13 ਦਸੰਬਰ ਨੂੰ ਦੋ ਨੌਜਵਾਨਾਂ ਵੱਲੋਂ ਲੋਕ ਸਭਾ ’ਚ ਛਾਲ ਮਾਰ ਕੇ ਵਿਰੋਧ ਪ੍ਰਦਰਸ਼ਨ ਕਰਨਾ ਬਿਨਾਂ ਸ਼ੱਕ ਇਕ ਗੰਭੀਰ ਘਟਨਾ ਹੈ। ਅਜਿਹੀ ਗੰਭੀਰ ਘਟਨਾ ਸਾਡੇ ਕੋਲੋਂ ਗੰਭੀਰਤਾ ਦੀ ਮੰਗ ਕਰਦੀ ਹੈ, ਨਾਲ ਹੀ ਗੰਭੀਰ ਖੋਜ ਕਰਨ ਦੀ ਵੀ ਮੰਗ ਕਰਦੀ ਹੈ। ਗੰਭੀਰ ਚਿੰਤਨ ਦੀ ਵੀ ਪਰ ਇਸ ਘਟਨਾ ਪਿੱਛੋਂ ਮੀਡੀਆ ਨੇ ਇਸ ਨੂੰ ਅਪਰਾਧ ਭੇਦ ਦੀ ਜਾਸੂਸੀ ਭਰੀ ਖੋਜ ’ਚ ਬਦਲ ਦਿੱਤਾ ਹੈ। ਕੀ ਹੋਇਆ ਅਤੇ ਕਿਵੇਂ ਹੋਇਆ ’ਚ ਸਭ ਦੀ ਦਿਲਚਸਪੀ ਹੈ ਪਰ ਕਿਉਂ ਹੋਇਆ, ਇਸ ਦੀ ਡੂੰਘੀ ਪੜਤਾਲ ਕਰਨ ਲਈ ਅਸੀਂ ਤਿਆਰ ਨਹੀਂ ਹਾਂ। ਟੀ.ਵੀ.ਚੈਨਲ ਦੇਸ਼ ਨੂੰ ‘ਮਾਰੋ-ਮਾਰੋ’ ਵਾਲੀ ਜਨੂੰਨੀ ਭੀੜ ’ਚ ਬਦਲਣਾ ਚਾਹੁੰਦੇ ਹਨ। ਸਰਕਾਰ ਅਤੇ ਸੁਰੱਖਿਆ ਏਜੰਸੀਆਂ ਆਪਣੀ ਕਮਜ਼ੋਰੀ ’ਤੇ ਪਰਦਾ ਪਾਉਣਾ ਚਾਹੁੰਦੀਆਂ ਹਨ। ਵਿਰੋਧੀ ਧਿਰ ਇਸ ਬਹਾਨੇ ਸਰਕਾਰ ਨੂੰ ਘੇਰਨਾ ਚਾਹੁੰਦੀ ਹੈ।
ਗੰਭੀਰ ਚਿੰਤਨ ਅਤੇ ਮਨਨ ਕੋਈ ਨਹੀਂ ਚਾਹੁੰਦਾ। ਆਖਰ ਸੰਸਦ ’ਚ ਛਾਲ ਮਾਰਨ ਵਾਲੇ ਇਹ ਨੌਜਵਾਨ ਕੌਣ ਹਨ? ਉਹ ਕਿਹੜੇ ਮੁੱਦੇ ਉਠਾਉਣਾ ਚਾਹੁੰਦੇ ਸਨ? ਉਨ੍ਹਾਂ ਅਜਿਹਾ ਖਤਰੇ ਭਰਿਆ ਕਦਮ ਕਿਉਂ ਚੁੱਕਿਆ? ਲੋਕਰਾਜ ’ਚ ਆਪਣੀ ਆਵਾਜ਼ ਉਠਾਉਣ ਦੇ ਬਾਕੀ ਸਭ ਤਰੀਕਿਆਂ ’ਚ ਉਨ੍ਹਾਂ ਨੂੰ ਭਰੋਸਾ ਕਿਉਂ ਨਹੀਂ ਸੀ? ਜਦੋਂ ਤੱਕ ਅਸੀਂ ਇਨ੍ਹਾਂ ਸਵਾਲਾਂ ਦਾ ਸਾਹਮਣਾ ਨਹੀਂ ਕਰਦੇ, ਉਦੋਂ ਤੱਕ ਅਸੀਂ ਸੰਸਦ ਭਵਨ ਨੂੰ ਭਾਵੇਂ ਸੁਰੱਖਿਅਤ ਕਰ ਲਈਏ ਪਰ ਦੇਸ਼ ਦੇ ਭਵਿੱਖ ਨੂੰ ਸੁਰੱਖਿਅਤ ਨਹੀਂ ਕਰ ਸਕਦੇ।
ਹੁਣ ਤੱਕ ਪੁਲਸ ਨੇ ਇਸ ਘਟਨਾ ’ਚ ਸ਼ਾਮਲ ਸਭ ਛੇ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਕ ਗੱਲ ਤਾਂ ਸਪੱਸ਼ਟ ਹੈ ਕਿ ਇਨ੍ਹਾਂ ’ਚੋਂ ਕੋਈ ਵੀ ਪੇਸ਼ੇਵਰ ਅਪਰਾਧੀ ਜਾਂ ਗੁੰਡਾ ਨਹੀਂ ਹੈ। ਇਹ ਸਭ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਆਏ ਸਾਧਾਰਨ ਹੇਠਲੇ -ਦਰਮਿਆਨੇ ਵਰਗ ਦੇ ਪਰਿਵਾਰਾਂ ਦੇ ਬੇਚੈਨ ਨੌਜਵਾਨ ਹਨ। ਇਹ ਬੇਚੈਨੀ ’ਚ ਸਮਾਜਿਕ ਅਤੇ ਸਿਆਸੀ ਪੱਖ ਦੇ ਨਾਲ-ਨਾਲ ਕੁੱਝ ਨਿੱਝੀ ਨਿਰਾਸ਼ਾ ਦਾ ਅੰਸ਼ ਵੀ ਹਨ। ਕਿਸੇ ਸਬੰਧੀ ਇਸ ਤੋਂ ਪਹਿਲਾਂ ਕਿਸੇ ਅਪਰਾਧਿਕ ਸਰਗਰਮੀ ’ਚ ਸ਼ਾਮਲ ਹੋਣ ਦੀ ਕੋਈ ਖਬਰ ਨਹੀਂ ਹੈ।
ਇਹ ਵੀ ਸਪੱਸ਼ਟ ਹੈ ਕਿ ਉਨ੍ਹਾਂ ਦਾ ਇਰਾਦਾ ਸੰਸਦ ’ਚ ਛਾਲ ਮਾਰ ਕੇ ਹਿੰਸਾ ਕਰਨ ਜਾਂ ਜਾਨ-ਮਾਲ ਦਾ ਨੁਕਸਾਨ ਕਰਨ ਦਾ ਨਹੀਂ ਸੀ। ਚਾਹੁੰਦੇ ਤਾਂ ਕਰ ਸਕਦੇ ਸਨ। ਜਿੱਥੇ ਉਹ ਲੁਕੋ ਕੇ ਧੂੰਏਂ ਦੇ ਕਨਸਤਰ ਨੂੰ ਲਿਜਾ ਸਕਦੇ ਸਨ ਤਾਂ ਕੋਈ ਹੋਰ ਘਾਤਕ ਸਮੱਗਰੀ ਵੀ ਲਿਜਾ ਸਕਦੇ ਸਨ। ਉਨ੍ਹਾਂ ਅਜਿਹਾ ਨਹੀਂ ਕੀਤਾ। ਲੋਕ ਸਭਾ ’ਚ ਦਾਖਲ ਹੋ ਕੇ ਕਿਸੇ ’ਤੇ ਹਮਲਾ ਨਹੀਂ ਕੀਤਾ। ਖੁਦ ਕੁੱਟ ਖਾ ਲਈ ਪਰ ਜਵਾਬੀ ਹਮਲਾ ਨਹੀਂ ਕੀਤਾ। ਪੁਲਸ ਦੀ ਜਾਂਚ ਦੱਸਦੀ ਹੈ ਕਿ ਪਹਿਲਾਂ ਉਨ੍ਹਾਂ ਦਾ ਇਰਾਦਾ ਸੰਸਦ ’ਚ ਆਤਮਦਾਹ ਕਰਨ ਦਾ ਸੀ। ਜਿਸ ਨੂੰ ਰੱਦ ਕਰ ਦਿੱਤਾ ਗਿਆ। ਉਹ ਆਪਣੇ ਨਾਲ , ‘ਲਾਪਤਾ ਪ੍ਰਧਾਨ ਮੰਤਰੀ’ ਵਾਲੇ ਮਜ਼ਬੂਨ ਦੇ ਪਰਚੇ ਵੀ ਲਿਆਏ ਸਨ ਜੋ ਵੰਡ ਨਹੀਂ ਸਕੇ। ਜੋ ਵੀ ਹੋਵੇ ਉਹ ਦਹਿਸ਼ਤ ਫੈਲਾਉਣਾ ਨਹੀਂ ਚਾਹੁੰਦੇ ਸਨ। ਉਨ੍ਹਾਂ ਨੂੰ ਅੱਤਵਾਦੀ ਕਰਾਰ ਨਹੀਂ ਦਿੱਤਾ ਜਾ ਸਕਦਾ।
ਸਪੱਸ਼ਟ ਹੈ ਕਿ ਨੌਜਵਾਨ ਇੰਨੇ ਨਾਦਾਨ ਨਹੀਂ ਹਨ ਕਿ ਉਨ੍ਹਾਂ ਨੂੰ ਇਹ ਪਤਾ ਹੀ ਨਾ ਹੋਵੇ ਕਿ ਸੰਸਦ ’ਚ ਜਾਂ ਉਸਦੇ ਬਾਹਰ ਫੜੇ ਜਾਣ ’ਤੇ ਉਨ੍ਹਾਂ ਨਾਲ ਕੀ ਕੁੱਝ ਹੋਵੇਗਾ। ਉਹ ਜਾਣਦੇ ਹੋਣਗੇ ਕਿ ਉਨ੍ਹਾਂ ਨੂੰ ਤਸੀਹੇ ਸਹਿਣੇ ਪੈਣਗੇ, ਪਰਿਵਾਰ ਦੇ ਮੈਂਬਰਾਂ ਨੂੰ ਮੁਸ਼ਕਿਲ ਆਏਗੀ, ਜੇਲ ਦੀ ਲੰਬੀ ਸਜ਼ਾ ਮਿਲੇਗੀ, ਇਸ ਤੋਂ ਵੀ ਵੱਡੀ ਸਜ਼ਾ ਹੋ ਸਕਦੀ ਹੈ। ਇਹ ਉਂਗਲੀ ਨੂੰ ਲਹੂ ਲਾ ਕੇ ਸ਼ਹੀਦ ਬਣਨ ਅਤੇ ਉਸਦੇ ਦਮ ’ਤੇ ਸਿਆਸੀ ਕਰੀਅਰ ਬਣਾਉਣ ਦਾ ਸਟੰਟ ਵੀ ਨਹੀਂ ਲੱਗਦਾ। ਘੱਟੋ-ਘੱਟ ਉਨ੍ਹਾਂ ਦੀ ਅਾਪਣੀ ਨਜ਼ਰ ’ਚ ਉਹ ਸਭ ਦੇਸ਼ ਦੇ ਹਿਤਾਂ ’ਚ ਇਕ ਵੱਡੇ ਕੰਮ ਲਈ ਆਪਣੀ ਆਹੂਤੀ ਦੇ ਰਹੇ ਸਨ।
ਉਨ੍ਹਾਂ ਦੇ ਵਿਚਾਰਾਂ ਦਾ ਅਨੁਮਾਨ ਸਾਗਰ ਸ਼ਰਮਾ ਦੀ ਡਾਇਰੀ ’ਚ ਲਿਖੀਆਂ ਇਨ੍ਹਾਂ ਪੰਕਤੀਆਂ ਤੋਂ ਲਾਇਆ ਜਾ ਸਕਦਾ ਹੈ, ‘‘ਅਜਿਹਾ ਨਹੀਂ ਹੈ ਕਿ ਮੇਰੇ ਲਈ ਸੰਘਰਸ਼ ਦਾ ਇਹ ਰਾਹ ਸੌਖਾ ਹੋਵੇਗਾ। ਹਰ ਪਲ ਉਮੀਦ ਲਾ ਕੇ ਮੈਂ ਪੰਜ ਸਾਲ ਉਡੀਕ ਕੀਤੀ ਹੈ ਕਿ ਅਜਿਹਾ ਦਿਨ ਆਏਗਾ ਜਦੋਂ ਮੈਂ ਆਪਣੇ ਫਰਜ਼ਾਂ ਵੱਲ ਅੱਗੇ ਵਧਾਂਗਾ। ਦੁਨੀਆ ’ਚ ਸ਼ਕਤੀਸ਼ਾਲੀ ਵਿਅਕਤੀ ਉਹ ਹੈ ਜੋ ਹਰ ਸੁੱਖ ਛੱਡਣ ਦੀ ਸਮਰੱਥਾ ਰੱਖਦਾ ਹੈ’’। ਇਹ ਗੁੰਡਿਆਂ ਅਤੇ ਦੇਸ਼-ਧ੍ਰੋਹੀਆਂ ਦੀ ਭਾਸ਼ਾ ਨਹੀਂ ਹੋ ਸਕਦੀ।
ਇਸੇ ਕਾਰਨ ਇਨ੍ਹਾਂ ਨੌਜਵਾਨਾਂ ਨੂੰ ਭਗਤ ਸਿੰਘ ਜਾਂ ਬਟੁਕੇਸ਼ਵਰ ਦੱਤ ਦੇ ਸਾਹਮਣੇ ਖੜ੍ਹਾ ਨਹੀਂ ਕੀਤਾ ਜਾ ਸਕਦਾ। ਭਗਤ ਸਿੰਘ ਸਿਰਫ ਸੈਂਟਰਲ ਹਾਲ ’ਚ ਬੰਬ ਸੁੱਟਣ ਅਤੇ ਪਰਚੇ ਵੰਡਣ ਨਾਲ ਹੀ ਸ਼ਹੀਦ-ਏ-ਆਜ਼ਮ ਨਹੀਂ ਬਣ ਗਏ ਸਨ। ਉਸ ਤੋਂ ਪਹਿਲਾਂ ਕ੍ਰਾਂਤੀਕਾਰੀਤਾ ਦਾ ਪਿਛੋਕੜ ਸੀ, ਵਿਚਾਰਾਂ ਦੀ ਡੂੰਘਾਈ ਸੀ, ਫਾਂਸੀ ਦੇ ਤਖਤੇ ’ਚੇ ਝੁੱਲਣ ਤੱਕ ਤਿਆਗ, ਬਲਿਦਾਨ ਅਤੇ ਸੰਕਲਪ ਸੀ। ਅਜੇ ਇਨ੍ਹਾਂ ਨੌਜਵਾਨਾਂ ਸਬੰਧੀ ਇਹ ਨਹੀਂ ਕਿਹਾ ਜਾ ਸਕਦਾ ਪਰ ਇੰਨਾ ਤਾਂ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਦੇ ਕੰਮ ਨੂੰ ਅਪਰਾਧ ਜਾਂ ਦਹਿਸ਼ਤ ਦੀ ਸ਼੍ਰੇਣੀ ’ਚ ਨਹੀਂ ਸਗੋਂ ਸਿਅਾਸੀ ਵਿਰੋਧਤਾ ਦੀ ਸ਼੍ਰੇਣੀ ’ਚ ਰੱਖਿਆ ਜਾਣਾ ਚਾਹੀਦਾ ਹੈ। ਅਸੀਂ ਉਨ੍ਹਾਂ ਦੇ ਤਰੀਕੇ ਨਾਲ ਅਸਹਿਮਤ ਹੋ ਸਕਦੇ ਹਾਂ। ਸਪੱਸ਼ਟ ਹੈ ਕਿ ਸੰਸਦ ’ਚ ਛਾਲ ਮਾਲ ਕੇ ਹਾਊਸ ਦੀ ਕਾਰਵਾਈ ਨੂੰ ਭੰਗ ਕਰਨ ਦਾ ਗੁਣਗਾਨ ਨਹੀਂ ਕੀਤਾ ਜਾ ਸਕਦਾ ਪਰ ਸਾਡੀ ਇੰਨੀ ਜ਼ਿੰਮੇਵਾਰੀ ਜ਼ਰੂਰ ਬਣਦੀ ਹੈ ਕਿ ਵਿਰੋਧਤਾ ਦੀ ਇਸ ਆਵਾਜ਼ ਨੂੰ ਅਪਰਾਧ, ਦਹਿਸ਼ਤ ਜਾਂ ਦੇਸ਼-ਧ੍ਰੋਹ ਦੱਸ ਕੇ ਉਸ ਨੂੰ ਅਣਸੁਣਿਆ ਨਾ ਕਰੀਏ, ਅਸੀਂ ਉਸਦਾ ਸੰਦੇਸ਼ ਜ਼ਰੂਰ ਸੁਣੀਏ।
ਉਨ੍ਹਾਂ ਦਾ ਸੰਦੇਸ਼ ਕੀ ਹੈ, ਇਸ ’ਚ ਕੋਈ ਸ਼ੱਕ ਨਹੀਂ ਹੈ। ਇਹ ਸਾਫ ਹੈ ਕਿ ਉਹ ਬੇਰੁਜ਼ਗਾਰੀ ਦੇ ਸਵਾਲ ’ਤੇ ਦੇਸ਼ ਦਾ ਧਿਆਨ ਖਿੱਚਣਾ ਚਾਹੁੰਦੇ ਹਨ। ਇਸ ’ਚ ਕੋਈ ਸ਼ੱਕ ਨਹੀਂ ਕਿ ਬੇਰੁਜ਼ਗਾਰੀ ਸਿਰਫ ਉਨ੍ਹਾਂ ਲੋਕਾਂ ਜਾਂ ਛੋਟੇ ਗਰੁੱਪਾਂ ਦੀ ਸਮੱਸਿਆ ਨਹੀਂ ਹੈ। ਇਹ ਅੱਜ ਦੇਸ਼ ਦੇ ਨੌਜਵਾਨਾਂ ਸਾਹਮਣੇ ਸਭ ਤੋਂ ਵੱਡਾ ਸੰਕਟ ਹੈ। ਦੇਸ਼ ਦੇ ਭਵਿੱਖ ’ਤੇ ਸਭ ਤੋਂ ਵੱਡਾ ਸਵਾਲੀਆ ਨਿਸ਼ਾਨ ਵੀ ਹੈ। ਇਸ ਤੋਂ ਇਲਾਵਾ ਉਨ੍ਹਾਂ ਮਨੀਪੁਰ ਦਾ ਸਵਾਲ ਉਠਾਇਆ, ਮਹਿਲਾ ਪਹਿਲਵਾਨਾਂ ਨਾਲ ਹੋਏ ਮਾੜੇ ਵਤੀਰੇ ਨੂੰ ਦਰਜ ਕੀਤਾ ਅਤੇ ਤਾਨਾਸ਼ਾਹੀ ਵਿਰੁੱਧ ਨਾਅਰੇ ਲਾਏ।
ਸਪੱਸ਼ਟ ਹੈ ਕਿ ਉਨ੍ਹਾਂ ਨੂੰ ਮਹਿਸੂਸ ਹੁੰਦਾ ਹੈ ਕਿ ਦੇਸ਼ ’ਚ ਤਾਨਾਸ਼ਾਹੀ ਇਸ ਹੱਦ ਤੱਕ ਚੁੱਪਚਾਪ ਫੈਲ ਗਈ ਹੈ ਕਿ ਇਨ੍ਹਾਂ ਸਵਾਲਾਂ ਨੂੰ ਸਧਾਰਨ ਲੋਕਰਾਜੀ ਢੰਗ ਨਾਲ ਪ੍ਰਗਟ ਕਰਨ ਦੀ ਥਾਂ ਨਹੀਂ ਬਚੀ ਹੈ। ਉਨ੍ਹਾਂ ਨੂੰ ਜ਼ਰੂਰ ਮਹਿਸੂਸ ਹੋਇਆ ਹੋਵੇਗਾ ਕਿ ਮੀਡੀਆ ਰਾਹੀਂ ਆਪਣਾ ਸੰਦੇਸ਼ ਪਹੁੰਚਾਉਣਾ ਜਾਂ ਲੋਕਰਾਜੀ ਧਰਨਿਆਂ ਅਤੇ ਪ੍ਰਦਰਸ਼ਨਾਂ ਰਾਹੀਂ ਆਪਣੀ ਆਵਾਜ਼ ਉਠਾਉਣ ਦਾ ਕੋਈ ਮਤਲਬ ਨਹੀਂ ਬਚਿਆ ਹੈ। ਉਨ੍ਹਾਂ ਦਾ ਇਹ ਮੁਲਾਂਕਣ ਗਲਤ ਹੋ ਸਕਦਾ ਹੈ ਪਰ ਜੇ ਆਦਰਸ਼ਵਾਦੀ , ਵਿਚਾਰਵਾਨ ਅਤੇ ਨਿਡਰ ਨੌਜਵਾਨਾਂ ਦਾ ਛੋਟਾ ਜਿਹਾ ਵਰਗ ਵੀ ਅਜਿਹਾ ਸੋਚਦਾ ਹੈ ਤਾਂ ਇਹ ਪੂਰੇ ਦੇਸ਼ ਲਈ ਖਤਰੇ ਦੀ ਘੰਟੀ ਹੈ। ਇਤਿਹਾਸ ਗਵਾਹ ਹੈ ਕਿ ਅਜਿਹੀ ਆਵਾਜ਼ ਨੂੰ ਨਜ਼ਰਅੰਦਾਜ਼ ਕਰਨ ਦਾ ਅੰਜਾਮ ਚੰਗਾ ਨਹੀਂ ਹੁੰਦਾ।
ਯੋਗੇਂਦਰ ਯਾਦਵ
ਰੂੜੀਵਾਦੀ ਰਵਾਇਤਾਂ ਨੂੰ ਤੋੜ ਰਹੀਆਂ ਬੇਟੀਆਂ
NEXT STORY