ਸੋਮਵਾਰ ਨੂੰ ਕਾਬੁਲ ’ਚ ਇਕ ਪੁਨਰਵਾਸ ਕੇਂਦਰ ’ਤੇ ਹੋਈ ਬੰਬਾਰੀ ’ਚ 400 ਤੋਂ ਵੱਧ ਲੋਕ ਮਾਰੇ ਗਏ। ਇਹ ਘਟਨਾ ਇਸ ਤੱਥ ਦੀ ਤਾਜ਼ਾ ਪੁਸ਼ਟੀ ਹੈ ਕਿ ਪਾਕਿਸਤਾਨੀ ਫ਼ੌਜ ਦਾ ਮੂਲ ਉਦੇਸ਼ ਆਪਣੀਆਂ ਸਰਹੱਦਾਂ ਦੇ ਪਾਰ ਅਤੇ ਅੰਦਰ ਯੁੱਧ ਕਰਨਾ ਹੈ। ਇਕ ਸਾਲ ਦੇ ਅੰਦਰ ਹੀ ਇਸ ਨੇ ਪੱਛਮ ’ਚ ਅਫ਼ਗਾਨਾਂ, ਅੰਦਰ ਬਲੋਚ ਲੋਕਾਂ ਅਤੇ ਪੂਰਬ ’ਚ ਭਾਰਤੀਆਂ ਨਾਲ ਯੁੱਧ ਕੀਤਾ ਹੈ ਪਰ ਭਾਰਤ ਨਾਲ ਇਸ ਦੇ ਟਕਰਾਅ ਦਾ ਇਤਿਹਾਸ ਇਸ ਗੱਲ ਨੂੰ ਸਭ ਤੋਂ ਸਪੱਸ਼ਟ ਰੂਪ ’ਚ ਦਰਸਾਉਂਦਾ ਹੈ।
ਅਟਲ ਬਿਹਾਰੀ ਵਾਜਪਾਈ ਅਤੇ ਮਨਮੋਹਨ ਸਿੰਘ ਦੋਵੇਂ ਹੀ ਭਾਰਤ-ਪਾਕਿਸਤਾਨ ਸਬੰਧਾਂ ’ਚ ਪਾਈ ਜਾਂਦੀ ਦੁਸ਼ਮਣੀ ਅਤੇ ਹਿੰਸਾ ਦੇ ਚੱਕਰ ਨੂੰ ਤੋੜਨਾ ਚਾਹੁੰਦੇ ਸਨ। 1999 ’ਚ ਲਾਹੌਰ ਦੀ ਬੱਸ ਯਾਤਰਾ, ਜਦੋਂ ਪ੍ਰਧਾਨ ਮੰਤਰੀ ਵਾਜਪਾਈ ਨੇ ਆਪਣੇ ਹਮਰੁਤਬਾ ਨਵਾਜ਼ ਸ਼ਰੀਫ਼ ਨੂੰ ਮਿਲਣ ਲਈ ਦਿੱਲੀ-ਲਾਹੌਰ ਦੀ ਪਹਿਲੀ ਬੱਸ ਸੇਵਾ ਰਾਹੀਂ ਯਾਤਰਾ ਕੀਤੀ, ਤਾਂ ਇਹ ਸਪੱਸ਼ਟ ਰੂਪ ’ਚ ਪੁਰਾਣੇ ਮਤਭੇਦਾਂ ਨੂੰ ਭੁਲਾਉਣ ਦਾ ਇਕ ਯਤਨ ਸੀ। 2001 ਦਾ ਆਗਰਾ ਸਿਖਰ ਸੰਮੇਲਨ ਅਤੇ 2003 ਦਾ ‘ਸ਼੍ਰੀਨਗਰ ਸਮਝੌਤਾ’, ਜਿਸ ਦੌਰਾਨ ਉਨ੍ਹਾਂ ਨੇ 1999 ਦੇ ਕਾਰਗਿਲ ਹਮਲੇ ਅਤੇ 2001 ’ਚ ਭਾਰਤੀ ਸੰਸਦ ’ਤੇ ਹਮਲੇ ਦੇ ਬਾਵਜੂਦ ਇਕ ਵਾਰ ਫਿਰ ਪਾਕਿਸਤਾਨ ਵੱਲ ਦੋਸਤੀ ਦਾ ਹੱਥ ਵਧਾਇਆ, ਨਵੇਂ ਸਿਰੇ ਤੋਂ ਸਬੰਧ ਸਥਾਪਤ ਕਰਨ ਦੇ ਉਦਾਰ ਯਤਨ ਸਨ।
ਮਨਮੋਹਨ ਸਿੰਘ ਵੀ ਪਾਕਿਸਤਾਨ ਨਾਲ ਸਾਡੇ ਸਬੰਧਾਂ ’ਚ ਇਕ ਮੌਲਿਕ ਬਦਲਾਅ ਅਤੇ ਕਸ਼ਮੀਰ ਮੁੱਦੇ ਦੇ ਪ੍ਰਸ਼ਾਸਨਿਕ ਹੱਲ ’ਚ ਵਿਸ਼ਵਾਸ ਰੱਖਦੇ ਸਨ। 2006 ’ਚ ਅੰਮ੍ਰਿਤਸਰ ’ਚ ਬੋਲਦੇ ਹੋਏ ਉਨ੍ਹਾਂ ਨੇ ਕਿਹਾ, ‘‘ਸਰਹੱਦਾਂ ਨੂੰ ਫਿਰ ਤੋਂ ਨਹੀਂ ਉਲੀਕਿਆ ਜਾ ਸਕਦਾ ਪਰ ਅਸੀਂ ਉਨ੍ਹਾਂ ਨੂੰ ਮਹੱਤਵਹੀਣ ਬਣਾਉਣ ਦੀ ਦਿਸ਼ਾ ’ਚ ਕੰਮ ਕਰ ਸਕਦੇ ਹਾਂ, ਉਨ੍ਹਾਂ ਨੂੰ ਕੇਵਲ ਨਕਸ਼ੇ ’ਤੇ ਖਿੱਚੀਆਂ ਗਈਆਂ ਲਕੀਰਾਂ ਤੱਕ ਸੀਮਤ ਕਰ ਸਕਦੇ ਹਾਂ। ਕੰਟਰੋਲ ਰੇਖਾ ਦੇ ਦੋਵਾਂ ਪਾਸਿਆਂ ਦੇ ਲੋਕਾਂ ਨੂੰ ਵਧੇਰੇ ਆਜ਼ਾਦੀ ਨਾਲ ਆਉਣ-ਜਾਣ ਅਤੇ ਇਕ-ਦੂਜੇ ਨਾਲ ਵਪਾਰ ਕਰਨ ਦੇ ਸਮਰੱਥ ਹੋਣਾ ਚਾਹੀਦਾ ਹੈ।’’
ਦੋਵਾਂ ਪੱਖਾਂ ਵਿਚਾਲੇ ਬਿਹਤਰ ਆਪਸੀ ਸਮਝ ਦੀ ਰੂਪ-ਰੇਖਾ ਅਕਾਰ ਲੈ ਰਹੀ ਸੀ, ਜਿਸ ’ਚ ਮੁਕਤ ਵਪਾਰ ਲਈ ਵਧੇਰੇ ਖੁੱਲ੍ਹੀ ਸਰਹੱਦ, ਇਕ ਸਾਂਝਾ ਸਲਾਹਕਾਰ ਤੰਤਰ, ਪੜਾਅਵਾਰ ਗੈਰ-ਫ਼ੌਜੀਕਰਨ ਅਤੇ ਸਰਹੱਦ ਦੇ ਦੋਵਾਂ ਪਾਸਿਆਂ ਦੇ ਕਸ਼ਮੀਰ ’ਚ ਵਧੇਰੇ ਸਵੈ-ਸ਼ਾਸਨ ਸ਼ਾਮਲ ਸੀ। ਵਿਸ਼ਵਾਸ ਕਾਇਮ ਕਰਨਾ ਹੀ ਮੁੱਖ ਟੀਚਾ ਸੀ।
ਫਿਰ, ਵਿਨਾਸ਼ਕਾਰੀ ਪ੍ਰਭਾਵ ਦੇ ਨਾਲ, 26/11 ਦੀ ਘਟਨਾ ਵਾਪਰੀ। ਜਿਸ ਤਰ੍ਹਾਂ ਕਾਰਗਿਲ ਸੰਘਰਸ਼ ਲਾਹੌਰ ਬੱਸ ਕੂਟਨੀਤੀ ਤੋਂ ਬਾਅਦ ਹੋਇਆ ਸੀ, ਉਸੇ ਤਰ੍ਹਾਂ ਭਾਰਤੀ ਸੰਸਦ ’ਤੇ ਹਮਲਾ ਆਗਰਾ ਸਿਖਰ ਸੰਮੇਲਨ ਤੋਂ ਬਾਅਦ ਹੋਇਆ ਸੀ। ਜਦੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ, ਤਾਂ ਉਨ੍ਹਾਂ ਨੇ ਵੀ ਪਾਕਿਸਤਾਨ ਨਾਲ ਸ਼ਾਂਤੀ ਦਾ ਇਕ ਨਵਾਂ ਢਾਂਚਾ ਬਣਾਉਣ ਦਾ ਯਤਨ ਕੀਤਾ। ਉਨ੍ਹਾਂ ਨੇ ਨਵਾਜ਼ ਸ਼ਰੀਫ਼ ਨੂੰ ਆਪਣੇ ਸਹੁੰ ਚੁੱਕ ਸਮਾਗਮ ’ਚ ਸੱਦਾ ਦਿੱਤਾ। ਉਨ੍ਹਾਂ ਨੇ 2 ਅੰਤਰਰਾਸ਼ਟਰੀ ਬੈਠਕਾਂ ਦੇ ਦੌਰਾਨ ਸ਼ਰੀਫ਼ ਨਾਲ ਮੁਲਾਕਾਤ ਕੀਤੀ ਅਤੇ ਸਭ ਤੋਂ ਹੈਰਾਨੀਜਨਕ ਗੱਲ ਇਹ ਸੀ ਕਿ ਉਨ੍ਹਾਂ ਨੇ ਰਾਜਦੂਤਕ ਪ੍ਰੋਟੋਕੋਲ ਤੋੜਦੇ ਹੋਏ 2015 ਦੇ ਕ੍ਰਿਸਮਸ ਵਾਲੇ ਦਿਨ ਨਵਾਜ਼ ਸ਼ਰੀਫ਼ ਦੇ 66ਵੇਂ ਜਨਮ ਦਿਨ ਅਤੇ ਰਾਇਵਿੰਡ ’ਚ ਉਨ੍ਹਾਂ ਦੀ ਪੋਤੀ ਦੇ ਵਿਆਹ ਦੇ ਸਮਾਗਮ ’ਚ ਭਾਗ ਲੈਣ ਲਈ ਪਾਕਿਸਤਾਨ ਦੀ ਯਾਤਰਾ ਕੀਤੀ। ਕੁਝ ਹੀ ਹਫ਼ਤਿਆਂ ’ਚ, ਇਸ ਦਾ ਜਵਾਬ ਆਇਆ—ਪਠਾਨਕੋਟ ਸਥਿਤ ਸਾਡੇ ਹਵਾਈ ਫੌਜੀ ਅੱਡੇ ’ਤੇ ਹਮਲਾ ਅਤੇ ਉੜੀ ਸਥਿਤ ਸਾਡੇ ਸੈਨਿਕ ਅੱਡੇ ’ਤੇ ਵੀ। ਇਹ ਪੈਟਰਨ ਸਪੱਸ਼ਟ ਹੈ, ਇੱਥੋਂ ਤੱਕ ਕਿ ਅੰਦਾਜ਼ਾ ਲਾਉਣਾ ਵੀ ਸੌਖਾ ਹੈ—ਸ਼ਾਂਤੀ ਸਥਾਪਤ ਕਰਨ ਦੇ ਯਤਨ, ਜਿਸ ਦੇ ਤੁਰੰਤ ਬਾਅਦ ਪਾਕਿਸਤਾਨ ਵੱਲੋਂ ਹਿੰਸਾ ਭੜਕ ਉੱਠਦੀ ਹੈ।
ਆਇਸ਼ਾ ਸਿੱਦੀਕਾ ਦੀ 2007 ’ਚ ਪ੍ਰਕਾਸ਼ਿਤ ਪੁਸਤਕ ‘ਮਿਲਟਰੀ ਇੰਕ : ਇਨਸਾਈਡ ਪਾਕਿਸਤਾਨਸ ਮਿਲਟਰੀ ਇਕੋਨਮੀ’ ਇਸ ਗੱਲ ਨੂੰ ਬਾਖ਼ੂਬੀ ਸਮਝਾਉਂਦੀ ਹੈ। ਉਹ ਦੱਸਦੀ ਹੈ ਕਿ ਪਾਕਿਸਤਾਨੀ ਫ਼ੌਜ ਨੂੰ ਰਾਜ ਤੋਂ ਕੋਈ ਵਿੱਤੀ ਸਹਾਇਤਾ ਨਹੀਂ ਮਿਲਦੀ ਅਤੇ ਉਹ ਸੰਸਦ ਦੇ ਪ੍ਰਤੀ ਜਵਾਬਦੇਹ ਨਹੀਂ ਹੈ। ਇਸ ਦੀ ਬਜਾਏ, ਇਹ ਇਕ ਸਵੈ-ਨਿਰਭਰ ਆਰਥਿਕ ਸੰਸਥਾ ਹੈ, ਜੋ ਸਾਧਾਰਨ ਵਿੱਤੀ ਕੰਟਰੋਲਰਾਂ ਤੋਂ ਪਰੇ ਕੰਮ ਕਰਦੀ ਹੈ। ਫ਼ੌਜੀ, ਸ਼ਾਹੀਨ, ਬਹਿਰੀਆ ਅਤੇ ਆਰਮੀ ਵਰਗੀਆਂ ਸੈਨਿਕ ਵੈੱਲਫੇਅਰ ਸੰਸਥਾਵਾਂ ਦੇ ਮਾਧਿਅਮ ਨਾਲ ਇਹ ਸੰਸਥਾ ਆਪਣਾ ਕੰਮ ਕਰਦੀ ਹੈ।
ਫ਼ੌਜ ਦੀਆਂ ਵੱਖ-ਵੱਖ ਸ਼ਾਖਾਵਾਂ ਉੱਚ ਸਿੱਖਿਆ ਸੰਸਥਾਵਾਂ ਸੰਚਾਲਿਤ ਕਰਦੀਆਂ ਹਨ, ਜਿਨ੍ਹਾਂ ’ਚ ਰਾਸ਼ਟਰੀ ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ, ਫਾਊਂਡੇਸ਼ਨ ਯੂਨੀਵਰਸਿਟੀ, ਬਹਿਰੀਆ ਯੂਨੀਵਰਸਿਟੀ ਅਤੇ ਵਾਯੂ ਯੂਨੀਵਰਸਿਟੀ ਸ਼ਾਮਲ ਹਨ। ਫ਼ੌਜੀ ਸੀਰੀਅਲਜ਼ ਅਤੇ ਫ਼ੌਜੀ ਫੂਡਜ਼ ਖ਼ੁਰਾਕੀ ਕਾਰੋਬਾਰ ’ਚ ਹਨ ਅਤੇ ਕੈਂਟੀਨ ਸਟੋਰਜ਼ ਵਿਭਾਗ ਦੇਸ਼ ਭਰ ’ਚ ਇਕ ਵੱਡੀ ਰਿਟੇਲ ਚੇਨ ਚਲਾਉਂਦਾ ਹੈ। ਇਸ ਤੋਂ ਇਲਾਵਾ ਫ਼ੌਜੀ ਸੀਮੈਂਟ ਕੰਪਨੀ ਅਤੇ ਅਸਕਾਰੀ ਗਾਰਡਜ਼ ਅਤੇ ਫ਼ੌਜੀ ਸਕਿਓਰਿਟੀ ਸਰਵਿਸਿਜ਼ ਵਰਗੀਆਂ ਸੁਰੱਖਿਆ ਕੰਪਨੀਆਂ ਵੀ ਹਨ। ਇਹ ਕਾਰੋਬਾਰ ਭਾਰੀ ਮੁਨਾਫ਼ਾ ਕਮਾਉਂਦੇ ਹਨ, ਜਿਸ ਨੂੰ ਰੀਅਲ ਅਸਟੇਟ ’ਚ ਲਾਇਆ ਜਾਂਦਾ ਹੈ, ਜਿਸ ਦੀ ਅਗਵਾਈ ਰੱਖਿਆ ਆਵਾਸ ਅਥਾਰਟੀ ਕਰਦੀ ਹੈ, ਜੋ ਸੇਵਾਮੁਕਤ ਸੈਨਿਕ ਕਰਮਚਾਰੀਆਂ ਨੂੰ ਸ਼ਹਿਰੀ ਅਤੇ ਖੇਤੀਬਾੜੀ ਵਾਲੀ ਜ਼ਮੀਨ ਦੇ ਵੱਡੇ-ਵੱਡੇ ਹਿੱਸੇ ਅਲਾਟ ਕਰਦੀ ਹੈ।
ਸੈਨਿਕ ਵਪਾਰ ਜਾਂ ਜਿਵੇਂ ਕਿ ਸਿੱਦੀਕਾ ਇਸ ਨੂੰ ‘ਮਿਲਬਸ’ ਕਹਿੰਦੀ ਹੈ, ਦੇ ਉਭਾਰ ਨੇ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਵਰਗੇ ਅੱਤਵਾਦੀ ਸਮੂਹਾਂ ਨੂੰ ਜਨਮ ਦਿੱਤਾ, ਜਿਨ੍ਹਾਂ ਦਾ ਮੁੱਖ ਉਦੇਸ਼ ਭਾਰਤ ਨੂੰ ‘ਹਜ਼ਾਰਾਂ ਜ਼ਖ਼ਮ’ ਦੇਣਾ ਸੀ, ਹਾਲਾਂਕਿ ਹੁਣ ਪਾਕਿਸਤਾਨ ਨੂੰ ਪਰੇਸ਼ਾਨ ਕਰਨ ਲਈ ਤਹਿਰੀਕ-ਏ-ਤਾਲਿਬਾਨ ਉੱਭਰ ਕੇ ਸਾਹਮਣੇ ਆਈ ਹੈ।
ਅਖੀਰ ਭਾਰਤ ਪਾਕਿਸਤਾਨ ਨਾਲ ਅਜਿਹੇ ਵਿਵਹਾਰ ’ਚ ਨਹੀਂ ਆ ਸਕਦਾ ਜੋ ਫ਼ੌਜ ਦੁਆਰਾ ਸ਼ਾਸਿਤ ਹੈ, ਭਾਵੇਂ ਉੱਥੇ ਚੁਣੀ ਹੋਈ ਸਰਕਾਰ ਹੋਣ ਦਾ ਦਿਖਾਵਾ ਹੋਵੇ। ਲਗਾਤਾਰ ਦੁਸ਼ਮਣੀ ਦੇ ਬਿਨਾਂ ਪਾਕਿਸਤਾਨੀ ਫ਼ੌਜ ਆਪਣੀਆਂ ਸੁੱਖ-ਸਹੂਲਤਾਂ ਨੂੰ ਬਰਕਰਾਰ ਨਹੀਂ ਰੱਖ ਸਕਦੀ। ਨਾ ਹੀ ਉਹ ਸੱਚੇ ਲੋਕਤੰਤਰ ਨੂੰ ਵਿਕਸਤ ਹੋਣ ਦੇ ਸਕਦੀ ਹੈ। ਇਸ ਲਈ, ਇਸ ਖੇਤਰ ’ਚ ਸ਼ਾਂਤੀ ਇਕ ਦੂਰ ਦਾ ਸੁਪਨਾ ਹੈ।
—ਕੇ. ਐੱਮ. ਚੰਦਰਸ਼ੇਖਰ
ਦੇਸ਼ ’ਚ ਅਜੇ ਕਿਤੇ ਨਹੀਂ ਹੈ ‘ਪੈਟਰੋ ਸਮੱਸਿਆ’
NEXT STORY