ਹੋਰ ਕੁਝ ਵੀ ਹੋਵੇ, ਇਹ ‘ਵਿਸ਼ਵਗੁਰੂ’ ਦਾ ਪ੍ਰਧਾਨ ਮੰਤਰੀ ਤਾਂ ਨਹੀਂ ਸੀ। ਅੰਤਰਰਾਸ਼ਟਰੀ ਮੰਚ ’ਤੇ ਭਾਰਤ ਦਾ ਡੰਕਾ ਵਜਾਉਣ ਵਾਲਾ ਜਾਂ ਘੱਟੋ-ਘੱਟ ਅਜਿਹਾ ਗਰੂਰ ਰੱਖਣ ਵਾਲਾ ਸ਼ਖ਼ਸ ਵੀ ਨਹੀਂ ਸੀ। ਸੱਚ ਕਹੀਏ ਤਾਂ ਇਹ ਰਾਜਨੇਤਾ ਹੀ ਨਹੀਂ ਸੀ ਅਤੇ ਨਾ ਹੀ ਰੰਗਮੰਚ ’ਤੇ ਡਾਇਲਾਗ ਬੋਲਣ ਵਾਲਾ ਅਭਿਨੇਤਾ।
ਜੇਕਰ ਤੁਸੀਂ ਪੱਛਮੀ ਏਸ਼ੀਆ ਦੇ ਸੰਕਟ ’ਤੇ ਸੰਸਦ ’ਚ ਪ੍ਰਧਾਨ ਮੰਤਰੀ ਦਾ ਬਿਆਨ ਸੁਣਿਆ ਹੋਵੇ, ਤਾਂ ਤੁਸੀਂ ਉਸ ਸ਼ਖ਼ਸ ਨੂੰ ਪਛਾਣ ਨਹੀਂ ਸਕੋਗੇ ਜਿਸ ਨੂੰ ਤੁਸੀਂ ਪਿਛਲੇ 11 ਵਰ੍ਹਿਆਂ ’ਚ ਪਤਾ ਨਹੀਂ ਕਿਸ-ਕਿਸ ਮੰਚ ਤੋਂ ਸੁਣਿਆ ਹੋਵੇਗਾ। ਹੁੰਕਾਰ, ਲਲਕਾਰ, ਫੁੰਕਾਰ—ਸਭ ਗਾਇਬ ਸੀ। ਬਸ ਸਰਕਾਰ ਦੀ ਬੋਝਲ ਭਾਸ਼ਾ ਸੀ। ਬੁਝਿਆ ਹੋਇਆ ਚਿਹਰਾ ਸੀ, ਫਿੱਕੀਆਂ ਅੱਖਾਂ ਸਨ। ਲਿਖੇ ਹੋਏ ਭਾਸ਼ਣ ਨੂੰ ਸ਼ਬਦ-ਬ-ਸ਼ਬਦ ਪੜ੍ਹਨ ਦੀ ਚਿੰਤਾ ਸੀ, ਕਿਤੇ ਕੋਈ ਸ਼ਬਦ ਇਧਰ ਤੋਂ ਉਧਰ ਨਾ ਹੋ ਜਾਵੇ, ਕਿਤੇ ਵਾਸ਼ਿੰਗਟਨ ਤੋਂ ਫ਼ੋਨ ਨਾ ਆ ਜਾਵੇ। ਨਾ ਕੋਈ ਜੁਮਲੇ, ਨਾ ਕੋਈ ਤਾਲੀਆਂ ਵਜਾਉਣ ਵਾਲਾ ਡਾਇਲਾਗ ਅਤੇ ਨਾ ਕੋਈ ਚੁਟਕੀ। ਮੇਜ਼ ਥਪਥਪਾਉਣ ਵਾਲੇ ਵੀ ਵਿਚ-ਵਿਚਾਲੇ ਇਕ ਥਪਕੀ ਦੇ ਕੇ ਰਸਮ ਅਦਾਇਗੀ ਕਰ ਰਹੇ ਸਨ। ਇਸ ਭਾਸ਼ਣ ਨੂੰ ਤੁਸੀਂ ਇਕ ਮੈਨੇਜਰ ਦੀ ਰਿਪੋਰਟ ਕਹਿ ਸਕਦੇ ਹੋ, ਜਾਂ ਫਿਰ ਮੁਨੀਮ ਦੀ ਵਹੀ ਜਾਂ ਫਿਰ ਰੰਗਮੰਚ ਤੋਂ ਕਿਨਾਰੇ ਕਰ ਦਿੱਤੇ ਗਏ ਅਭਿਨੇਤਾ ਦਾ ਪਰਦੇ ਪਿੱਛੇ ’ਚ ਦਿੱਤਾ ਇਕਾਲਾਪ। ਇਹ ਇਕ ਨੇਤਾ ਦਾ ਸੰਬੋਧਨ ਨਹੀਂ ਸੀ।
ਹੁੰਦਾ ਵੀ ਕਿਵੇਂ। ਪੱਛਮੀ ਏਸ਼ੀਆ ਦੇ ਤਾਜ਼ਾ ਘਟਨਾਕ੍ਰਮ ਨੇ ਪ੍ਰਧਾਨ ਮੰਤਰੀ ਨੂੰ ਕੁਝ ਕਹਿਣ ਲਾਇਕ ਨਹੀਂ ਛੱਡਿਆ। ਅਮਰੀਕਾ ਦੀ ਤਮਾਮ ਚਾਪਲੂਸੀ ਦੇ ਬਾਵਜੂਦ ਟਰੰਪ ਮੋਦੀ ਜੀ ਨੂੰ ਘਾਹ ਪਾਉਣ ਨੂੰ ਤਿਆਰ ਨਹੀਂ ਹਨ। ਟਰੇਡ ਡੀਲ ’ਤੇ ਗੋਡੇ ਟੇਕਣ ਤੋਂ ਬਾਅਦ ਵੀ ਉੱਪਰੋਂ ਭਾਰਤ ਦੇ ਖ਼ਿਲਾਫ਼ ਜਾਂਚ ਸ਼ੁਰੂ ਕਰਵਾ ਦਿੱਤੀ ਹੈ। ਸੁਣਦੇ ਹਾਂ ਕਿ ਅਮਰੀਕਾ ਨੇ ਈਰਾਨ ਨਾਲ ਵਿਚੋਲਗੀ ਲਈ ਪਾਕਿਸਤਾਨ ਨੂੰ ਚੁਣਿਆ ਹੈ, ਭਾਰਤ ਦਾ ਕਿਤੇ ਕੋਈ ਨਾਂ ਨਹੀਂ ਹੈ। ਯੁੱਧ ਤੋਂ ਦੋ ਦਿਨ ਪਹਿਲਾਂ ਗਲੇ ’ਚ ਇਜ਼ਰਾਈਲੀ ਮੈਡਲ ਪਵਾਉਣ ਦੇ ਬਾਵਜੂਦ ਇਜ਼ਰਾਈਲ ਵੱਲੋਂ ਮੋਦੀ ਜੀ ਦਾ ਕਿਤੇ ਕੋਈ ਨਾਂ ਨਹੀਂ ਹੈ। ਭਾਰਤ ’ਚ ਇਜ਼ਰਾਈਲ ਨੂੰ ਜੱਫੀ ਪਾਉਣ ਲਈ ਉਤਾਵਲੀ ਜਮਾਤ ਭਲੇ ਹੀ ਖੜ੍ਹੀ ਕਰ ਦਿੱਤੀ ਗਈ ਹੋਵੇ, ਪਰ ਇਜ਼ਰਾਈਲ ’ਚ ਭਾਰਤ ਪ੍ਰੇਮ ਦੀ ਕੋਈ ਲਹਿਰ ਨਹੀਂ ਹੈ।
ਨਵੇਂ ਦੋਸਤ ਬਣੇ ਨਹੀਂ, ਪੁਰਾਣੇ ਜ਼ਰੂਰ ਛੁੱਟ ਗਏ। ਦਹਾਕਿਆਂ ਤੋਂ ਭਾਰਤ ਨੂੰ ਆਪਣੇ ਦੋਸਤਾਂ ’ਚ ਗਿਣਨ ਵਾਲਾ ਈਰਾਨ ਹੁਣ ਭਾਰਤ ਨੂੰ ਆਪਣੇ ਵਿਰੋਧੀ ਖੇਮੇ ’ਚ ਗਿਣਦਾ ਹੈ। ਦੋਸ਼ ਈਰਾਨ ਦਾ ਨਹੀਂ ਹੈ। ਸੰਸਦ ’ਚ ਆਪਣੇ ਬਿਆਨ ’ਚ ਪ੍ਰਧਾਨ ਮੰਤਰੀ ਨੇ ਬਿਨਾਂ ਨਾਂ ਲਏ ਈਰਾਨ ਨੂੰ ਨਿਸ਼ਾਨੇ ’ਤੇ ਲਿਆ—ਵਪਾਰਕ ਜਹਾਜ਼ਾਂ ਅਤੇ ਊਰਜਾ ਸਰੋਤਾਂ ਨੂੰ ਨਿਸ਼ਾਨਾ ਬਣਾਉਣ ’ਤੇ ਚਿੰਤਾ ਪ੍ਰਗਟਾਈ ਪਰ ਪ੍ਰਤੱਖ ਜਾਂ ਅਪ੍ਰਤੱਖ ਤੌਰ ’ਤੇ ਇਕ ਸ਼ਬਦ ਵੀ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਕੀਤੇ ਗਏ ਬੇਵਜ੍ਹਾ ਅਤੇ ਗ਼ੈਰ-ਕਾਨੂੰਨੀ ਹਮਲੇ ’ਤੇ ਨਹੀਂ ਬੋਲਿਆ।
ਜ਼ਾਹਿਰ ਹੈ ਕਿ ਹੋਰਮੁਜ਼ ਖਾੜੀ ’ਚ ਜਿਨ੍ਹਾਂ ਦੇਸ਼ਾਂ ਨੂੰ ਜਹਾਜ਼ ਕੱਢਣ ਦੀ ਇਜਾਜ਼ਤ ਹੈ, ਉਸ ’ਚ ਭਾਰਤ ਦਾ ਨਾਂ ਨਹੀਂ ਹੈ। ਸੁਣਦੇ ਹਾਂ ਕਿ ਜਦੋਂ ਮੋਦੀ ਜੀ ਨੇ ਈਰਾਨ ਦੇ ਰਾਸ਼ਟਰਪਤੀ ਨੂੰ ਇਸ ਸਬੰਧੀ ਫ਼ੋਨ ਕੀਤਾ ਤਾਂ ਉਨ੍ਹਾਂ ਨੇ ਸੰਕਟ ਦੀ ਇਸ ਘੜੀ ’ਚ ਭਾਰਤ ਸਰਕਾਰ ਵੱਲੋਂ ਕੀਤੇ ਗਏ ਵਿਵਹਾਰ ਦੀ ਸੂਚੀ ਗਿਣਵਾ ਦਿੱਤੀ। ਰੂਸ ਵੀ ਹੁਣ ਰੁੱਸਿਆ ਹੋਇਆ ਦਿਸ ਰਿਹਾ ਹੈ। ਪਹਿਲਾਂ ਭਾਰਤ ਸਰਕਾਰ ਨੇ ਟਰੰਪ ਦੇ ਹੁਕਮ ’ਤੇ ਰੂਸ ਦਾ ਤੇਲ ਖ਼ਰੀਦਣਾ ਬੰਦ ਕਰ ਦਿੱਤਾ। ਖਾੜੀ ਸੰਕਟ ਆਉਣ ’ਤੇ ਫਿਰ ਰੂਸ ਦੀ ਯਾਦ ਆਈ ਤਾਂ ਹੁਣ ਰੂਸ ਨੇ ਮੂੰਹ ਫੇਰ ਲਿਆ। ਕਿਹਾ ਕਿ ਹੁਣ ਦੋਸਤਾਂ ਵਾਲਾ ਰੇਟ ਨਹੀਂ ਲੱਗੇਗਾ, ਬਾਜ਼ਾਰ ਦਾ ਪ੍ਰੀਮੀਅਮ ਵਾਲਾ ਰੇਟ ਦੇਣਾ ਪਵੇਗਾ। ਕੋਈ 70 ਸਾਲ ਪੁਰਾਣੀ ਦੋਸਤੀ ’ਚ ਗੰਢ ਪੈ ਗਈ।
ਯੁੱਧ ਦੇ ਮੈਦਾਨ ਤੋਂ ਬਾਹਰ ਅੰਤਰਰਾਸ਼ਟਰੀ ਮੰਚ ਨੂੰ ਦੇਖੀਏ ਤਾਂ ਉੱਥੇ ਵੀ ਭਾਰਤ ਕਿਤੇ ਨਜ਼ਰ ਨਹੀਂ ਆਉਂਦਾ। ਜਦੋਂ ਪੂਰੀ ਦੁਨੀਆ ਕਿਸੇ ਸੰਕਟ ਨਾਲ ਜੂਝ ਰਹੀ ਹੋਵੇ, ਉਸ ਵਕਤ ਵਿਸ਼ਵ ਪੱਧਰ ’ਤੇ ਲੀਡਰਸ਼ਿਪ ਦੀ ਜ਼ਰੂਰਤ ਹੁੰਦੀ ਹੈ, ਸੱਚੇ ਨੇਤਾ ਦੀ ਪਛਾਣ ਹੁੰਦੀ ਹੈ। ਜਦੋਂ ਸਵੇਜ ਨਹਿਰ ਦੇ ਮੁੱਦੇ ’ਤੇ ਬ੍ਰਿਟੇਨ ਅਤੇ ਫਰਾਂਸ ਨੇ ਮਿਸਰ ’ਤੇ ਹਮਲਾ ਕੀਤਾ ਸੀ, ਉਦੋਂ ਇਕ ਆਰਥਿਕ ਅਤੇ ਰਣਨੀਤਿਕ ਤੌਰ ’ਤੇ ਕਮਜ਼ੋਰ ਭਾਰਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਖੁੱਲ੍ਹ ਕੇ ਮਿਸਰ ਦੇ ਸਮਰਥਨ ’ਚ ਜ਼ੁਬਾਨ ਖੋਲ੍ਹਣ ਦੀ ਹਿੰਮਤ ਦਿਖਾਈ ਸੀ, ਸਾਮਰਾਜਵਾਦੀ ਤਾਕਤਾਂ ਦੀ ਗੁੰਡਾਗਰਦੀ ਦੇ ਵਿਰੁੱਧ ਭਾਰਤ ਨੇ ਅੰਤਰਰਾਸ਼ਟਰੀ ਪੱਧਰ ’ਤੇ ਲੋਕ ਰਾਏ ਖੜ੍ਹੀ ਕੀਤੀ ਸੀ। ਉਦੋਂ ਨਹਿਰੂ ਦੀ ਪਛਾਣ ਵਿਸ਼ਵ ਪੱਧਰ ’ਤੇ ਇਕ ਨੇਤਾ ਵਜੋਂ ਬਣੀ ਸੀ, ਭਾਰਤ ਦਾ ਸਿਰ ਉੱਚਾ ਹੋਇਆ ਸੀ। ਅੱਜ ਦੁਨੀਆ ਉਹ ਸੱਚ ਸੁਣਨ ਲਈ ਸਪੇਨ ਦੇ ਪ੍ਰਧਾਨ ਮੰਤਰੀ ਦਾ ਬਿਆਨ ਸੁਣਦੀ ਹੈ, ਬ੍ਰਾਜ਼ੀਲ ਅਤੇ ਦੱਖਣੀ ਅਫ਼ਰੀਕਾ ਵੱਲ ਦੇਖਦੀ ਹੈ, ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਦੀ ਸ਼ਲਾਘਾ ਕਰਦੀ ਹੈ। ਭਾਰਤ ਵੱਲ ਕੋਈ ਨਹੀਂ ਦੇਖ ਰਿਹਾ। ‘ਵਿਸ਼ਵਗੁਰੂ’ ਅਤੇ ਦੁਨੀਆ ’ਚ ‘ਡੰਕਾ ਵੱਜਣ’ ਵਰਗੇ ਚੁਟਕਲਿਆਂ ’ਤੇ ਹੁਣ ਹੱਸਣ ਨੂੰ ਵੀ ਜੀਅ ਨਹੀਂ ਕਰਦਾ।
ਜਦੋਂ ਬੋਲਣਾ ਜ਼ਰੂਰੀ ਹੋਵੇ ਅਤੇ ਕਹਿਣ ਨੂੰ ਕੁਝ ਨਾ ਹੋਵੇ ਤਾਂ ਇਧਰ-ਉਧਰ ਦੀ ਗੱਲ ਕਰਨੀ ਪੈਂਦੀ ਹੈ। ਪ੍ਰਧਾਨ ਮੰਤਰੀ ਦੀ ਵੀ ਇਹੀ ਮਜਬੂਰੀ ਸੀ। ਮਨੁੱਖਤਾ ਦੇ ਹਿੱਤ ਦੀ ਅਮੂਰਤ ਗੱਲ, ਯੁੱਧ ਸ਼ੁਰੂ ਕਰਨ ਵਾਲਿਆਂ ਦਾ ਨਾਂ ਲਏ ਬਿਨਾਂ ਸ਼ਾਂਤੀ ਦੀ ਵਕਾਲਤ, ਸਭ ਧਿਰਾਂ ਨੂੰ ਤਣਾਅ ਘੱਟ ਕਰਨ ਦੀ ਖੋਖਲੀ ਅਪੀਲ। ਦੁਨੀਆ ਦੇ ਸੰਕਟ ’ਚ ਆਪਣੀ ਸੰਵੇਦਨਸ਼ੀਲਤਾ ਅਤੇ ਚੌਕਸੀ ਦੇ ਛੋਟੇ ਦਾਅਵੇ, ਮੰਨੋ ਭਾਰਤ ਦੀ ਚਿੰਤਾ ਦਾ ਦਾਇਰਾ ਹੁਣ ਸਿਰਫ਼ ਖਾੜੀ ’ਚ ਫਸੇ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਅਤੇ ਤੇਲ ਦੀ ਉਪਲਬਧਤਾ ਤੱਕ ਸੀਮਤ ਰਹਿ ਗਿਆ ਹੈ। ਉਸ ਦਾ ਵੇਰਵਾ ਦੇਣ ’ਚ ਵੀ ਸੱਚ ਤੋਂ ਕਿਫ਼ਾਇਤ ਕੀਤੀ—ਇਹ ਤਾਂ ਦੱਸਿਆ ਕਿ ਭਾਰਤ ਕੋਲ ਤੇਲ ਦਾ ਕਿੰਨਾ ਰਿਜ਼ਰਵ ਹੈ ਪਰ ਇਹ ਨਹੀਂ ਦੱਸਿਆ ਕਿ ਇਹ ਸਿਰਫ਼ ਇਕ ਹਫ਼ਤੇ ਲਾਇਕ ਹੈ। ਇਹ ਨਹੀਂ ਦੱਸਿਆ ਕਿ ਚੀਨ ਨੇ ਤਿੰਨ ਮਹੀਨੇ ਦਾ ਰਿਜ਼ਰਵ ਬਣਾਇਆ ਅਤੇ ਅਸੀਂ ਤਿੰਨ ਹਫ਼ਤੇ ਦਾ ਵੀ ਨਹੀਂ। ਤੇਲ ’ਚ ਈਥਾਨੌਲ ਪਾਉਣ ਦਾ ਸਿਹਰਾ ਤਾਂ ਲਿਆ ਪਰ ਇਹ ਨਹੀਂ ਦੱਸਿਆ ਕਿ ਪਿਛਲੇ 10 ਸਾਲਾਂ ’ਚ ਦੇਸ਼ ’ਚ ਤੇਲ ਲੱਭਣ ਵਾਲੀ ਕੰਪਨੀ ਓ. ਐੱਨ. ਜੀ. ਸੀ. ਦਾ ਭੱਠਾ ਕਿਸ ਨੇ ਬਿਠਾਇਆ।
ਜਦੋਂ ਪੂਰੀ ਦੁਨੀਆ ਦੇ ਸਾਹਮਣੇ ਵੱਡਾ ਸੰਕਟ ਹੋਵੇ ਅਤੇ ਇਕ ਨੇਤਾ ਦੇਸ਼ ਦੀ ਸਰਬੋਤਮ ਪੰਚਾਇਤ ’ਚ ਆਪਣੇ ਛੋਟੇ ਫ਼ਾਇਦੇ ਦੇ ਛੋਟੇ ਵੇਰਵੇ ਪੇਸ਼ ਕਰੇ, ਤਾਂ ਉਸ ਨਾਲ ਸਿਰਫ਼ ਉਸ ਦਾ ਕੱਦ ਛੋਟਾ ਨਹੀਂ ਹੁੰਦਾ। ਉਸ ਨਾਲ ਪੂਰੇ ਦੇਸ਼ ਦਾ ਮੱਥਾ ਨੀਵਾਂ ਹੁੰਦਾ ਹੈ।
—ਯੋਗੇਂਦਰ ਯਾਦਵ
ਕਦੋਂ ਕਿਸਾਨ ਫ਼ਖ਼ਰ ਨਾਲ ਕਹੇਗਾ, ‘ਮੇਰੀ ਔਲਾਦ ਵੀ ਕਿਸਾਨ ਬਣੇ’
NEXT STORY