ਗਰਮੀ ਦੇ ਤਪਦੇ ਮਹੀਨਿਆਂ ’ਚ ਦੱਖਣ-ਪੱਛਮੀ ਮਾਨਸੂਨ ਦੀਆਂ ਠੰਡੀਆਂ ਫੁਹਾਰਾਂ ਨੇ ਝੁਲਸੀ ਧਰਤੀ ਦਾ ਸੀਨਾ ਠਾਰ ਦਿੱਤਾ ਹੈ। ਵੱਖ-ਵੱਖ ਰੰਗਾਂ ਦੇ ਮੁਰਝਾਏ ਫੁੱਲਾਂ ਨੇ ਸਿਰ ਚੁੱਕ ਕੇ ਆਸਮਾਨ ਵੱਲ ਤੱਕਿਆ ਹੈ ਜਿਵੇਂ ਉਹ ਕੁਦਰਤ ਅਤੇ ਲੋਕਾਂ ਦਾ ਧੰਨਵਾਦ ਕਰ ਰਹੇ ਹੋਣ। ਨਫਰਤ ਦੇ ਬਾਜ਼ਾਰਾਂ ’ਚ ਸੁੰਨਸਾਨ ਪੈ ਗਈ ਹੈ ਤੇ ਮੁਹੱਬਤਾਂ ਦੇ ਮੇਲੇ ਮੁੜ ਤੋਂ ਲੱਗਣ ਦੇ ਆਸਾਰ ਪੈਦਾ ਹੋ ਗਏ ਹਨ।
ਦੱਖਣੀ ਸੂਬੇ ਕਰਨਾਟਕ ਅੰਦਰ ਸਭ ਦੇ ਪੂਜਣਯੋਗ ਬਜਰੰਗਬਲੀ (ਹਨੂੰਮਾਨ) ਜੀ ਦੀ ਬਜਰੰਗ ਦਲ ਵਰਗੇ ਕੱਟੜਪੰਥੀ ਤੇ ਲੋਕ ਮਨਾਂ ’ਚ ਨਫਰਤ ਦੀ ਦੀਵਾਰ ਖੜ੍ਹੀ ਕਰਨ ਵਾਲੇ ਸੰਗਠਨ ਨਾਲ ਤੁਲਨਾ ਕਰ ਕੇ ਵੋਟਾਂ ਹਾਸਲ ਕਰਨ ਦਾ ਕੁਕਰਮ ਕਰਨ ਵਾਲੇ ਸੰਘ-ਭਾਜਪਾ ਨੇਤਾ ਸਿਰਫ ਲੋਕਾਂ ਨੂੰ ਧੋਖਾ ਹੀ ਨਹੀਂ ਦੇ ਰਹੇ ਸਨ, ਸਗੋਂ ਇਕ ਸਤਿਕਾਰਤ ਧਾਰਮਿਕ ਬਿੰਬ ਦਾ ਰਾਜਸੀ ਹਿੱਤਾਂ ਲਈ ਇਸਤੇਮਾਲ ਕਰ ਕੇ ਧਰਮ ਦਾ ਮਜ਼ਾਕ ਵੀ ਉਡਾ ਰਹੇ ਸਨ।
ਪਰ ‘ਜਨਤਾ ਤੇਰੀ ਜੈ ਜੈਕਾਰ, ਤੇਰੀ ਸ਼ਕਤੀ ਅਪਰਮ-ਅਪਾਰ’ ਦੇ ਕਥਨ ਨੂੰ ਸੱਚ ਸਿੱਧ ਕਰਨ ਵਾਲੀ ਕਰਨਾਟਕ ਦੀ ਜਨਤਾ ਉਦੋਂ ਸਾਰੇ ਦੇਸ਼ ਦੇ ਲੋਕਾਂ ਦੇ ਵੱਕਾਰ ਦਾ ਬਿੰਬ ਬਣ ਗਈ, ਜਦੋਂ ਉਸ ਨੇ ਵਿਧਾਨ ਸਭਾ ਚੋਣਾਂ ਅੰਦਰ ਭਾਜਪਾ ਦੇ ‘ਡਬਲ ਇੰਜਣ’ ਸਰਕਾਰ ਦੇ ਖੋਖਲੇ ਤੇ ਧੋਖੇ ਭਰੇ ਨਾਅਰੇ ਨੂੰ ਦਫਨ ਕਰ ਕੇ ਕਾਂਗਰਸ ਦੀ ਝੋਲੀ ਵੱਡੀ ਜਿੱਤ ਪਾ ਦਿੱਤੀ।
ਦੇਸ਼ ਦੇ ਲੋਕ ਵੀ ਇਹ ਚਿੰਤਾ ਕਰਨ ਦੀ ਬਜਾਏ ਕਿ ਜਿੱਤਿਆ ਕੌਣ ਹੈ, ਇਹ ਸੋਚ ਕੇ ਵਧੇਰੇ ਖੁਸ਼ ਹਨ ਕਿ ਭਾਜਪਾ ਦਾ ਹੰਕਾਰ ਟੁੱਟ ਗਿਆ ਹੈ ਕਿਉਂਕਿ ਇਹ ਫਤਵਾ ਕਾਂਗਰਸ ਪਾਰਟੀ ਦੀ ਜਿੱਤ ਨਾਲੋਂ ਉਸ ਵਿਚਾਰਧਾਰਾ ’ਤੇ ਕਿਤੇ ਵੱਡੀ ਸੱਟ ਹੈ, ਜੋ ਇਸ ਮਹਾਨ ਦੇਸ਼ ਦੇ ਧਰਮ-ਨਿਰਪੱਖ, ਲੋਕਰਾਜੀ ਤੇ ਸੰਘਾਤਮਕ ਢਾਂਚੇ ਨੂੰ ਨੇਸਤੋਨਾਬੂਦ ਕਰ ਕੇ ਇਕ ਧਰਮ ਆਧਾਰਤ ਫਾਸ਼ੀ ਕਿਸਮ ਦੇ ਰਾਜ ਦੀ ਸਥਾਪਨਾ ਕਰਨ ਦਾ ਸਾਧਨ ਬਣੀ ਹੋਈ ਹੈ।
ਇਹ ਚੋਣ ਜਿੱਤ ਦੇਸ਼ ਦੇ ਆਜ਼ਾਦੀ ਸੰਗਰਾਮ ਦੇ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਵੀ ਸੱਚੀ ਸ਼ਰਧਾਂਜਲੀ ਹੈ, ਜਿਨ੍ਹਾਂ ਨੇ ਧਰਮਾਂ, ਜਾਤੀਆਂ ਤੇ ਇਲਾਕਿਆਂ ਦੀਆਂ ਲਕੀਰਾਂ ਨੂੰ ਪਾਰ ਕਰ ਕੇ ਅੰਗਰੇਜ਼ੀ ਸਾਮਰਾਜ ਦੀ ਗੁਲਾਮੀ ਵਿਰੁੱਧ ਬਗ਼ਾਵਤ ਦਾ ਝੰਡਾ ਬੁਲੰਦ ਕਰਦਿਆਂ ਦੇਸ਼ ਨੂੰ ਆਜ਼ਾਦ ਕਰਵਾਇਆ ਸੀ।
ਇਹ ਜਿੱਤ ਦੇਸ਼ ਦੀ ਉਸ ਵੰਨ-ਸੁਵੰਨੀ ਫੁਲਵਾੜੀ ਦੇ ਹੱਕ ’ਚ ਫਤਵਾ ਹੈ, ਜਿਸ ਨੂੰ ਸੰਘ ਪਰਿਵਾਰ ਤਬਾਹ ਕਰ ਕੇ ਇਕ ਬੇਢੰਗੀ ਤੇ ਸ਼ਰਮਸਾਰ ਕਰਨ ਵਾਲੀ ਤਾਨਾਸ਼ਾਹੀ ’ਤੇ ਆਧਾਰਤ ਵਿਵਸਥਾ ਕਾਇਮ ਕਰਨ ਲਈ ਬਜਿਦ ਹੈ। ਮੀਂਹ ਦੀਆਂ ਇਹ ਠੰਡੀਆਂ ਫੁਹਾਰਾਂ ਦੇਸ਼ ਦੇ ਚਾਰੇ ਕੋਨਿਆਂ ਤੱਕ ਫੈਲਣ ਦੀ ਸਮਰੱਥਾ ਰੱਖਦੀਆਂ ਹਨ, ਜੇਕਰ ਇਨ੍ਹਾਂ ਅੰਦਰ ਲੁਕੇ ਮਹਾਨ ਸੰਦੇਸ਼ ਨੂੰ ਜਨ ਸਾਧਾਰਨ ਦੇ ਦਿਲਾਂ ਤੱਕ ਪਹੁੰਚਾ ਦਿੱਤਾ ਜਾਵੇ।
ਕਰਨਾਟਕ ’ਚ ਭਾਜਪਾ ਦੀ ਹਾਰ ਦਾ ਮਤਲਬ ਧਨ, ਬਾਹੂਬਲ ਤੇ ਸਰਕਾਰੀ ਤੰਤਰ ਦੀ ਦੁਰਵਰਤੋਂ ਨੂੰ ਨਕਾਰਨਾ ਅਤੇ ਲੋਕਾਂ ਵੱਲੋਂ ਆਪਣੇ ਸੂਬੇ ਦੀਆਂ ਮਹਾਨ ਰਵਾਇਤਾਂ ਦੀ ਬਲਦੀ ਲਾਟ ਨੂੰ ਹੋਰ ਬੁਲੰਦੀਆਂ ਤੱਕ ਪਹੁੰਚਾਉਣਾ ਹੈ। ਜਿਹੜੀਆਂ ਯੋਜਨਾਬੰਦੀਆਂ ਸੰਘ ਪਰਿਵਾਰ ਦੇ ਮੈਂਬਰਾਂ ਨੇ ਅੰਦਰ ਬਹਿ ਕੇ ਘੜੀਆਂ ਸਨ, ਉਹ ਲੋਕਾਂ ਦੀ ਕਚਹਿਰੀ ’ਚ ਮੂਧੇ ਮੂੰਹ ਜਾ ਪਈਆਂ ਹਨ।
ਕਾਂਗਰਸ ਸੂਬੇ ਦੇ ਮਾੜੇ ਤਜਰਬਿਆਂ ਨੂੰ ਨਜ਼ਰਅੰਦਾਜ਼ ਕਰ ਕੇ ਕਰਨਾਟਕ ਦੇ ਪੁੱਤਰਾਂ-ਧੀਆਂ ਨੇ ਅਜੋਕੇ ਸਮੇਂ ਦੀ ਸਭ ਤੋਂ ਖਤਰਨਾਕ ਧਿਰ ਆਰ. ਐੱਸ. ਐੱਸ. ਨੂੰ ਭਾਰਤ ਦੀ ਸੱਤਾ ਤੋਂ ਉਤਾਰਨ ਦਾ ਮਹਾਨ ਕਾਰਜ ਆਪਣੇ ਸਨਮੁੱਖ ਰੱਖਿਆ। ਇਸੇ ਕਰ ਕੇ ਉਨ੍ਹਾਂ ਪ੍ਰਧਾਨ ਮੰਤਰੀ ਸਮੇਤ ਭਾਜਪਾ ਦੇ ਸਾਰੇ ਵੱਡੇ ਆਗੂਆਂ ਤੇ ਸੰਘ ਪ੍ਰਚਾਰਕਾਂ ਦੇ ਅੱਤ ਦੇ ਫਿਰਕੂ ਤੇ ਲੋਕਾਂ ’ਚ ਤਰੇੜ ਪਾਉਣ ਵਾਲੇ ਭਾਸ਼ਣਾਂ ਤੇ ਬੋਲ-ਕੁਬੋਲ ਨੂੰ ਰੱਦੀ ਦੀ ਟੋਕਰੀ ’ਚ ਸੁੱਟ ਕੇ ਟੀਪੂ ਸੁਲਤਾਨ ਵਰਗੇ ਭਾਰਤ ਦੇ ਮਹਾਨ ਸਪੂਤਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਕੰਮ ਕੀਤਾ ਹੈ।
ਆਰ. ਐੱਸ. ਐੱਸ. ਦਾ ਸੰਗਠਨ ਕੋਈ ਆਮ ਜਥੇਬੰਦੀ ਨਾ ਿਕ ਅਫਵਾਹਾਂ ਅਤੇ ਝੂਠ ਦੇ ਆਸਰੇ ਗਤੀਮਾਨ ਰਹਿਣ ਵਾਲੀ ਮਸ਼ੀਨਰੀ ਹੈ। ਉਹ ਉਸ ਗੋਇਬਲਜ਼ ਦੇ ‘ਮਹਾਨ’ ਚੇਲੇ ਹਨ, ਜੋ ਸਾਰੀਆਂ ਨੈਤਿਕ ਕਦਰਾਂ-ਕੀਮਤਾਂ ਨੂੰ ਛਿੱਕੇ ਟੰਗ ਕੇ ਹਜ਼ਾਰਾਂ ਵਾਰ ਝੂਠ ਬੋਲ ਕੇ ਝੂਠ ਨੂੰ ਸੱਚ ਸਾਬਤ ਕਰਨ ਦਾ ਮਾਹਿਰ ਕਹਾਉਂਦਾ ਸੀ। ਕਰਨਾਟਕ ਦੀ ਸ਼ਰਮਨਾਕ ਹਾਰ ਨੂੰ ਲੁਕਾਉਣ ਲਈ ਯੂ. ਪੀ. ਦੀ ਯੋਗੀ ਸਰਕਾਰ ਦਾ ਗੁਣਗਾਨ ਕੀਤਾ ਜਾ ਰਿਹਾ ਹੈ, ਜਿਸ ਨੇ ਅੱਤ ਦੇ ਗੈਰ ਸੰਵਿਧਾਨਕ ਤਰੀਕਿਆਂ ਤੇ ਸਰਕਾਰੀ ਤੰਤਰ ਦੀ ਖੁੱਲ੍ਹੀ ਦੁਰਵਰਤੋਂ ਕਰਨ ਤੋਂ ਇਲਾਵਾ ਇਕ ਵਿਸ਼ੇਸ਼ ਧਰਮ ਦੇ ਲੋਕਾਂ ਖਿਲ਼ਾਫ਼ ਨਫਰਤੀ ਕੂੜ ਪ੍ਰਚਾਰ ਕਰ ਕੇ ਸਥਾਨਕ ਸੰਸਥਾਵਾਂ ਦੀਆਂ ਚੋਣਾਂ ’ਚ ਜਿੱਤ ਹਾਸਲ ਕੀਤੀ ਹੈ।
ਹਾਲਾਂਕਿ ਬਾਰੀਕੀ ਨਾਲ ਦੇਖਦਿਆਂ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਵੀ ਅਧੂਰਾ ਸੱਚ ਹੈ ਕਿਉਂਕਿ 17 ਮੇਅਰਾਂ ਦੀ ਜਿੱਤ ਨਾਲ ਹੇਠਲੀਆਂ ਦੋ ਪਰਤੀ ਚੋਣਾਂ ਅੰਦਰ ਵੰਡੀ ਹੋਈ ਵਿਰੋਧੀ ਧਿਰ ਦੀ ਚੰਗੀ ਕਾਰਗੁਜ਼ਾਰੀ ਵੀ ਕੋਈ ਘੱਟ ਮਹੱਤਵਪੂਰਨ ਨਹੀਂ ਹੈ। ਭਾਜਪਾ ਨੇ ਜਲੰਧਰ ਦੀ ਲੋਕ ਸਭਾ ਉਪ ਚੋਣ ’ਚ ਆਪਣੀ ਚੌਥੀ ਪੁਜ਼ੀਸ਼ਨ ਨੂੰ ਵੀ ਯੋਗੀ ਵਰਗੀ ਪ੍ਰਾਪਤੀ ਦੱਸ ਕੇ ਢੱਕਣ ਦਾ ਯਤਨ ਕੀਤਾ ਹੈ। ਉਂਝ ਪੰਜਾਬ ਅੰਦਰ ਭਾਜਪਾ ਉਮੀਦਵਾਰ ਦਾ 1 ,34, 800 (15.19%) ਵੋਟਾਂ ਅਤੇ ਸ਼ਹਿਰ ਵਿਚਲੇ ਦੋ ਹਲਕਿਆਂ ਤੋਂ ਬੜ੍ਹਤ ਪ੍ਰਾਪਤ ਕਰਨਾ ਵੀ ਸਹੀ ਸੋਚਣੀ ਵਾਲੇ ਲੋਕਾਂ ਲਈ ਗੰਭੀਰ ਆਤਮ ਮੰਥਨ ਦਾ ਵਿਸ਼ਾ ਹੈ। ਜਿਹੜੀ ਪਾਰਟੀ ਪੰਜਾਬੀਆਂ ਦੀ ਹੱਕ-ਇਨਸਾਫ ਦੀ ਲੜਾਈ ’ਚ ਅਗਲੀਆਂ ਕਤਾਰਾਂ ’ਚ ਖੜ੍ਹੇ ਹੋ ਕੇ ਲੜਨ ਦੀ ਨਰੋਈ ਪਿਰਤ ਨੂੰ ਮੇਟਣਾ ਚਾਹੁੰਦੀ ਹੈ, ਗੁਰੂ ਨਾਨਕ ਦੇਵ ਜੀ, ਭਗਤ ਕਬੀਰ ਜੀ, ਗੁਰੂ ਰਵਿਦਾਸ ਜੀ ਵੱਲੋਂ ਰਚੀ ਮਹਾਨ ਗੁਰਬਾਣੀ ਤੇ ਗਦਰੀ ਬਾਬਿਆਂ ਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਇਨਕਲਾਬੀ ਵਿਚਾਰਧਾਰਾ ਨੂੰ ਮੇਟਣ ’ਤੇ ਤੁਲੀ ਹੋਈ ਹੈ , ਉਸ ਨੂੰ ਕੋਈ ਵੀ ਗ਼ੈਰਤਮੰਦ ਪੰਜਾਬ ਵਾਸੀ ਹਮਾਇਤ ਕਿਵੇਂ ਦੇ ਸਕਦਾ ਹੈ!
ਦੇਸ਼ ਦੇ ਜਮਹੂਰੀ ਤੇ ਧਰਮ-ਨਿਰਪੱਖ ਲੋਕਾਂ ਲਈ ਜਿਥੇ ਕਾਰਨਾਟਕ ਦੀਆਂ ਅਸੈਂਬਲੀ ਚੋਣਾਂ ਅੰਦਰ ਭਾਜਪਾ ਦੀ ਕਰਾਰੀ ਹਾਰ ਵੱਡੀ ਖੁਸ਼ੀ ਤੇ ਰਾਹਤ ਦਾ ਸਬੱਬ ਬਣ ਕੇ ਆਈ ਹੈ, ਉੱਥੇ ਨਾਲ ਹੀ ਇਹ ਫਤਿਹ ਸਮੁੱਚੇ ਦੇਸ਼ ਦੀਆਂ ਗੈਰ-ਭਾਜਪਾ ਰਾਜਸੀ ਪਾਰਟੀਆਂ ਤੇ ਜਮਹੂਰੀ ਸੰਗਠਨਾਂ ਉਪਰ ਵੀ ਵੱਡੀ ਜ਼ਿੰਮੇਵਾਰੀ ਆਇਦ ਕਰਦੀ ਹੈ ਕਿ ਉਹ ਇਕਮੁੱਠ ਹੋ ਕੇ ਤੇ ਨਿੱਜੀ ਲਾਲਸਾਵਾਂ ਨੂੰ ਇਕ ਪਾਸੇ ਰੱਖ ਕੇ 2024 ਦੀਆਂ ਲੋਕ ਸਭਾ ਚੋਣਾਂ ਅੰਦਰ ਰਾਜ ਸੱਤਾ ’ਤੇ ਕਾਬਜ਼ ਆਰ. ਐੱਸ. ਐੱਸ. ਦਾ ਥਾਪੜਾ ਪ੍ਰਾਪਤ ਮੋਦੀ ਸਰਕਾਰ ਨੂੰ ਚਲਦੀ ਕਰਨ ਅਤੇ ਸੰਘ-ਭਾਜਪਾ ਦੇ ‘ਵਿਰੋਧੀ ਧਿਰ ਮੁਕਤ’ ਭਾਰਤ ਸਿਰਜਣ ਦੇ ਸੁਪਨੇ ਨੂੰ ਚਕਨਾਚੂਰ ਕਰਨ ਦੀ ਨਿੱਗਰ ਵਿਓਂਤਬੰਦੀ ਉਲੀਕਣ।
ਇਸ ਤੋਂ ਵੀ ਵੱਡਾ ਕਾਰਜ ਸੰਘ-ਭਾਜਪਾ ਦੀ ਫਿਰਕੂ ਵਿਚਾਰਧਾਰਾ ਨੂੰ ਲੋਕ ਮਨਾਂ ’ਚੋਂ ਬਾਹਰ ਕੱਢ ਕੇ, ਦੇਸ਼ ਦੇ ਮਾਹੌਲ ਨੂੰ ਮੁਹੱਬਤ, ਭਰਾਤਰੀ ਭਾਵ ਤੇ ਹਕੀਕੀ ਦੇਸ਼ ਭਗਤੀ ਦੀਆਂ ਮਿੱਠੀਆਂ ਸੰਗੀਤਕ ਧੁੰਨਾਂ ਨਾਲ ਆਨੰਦਮਈ ਬਣਾਉਣ ਲਈ ਜ਼ਬਰਦਸਤ ਵਿਚਾਰਧਾਰਕ ਸੰਘਰਸ਼ ਵਿੱਢਣ ਦਾ ਹੈ। ਇਸ ਮਹਾਨ ਕਾਰਜ ਨੂੰ ਪੂਰਾ ਕਰਨ ਲਈ ਹੁਣ ਤੋਂ ਹੀ ਕਮਰ ਕੱਸਣ ਦੀ ਲੋੜ ਹੈ।
ਮੰਗਤ ਰਾਮ ਪਾਸਲਾ
ਆਰਡੀਨੈਂਸ ਚੰਗੀ ਸਮਝਦਾਰੀ ਨੂੰ ਨਕਾਰਦਾ ਹੈ
NEXT STORY