ਭਾਰਤ ’ਚ ਸਤ੍ਹਾ ’ਤੇ ਅਜਿਹਾ ਵਾਤਾਵਰਣ ਬਣਿਆ ਹੈ ਮੰਨੋ ਅਸੀਂ ਤੇਲ ਅਤੇ ਗੈਸ ਦੇ ਭਿਆਨਕ ਸੰਕਟ ’ਚ ਫਸ ਗਏ ਹਾਂ। ਸੱਚ ਕੀ ਹੈ? ਪੈਰਿਸ ਸਥਿਤ ਅੰਤਰਰਾਸ਼ਟਰੀ ਊਰਜਾ ਏਜੰਸੀ (ਆਈ. ਈ. ਏ.) ਨੇ ਕਿਹਾ ਕਿ ਸੰਘਰਸ਼ ਦੇ ਕਾਰਨ ਵਿਸ਼ਵ ਤੇਲ ਬਾਜ਼ਾਰ ਦੇ ਇਤਿਹਾਸ ’ਚ ਸਭ ਤੋਂ ਵੱਡੀ ਸਪਲਾਈ ਰੁਕਾਵਟ ਪੈਦਾ ਹੋਈ ਹੈ, ਜੋ 1970 ਦੇ ਦਹਾਕੇ ਦੇ ਸੰਕਟ ਨੂੰ ਵੀ ਪਾਰ ਕਰ ਗਈ ਹੈ।
ਜੀ-7 ਦੇ ਵਿੱਤ ਮੰਤਰੀਆਂ ਨੇ ਤੇਲ ਸੰਕਟ ’ਤੇ ਇਕ ਐਮਰਜੈਂਸੀ ਵਰਚੁਅਲ ਬੈਠਕ ਕੀਤੀ ਹੈ। ਫਰਾਂਸ ਦੀ ਪ੍ਰਧਾਨਗੀ ’ਚ ਹੋਈ ਇਸ ਬੈਠਕ ’ਚ ਅੰਤਰਰਾਸ਼ਟਰੀ ਮੁਦਰਾ ਫੰਡ, ਵਿਸ਼ਵ ਬੈਂਕ ਅਤੇ ਅੰਤਰਰਾਸ਼ਟਰੀ ਊਰਜਾ ਏਜੰਸੀ ਦੇ ਮੁਖੀਆਂ ਨੇ ਵੀ ਹਿੱਸਾ ਲਿਆ। ਸਾਂਝੇ ਬਿਆਨ ’ਚ ਹੰਗਾਮੀ ਤੇਲ ਭੰਡਾਰ ਬਾਜ਼ਾਰ ’ਚ ਉਤਾਰਨ ਦਾ ਸੰਦੇਸ਼ ਦਿੱਤਾ ਗਿਆ। ਹਾਲਾਂਕਿ ਫਰਾਂਸ ਦੇ ਵਿੱਤ ਮੰਤਰੀ ਰੋਲੈਂਡ ਲੈਸਕਿਓਰ ਨੇ ਕਿਹਾ ਹੈ ਕਿ ਅਸੀਂ ਅਜੇ ਉਸ ਸਥਿਤੀ ’ਚ ਨਹੀਂ ਪਹੁੰਚੇ ਕਿ ਭੰਡਾਰ ਖੋਲ੍ਹ ਦਿੱਤੇ ਜਾਣ, ਪਰ ਲੋੜ ਪੈਂਦੇ ਹੀ ਸਪਲਾਈ ਵਧਾਉਣ ਲਈ ਕੋਈ ਵੀ ਵੱਡਾ ਕਦਮ ਚੁੱਕਣ ਤੋਂ ਇਹ ਦੇਸ਼ ਪਿੱਛੇ ਨਹੀਂ ਹਟਣਗੇ। ਇਸ ਤੋਂ ਪਹਿਲਾਂ ਆਈ. ਈ. ਏ. ਨੇ ਆਪਣੇ 1.2 ਅਰਬ ਬੈਰਲ ਹੰਗਾਮੀ ਭੰਡਾਰ ’ਚੋਂ 40 ਕਰੋੜ ਸਪਲਾਈ ਲਈ ਕੱਢਣ ਦਾ ਫੈਸਲਾ ਲਿਆ।
ਅਸਲ ’ਚ, ਇਸ ਦੀ ਜੜ੍ਹ ਹੋਰਮੁਜ਼ ਜਲਡਮਰੂਮੱਧ ਨੂੰ ਈਰਾਨ ਵੱਲੋਂ ਯੁੱਧ ਖੇਤਰ ’ਚ ਬਦਲ ਦੇਣਾ ਹੈ। ਇਸ ਕਾਰਨ ਸਾਊਦੀ ਅਰਬ, ਕੁਵੈਤ, ਇਰਾਕ ਅਤੇ ਸੰਯੁਕਤ ਅਰਬ ਅਮੀਰਾਤ ਵਰਗੇ ਦੇਸ਼ਾਂ ਨੇ ਆਪਣਾ ਉਤਪਾਦਨ ਅੱਧਾ ਕਰ ਦਿੱਤਾ, ਕਿਉਂਕਿ ਉਨ੍ਹਾਂ ਕੋਲ ਤੇਲ ਭੇਜਣ ਦਾ ਕੋਈ ਸੁਰੱਖਿਅਤ ਰਸਤਾ ਨਹੀਂ। ਦੁਨੀਆ ਦਾ 20 ਫੀਸਦੀ ਤੇਲ ਅਤੇ ਇੰਨੀ ਹੀ ਮਾਤਰਾ ’ਚ ਲਿਕਵਿਡ ਨੈਚੁਰਲ ਗੈਸ (ਐੱਲ. ਐੱਨ. ਜੀ.) ਹੋਰਮੁਜ਼ ਦੇ ਤੰਗ ਰਸਤੇ ਤੋਂ ਲੰਘਦੀ ਹੈ। ਇਹ ਇਤਿਹਾਸ ਦਾ ਸਭ ਤੋਂ ਗੰਭੀਰ ਸੰਕਟ ਇਸ ਲਈ ਹੈ ਕਿਉਂਕਿ ਪਹਿਲੀ ਵਾਰ ਦੁਨੀਆ ਦੀ ਇਕ-ਤਿਹਾਈ ਊਰਜਾ ਸਪਲਾਈ ਸਿੱਧੇ ਮਿਜ਼ਾਈਲਾਂ ਅਤੇ ਡਰੋਨਾਂ ਦੇ ਨਿਸ਼ਾਨੇ ’ਤੇ ਹੈ।
ਸਾਧਾਰਨ ਸਮਝ ਦੀ ਗੱਲ ਹੈ ਕਿ ਖਾੜੀ ’ਚ ਵਧਦਾ ਹੋਇਆ ਸੰਕਟ ਤੇਲ-ਪੈਟਰੋਲੀਅਮ ਪਦਾਰਥਾਂ ਦੀ ਦ੍ਰਿਸ਼ਟੀ ਤੋਂ ਸਾਡੇ ਲਈ ਚਿੰਤਾ ਦਾ ਕਾਰਨ ਹੈ। ਹੁਣ ਸਥਿਤੀ ਕਲਪਨਾ ਤੋਂ ਪਰ੍ਹੇ ਜਾ ਰਹੀ ਹੈ। ਅਨੇਕਾਂ ਦੇਸ਼ਾਂ ’ਚ ਪੈਟਰੋਲ ਪੰਪਾਂ ’ਤੇ ਗੱਡੀਆਂ ਦੀਆਂ ਲੰਬੀਆਂ ਕਤਾਰਾਂ ਹਨ। ਹਵਾਈ ਬਾਲਣ ਦੀਆਂ ਕੀਮਤਾਂ ਵਧਣ ਨਾਲ ਯਾਤਰਾ ਟਿਕਟਾਂ ਦੀਆਂ ਕੀਮਤਾਂ ਵਧ ਰਹੀਆਂ ਹਨ। ਇਤਿਹਾਸ ’ਚ ਹੁਣ ਤੱਕ ਕੇਵਲ 5 ਵਾਰ ਹੀ ਅਜਿਹਾ ਹੋਇਆ ਹੈ, ਜਦੋਂ ਦੇਸ਼ਾਂ ਨੂੰ ਆਪਣਾ ਹੰਗਾਮੀ ਤੇਲ ਭੰਡਾਰ ਖੋਲ੍ਹਣਾ ਪਿਆ ਹੋਵੇ। ਇਸ ’ਚ 2 ਵਾਰ ਤਾਂ ਰੂਸ-ਯੂਕ੍ਰੇਨ ਯੁੱਧ ਦੇ ਦੌਰਾਨ ਹੀ ਹੋਇਆ। ਜੇਕਰ ਸਪਲਾਈ ਚੇਨ ਦੀ ਇਕ ਮੁੱਖ ਨਸ ਦੱਬ ਜਾਵੇ ਤਾਂ ਸਮੱਸਿਆ ਸੁਭਾਵਿਕ ਹੈ। ਸਿੱਟਾ ਇਹ ਕਿ ਵਰਤਮਾਨ ਸੰਕਟ ਅਸੀਂ ਪੈਦਾ ਨਹੀਂ ਕੀਤਾ ਬਲਕਿ ਸਾਡੇ ਸਿਰ ਆ ਪਿਆ ਹੈ। ਕਿਉਂਕਿ ਅਜੇ ਅਸੀਂ ਸੰਕਟ ਦੀ ਅਵਸਥਾ ’ਚ ਨਹੀਂ ਪਹੁੰਚੇ ਹਾਂ, ਇਸ ਦੇ ਬਾਵਜੂਦ ਕੁਝ ਥਾਵਾਂ ਤੋਂ ਰਸੋਈ ਗੈਸ ਲਈ ਲੰਬੀਆਂ ਕਤਾਰਾਂ ਅਤੇ ਲੋਕਾਂ ਦੀਆਂ ਜਨਤਕ ਰੂਪ ’ਚ ਸ਼ਿਕਾਇਤਾਂ ਦੱਸ ਰਹੀਆਂ ਹਨ ਕਿ ਨਿੱਜੀ ਹਿੱਤਾਂ ਵਾਲੇ ਅਨਸਰਾਂ ਨੇ ਸਮੱਸਿਆ ਪੈਦਾ ਕੀਤੀ।
ਆਈ. ਈ. ਏ. ਦਾ ਮੈਂਬਰ ਹੋਣ ਦੇ ਕਾਰਨ 90 ਦਿਨਾਂ ਦਾ ਸੁਰੱਖਿਅਤ ਭੰਡਾਰ ਰੱਖਣਾ ਸਾਡੇ ਲਈ ਜ਼ਰੂਰੀ ਹੈ ਅਤੇ ਉਹ ਰਿਹਾ ਹੈ। ਦੇਸ਼ ’ਚ ਪੈਟਰੋਲ-ਡੀਜ਼ਲ ਦੀ ਕੋਈ ਕਮੀ ਨਹੀਂ ਅਤੇ ਕਿਤੇ ਪੈਟਰੋਲ ਪੰਪਾਂ ’ਤੇ ਕਤਾਰਾਂ ਨਹੀਂ ਹਨ। ਪੈਟਰੋਲ, ਡੀਜ਼ਲ, ਮਿੱਟੀ ਦਾ ਤੇਲ, ਹਵਾਈ ਬਾਲਣ, ਟਰਬਾਈਨ ਫਿਊਲ ਪੂਰੀ ਤਰ੍ਹਾਂ ਉਪਲਬਧ ਹਨ, ਪੀ. ਐੱਨ. ਜੀ.-ਸੀ. ਐੱਨ. ਜੀ. ਦਾ ਵੀ ਕੋਈ ਸੰਕਟ ਨਹੀਂ ਹੈ। ਕੇਵਲ ਰਸੋਈ ਗੈਸ ਯਾਨੀ ਐੱਲ. ਪੀ. ਜੀ. ਤਤਕਾਲ ਚਿੰਤਾ ਦਾ ਕਾਰਨ ਹੈ। ਕੁਝ ਥਾਵਾਂ ’ਤੇ ਜਿਸ ਤਰ੍ਹਾਂ ਸੰਕਟ ਦੀਆਂ ਤਸਵੀਰਾਂ ਅਤੇ ਵੀਡੀਓਜ਼ ਆ ਰਹੀਆਂ ਹਨ, ਉਸ ਦਾ ਕੋਈ ਕਾਰਨ ਨਹੀਂ ਹੈ। ਸੰਸਦ ਤੋਂ ਲੈ ਕੇ ਬਾਹਰ ਤੱਕ ਛਾਤੀ ਪਿੱਟਣ ਵਾਲੇ ਕੇਵਲ ਲੋਕਾਂ ਦੇ ਅੰਦਰ ਡਰ ਅਤੇ ਘਬਰਾਹਟ ਪੈਦਾ ਕਰ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਵੀ ਹੈ ਕਿ ਇਹ ਦਹਿਸ਼ਤ ਕ੍ਰਿਏਟ ਕਰ ਰਹੇ ਹਨ।
ਕੁਝ ਲੋਕਾਂ ਨੇ ਲੋੜ ਤੋਂ ਵੱਧ ਸਿਲੰਡਰ ਇਕੱਠੇ ਕਰ ਲਏ ਅਤੇ ਕੁਝ ਕੱਲ੍ਹ ਸਮੱਸਿਆ ਨਾ ਹੋ ਜਾਵੇ, ਇਸ ਦੇ ਲਈ ਬੁਕਿੰਗ ਕਰਨ ਲੱਗੇ, ਭੱਜਣ ਲੱਗੇ, ਏਜੰਸੀ ਦੇ ਬਾਹਰ ਭੀੜ ਇਕੱਠੀ ਕਰਨ ਲੱਗੇ। ਜਮ੍ਹਾਖੋਰਾਂ ਅਤੇ ਕਾਲਾਬਾਜ਼ਾਰੀਆਂ ਨੇ ਵੀ ਸਮੱਸਿਆ ਪੈਦਾ ਕੀਤੀ ਹੈ। ਜੇਕਰ ਅਫ਼ਵਾਹ ਦੇ ਕਾਰਨ ਪੈਨਿਕ ਪੈਦਾ ਨਹੀਂ ਹੁੰਦਾ ਤਾਂ ਇਹ ਸਥਿਤੀ ਨਹੀਂ ਹੋਣੀ ਸੀ। ਇਹ ਸੱਚ ਹੈ, ਜਿਵੇਂ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਸੰਸਦ ’ਚ ਆਪਣੇ ਬਿਆਨ ’ਚ ਸਵੀਕਾਰ ਕੀਤਾ, ਸੰਕਟ ਇਤਿਹਾਸ ’ਚ ਸਭ ਤੋਂ ਵੱਡਾ ਹੈ ਪਰ ਅਸੀਂ ਅਜੇ ਸੰਕਟ ’ਚ ਨਹੀਂ ਹਾਂ। ਅਸਲ ’ਚ ਅਸੀਂ ਆਪਣੀ ਲੋੜ ਦਾ ਕੇਵਲ 40 ਫੀਸਦੀ ਐੱਲ. ਪੀ. ਜੀ. ਦਾ ਉਤਪਾਦਨ ਕਰਦੇ ਹਾਂ ਅਤੇ 60 ਫੀਸਦੀ ਦਰਾਮਦ ਕਰਦੇ ਹਾਂ। ਅਜੇ ਤੱਕ ਇਸ ਦਰਾਮਦ ਦਾ 90 ਫੀਸਦੀ ਹਿੱਸਾ ਹੋਰਮੁਜ਼ ਜਲਡਮਰੂਮੱਧ ਤੋਂ ਹੀ ਆਉਂਦਾ ਹੈ।
ਜਿਵੇਂ ਸਾਨੂੰ ਪਤਾ ਹੈ ਕਿ ਭਾਰਤ ਦੇ 28 ਜਹਾਜ਼ ਹੋਰਮੁਜ਼ ’ਚ ਈਰਾਨ ਦੇ ਹਮਲਿਆਂ ਦੇ ਕਾਰਨ ਰੁਕੇ ਪਏ ਸਨ। ਪਹਿਲਾਂ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨਾਲ ਗੱਲ ਕੀਤੀ ਅਤੇ ਬਾਅਦ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਥੋਂ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨਾਲ। ਉਸ ਤੋਂ ਬਾਅਦ ਸਾਡੇ ਜਹਾਜ਼ ਉੱਥੋਂ ਨਿਕਲਣ ਲੱਗੇ ਹਨ ਅਤੇ 3 ਭਾਰਤੀ ਤੱਟ ’ਤੇ ਪਹੁੰਚੇ ਅਤੇ ਬਾਕੀ ਆਉਣ ਵਾਲੇ ਹਨ।
ਦੂਜੇ ਪਾਸੇ, ਕੁਝ ਦੇਸ਼ਾਂ ’ਤੇ ਨਿਰਭਰਤਾ ਨੂੰ ਖ਼ਤਮ ਕਰਨ ਲਈ ਭਾਰਤ ਸਰਕਾਰ ਵੱਲੋਂ ਸਪਲਾਈ ਕਰਨ ਵਾਲੇ ਦੇਸ਼ਾਂ ਦੀ ਗਿਣਤੀ ਵਧਾਉਣ ਦੇ ਕਾਰਨ ਪਹਿਲਾਂ ਭਾਰਤ ਦਾ 55 ਫੀਸਦੀ ਕੱਚਾ ਤੇਲ ਜੋ ਦੂਜੇ ਰਸਤਿਆਂ ਤੋਂ ਆਉਂਦਾ ਸੀ, ਵਧ ਕੇ 70 ਫੀਸਦੀ ’ਤੇ ਪਹੁੰਚ ਗਿਆ ਹੈ। ਤਾਂ ਤੇਲ ਲਈ ਸਾਡੀ ਵੈਸੀ ਨਿਰਭਰਤਾ ਹੋਰਮੁਜ਼ ਜਲਡਮਰੂਮੱਧ ’ਤੇ ਨਹੀਂ ਹੈ। ਪਹਿਲਾਂ ਦੇ 27 ਦੇਸ਼ਾਂ ਦੀ ਜਗ੍ਹਾ ਅਸੀਂ 40 ਦੇਸ਼ਾਂ ਤੋਂ ਕੱਚਾ ਤੇਲ ਦਰਾਮਦ ਕਰ ਰਹੇ ਹਾਂ। ਹਰਦੀਪ ਸਿੰਘ ਪੁਰੀ ਦੇ ਅਨੁਸਾਰ ਵੱਡੇ-ਵੱਡੇ ਪੀ. ਐੱਨ. ਜੀ. ਕਾਰਗੋ ਦੂਜੇ ਰਸਤਿਆਂ ਤੋਂ ਆ ਰਹੇ ਹਨ।
ਸਾਡੇ ਤੇਲ ਸੋਧਕ ਕਾਰਖਾਨਿਆਂ ਨੂੰ ਵੱਧ ਤੋਂ ਵੱਧ ਕੰਮ ਕਰਨ ਲਈ ਨਿਰਦੇਸ਼ ਜਾਰੀ ਹੋਏ ਹਨ ਅਤੇ ਇਸ ਖੇਤਰ ’ਚ ਐਸਮਾ ਲਾਗੂ ਕਰ ਦਿੱਤਾ ਗਿਆ ਹੈ। ਕੁਝ ਪਲਾਂਟ 28 ਫੀਸਦੀ ਤੋਂ ਜ਼ਿਆਦਾ ਉਤਪਾਦਨ ਕਰ ਰਹੇ ਹਨ। ਜੇਕਰ ਸਾਡੇ ਉਤਪਾਦਨ ਵਧਦੇ ਹਨ ਤਾਂ ਵੈਸੇ ਵੀ ਦਰਾਮਦ ਦੀ ਲੋੜ ਘਟ ਜਾਵੇਗੀ। ਅਸੀਂ ਦੂਜੀ ਜਗ੍ਹਾ ਤੋਂ ਤੇਲ ਮੰਗਵਾ ਕੇ ਉਨ੍ਹਾਂ ਤੋਂ ਐੱਲ. ਪੀ. ਜੀ. ਦਾ ਉਤਪਾਦਨ ਵਧਾ ਸਕਦੇ ਹਾਂ।
ਪਰ ਸਭ ਕੁਝ ਦੇ ਬਾਵਜੂਦ ਯੁੱਧ ਦੀ ਸਥਿਤੀ, ਦਿਸ਼ਾ ਆਦਿ ਦੇਖਦੇ ਹੋਏ ਸਾਨੂੰ ਮੰਨ ਕੇ ਚੱਲਣਾ ਹੋਵੇਗਾ ਕਿ ਸੰਕਟ ਕਦੇ ਵੀ ਭਿਆਨਕ ਹੋ ਸਕਦਾ ਹੈ। ਜਦੋਂ ਸੰਕਟ ਵਿਸ਼ਵਵਿਆਪੀ ਹੈ ਤਾਂ ਇਸ ਦਾ ਸਾਹਮਣਾ ਪੂਰੇ ਦੇਸ਼ ਨੂੰ ਮਿਲ ਕੇ ਕਰਨਾ ਚਾਹੀਦਾ ਹੈ। ਲੋਕਾਂ ਨੂੰ ਇਹ ਸੰਦੇਸ਼ ਜਾਣਾ ਚਾਹੀਦਾ ਹੈ ਕਿ ਸਾਡੇ ਵੱਲੋਂ ਪੂਰੀ ਕੋਸ਼ਿਸ਼ ਹੈ ਕਿ ਤੁਹਾਨੂੰ ਸਮੱਸਿਆ ਪੈਦਾ ਨਾ ਹੋਵੇ, ਪਰ ਜੇਕਰ ਹੁੰਦੀ ਹੈ ਤਾਂ ਉਸ ਦੀ ਮਾਨਸਿਕ ਤਿਆਰੀ ਰਹੇ ਅਤੇ ਅਸੀਂ ਘਬਰਾਹਟ ’ਚ ਕੋਈ ਕਦਮ ਨਾ ਉਠਾਈਏ। ਇਸ ਦੀ ਜਗ੍ਹਾ ਜੇਕਰ ਨੇਤਾ, ਪਾਰਟੀਆਂ, ਐਕਟਿਵਿਸਟ, ਸੋਸ਼ਲ ਮੀਡੀਆ ’ਤੇ ਸਰਗਰਮ ਲੋਕ ਅਫ਼ਵਾਹ ਫੈਲਾਉਣਗੇ, ਸਰਕਾਰ ਨੂੰ ਛੋਟਾ ਦਿਖਾਉਣ ਲਈ ਥੋੜ੍ਹ ਦੀ ਝੂਠੀ ਤਸਵੀਰ ਦਿਖਾਉਣਗੇ ਅਤੇ ਹੱਲ ਦੀ ਦ੍ਰਿਸ਼ਟੀ ਤੋਂ ਸਾਥ ਨਹੀਂ ਦੇਣਗੇ, ਤਾਂ ਫਿਰ ਲੋੜੀਂਦੀ ਮਾਤਰਾ ’ਚ ਹੁੰਦੇ ਹੋਏ ਵੀ ਸਤ੍ਹਾ ’ਤੇ ਸੰਕਟ ਬਣਿਆ ਹੋਇਆ ਦਿਸੇਗਾ ਹੀ।
—ਅਵਧੇਸ਼ ਕੁਮਾਰ
ਵਿਧਾਨ ਸਭਾ ਚੋਣਾਂ ਗੈਰ-ਭਾਜਪਾ ਪਾਰਟੀਆਂ ਲਈ ਵੱਧ ਮਹੱਤਵਪੂਰਨ
NEXT STORY