ ਰਾਜਾ ਗਿਆਨੇਂਦਰ ਖੁੱਲ੍ਹੇ ਤੌਰ ’ਤੇ ਆਪਣੀ ਵਾਪਸੀ ਦੀ ਇੱਛਾ ਪ੍ਰਗਟ ਨਹੀਂ ਕਰ ਰਹੇ ਪਰ ਉਹ ਅਕਸਰ ਨੇਪਾਲ ਦੀ ਮੌਜੂਦਾ ਸਥਿਤੀ, ਵਿਗੜਦੀ ਅਰਥਵਿਵਸਥਾ ਅਤੇ ਬੇਰੋਜ਼ਗਾਰੀ ਨੂੰ ਲੈ ਕੇ ਆਪਣੀ ਚਿੰਤਾ ਪ੍ਰਗਟ ਕਰਨ ਵਾਲੇ ਵੀਡੀਓ ਸੰਦੇਸ਼ ਜਾਰੀ ਕਰਦੇ ਰਹਿੰਦੇ ਹਨ। ਉਹ ਨੇਪਾਲ ਦੇ ਵੱਖ-ਵੱਖ ਪੂਜਾ ਸਥਾਨਾਂ ਦੀ ਯਾਤਰਾ ਕਰ ਕੇ ਜਨਤਾ ਨਾਲ ਸੰਪਰਕ ’ਚ ਵੀ ਰਹਿੰਦੇ ਹਨ।
18 ਫਰਵਰੀ ਨੂੰ ਨੇਪਾਲ ਦੇ ‘ਲੋਕਤੰਤਰ ਦਿਵਸ’ ਦੀ ਪੂਰਵ ਸੰਧਿਆ ’ਤੇ ਗਿਆਨੇਂਦਰ ਸ਼ਾਹ ਨੇ ਸੰਕੇਤ ਦਿੱਤਾ ਕਿ ਉਨ੍ਹਾਂ ਨੇ ਸ਼ਾਹੀ ਮਹੱਲ ਤੋਂ ਹਟ ਕੇ ਸੁਧਾਰ ਦੀ ਆਸ ਕੀਤੀ ਸੀ ਜੋ ਹੁਣ ਤਕ ਅਧੂਰੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਨੇਪਾਲ ਵਰਗੀਆਂ ਰਵਾਇਤੀ ਸਮਾਜ ਵਿਵਸਥਾਵਾਂ ਨੂੰ ਵਿਵਿਧਤਾ ’ਚ ਏਕਤਾ ਦੇ ਪ੍ਰਤੀਕ ਦੇ ਰੂਪ ’ਚ ਰਾਜਸ਼ਾਹੀ ਦੀ ਲੋੜ ਹੈ। ਦੇਖਦੇ ਹੀ ਦੇਖਦੇ ਰਾਜਸ਼ਾਹੀ ਦੀ ਬਹਾਲੀ ਲਈ ਇਕ ਅੰਦੋਲਨ ਬੈਠਕ ਦਾ ਗਠਨ ਕੀਤਾ ਗਿਆ ਅਤੇ 28 ਮਾਰਚ ਦੀ ਰੈਲੀ ਇਸ ਮੁਹਿੰਮ ਦਾ ਪਹਿਲਾ ਜਨਤਕ ਪ੍ਰਦਰਸ਼ਨ ਸੀ।
ਕਾਠਮਾਂਡੂ ’ਚ ਇਸੇ ਪ੍ਰਦਰਸ਼ਨ ਨਾਲ 6 ਕਿਲੋਮੀਟਰ ਦੂਰ ਖੱਬੇਪੱਖੀ ਮੋਰਚੇ ਨੇ ਵੀ ਆਪਣੀ ਰੈਲੀ ਦਾ ਆਯੋਜਨ ਕੀਤਾ ਸੀ, ਜਿਸ ’ਚ ਉਮੜੀ ਲੋਕਾਂ ਦੀ ਭੀੜ ਰਾਜਸ਼ਾਹੀ ਸਮਰਥਕ ਪ੍ਰਦਰਸ਼ਨਕਾਰੀਆਂ ਦੀ ਤੁਲਨਾ ’ਚ ਬਹੁਤ ਘੱਟ ਸੀ। ਰਾਜਤੰਤਰ ਵਿਰੋਧੀ ਰੈਲੀ ’ਚ ‘ਪ੍ਰਚੰਡ’ ਅਤੇ ਮਾਧਵ ਕੁਮਾਰ ਨੇਪਾਲ ਨੇ ਗਿਆਨੇਂਦਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਉਹ ਸਿੰਘਾਸਨ ’ਤੇ ਵਾਪਸ ਪਰਤਣ ਦਾ ਸੁਫਨਾ ਨਾ ਦੇਖੇ। ਇਸ ਤੋਂ ਬਾਅਦ ਪੁਲਸ ਅਤੇ ਪ੍ਰਦਰਸ਼ਨਕਾਰੀਆਂ ਦਰਮਿਆਨ ਹਿੰਸਕ ਝੜਪ ਹੋ ਗਈ।
ਮਾਮਲੇ ’ਚ ਕਈ ਰਾਜਸ਼ਾਹੀ ਸਮਰਥਕ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਨੂੰ 30 ਮਾਰਚ ਨੂੰ ਹੱਥਕੜੀਆਂ ਲਗਾ ਕੇ ਕਿਸੇ ਖੂੰਖਾਰ ਕੈਦੀ ਵਾਂਗ ਅਦਾਲਤ ’ਚ ਪੇਸ਼ ਕੀਤਾ ਗਿਆ। ਰਾਜਸ਼ਾਹੀ ਵਿਰੋਧੀਆਂ ਨੇ ਨੇਪਾਲੀ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਕੋਲੋਂ ਮੰਗ ਕੀਤੀ ਹੈ ਕਿ ਸਾਬਕਾ ਰਾਜਾ ਗਿਆਨੇਂਦਰ ਸ਼ਾਹ ਨੂੰ ਗ੍ਰਿਫਤਾਰ ਕੀਤਾ ਜਾਵੇ।
ਅਸਲ ’ਚ, ਨੇਪਾਲ ’ਚ ਲੋਕਾਂ ’ਚ ਲੋਕਤੰਤਰ-ਗਣਰਾਜ ਦੇ ਪ੍ਰਤੀ ਗੁੱਸੇ ਦੇ ਕੀ ਕਾਰਨ ਹਨ, ਜਿਨ੍ਹਾਂ ’ਚ ਸੱਭਿਆਚਾਰਕ ਪਛਾਣ ਦਾ ਸੰਕਟ ਅਤੇ ਵੱਖ-ਵੱਖ ਸਰਕਾਰਾਂ ’ਤੇ ਭ੍ਰਿਸ਼ਟਾਚਾਰ ਦਾ ਦੋਸ਼ ਹੈ। ਗੱਲ ਜ਼ਿਆਦਾ ਪੁਰਾਣੀ ਨਹੀਂ ਹੈ। ਭਾਵੇਂ ਹੀ ਦੁਨੀਆ ’ਚ ਸਭ ਤੋਂ ਵੱਧ ਹਿੰਦੂ (ਲਗਭਗ 110 ਕਰੋੜ) ਆਪਣੀ ਮਾਤਭੂਮੀ ਭਾਰਤ ’ਚ ਨਿਵਾਸ ਕਰਦੇ ਹਨ, ਫਿਰ ਵੀ ਡੇਢ ਦਹਾਕੇ ਤੋਂ ਵੱਧ ਪਹਿਲਾਂ ਤਕ ਨੇਪਾਲ ਹੀ ਦੁਨੀਆ ਦਾ ਇਕੋ-ਇਕ ਐਲਾਨਿਆ ਹਿੰਦੂ ਰਾਜ ਸੀ।
1990 ਦੇ ਦਹਾਕੇ ’ਚ ਰਾਜਸ਼ਾਹੀ ਵਿਰੋਧੀ ਧੜਿਆਂ ਦੀ ਲਾਮਬੰਦੀ, ਸਮਾਂ ਪਾ ਕੇ ਖੱਬੇਪੱਖੀਆਂ ਵਲੋਂ ‘ਲੋਕਤੰਤਰ’ ਦੇ ਨਾਂ ’ਤੇ ਭੜਕੇ ਹਿੰਸਕ ਅੰਦੋਲਨ ’ਚ ਹਜ਼ਾਰਾਂ ਦੇ ਮਾਰੇ ਜਾਣ ਪਿਛੋਂ ਨੇਪਾਲ ’ਚੋਂ ਹਿੰਦੂ ਰਾਜਤੰਤਰ ਸਾਲ 2008 ’ਚ ਖਤਮ ਹੋ ਗਿਆ। ਤਤਕਾਲੀਨ ਰਾਜਾ ਗਿਆਨੇਂਦਰ ਸ਼ਾਹ ਨੇ ਰਾਜਸੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਦੋਂ ਤੋਂ ਲੈ ਕੇ ਅੱਜ ਤਕ ਨੇਪਾਲ ਸਿਆਸੀ ਅਸਥਿਰਤਾ ਦਾ ਸਾਹਮਣਾ ਕਰ ਰਿਹਾ ਹੈ।
ਸੰਵਿਧਾਨ ਨਿਰਮਾਣ, ਸੱਤਾ ਸੰਘਰਸ਼ ਅਤੇ ਸਮਾਜਿਕ ਅਸਮਾਨਤਾਵਾਂ ਇਸ ਦੇ ਮੁੱਖ ਕਾਰਨ ਹਨ। ਮਾਓਵਾਦੀ ਅਤੇ ਕਾਂਗਰਸੀ ਪਾਰਟੀਆਂ ਦਰਮਿਆਨ ਟਕਰਾਅ ਅਤੇ ਸੱਤਾ ਸੰਘਰਸ਼ ਨੇ ਇਸ ਸਥਿਤੀ ਨੂੰ ਹੋਰ ਗੁੰਝਲਦਾਰ ਬਣਾ ਦਿੱਤਾ। ਵਾਅਦਾ-ਖਿਲਾਫੀ ਨਾਲ ਚੀਨ ਨਾਲ ਨੇਪਾਲੀ ਹਾਕਮਾਂ ਦੀ ਨੇੜਤਾ ਵੀ ਇਸ ਦੇਸ਼ ਦੀ ਜਨਤਾ ਨੂੰ ਰਾਸ ਨਹੀਂ ਆ ਰਹੀ ਹੈ।
ਜਿਸ ਤਰ੍ਹਾਂ ਰਾਜਸ਼ਾਹੀ ਨੂੰ ਖਤਮ ਕੀਤਾ ਗਿਆ ਉਸ ਨੂੰ ਲੈ ਕੇ ਨੇਪਾਲ ਦੇ ਇਕ ਵੱਡੇ ਵਰਗ ’ਚ ਅੱਜ ਵੀ ਸ਼ੱਕ ਹੈ। 1 ਜੂਨ 2001 ਨੂੰ ਨੇਪਾਲ ਦੇ ਰਾਜ ਮਹੱਲ ਨਾਰਾਇਣਹਿਤੀ ਪੈਲੇਸ ’ਚ ਇਕ ਸਮੂਹਿਕ ਗੋਲੀਬਾਰੀ ’ਚ ਤਤਕਾਲੀਨ ਰਾਜਾ ਬੀਰੇਂਦਰ, ਰਾਣੀ ਐਸ਼ਵਰਿਆ ਅਤੇ ਹੋਰ 9 ਸ਼ਾਹੀ ਮੈਂਬਰਾਂ ਦੀ ਹੱਤਿਆ ਕਰ ਦਿੱਤੀ ਗਈ। ਇਸ ਹੱਤਿਆਕਾਂਡ ਲਈ ਬੁਰੀ ਤਰ੍ਹਾਂ ਜ਼ਖਮੀ ਰਾਜਕੁਮਾਰ ਦੀਪੇਂਦਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਪਰ ਇਸ ਤੋਂ ਪਹਿਲਾਂ ਕਿ ਸੱਚ ਸਾਹਮਣੇ ਆਉਂਦਾ, ਉਸ ਤੋਂ ਪਹਿਲਾਂ ਹੀ 4 ਜੂਨ 2001 ਨੂੰ ਉਨ੍ਹਾਂ ਦੀ ਵੀ ਮੌਤ ਹੋ ਗਈ। ਇਸ ਪਿਛੋਂ ਉਨ੍ਹਾਂ ਦੇ ਚਾਚਾ ਗਿਆਨੇਂਦਰ ਨੂੰ ਵਾਰਿਸ ਅਤੇ ਫਿਰ ਨੇਪਾਲ ਨਰੇਸ਼ ਐਲਾਨ ਦਿੱਤਾ ਗਿਆ। ਉਦੋਂ ਇਹੀ ਦੋਸ਼ ਰਾਜਾ ਗਿਆਨੇਂਦਰ ’ਤੇ ਵੀ ਚਿਪਕਾਉਣ ਦਾ ਯਤਨ ਹੋਇਆ।
ਹਾਲੀਆ ਹਿੰਸਕ ਪ੍ਰਦਰਸ਼ਨਾਂ ਤੋਂ ਸਪੱਸ਼ਟ ਹੈ ਕਿ ਨੇਪਾਲ ’ਚ ਵਿਆਪਕ ਭ੍ਰਿਸ਼ਟਾਚਾਰ ਦੇ ਵਿਰੁੱਧ ਜਨਤਾ ਦਾ ਗੁੱਸਾ ਹੁਣ ਸਿਖਰ ’ਤੇ ਹੈ ਅਤੇ ਉਹ ਸੰਗਠਿਤ ਰੂਪ ਲੈ ਰਿਹਾ ਹੈ। ਪ੍ਰਧਾਨ ਮੰਤਰੀ ਓਲੀ ’ਤੇ ਨੇਪਾਲੀ ਸੁਪਰੀਮ ਕੋਰਟ ਦੇ ਹੁਕਮ ਦੀ ਅਵੱਗਿਆ ਕਰ ਕੇ ਇਕ ਚਾਹ ਦੇ ਬਾਗ ਨੂੰ ਕਾਰੋਬਾਰੀ ਪਲਾਟਾਂ ’ਚ ਬਦਲਣ ਦਾ ਦੋਸ਼ ਹੈ। 3 ਵਾਰ ਪ੍ਰਧਾਨ ਮੰਤਰੀ ਰਹੇ ਪ੍ਰਚੰਡ ’ਤੇ ਮਾਓਵਾਦੀ ਸੰਘਰਸ਼ ਦੇ ਸਮੇਂ ਸਰਕਾਰੀ ਪੈਸਿਆਂ ਦੇ ਗਬਨ ਦਾ ਦੋਸ਼ ਹੈ।
5 ਵਾਰ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ’ਤੇ ਜਹਾਜ਼ ਖਰੀਦ ’ਚ ਰਿਸ਼ਵਤ ਲੈਣ ਦਾ ਦੋਸ਼ ਹੈ। ਉਪਰੋਕਤ ਮਾਮਲੇ ਤੋਂ ਜਨਤਾ ’ਚ ਇਹ ਧਾਰਨਾ ਵਧ ਰਹੀ ਹੈ ਕਿ ਮੌਜੂਦਾ ਲੋਕਤੰਤਰੀ ਪ੍ਰਣਾਲੀ ਅਸਫਲ ਹੋ ਰਹੀ ਹੈ ਅਤੇ ਰਾਜਸ਼ਾਹੀ ਦੀ ਵਾਪਸੀ ਨਾਲ ਰਾਜਸੀ ਆਗੂਆਂ ਦੀ ਬਾਂਦਰ ਵੰਡ ਦੀ ਜਾਂਚ ਅਤੇ ਸਜ਼ਾ ਸੰਭਵ ਹੋ ਸਕਦੀ ਹੈ।
ਨੇਪਾਲੀ ਮਾਓਵਾਦੀਆਂ ਦੀ ਚੀਨ ਪ੍ਰਤੀ ਵਿਚਾਰਧਾਰਕ ਵਚਨਬੱਧਤਾ ਕਾਰਨ ਭਾਰਤ-ਨੇਪਾਲ ਸਬੰਧ ਠੰਢੇ ਪੈ ਗਏ ਹਨ। ਦੋਵਾਂ ਵਿਚਕਾਰ ਸੱਭਿਆਚਾਰਕ ਸਬੰਧ ਹਜ਼ਾਰਾਂ ਸਾਲ ਪੁਰਾਣੇ ਹਨ। ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਭਾਰਤ ਦਾ ਮਾਣ ਹਨ ਜਦੋਂ ਕਿ ਮਾਤਾ ਸੀਤਾ ਦਾ ਜਨਮ ਨੇਪਾਲ ਦੇ ਜਨਕਪੁਰ ’ਚ ਹੋਇਆ ਸੀ। ਇਸੇ ਤਰ੍ਹਾਂ, ਲੁੰਬਿਨੀ ’ਚ ਜਨਮੇ ਭਗਵਾਨ ਗੌਤਮ ਬੁੱਧ ਨੇ ਆਪਣਾ ਪਹਿਲਾ ਉਪਦੇਸ਼ ਭਾਰਤ ਦੇ ਸਾਰਨਾਥ ’ਚ ਦਿੱਤਾ ਅਤੇ ਕੁਸ਼ੀ ਨਗਰ ’ਚ ਮਹਾ-ਪ੍ਰੀਨਿਰਵਾਣ ਪ੍ਰਾਪਤ ਕੀਤਾ।
ਬਲਬੀਰ ਪੁੰਜ
ਰੋਮਾਂਸ ਦੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਸੀ ‘ਕਿਆਮਤ ਤੋਂ ਕਿਆਮਤ ਤਕ’
NEXT STORY