ਹਾਲ ਹੀ ਵਿਚ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਦੋਵਾਂ ਨੇ ਬੇਤੁਕੀਆਂ ਗੱਲਾਂ ’ਤੇ ਬਹੁਤ ਸਾਰਾ ਸਮਾਂ ਅਤੇ ਜਗ੍ਹਾ ਬਰਬਾਦ ਕੀਤੀ ਹੈ। ਸਭ ਤੋਂ ਪਹਿਲਾਂ, ਇਹ ਕਾਂਗਰਸ ਬੁਲਾਰਨ ਸ਼ਮਾ ਮੁਹੰਮਦ ਸੀ ਜਿਸ ਨੇ ਅਚਾਨਕ ਟਿੱਪਣੀ ਕੀਤੀ ਕਿ ਭਾਰਤੀ ਕ੍ਰਿਕਟ ਕਪਤਾਨ ਰੋਹਿਤ ਸ਼ਰਮਾ ‘ਮੋਟਾ’ ਹੈ। ਇਕ ਅਜਿਹੀ ਟਿੱਪਣੀ, ਜਿਸ ’ਤੇ ਉਸ ਦੇ ਬਹੁਤ ਸਾਰੇ ਪ੍ਰਸ਼ੰਸਕਾਂ ਅਤੇ ਕਾਂਗਰਸ ਵਿਰੋਧੀ ਪਾਰਟੀਆਂ ਵੱਲੋਂ ਬਹੁਤ ਗੁੱਸੇ ਨਾਲ ਜਵਾਬੀ ਹਮਲਾ ਕੀਤਾ ਗਿਆ।
ਜਿਸ ਦਿਨ ਸ਼ਮਾ ਨੇ ਇਹ ਐਲਾਨ ਕੀਤਾ, ਉਸ ਤੋਂ ਪਹਿਲਾਂ ਭਾਰਤੀ ਟੀਮ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਸੀ। ਕੋਈ ਨਹੀਂ ਜਾਣਦਾ ਕਿ ਇਸ ਹੁਸ਼ਿਆਰ ਕੁੜੀ ਨੇ ਇਹ ਕਿਉਂ ਅਤੇ ਕਿਸ ਸੰਦਰਭ ਵਿਚ ਕਿਹਾ ਪਰ ਨਤੀਜਾ ਇਹ ਨਿਕਲਿਆ ਕਿ ਕਾਂਗਰਸ ਲੀਡਰਸ਼ਿਪ ਨੇ ਉਸ ਦੇ ਵਿਚਾਰਾਂ ਤੋਂ ਖੁਦ ਨੂੰ ਦੂਰ ਕਰ ਲਿਆ। ਜ਼ਾਹਿਰ ਹੈ ਕਿ ਇਸ ਨਾਲ ਭਵਿੱਖ ਦੀਆਂ ਚੋਣਾਂ ਵਿਚ ਵੋਟਾਂ ਦਾ ਨੁਕਸਾਨ ਹੋਣ ਵਾਲਾ ਸੀ! ਕ੍ਰਿਕਟ ਦੇ ਹੀਰੋ ਪਵਿੱਤਰ ਹੁੰਦੇ ਹਨ। ਕਿਸੇ ਨੂੰ ਵੀ ਉਨ੍ਹਾਂ ਬਾਰੇ ਕੁਝ ਵੀ ਨਕਾਰਾਤਮਕ ਕਹਿਣ ਦੀ ਇਜਾਜ਼ਤ ਨਹੀਂ ਹੈ, ਖਾਸ ਕਰਕੇ ਜੇ ਟੀਮ ਜਿੱਤਣ ਦੀ ਦੌੜ ’ਚ ਹੋਵੇ।
ਫਿਰ ਵੀ, ਇਕ ਵੀ ਹੀਰੋ ਭਗਤ ਇਹ ਸੋਚਣ ਲਈ ਨਹੀਂ ਰੁਕਿਆ ਕਿ ਬੁਲਾਰਨ ਨੇ ਜੋ ਟਿੱਪਣੀ ਕੀਤੀ ਉਹ ਸੱਚ ਸੀ ਜਾਂ ਝੂਠ! ਨਿੱਜੀ ਤੌਰ ’ਤੇ ਮੈਨੂੰ ਨਹੀਂ ਲੱਗਦਾ ਕਿ ‘ਮੋਟਾ’ ਸ਼ਬਦ ਸਾਡੇ ਕ੍ਰਿਕਟ ਕਪਤਾਨ ਲਈ ਢੁੱਕਵਾਂ ਹੈ। ਉਹ ਮੋਟਾ ਨਹੀਂ ਹੈ ਪਰ ਉਸ ਦਾ ਭਾਰ ਜ਼ਰੂਰ ਵਧ ਗਿਆ ਹੈ। ਖੈਰ, ਸ਼ਮਾ ਜਾਂ ਕੋਈ ਹੋਰ ਕੀ ਉਮੀਦ ਕਰ ਸਕਦਾ ਹੈ? ਜਿਵੇਂ-ਜਿਵੇਂ ਤੁਸੀਂ 40 ਦੇ ਨੇੜੇ ਪਹੁੰਚਦੇ ਹੋ, ਜਿਸ ਨੂੰ ਰੋਹਿਤ ਹੁਣ ਤੋਂ 2 ਜਾਂ 3 ਸਾਲਾਂ ਵਿਚ ਛੂਹਣ ਵਾਲਾ ਹੈ, ਮੱਧ-ਉਮਰ ’ਚ ਕਮਰ ਦੇ ਕੁਝ ਵਿਸਥਾਰ ਦੀ ਉਮੀਦ ਕੀਤੀ ਜਾ ਸਕਦੀ ਹੈ। ਰੋਹਿਤ ਦੇ ਸਾਥੀ ਵਿਰਾਟ ਕੋਹਲੀ ਵਰਗੇ ਬਹੁਤ ਘੱਟ ਉਤਸ਼ਾਹੀ ਅਟੱਲ ਵਰਤਾਰੇ ਤੋਂ ਬਚ ਸਕਦੇ ਹਨ।
ਉਸ ਪੱਧਰ ’ਤੇ ਤੰਦਰੁਸਤੀ ਦੀ ਪ੍ਰੀਖਿਆ ਇਹ ਨਿਰਧਾਰਤ ਕਰਨ ਲਈ ਹੁੰਦੀ ਹੈ ਕਿ ਕੀ ਵੱਡੀ ਉਮਰ ਦੇ ਕ੍ਰਿਕਟਰ ਦੇ ਪ੍ਰਤੀਬਿੰਬ ਉਸ ਦੀ ਟੀਮ ਦੇ ਨੌਜਵਾਨ ਮੈਂਬਰਾਂ ਦੇ ਪ੍ਰਤੀਬਿੰਬਾਂ ਵਾਂਗ ਹੀ ਚੰਗੇ ਹਨ ਜਾਂ ਨਹੀਂ। ਫੀਲਡਿੰਗ ਵਿਚ ਉਸ ਨੂੰ ਕਿਸੇ ਵੀ ਹੋਰ ਖਿਡਾਰੀ ਵਾਂਗ ਚੁਸਤ ਹੋਣ ਦੀ ਲੋੜ ਹੁੰਦੀ ਹੈ ਅਤੇ ਮੈਨੂੰ ਲੱਗਦਾ ਹੈ ਕਿ ਰੋਹਿਤ ਇਸ ਪ੍ਰੀਖਿਆ ’ਚ ਪਾਸ ਹੋ ਜਾਂਦਾ ਹੈ।
ਉਹ ਆਮ ਤੌਰ ’ਤੇ ਸਲਿੱਪ ਵਿਚ ਫੀਲਡਿੰਗ ਕਰਦਾ ਹੈ। ਉੱਥੇ, ਉਸ ਨੇ ਸਾਬਤ ਕਰ ਦਿੱਤਾ ਹੈ ਕਿ ਉਸ ਦੀ ਚੌਕਸੀ ਪਹਿਲਾਂ ਵਾਂਗ ਹੀ ਤੇਜ਼ ਹੈ। ਸਿਵਾਏ ਉਸ ਇਕ ਵਾਰ ਦੇ ਜਦੋਂ ਨਿਊਜ਼ੀਲੈਂਡ ਖਿਲਾਫ ਸੈਮੀਫਾਈਨਲ ਵਿਚ ਉਸ ਨੇ ਇਕ ਸਾਧਾਰਨ ਕੈਚ ਛੱਡਿਆ ਸੀ! ਉਸ ਨੇ ਫਾਈਨਲ ਗੇਮ ’ਚ ਵੀ ਇਕ ਕੈਚ ਛੱਡਿਆ ਪਰ ਅਜਿਹਾ ਇਸ ਲਈ ਹੋਇਆ ਕਿਉਂਕਿ ਉਹ ਆਪਣੀ ਉਚਾਈ ਕਾਰਨ ਉੱਚੀ ਛਾਲ ਨਹੀਂ ਮਾਰ ਸਕਦਾ ਸੀ।
ਜਿਵੇਂ-ਜਿਵੇਂ ਤੁਸੀਂ ਅੱਧਖੜ ਉਮਰ ਦੇ ਨੇੜੇ ਪਹੁੰਚਦੇ ਹੋ, ਇਕ ਹੋਰ ਖ਼ਤਰਨਾਕ ਸਥਿਤੀ ਹੁੰਦੀ ਹੈ ਜਿਸ ਬਾਰੇ ਤੁਹਾਨੂੰ ਚਿੰਤਾ ਕਰਨੀ ਪੈਂਦੀ ਹੈ ਅਤੇ ਉਹ ਹੈ ਨਜ਼ਰ। ਜੇਕਰ ਤੁਹਾਡੀਆਂ ਅੱਖਾਂ ਅਤੇ ਗੇਂਦ ਦਾ ਤਾਲਮੇਲ ਪ੍ਰਭਾਵਿਤ ਹੁੰਦਾ ਹੈ ਤਾਂ ਕੋਈ ਕੁਝ ਨਹੀਂ ਕਰ ਸਕਦਾ। ਤੁਹਾਡੇ ਅਤੇ ਮੇਰੇ ਵਰਗੇ ਆਮ ਲੋਕ ਅੱਖਾਂ ਦੇ ਮਾਹਿਰ ਕੋਲ ਜਾਣਗੇ ਅਤੇ ਐਨਕਾਂ ਲਗਵਾ ਲੈਣਗੇ। ਉਂਝ, ਮੈਂ ਕਿਸੇ ਵੀ ਜਾਣੇ-ਪਛਾਣੇ ਬੱਲੇਬਾਜ਼ ਨੂੰ ਇਸ ਤਰ੍ਹਾਂ ਦੀ ਐਨਕ ਲਾਉਂਦੇ ਨਹੀਂ ਦੇਖਿਆ। ਸ਼ੁਕਰ ਹੈ ਕਿ ਕੋਈ ਵੀ 40 ਸਾਲ ਤੋਂ ਵੱਧ ਨਹੀਂ ਹੋਇਆ।
ਦਰਅਸਲ, ਮੈਂ ਬਹੁਤ ਸਾਰੇ ਚੋਟੀ ਦੇ ਬੱਲੇਬਾਜ਼ਾਂ ਨੂੰ 35 ਸਾਲ ਦੀ ਉਮਰ ਤੋਂ ਵੱਧ ਟਿਕਦੇ ਨਹੀਂ ਦੇਖਿਆ ਪਰ ਭਾਰਤ ਖੁਸ਼ਕਿਸਮਤ ਹੈ। ਸਾਡੇ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਅਜੇ ਵੀ ਖੇਡ ਰਹੇ ਹਨ। ਪਿਛਲੇ ਐਤਵਾਰ ਦੁਬਈ ਵਿਚ ਸਮਾਪਤ ਹੋਏ ਵਨ ਡੇਅ ਇੰਟਰਨੈਸ਼ਨਲ ਮੈਚ ’ਚ (ਜੇਕਰ ਪਾਕਿਸਤਾਨੀ ਸਰਕਾਰ ਆਪਣੇ ਅੱਤਵਾਦੀ ਮਾਡਿਊਲ ਨੂੰ ਲਗਾਮ ਲਗਾਉਣ ਦੇ ਯੋਗ ਹੁੰਦੀ ਤਾਂ ਇਹ ਲਾਹੌਰ ਜਾਂ ਕਰਾਚੀ ਵਿਚ ਖੇਡਿਆ ਜਾਂਦਾ) ਰੋਹਿਤ ਅਤੇ ਵਿਰਾਟ ਦੋਵਾਂ ਨੇ ਟੀਮ ਦੀ ਸਫਲਤਾ ਵਿਚ ਮਹੱਤਵਪੂਰਨ ਯੋਗਦਾਨ ਪਾਇਆ, ਫਾਈਨਲ ਤੋਂ ਪਹਿਲਾਂ ਦੇ 2 ਮੈਚਾਂ ਵਿਚ ਵਿਰਾਟ ਨੇ ਅਤੇ ਚੈਂਪੀਅਨਜ਼ ਕੱਪ ਦੇ ਮਹੱਤਵਪੂਰਨ ਆਖਰੀ ਮੈਚ ਵਿਚ ਰੋਹਿਤ ਨੇ।
ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਕ੍ਰਿਕਟ ਪ੍ਰੇਮੀ ਭਾਰਤੀਆਂ ਦੇ ਪਸੰਦੀਦਾ ਖਿਡਾਰੀ ਹਨ। ਭਾਵੇਂ ਦੋਵਾਂ ਦੀ ਫਾਰਮ ਵਿਗੜ ਜਾਵੇ ਪਰ ਬੀ. ਸੀ. ਸੀ. ਆਈ. ਚੋਣਕਾਰ ਉਨ੍ਹਾਂ ਨੂੰ ਬਾਹਰ ਰੱਖਣ ਦੀ ਸਥਿਤੀ ਵਿਚ ਨਹੀਂ ਹਨ। ਇਨ੍ਹਾਂ ਦੋਵਾਂ ਦਿੱਗਜਾਂ ਨੂੰ ਆਪਣੇ ਸੰਨਿਆਸ ਦਾ ਫੈਸਲਾ ਖੁਦ ਹੀ ਲੈਣਾ ਪਵੇਗਾ।
ਇਹ ਫੈਸਲਾ ਸਿਰਫ਼ ਉਹ ਹੀ ਲੈ ਸਕਦੇ ਹਨ, ਚੋਣਕਾਰ ਨਹੀਂ ਅਤੇ ਨਿਸ਼ਚਿਤ ਤੌਰ ’ਤੇ ਸ਼ਮਾ ਮੁਹੰਮਦ ਨਹੀਂ, ਜਿਸ ਨੇ ਕ੍ਰਿਕਟ ਪ੍ਰਸ਼ੰਸਕਾਂ ਵਿਚ ਗੁੱਸਾ ਅਤੇ ਨਫ਼ਰਤ ਭੜਕਾਉਣ ਅਤੇ ਆਪਣੇ ਰਾਜਨੀਤਿਕ ਵਿਰੋਧੀਆਂ ਨੂੰ ਕੁੱਟਣ ਲਈ ਕਿਸੇ ਵੀ ਡੰਡੇ ਦੀ ਉਡੀਕ ਕਰ ਰਹੇ ਸਿਆਸਤਦਾਨਾਂ ਨੂੰ ਪ੍ਰੇਸ਼ਾਨ ਕੀਤਾ।
ਸਿਆਸਤਦਾਨਾਂ ਦੀ ਗੱਲ ਕਰੀਏ ਤਾਂ ਮੇਰੇ ਸ਼ਹਿਰ ਮੁੰਬਈ ਵਿਚ ਇਕ ਬਦਨਾਮ ਵਿਅਕਤੀ ਸਮਾਜਵਾਦੀ ਪਾਰਟੀ ਦਾ ਵਰਕਰ ਅਬੂ ਆਜ਼ਮੀ ਹੈ। ਉਸ ਦਾ ਨਾਂ 1992-93 ਵਿਚ ਮੁੰਬਈ ਪੁਲਸ ਕ੍ਰਾਈਮ ਬ੍ਰਾਂਚ ਦੀਆਂ ਫਾਈਲਾਂ ਵਿਚ ਆਇਆ ਸੀ, ਜਦੋਂ ਸ਼ਹਿਰ ਵਿਚ ਦੰਗੇ, ਸਾੜ-ਫੂਕ ਅਤੇ ਕਤਲ ਹੋ ਰਹੇ ਸਨ। ਉਸ ਸਮੇਂ ਮੇਰਾ ਦੋਸਤ, ਜੋ ਉਸ ਸਮੇਂ ਕ੍ਰਾਈਮ ਬ੍ਰਾਂਚ ਦਾ ਮੁਖੀ ਸੀ, ਉਸ ਦਾ ਪਿੱਛਾ ਕਰਨ ਵਿਚ ਰੁੱਝਿਆ ਹੋਇਆ ਸੀ।
ਅਚਾਨਕ ਅਬੂ ਆਜ਼ਮੀ ਨੇ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਇਕ ਚੰਗੇ ਚਰਿੱਤਰ ਦਾ ਸਰਟੀਫਿਕੇਟ ਦੇ ਦਿੱਤਾ, ਜਿਸ ਦੀ ਸਾਖ ਇਤਿਹਾਸ ਵਿਚ ਇਕ ਕੱਟੜਪੰਥੀ ਵਜੋਂ ਦਰਜ ਹੈ, ਜੋ ਗੱਦੀ ’ਤੇ ਬੈਠਣ ਲਈ ਮੰਦਰਾਂ ਨੂੰ ਤਬਾਹ ਕਰਨ ਅਤੇ ਆਪਣੇ ਹੀ ਭਰਾਵਾਂ ਦੇ ਕਤਲ ਦੀ ਸਾਜ਼ਿਸ਼ ਰਚਣ ’ਚ ਪਾਗਲ ਹੋ ਗਿਆ ਸੀ।
ਅਬੂ ਆਜ਼ਮੀ ਨੇ ਦਾਅਵਾ ਕੀਤਾ ਕਿ ਔਰੰਗਜ਼ੇਬ ਇਕ ਚੰਗਾ ਰਾਜਾ ਸੀ ਜਿਸ ਨੇ ਮੰਦਰ ਬਣਾਏ ਸਨ ਅਤੇ ਉਹ ਜ਼ਾਲਮ ਨਹੀਂ ਸੀ! ਉਸ ਨੇ ਕਿਹਾ ਕਿ ਜੋ ਵੀ ਉਸ ਬਾਰੇ ਬੇਰਹਿਮੀ ਦੱਸੀ ਗਈ, ਉਹ ਰਾਜ ਦੇ ਪ੍ਰਸ਼ਾਸਕ ਵਜੋਂ ਉਸ ਦੇ ਫਰਜ਼ਾਂ ਦੌਰਾਨ ਵਾਪਰੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਮਰਾਠਾ ਯੋਧਾ ਸ਼ਿਵਾਜੀ ਨਾਲ ਉਨ੍ਹਾਂ ਦੀ ਲੜਾਈ ਫਿਰਕੂ ਕਾਰਨਾਂ ਕਰਕੇ ਨਹੀਂ ਸੀ, ਸਗੋਂ ਸੱਤਾ ਹਾਸਲ ਕਰਨ ਲਈ ਸੀ।
ਉਨ੍ਹਾਂ ਦੇ ਇਸ ਬਿਆਨ ਨੂੰ ਮਹਾਰਾਸ਼ਟਰ ਵਿਚ ਸਰਗਰਮ ਸਾਰੀਆਂ ਸਿਆਸੀ ਪਾਰਟੀਆਂ ਨੇ ਉਠਾਇਆ। ਭਾਜਪਾ ਅਤੇ ਸ਼ਿਵ ਸੈਨਾ (ਵਾਈ. ਬੀ. ਟੀ. ਧੜੇ) ਨੇ ਇਸ ਦੀ ਸਭ ਤੋਂ ਵੱਧ ਨਿੰਦਾ ਕੀਤੀ। ਸ਼ਿਵਾਜੀ ਮਹਾਰਾਜ ਦੀ ਰਾਜ ਵਿਚ ਪੂਜਾ ਕੀਤੀ ਜਾਂਦੀ ਹੈ, ਖਾਸ ਕਰਕੇ ਮਰਾਠਿਆਂ ਵਲੋਂ, ਜਿਨ੍ਹਾਂ ਦੀ ਜਾਤੀ ਨਾਲ ਉਹ ਸਬੰਧਤ ਸਨ। ਇਹ ਹੰਗਾਮਾ ਕੁਝ ਦਿਨ ਜਾਰੀ ਰਿਹਾ।
ਅਬੂ ਆਜ਼ਮੀ ਦੀਆਂ ਅਜੀਬ ਟਿੱਪਣੀਆਂ ਤੋਂ ਪੈਦਾ ਹੋਏ ਹੰਗਾਮੇ ਨੇ ਸ਼ਿਵਾਜੀ ਦੇ ਇਕ ਸਿੱਧੇ ਵੰਸ਼ਜ ਨੂੰ ਮਹਾਰਾਸ਼ਟਰ ਵਿਚ ਰਾਜ ਦੇ ਪ੍ਰਤੀਕਾਂ ਦੀ ਮਾਣਹਾਨੀ ਨੂੰ ਰੋਕਣ ਅਤੇ ਅਪਰਾਧ ਨੂੰ ਗੈਰ-ਜ਼ਮਾਨਤੀ ਬਣਾਉਣ ਲਈ ਕਾਨੂੰਨ ਦੀ ਮੰਗ ਕਰਨ ਲਈ ਪ੍ਰੇਰਿਤ ਕੀਤਾ।
ਅਜਿਹਾ ਕਾਨੂੰਨ ਸੰਵਿਧਾਨ ਵਿਚ ਦਰਜ ਪ੍ਰਗਟਾਵੇ ਦੀ ਆਜ਼ਾਦੀ ਦੇ ਸਿਧਾਂਤ ’ਤੇ ਕੰਮ ਕਰੇਗਾ। ਇਸ ਤੋਂ ਇਲਾਵਾ ਭਾਰਤ ਵਿਚ ਇਤਿਹਾਸਕਾਰਾਂ ਅਤੇ ਖੋਜਕਰਤਾਵਾਂ ਦੀ ਫੌਜ ਆਈਕਨ ਦੀਆਂ ਅਲਮਾਰੀਆਂ ਵਿਚ ਲੁਕੇ ਭੇਤਾਂ ਨੂੰ ਉਜਾਗਰ ਕਰਨ ਦੇ ਡਰ ਵਿਚ ਰਹੇਗੀ, ਜਿਸ ਦੇ ਪ੍ਰਕਾਸ਼ਿਤ ਕਰਨ ’ਤੇ ਉਨ੍ਹਾਂ ਨੂੰ ਜੇਲ੍ਹ ਹੋ ਜਾਵੇਗੀ! ਅਤੇ ਇਹ ਲਾਜ਼ਮੀ ਤੌਰ ’ਤੇ ਦੇਸ਼ ਨੂੰ ਇਕ ਪੁਲਸ ਰਾਜ ਵਿਚ ਬਦਲ ਦੇਵੇਗਾ। ਸ਼ਮਾ ਮੁਹੰਮਦ ਅਤੇ ਅਬੂ ਆਜ਼ਮੀ ਨੇ ਸੱਤਾਧਾਰੀ ਗੱਠਜੋੜ ਨੂੰ ਇਨ੍ਹਾਂ ਮਹੱਤਵਪੂਰਨ ਮੁੱਦਿਆਂ ਵਲੋਂ ਲੋਕਾਂ ਦਾ ਧਿਆਨ ਹਟਾਉਣ ਵਿਚ ਮਦਦ ਕੀਤੀ।
ਜੂਲੀਓ ਰਿਬੈਰੋ (ਸਾਬਕਾ ਡੀ.ਜੀ.ਪੀ. ਪੰਜਾਬ ਅਤੇ ਸਾਬਕਾ ਆਈ.ਪੀ.ਐੱਸ. ਅਧਿਕਾਰੀ)
ਭਾਰਤ ’ਚ ਕੱਪੜਾ ਖੇਤਰ ਦਾ ਇਨਕਲਾਬ : ਇਕ ਉੱਭਰ ਰਹੇ ਖਪਤਕਾਰ ਪਾਵਰਹਾਊਸ ਦੀ ਗਾਥਾ
NEXT STORY