ਉੱਤਰ ਪ੍ਰਦੇਸ਼ ’ਚ ਸਮਾਜਵਾਦੀ ਪਾਰਟੀ (ਸਪਾ) ਅਤੇ ਕਾਂਗਰਸ ਵਿਚਾਲੇ ਇਕ ਗੁੱਝੀ ਲੜਾਈ ਚੱਲ ਰਹੀ ਹੈ। ਵਿਧਾਨ ਸਭਾ ਦੀ ਅਗਲੀ ਚੋਣ ਕੌਣ ਕਿੰਨੀਆਂ ਸੀਟਾਂ ’ਤੇ ਲੜੇਗਾ, ਇਸ ਨੂੰ ਲੈ ਕੇ ਹਵਾ ’ਚ ਤੀਰ ਮਾਰੇ ਜਾ ਰਹੇ ਹਨ। ਕਦੇ ਕੋਈ ਕਾਂਗਰਸੀ ਫ਼ਰਮਾਨ ਦਿੰਦਾ ਹੈ ਕਿ 150 ਤੋਂ ਇਕ ਵੀ ਘੱਟ ਨਹੀਂ, ਤਾਂ ਕੋਈ ਸਮਾਜਵਾਦੀ ਚੁਣੌਤੀ ਦਿੰਦਾ ਹੈ ਕਿ 25 ਤੋਂ ਜ਼ਿਆਦਾ ਲੈ ਕੇ ਦਿਖਾਓ। ਸਪਾ ਸੁਪਰੀਮੋ ਅਖਿਲੇਸ਼ ਯਾਦਵ ਪੀ. ਡੀ. ਏ. ਭਾਵ ਪੱਛੜੇ, ਦਲਿਤ, ਘੱਟਗਿਣਤੀ ਦੇ ਦਮ ’ਤੇ ਭਾਜਪਾ ਨੂੰ ਪਛਾੜਨ ਦੀ ਉਮੀਦ ਕਰ ਰਹੇ ਹਨ। ਕਾਂਗਰਸ ਜਾਣਦੀ ਹੈ ਕਿ ਸਪਾ ਤੋਂ ਬਿਨਾਂ ਉਸ ਦਾ ਗੁਜ਼ਾਰਾ ਨਹੀਂ, ਫਿਰ ਵੀ ਉਸ ਨੂੰ ਬ੍ਰਾਹਮਣ, ਦਲਿਤ ਅਤੇ ਮੁਸਲਮਾਨ ਦੇ ਪੁਰਾਣੇ ਗੱਠਜੋੜ ਦੇ ਦਿਨ ਵਾਪਸ ਆਉਣ ਦੀ ਉਮੀਦ ਹੈ। ਵਿਰੋਧੀ ਧਿਰ ਦੀ ਤੀਜੀ ਤਾਕਤ ਬਹੁਜਨ ਸਮਾਜ ਪਾਰਟੀ (ਬਸਪਾ) ਵੀ ਦਲਿਤ, ਅਤਿ ਪੱਛੜੇ, ਮੁਸਲਮਾਨ ਅਤੇ ਬ੍ਰਾਹਮਣ ਦੇ 2006 ਵਾਲੇ ਸਮੀਕਰਨ ਦੀ ਵਾਪਸੀ ਦੀ ਉਮੀਦ ’ਚ ਜੀਅ ਰਹੀ ਹੈ, ਜਦੋਂ ਉਸ ਨੂੰ ਕਿਸੇ ਵੱਡੀ ਪਾਰਟੀ ਨੂੰ ਨਾਲ ਲਏ ਬਿਨਾਂ ਵਿਧਾਨ ਸਭਾ ’ਚ ਬਹੁਮਤ ਮਿਲ ਗਿਆ ਸੀ।
ਤਿੰਨੋਂ ਹੀ ਪਾਰਟੀਆਂ ਮੋਦੀ-ਯੋਗੀ ਯੁੱਗ ’ਚ 2017 ਤੋਂ ਬਾਅਦ ਬਦਲੇ ਹਾਲਾਤ ਤੋਂ ਬੇਖ਼ਬਰ ਨਹੀਂ ਹਨ। ਉਨ੍ਹਾਂ ਨੂੰ ਪਤਾ ਹੈ ਕਿ ਅਤਿ ਪੱਛੜੇ ਅਤੇ ਅਤਿ ਦਲਿਤਾਂ ਦਾ ਇਕ ਵੱਡਾ ਹਿੱਸਾ ਭਾਜਪਾ ਵੱਲ ਖਿਸਕ ਚੁੱਕਾ ਹੈ ਅਤੇ ਉਸ ਤੋਂ ਬਿਨਾਂ ਕੋਈ ਚੋਣ ਜਿੱਤਣਾ ਆਸਾਨ ਨਹੀਂ। ਇਹੋ ਤਿੰਨ ਪਾਰਟੀਆਂ ਹਨ, ਜੋ 2027 ਦੀਅਾਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੂੰ ਚੁਣੌਤੀ ਦੇ ਸਕਦੀਆਂ ਹਨ। ਚੋਣਾਂ ਅਗਲੇ ਸਾਲ ਅਪ੍ਰੈਲ-ਮਈ ’ਚ ਹੋਣਗੀਆਂ। ਲਗਭਗ 6 ਮਹੀਨੇ ਦਾ ਹੀ ਸਮਾਂ ਬਚਿਆ ਹੈ ਪਰ ਹੁਣ ਤੱਕ ਵਿਰੋਧੀ ਪਾਰਟੀਆਂ ਦੀ ਕੋਈ ਰਣਨੀਤੀ ਸਾਹਮਣੇ ਨਹੀਂ ਆਈ।
ਗਠਜੋੜ ਅਤੇ ਜਿੱਤ ਦਾ ਅੰਕੜਾ : ਪਿਛਲੀਅਾਂ ਚੋਣਾਂ ਦੇ ਨਤੀਜੇ ਸਾਫ਼ ਦੱਸਦੇ ਹਨ ਕਿ ਆਪਣੇ ਦਮ ’ਤੇ ਭਾਜਪਾ ਨੂੰ ਚੁਣੌਤੀ ਦੇਣਾ ਕਿਸੇ ਇਕ ਪਾਰਟੀ ਦੇ ਵੱਸ ਦੀ ਗੱਲ ਨਹੀਂ ਹੈ। ਫਿਰ ਵੀ ਅਜਿਹਾ ਲੱਗਦਾ ਹੈ ਕਿ ਵਿਰੋਧੀ ਪਾਰਟੀਆਂ ਦੇ ਆਗੂ ਆਪਣੇ ਨਿੱਜੀ ਹੰਕਾਰ ਦੇ ਸ਼ਿਕਾਰ ਹਨ ਜਾਂ ਫਿਰ ਕਿਸੇ ਚਮਤਕਾਰ ਦੀ ਉਮੀਦ ’ਚ ਜੀਅ ਰਹੇ ਹਨ। ਕਾਂਗਰਸ ਅਤੇ ਸਪਾ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵੱਖ-ਵੱਖ ਲੜੀਆਂ। ਕਾਂਗਰਸ ਨੇ ਪ੍ਰਦੇਸ਼ ਦੀਆਂ ਕੁੱਲ 403 ਸੀਟਾਂ ’ਚੋਂ 399 ’ਤੇ ਉਮੀਦਵਾਰ ਉਤਾਰੇ ਪਰ ਜਿੱਤੀ ਮਹਿਜ਼ 2 ਸੀਟਾਂ। 387 ਭਾਵ ਲਗਭਗ 97 ਫੀਸਦੀ ਸੀਟਾਂ ’ਤੇ ਉਸ ਦੇ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ। ਕਾਂਗਰਸ ਨੂੰ ਕੁੱਲ ਲਗਭਗ 2.4 ਫੀਸਦੀ ਵੋਟਾਂ ਮਿਲੀਆਂ। ਸਮਾਜਵਾਦੀ ਪਾਰਟੀ 347 ਸੀਟਾਂ ’ਤੇ ਲੜੀ ਅਤੇ 111 ਸੀਟਾਂ ਜਿੱਤਣ ’ਚ ਕਾਮਯਾਬ ਰਹੀ। ਉਸ ਦੀਅਾਂ ਸਹਿਯੋਗੀ ਛੋਟੀਆਂ-ਛੋਟੀਆਂ ਪਾਰਟੀਆਂ ਨੂੰ ਵੀ 14 ਸੀਟਾਂ ਮਿਲੀਆਂ। ਬਸਪਾ ਸਾਰੀਆਂ 403 ਸੀਟਾਂ ’ਤੇ ਲੜੀ ਅਤੇ ਸਿਰਫ਼ 1 ਸੀਟ ਜਿੱਤ ਪਾਈ। 290 ਭਾਵ ਲਗਭਗ 72 ਫੀਸਦੀ ਸੀਟਾਂ ’ਤੇ ਉਸ ਦੇ ਉਮੀਦਵਾਰਾਂ ਦੀ ਵੀ ਜ਼ਮਾਨਤ ਜ਼ਬਤ ਹੋ ਗਈ।
ਪਰ 2024 ਦੀਅਾਂ ਲੋਕ ਸਭਾ ਚੋਣਾਂ ’ਚ ਸਪਾ ਅਤੇ ਕਾਂਗਰਸ ਇਕੱਠੀਆਂ ਆ ਗਈਆਂ ਤਾਂ ਨਤੀਜੇ ਬਦਲ ਗਏ। ਇਸ ਚੋਣ ’ਚ ਪ੍ਰਦੇਸ਼ ਦੀਆਂ 80 ਸੀਟਾਂ ’ਚੋਂ ਸਮਾਜਵਾਦੀ ਪਾਰਟੀ 62 ਸੀਟਾਂ ’ਤੇ ਲੜੀ ਅਤੇ 37 ਸੀਟਾਂ ਜਿੱਤਣ ’ਚ ਕਾਮਯਾਬ ਰਹੀ। ਕਾਂਗਰਸ 17 ਸੀਟਾਂ ’ਤੇ ਲੜੀ ਅਤੇ 6 ਸੀਟਾਂ ਜਿੱਤਣ ’ਚ ਕਾਮਯਾਬ ਰਹੀ। ਬਸਪਾ 79 ਸੀਟਾਂ ’ਤੇ ਲੜੀ ਪਰ ਇਕ ਵੀ ਸੀਟ ਨਹੀਂ ਜਿੱਤ ਪਾਈ। 2019 ਦੀਅਾਂ ਲੋਕ ਸਭਾ ਚੋਣਾਂ ’ਚ ਬਸਪਾ ਅਤੇ ਸਮਾਜਵਾਦੀ ਪਾਰਟੀ ਮਿਲ ਕੇ ਲੜੀਆਂ, ਉਦੋਂ ਬਸਪਾ ਨੂੰ 10 ਅਤੇ ਸਪਾ ਨੂੰ 5 ਸੀਟਾਂ ਮਿਲੀਆਂ ਸਨ। ਇਨ੍ਹਾਂ ਅੰਕੜਿਆਂ ਤੋਂ ਸਾਫ਼ ਹੈ ਕਿ ਭਾਜਪਾ ਨੂੰ ਅਸਲੀ ਚੁਣੌਤੀ ਸਪਾ, ਕਾਂਗਰਸ ਅਤੇ ਬਸਪਾ ਦਾ ਗੱਠਜੋੜ ਹੀ ਦੇ ਸਕਦਾ ਹੈ ਅਤੇ ਉਸ ਦੀ ਸੰਭਾਵਨਾ ਬਹੁਤ ਘੱਟ ਹੈ।
ਘੱਟਗਿਣਤੀ ਫੈਕਟਰ ’ਤੇ ਹਮਲਾ : ਉੱਤਰ ਪ੍ਰਦੇਸ਼ ’ਚ ਜਿੱਤ-ਹਾਰ ਦੇ ਫ਼ੈਸਲੇ ’ਚ ਲੰਬੇ ਸਮੇਂ ਤੱਕ ਘੱਟਗਿਣਤੀ ਵੋਟਰ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਸਨ। ਪ੍ਰਦੇਸ਼ ’ਚ ਸਭ ਤੋਂ ਵੱਧ ਆਬਾਦੀ ਲਗਭਗ 19 ਫੀਸਦੀ ਮੁਸਲਮਾਨਾਂ ਦੀ ਹੈ। ਕਾਂਗਰਸ, ਬਸਪਾ ਅਤੇ ਸਪਾ ਨੂੰ ਸਭ ਤੋਂ ਵੱਧ ਉਮੀਦ ਘੱਟਗਿਣਤੀਆਂ ਤੋਂ ਹੈ ਪਰ ਉਨ੍ਹਾਂ ਦੀਅਾਂ ਵੋਟਾਂ ਹਰ ਵਾਰ ਵੰਡੀਆਂ ਜਾਂਦੀਆਂ ਹੈ। ਪਿਛਲੀਆਂ ਕੁਝ ਚੋਣਾਂ ਦੇ ਨਤੀਜੇ ਦੱਸਦੇ ਹਨ ਕਿ ਬਹੁਜਨ ਸਮਾਜ ਪਾਰਟੀ ਤੋਂ ਘੱਟਗਿਣਤੀਆਂ ਦਾ ਮੋਹ ਭੰਗ ਹੋ ਚੁੱਕਾ ਹੈ ਪਰ ਪ੍ਰਦੇਸ਼ ਦੀ ਰਾਜਨੀਤੀ ’ਚ ਏ. ਆਈ. ਐੱਮ. ਆਈ. ਐੱਮ. ਦਾ ਪ੍ਰਵੇਸ਼ ਚੋਣਾਂ ਤੋਂ ਪਹਿਲਾਂ ਭਰਮ ਫੈਲਾਉਣ ਲਈ ਕਾਫ਼ੀ ਹੈ। ਇਹ ਪਾਰਟੀ ਚੋਣ ਜਿੱਤਦੀ ਨਹੀਂ ਪਰ ਗ਼ੈਰ-ਭਾਜਪਾ ਉਮੀਦਵਾਰਾਂ ਲਈ ਮਾਹੌਲ ਖ਼ਰਾਬ ਜ਼ਰੂਰ ਕਰਦੀ ਹੈ। ਪਸਮਾਂਦਾ ਭਾਵ ਗ਼ਰੀਬ ਵਰਗ ਦੇ ਮੁਸਲਮਾਨਾਂ ਨੂੰ ਵੱਖਰਾ ਵੋਟ ਬੈਂਕ ਬਣਾਉਣ ਦੀ ਕੋਸ਼ਿਸ਼ ਨਾਕਾਮਯਾਬ ਹੋ ਚੁੱਕੀ ਹੈ। ਹੁਣ ਭਾਜਪਾ ਇਸ ਦੀ ਵਰਤੋਂ ਕਰ ਕੇ ਵਿਰੋਧੀ ਵੋਟ ਨੂੰ ਵੰਡਣ ਦੀ ਕੋਸ਼ਿਸ਼ ’ਚ ਜੁੱਟੀ ਹੈ। ਐੱਮ.ਵਾਈ. ਭਾਵ ਮੁਸਲਮਾਨ-ਯਾਦਵ ਗੱਠਜੋੜ ਵੀ ਹੁਣ ਚੋਣਾਂ ਜਿਤਾਉਣ ਦਾ ਫ਼ਾਰਮੂਲਾ ਨਹੀਂ ਰਹਿ ਗਿਆ। ਅਤਿ ਪੱਛੜੇ ਅਤੇ ਅਤਿ ਦਲਿਤਾਂ ਦੀਆਂ ਛੋਟੀਆਂ-ਛੋਟੀਆਂ ਪਾਰਟੀਆਂ ਅਤੇ ਆਗੂ ਖੜ੍ਹੇ ਹੋ ਗਏ ਹਨ। ਉਨ੍ਹਾਂ ਦਾ ਝੁਕਾਅ ਭਾਜਪਾ ਵੱਲ ਦਿਖਾਈ ਦਿੰਦਾ ਹੈ। ਸਪਾ ਲਈ ਇਹ ਇਕ ਵੱਡੀ ਚੁਣੌਤੀ ਹੈ। ਕਾਂਗਰਸ ਆਪਣੇ ਅਤੀਤ ਤੋਂ ਬਾਹਰ ਨਹੀਂ ਨਿਕਲ ਪਾ ਰਹੀ ਹੈ। ਹਾਲ ’ਚ ਪਾਰਟੀ ਸੰਗਠਨ ’ਚ ਫੇਰ-ਬਦਲ ਕਰ ਕੇ ਇਕ ਸਵਰਨ ਦੀ ਜਗ੍ਹਾ ਦੂਜੇ ਸਵਰਨ ਨੂੰ ਪ੍ਰਧਾਨ ਬਣਾ ਦਿੱਤਾ ਗਿਆ। ਭਾਜਪਾ ਤੋਂ ਥੋੜ੍ਹੀ-ਬਹੁਤ ਨਾਰਾਜ਼ਗੀ ਦੇ ਬਾਵਜੂਦ ਬ੍ਰਾਹਮਣ ਉਸ ਦਾ ਸਾਥ ਛੱਡਣਗੇ, ਇਸ ’ਚ ਸ਼ੱਕ ਹੈ। ਰਾਹੁਲ ਗਾਂਧੀ ਗੱਲ ਤਾਂ ਪੱਛੜਿਆਂ ਅਤੇ ਦਲਿਤਾਂ ਦੀ ਕਰਨ ਲੱਗੇ ਹਨ ਪਰ ਜਦੋਂ ਲੀਡਰਸ਼ਿਪ ਦੀ ਗੱਲ ਆਉਂਦੀ ਹੈ ਤਾਂ ਕਾਂਗਰਸ ਖੁੰਝ ਜਾਂਦੀ ਹੈ।
ਜਿੰਨੀ ਗਿਣਤੀ ਓਨਾ ਹਿੱਸਾ : ਇਨ੍ਹਾਂ ਸਾਰਿਆਂ ਦੇ ਵਿਚਾਲੇ ਭਾਜਪਾ ਆਪਣਾ ਰਸਤਾ ਆਸਾਨ ਕਰਨ ’ਚ ਲੱਗੀ ਹੈ। ਰਾਜ ਸਭਾ ਲਈ ਟਿਕਟਾਂ ਵੀ ਵੰਡੀਆਂ ਤਾਂ ਰਾਜ ਦੇ ਜਾਤੀ ਸਮੀਕਰਨ ਦਾ ਪੂਰਾ ਧਿਆਨ ਰੱਖਿਆ। ਉਸ ਦੀ ਸੂਚੀ ’ਚ ਬ੍ਰਾਹਮਣ ਅਤੇ ਰਾਜਪੂਤ ਵੀ ਹਨ। ਪੱਛੜੇ ਅਤੇ ਦਲਿਤ ਦੇ ਨਾਲ ਮਹਿਲਾ ਵੋਟਰਾਂ ਨੂੰ ਸਾਧਨ ਦਾ ਪੂਰਾ ਪ੍ਰਬੰਧ ਹੈ। ਜਿਸ ਦੀ ਜਿੰਨੀ ਗਿਣਤੀ ਉਸ ਦਾ ਓਨਾ ਹਿੱਸਾ। ਨਾਅਰਾ ਤਾਂ ਇਹ ਸਮਾਜਵਾਦੀ ਆਗੂ ਰਾਮ ਮਨੋਹਰ ਲੋਹੀਆ ਦਾ ਸੀ ਪਰ ਭਾਜਪਾ ਨੇ ਸਮਝ ਲਿਆ ਹੈ ਕਿ ਚੋਣ ਜਿੱਤਣ ਦਾ ਸਟੀਕ ਫ਼ਾਰਮੂਲਾ ਇਸੇ ਸਮੀਕਰਨ ’ਚ ਹੈ।
ਪੂਰੀ ਵਿਰੋਧੀ ਧਿਰ ਨੂੰ ਐੱਸ.ਆਈ.ਆਰ. ਅਤੇ ਮੁੱਖ ਚੋਣ ਕਮਿਸ਼ਨਰ ਨਾਲ ਜੰਗ ’ਚ ਫਸਾ ਕੇ ਭਾਜਪਾ ਤੀਜੀ ਵਾਰ ਜਿੱਤ ਦੀ ਤਿਆਰੀ ’ਚ ਹੈ। ਪੇਪਰ ਲੀਕ ਤੋਂ ਨਾਰਾਜ਼ ਨੌਜਵਾਨਾਂ ਜਾਂ ਮਹਿੰਗਾਈ ਤੋਂ ਪਰੇਸ਼ਾਨ ਆਮ ਲੋਕਾਂ ਲਈ ਅੰਤ ’ਚ ਜਾਤੀ ਦੇ ਚੱਕਰਵਿਊ ’ਚੋਂ ਨਿਕਲਣਾ ਮੁਸ਼ਕਲ ਹੈ। ਭਾਜਪਾ ਦਾ ਪੂਰਾ ਚੋਣ ਤਾਣਾ-ਬਾਣਾ ਇਸ ਦੇ ਇਰਦ-ਗਿਰਦ ਹੀ ਰਚਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਯੋਗੀ ਬਾਬਾ ਦੇ ਹਿੰਦੂਤਵ ਦੇ ਚੋਲੇ ’ਚ ਲਿਪਟਿਆ ਹਿੰਦੂ ਰਾਸ਼ਟਰਵਾਦ ਤਾਂ ਹੈ ਹੀ। ਚੋਣ ਜਿੱਤਣ ਦਾ ਇਕ ਫ਼ਾਰਮੂਲਾ ਮੁਸਲਮਾਨਾਂ ਦਾ ਸਮੂਹਿਕ ਸਮਰਥਨ ਹੋ ਸਕਦਾ ਹੈ, ਤਾਂ ਦੂਜਾ ਫ਼ਾਰਮੂਲਾ ਮੁਸਲਮਾਨ ਵਿਰੋਧ ਨੂੰ ਸਾਧ ਕੇ ਵੀ ਬਣਾਇਆ ਹੀ ਜਾ ਸਕਦਾ ਹੈ। ਭਾਜਪਾ ਜਿੱਤ ਦੇ ਇਸ ਮੰਤਰ ਨੂੰ ਸਾਧਨ ’ਚ ਜੁੱਟੀ ਹੈ।
—ਸ਼ੈਲੇਸ਼ ਕੁਮਾਰ
25 ਸਾਲ : ਟੀਚੇ ਤੋਂ ਅੱਗੇ ਦੀ ਇਕ ਕਹਾਣੀ
NEXT STORY