ਇਕ ਦਹਾਕਾ ਪਹਿਲਾਂ ਭਾਰਤ ਦੀ ਆਬਾਦੀ ਲਗਭਗ 125 ਕਰੋੜ ਸੀ। ਖਪਤਕਾਰਾਂ ਦਾ ਖਰਚ ਮੁੱਖ ਤੌਰ ’ਤੇ ਇੱਛਾ ਦੀ ਬਜਾਏ ਜ਼ਰੂਰਤ ਵਲੋਂ ਚਲਾਇਆ ਜਾਂਦਾ ਸੀ। ਖਰੀਦਦਾਰੀ ਦਾ ਅੰਦਾਜ਼ਾ ਲਾਉਣਾ ਬਹੁਤ ਹੀ ਸੌਖਾ ਸੀ। ਤਿਉਹਾਰਾਂ ਲਈ ਨਵੇਂ ਕੱਪੜਿਆਂ, ਧਿਆਨ ਨਾਲ ਯੋਜਨਾਬੱਧ ਖਰਚ ਅਤੇ ਫਜ਼ੂਲਖਰਚੀ ਦੀ ਬਜਾਏ ਬੱਚਤ ’ਤੇ ਧਿਆਨ ਕੇਂਦ੍ਰਿਤ ਕੀਤਾ ਜਾਂਦਾ ਸੀ। ਲਗਜ਼ਰੀ ਬ੍ਰਾਂਡਾਂ ਦੀ ਦੂਰੋਂ ਪ੍ਰਸ਼ੰਸਾ ਕੀਤੀ ਜਾਂਦੀ ਸੀ। ਉੱਚ ਸ਼੍ਰੇਣੀ ਦਾ ਫੈਸ਼ਨ ਸਿਰਫ਼ ਕੁਲੀਨ ਵਰਗ ਤੱਕ ਹੀ ਸੀਮਤ ਸੀ। ਅੱਜ ਦੇਸ਼ ਦੀ ਆਬਾਦੀ ਲਗਭਗ 142 ਕਰੋੜ ਤੱਕ ਪਹੁੰਚ ਗਈ ਹੈ। ਮੱਧ ਵਰਗ ਤੇਜ਼ੀ ਨਾਲ ਵਧ ਰਿਹਾ ਹੈ। ਉਹੀ ਪਰਿਵਾਰ ਭਰੋਸੇ ਨਾਲ ਪ੍ਰੀਮੀਅਮ ਸਟੋਰ ਵਿਚ ਕਦਮ ਰੱਖਦਾ ਹੈ। ਉਹੀ ਪਰਿਵਾਰ ਆਸਾਨੀ ਨਾਲ ਆਨਲਾਈਨ ਖਰੀਦਦਾਰੀ ਕਰਦਾ ਹੈ। ਇੰਨਾ ਹੀ ਨਹੀਂ, ਉਹ ਆਪਣੀ ਜ਼ਿੰਦਗੀ ਦੇ ਕਈ ਮੌਕਿਆਂ ਨੂੰ ਜਸ਼ਨਾਂ ਵਜੋਂ ਦੇਖਦਾ ਹੈ। ਭਾਰਤ ਹੁਣ ਨਾ ਸਿਰਫ਼ ਅੱਗੇ ਵਧ ਰਿਹਾ ਹੈ, ਸਗੋਂ ਖੁਸ਼ਹਾਲ ਵੀ ਹੋ ਰਿਹਾ ਹੈ। ਵਧਦੀ ਖਰੀਦ ਸ਼ਕਤੀ, ਵਿਕਸਤ ਹੋ ਰਹੀ ਖਪਤਕਾਰ ਮਾਨਸਿਕਤਾ ਅਤੇ ਆਖਰੀ-ਮੀਲ ਡਿਜੀਟਲ ਕੁਨੈਕਟਿਵਿਟੀ ਇਸ ਬਦਲਾਅ ਦੇ ਤਿੰਨ ਮੁੱਖ ਚਾਲਕ ਹਨ। ਆਰਥਿਕ ਸੁਧਾਰ ਬੇਮਿਸਾਲ ਰਿਹਾ ਹੈ। ਇਸ ਨੂੰ ਵਧਦੀ ਆਮਦਨ, ਸਰਕਾਰ-ਸਮਰਥਿਤ ਨਿਰਮਾਣ ਪਹਿਲਕਦਮੀਆਂ ਅਤੇ ਡਿਜੀਟਲ ਤੌਰ ’ਤੇ ਸਸ਼ਕਤ ਭਾਰਤ ਰਾਹੀਂ ਖੰਭ ਲੱਗੇ ਹਨ। ‘ਆਤਮਨਿਰਭਰ ਭਾਰਤ’ ਯੋਜਨਾ 2020 ਵਿਚ ਸ਼ੁਰੂ ਕੀਤੀ ਗਈ ਸੀ। ਇਸ ਦ੍ਰਿਸ਼ਟੀਕੋਣ ਨੇ ਸਵੈ-ਨਿਰਭਰਤਾ ਦੀ ਨੀਂਹ ਰੱਖੀ।
ਇਸ ਨੂੰ ਉਤਪਾਦਨ-ਲਿੰਕਡ ਇੰਸੈਂਟਿਵ (ਪੀ. ਐੱਲ. ਆਈ.) ਸਕੀਮ ਅਤੇ ਪੀ. ਐੱਮ. ਮਿੱਤਰ ਟੈਕਸਟਾਈਲ ਪਾਰਕਾਂ ਨਾਲ ਹੋਰ ਮਜ਼ਬੂਤ ਕੀਤਾ ਗਿਆ। ਜਿਵੇਂ-ਜਿਵੇਂ ਨਿਰਮਾਣ ਵਿਚ ਤੇਜ਼ੀ ਆਈ, ਰੁਜ਼ਗਾਰ ਪੈਦਾ ਹੋਇਆ ਅਤੇ ਇਸਦੇ ਨਾਲ, ਖਰਚਣਯੋਗ ਆਮਦਨ ਵਿਚ ਵਾਧਾ ਹੋਇਆ। ਨਤੀਜੇ ਵਜੋਂ, ਭਾਰਤੀਆਂ ਦੇ ਖਰਚ ਕਰਨ ਦੇ ਢੰਗ ਬਦਲ ਗਏ। ਖਪਤ ਹੁਣ ਭਾਰਤ ਦੀ ਵਿਕਾਸ ਕਹਾਣੀ ਦੇ ਕੇਂਦਰ ਵਿਚ ਹੈ, ਜੋ ਕਿ ਕੱਪੜਾ ਖੇਤਰ ਨੂੰ ਇਕ ਸੁਨਹਿਰੀ ਯੁੱਗ ਵਿਚ ਲੈ ਜਾਣ ਲਈ ਤਿਆਰ ਹੈ। ਪਿਛਲੇ ਕੁਝ ਸਾਲਾਂ ਤੋਂ, ਇੱਛਾਵਾਂ ਅਸਲੀਅਤ ਤੋਂ ਕਿਤੇ ਵਧ ਗਈਆਂ ਹਨ। ਲੋਕਾਂ ਨੇ ਸਖ਼ਤ ਮਿਹਨਤ ਕੀਤੀ, ਵੱਡੇ ਸੁਪਨੇ ਦੇਖੇ, ਪਰ ਮੌਕੇ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਲੱਗੇ। ਫਿਰ ਇਕ ਦਹਾਕੇ ਦੀ ਨੀਤੀ-ਆਧਾਰਿਤ ਤਬਦੀਲੀ ਨੇ ਇੱਛਾਵਾਂ ਨੂੰ ਪ੍ਰਾਪਤੀ ਵਿਚ ਬਦਲ ਦਿੱਤਾ। ਬੁਨਿਆਦੀ ਢਾਂਚੇ ਦਾ ਵਿਸਥਾਰ ਹੋਇਆ, ਡਿਜੀਟਲ ਇੰਡੀਆ ਨੇ ਰੂਪ ਧਾਰਨ ਕੀਤਾ ਅਤੇ ਆਰਥਿਕ ਸੁਧਾਰ ਠੋਸ ਵਿਕਾਸ ਦਾ ਇੰਜਣ ਬਣ ਗਏ। ਇਸ ਦੇ ਪ੍ਰਭਾਵ ਨੇ ਭਾਰਤ ਨੂੰ ਆਤਮ-ਵਿਸ਼ਵਾਸੀ ਖਪਤਕਾਰਾਂ ਦੇ ਦੇਸ਼ ਵਿਚ ਬਦਲ ਦਿੱਤਾ ਹੈ ਜੋ ਗੁਣਵੱਤਾ, ਸ਼ੈਲੀ ਅਤੇ ਸਹੂਲਤ ਨੂੰ ਅਪਣਾਉਣ ਲਈ ਤਿਆਰ ਹਨ। ਆਮਦਨ ਵਿਚ ਵਾਧਾ ਹੋਇਆ ਹੈ। ਪ੍ਰਤੀ ਵਿਅਕਤੀ ਆਮਦਨ 2014-15 ਵਿਚ 72,805 ਰੁਪਏ ਤੋਂ ਵਧ ਕੇ 2023-24 ਵਿਚ 1.88 ਲੱਖ ਰੁਪਏ ਹੋ ਗਈ ਹੈ ਅਤੇ 2030 ਤੱਕ ਇਸ ਦੇ 3.5 ਲੱਖ ਰੁਪਏ ਤੱਕ ਪਹੁੰਚਣ ਦਾ ਅੰਦਾਜ਼ਾ ਹੈ। ਅੱਜ, 6 ਕਰੋੜ ਭਾਰਤੀ ਸਾਲਾਨਾ 8.3 ਲੱਖ ਰੁਪਏ ਤੋਂ ਵੱਧ ਕਮਾਉਂਦੇ ਹਨ-ਜੋ ਕਿ 2015 ਦੀ ਗਿਣਤੀ ਨਾਲੋਂ ਦੁੱਗਣੇ ਤੋਂ ਵੀ ਵੱਧ ਹੈ। ਇਹ ਵਧਦੀ ਖੁਸ਼ਹਾਲੀ ਫੈਸ਼ਨ, ਕੱਪੜਿਆਂ ਅਤੇ ਜੀਵਨ-ਸ਼ੈਲੀ ਉਤਪਾਦਾਂ ਦੀ ਬੇਮਿਸਾਲ ਮੰਗ ਨੂੰ ਵਧਾ ਰਹੀ ਹੈ। 2027 ਤੱਕ, ਭਾਰਤ ਚੌਥਾ ਸਭ ਤੋਂ ਵੱਡਾ ਖਪਤਕਾਰ ਟਿਕਾਊ ਬਾਜ਼ਾਰ ਹੋਵੇਗਾ, ਜੋ ਨਾ ਸਿਰਫ਼ ਕਿਫਾਇਤੀ ਸਮਰੱਥਾ ਵਲੋਂ ਪ੍ਰੇਰਿਤ ਹੋਵੇਗਾ, ਸਗੋਂ ਇੱਛਾਵਾਂ ਤੋਂ ਵੀ ਪ੍ਰੇਰਿਤ ਹੋਵੇਗਾ।
ਭਾਰਤ ਦੀ ਫੈਸ਼ਨ ਕ੍ਰਾਂਤੀ-ਰਵਾਇਤ ਦਾ ਇੱਛਾਵਾਂ ਨਾਲ ਮਿਲਾਪ : ਕਦੇ ਪੱਛਮੀ ਸੰਕਲਪ, ਹੁਣ ਤੇਜ਼ ਫੈਸ਼ਨ ਨੌਜਵਾਨ ਭਾਰਤੀਆਂ ਲਈ ਜੀਵਨ ਦਾ ਇਕ ਤਰੀਕਾ ਹੈ। ਜੋ ਕਦੇ ਵਿਸ਼ੇਸ਼ ਸੀ ਉਹ ਹੁਣ ਪਹੁੰਚ ਵਿਚ ਹੈ। ਇਸ ਦਾ ਸਿਹਰਾ ਜ਼ੂਡੀਓ, ਰਿਲਾਇੰਸ ਟ੍ਰੈਂਡਸ ਅਤੇ ਸ਼ੀਨ ਵਰਗੇ ਬ੍ਰਾਂਡਾਂ ਨੂੰ ਜਾਂਦਾ ਹੈ। ਇਹ ਬ੍ਰਾਂਡ 10 ਬਿਲੀਅਨ ਡਾਲਰ ਦੇ ਉਦਯੋਗ ਨੂੰ ਬੜ੍ਹਾਵਾ ਦੇ ਰਹੇ ਹਨ। ਇਹ ਕਾਰੋਬਾਰ 2030 ਤੱਕ 50 ਬਿਲੀਅਨ ਡਾਲਰ ਤੱਕ ਪਹੁੰਚਣ ਦੀ ਉਮੀਦ ਹੈ ਪਰ ਇਹ ਤਬਦੀਲੀ ਸਿਰਫ਼ ਕਿਫਾਇਤੀ ਹੋਣ ਬਾਰੇ ਨਹੀਂ ਹੈ - ਤੇਜ਼ ਫੈਸ਼ਨ ਦੇ ਨਾਲ-ਨਾਲ ਲਗਜ਼ਰੀ ਅਤੇ ਵਿਰਾਸਤੀ ਕੱਪੜੇ ਵੀ ਵਧ-ਫੁੱਲ ਰਹੇ ਹਨ। ਜਿਵੇਂ-ਜਿਵੇਂ 2027 ਤੱਕ ਖਾਹਿਸ਼ੀ ਪਰਿਵਾਰ 100 ਮਿਲੀਅਨ ਦੇ ਅੰਕੜੇ ਨੂੰ ਪਾਰ ਕਰ ਜਾਣਗੇ, ਹੱਥ ਨਾਲ ਬਣੇ ਕੱਪੜੇ, ਰੇਸ਼ਮ ਦੀਆਂ ਸਾੜ੍ਹੀਆਂ ਅਤੇ ਹਾਈ-ਐਂਡ (ਉੱਚ ਸ਼੍ਰੇਣੀ) ਦੇ ਡਿਜ਼ਾਈਨਰ ਪਹਿਰਾਵੇ ਮੁੜ ਉੱਭਰ ਰਹੇ ਹਨ। ਲਗਜ਼ਰੀ ਅਤੇ ਵਿਰਾਸਤ-ਪਹਿਲਾਂ ਨਾਲੋਂ ਕਿਤੇ ਜ਼ਿਆਦਾ ਪਹੁੰਚਯੋਗ : ਭਾਰਤੀ ਵਿਆਹ ਹਮੇਸ਼ਾ ਸ਼ਾਨਦਾਰ ਰਹੇ ਹਨ ਪਰ ਅੱਜ ਉਹ ਖਰਬਾਂ ਡਾਲਰਾਂ ਦੀ ਆਰਥਿਕ ਤਾਕਤ ਹਨ। 45 ਬਿਲੀਅਨ ਡਾਲਰ ਦਾ ਵਿਆਹ ਉਦਯੋਗ ਰਵਾਇਤੀ ਬੁਣਾਈ ਸਮੂਹਾਂ ਵਿਚ ਨਵੀਂ ਜਾਨ ਪਾ ਰਿਹਾ ਹੈ। ਇਸ ਵਿਚ, ਪਰਿਵਾਰ ਵੱਡੇ ਪੱਧਰ ’ਤੇ ਉਤਪਾਦਨ ਦੀ ਬਜਾਏ ਕਲਾਤਮਕਤਾ ਨੂੰ ਚੁਣ ਰਹੇ ਹਨ। ਲਗਜ਼ਰੀ ਹੁਣ ਲੇਬਲਾਂ ਬਾਰੇ ਨਹੀਂ ਹੈ, ਇਹ ਵਿਰਾਸਤ ਬਾਰੇ ਹੈ। ਲਾੜਾ ਅਤੇ ਲਾੜੀ ਵਿਸ਼ੇਸ਼ਤਾ ਨੂੰ ਚੁਣ ਰਹੇ ਹਨ। ਉਹ ਹੱਥ ਨਾਲ ਬੁਣੇ ਹੋਏ ਬਨਾਰਸੀ ਰੇਸ਼ਮ, ਗੁੰਝਲਦਾਰ ਕਾਂਜੀਵਰਮ ਅਤੇ ਭਾਰਤ ਦੀ ਅਮੀਰ ਟੈਕਸਟਾਈਲ (ਕੱਪੜਾ) ਵਿਰਾਸਤ ਦਾ ਜਸ਼ਨ ਮਨਾਉਣ ਵਾਲੇ ਡਿਜ਼ਾਈਨਾਂ ਦੀ ਇਕ ਚੋਣ ਕਰ ਰਹੇ ਹਨ।
ਪਰ ਬਦਲਾਅ ਸਿਰਫ਼ ਕੱਪੜਿਆਂ ਤੱਕ ਹੀ ਸੀਮਤ ਨਹੀਂ ਹੈ। ਜਿਵੇਂ-ਜਿਵੇਂ ਭਾਰਤ ਦੀ ਆਰਥਿਕਤਾ ਵਧਦੀ ਹੈ, ਸੁੰਦਰਤਾ ਦੀ ਇੱਛਾ ਵੀ ਵਧਦੀ ਜਾਂਦੀ ਹੈ। ਵਿੱਤੀ ਸਾਲ 2019-23 ਦੇ ਵਿਚਕਾਰ ਰੀਅਲ ਅਸਟੇਟ ਦੀਆਂ ਕੀਮਤਾਂ ਵਿਚ 30 ਫੀਸਦੀ ਦਾ ਵਾਧਾ ਹੋਇਆ ਹੈ, ਅਤੇ ਵੱਡੇ, ਵਧੇਰੇ ਆਧੁਨਿਕ ਘਰਾਂ ਦੇ ਨਾਲ ਹੱਥ ਨਾਲ ਬਣੇ ਸਜਾਵਟੀ ਸਾਮਾਨ, ਡਿਜ਼ਾਈਨਰ ਫਰਨੀਚਰ ਅਤੇ ਵਿਰਾਸਤੀ ਸਜਾਵਟ ਦੀ ਮੰਗ ਵਧ ਗਈ ਹੈ। ਆਧੁਨਿਕ ਘਰ ਹੁਣ ਭਾਰਤੀ ਕਾਰੀਗਰੀ ਦਾ ਪ੍ਰਦਰਸ਼ਨ ਬਣ ਗਏ ਹਨ। ਨਤੀਜੇ ਵਜੋਂ, ਹੱਥ ਨਾਲ ਬਣੇ ਕੱਪੜਿਆਂ ਦੀ ਮੰਗ ਫੈਸ਼ਨ ਤੋਂ ਪਰ੍ਹੇ ਅੰਦਰੂਨੀ ਸਜਾਵਟ ਅਤੇ ਲਗਜ਼ਰੀ ਰਹਿਣ-ਸਹਿਣ ’ਚ ਵਧ ਰਹੀ ਹੈ। ਭਾਰਤ ਦੀ ਗਲੋਬਲ ਫੈਸ਼ਨ ਲੀਡਰਸ਼ਿਪ ਦੀ ਸ਼ੁਰੂਆਤ : ਭਾਰਤ ਦਾ ਕੱਪੜਾ ਉਦਯੋਗ ਹੁਣ ਸਿਰਫ਼ ਉਤਪਾਦਨ ਬਾਰੇ ਨਹੀਂ ਰਿਹਾ। ਇਹ ਨਵੀਨਤਾ, ਡਿਜ਼ਾਈਨ ਅਤੇ ਵਿਸ਼ਵਵਿਆਪੀ ਪ੍ਰਭਾਵ ਬਾਰੇ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ, ‘ਮੇਕ ਇਨ ਇੰਡੀਆ’ ‘ਡਿਜ਼ਾਈਨ ਇਨ ਇੰਡੀਆ’ ਵਿਚ ਵਿਕਸਤ ਹੋਇਆ ਹੈ, ਜਿੱਥੇ ਭਾਰਤੀ ਰਚਨਾਤਮਕਤਾ ਅੰਤਰਰਾਸ਼ਟਰੀ ਫੈਸ਼ਨ ਨੂੰ ਆਕਾਰ ਦਿੰਦੀ ਹੈ। ਖੋਜ ਅਤੇ ਵਿਕਾਸ ਅਤੇ ਇਕ ਪ੍ਰਫੁੱਲਿਤ ਸਟਾਰਟਅੱਪ ਈਕੋ-ਸਿਸਟਮ ਨੂੰ ਉਤਸ਼ਾਹਿਤ ਕਰਨ ’ਤੇ ਸਰਕਾਰ ਦਾ ਧਿਆਨ ਬੇਮਿਸਾਲ ਆਰਥਿਕ ਵਿਕਾਸ ਲਈ ਰਾਹ ਪੱਧਰਾ ਹੋਇਆ ਹੈ। ਤਿੰਨ ਟੀ - ਟੈਕਸਟਾਈਲ (ਕੱਪੜਾ), ਸੈਰ-ਸਪਾਟਾ ਅਤੇ ਤਕਨਾਲੋਜੀ ’ਤੇ ਕੰਮ ਕਰ ਕੇ, ਸਾਡਾ ਦੇਸ਼ ਹੁਣ ਇਕ ਵਿਕਸਤ ਭਾਰਤ ਦੀ ਨੀਂਹ ਰੱਖ ਰਿਹਾ ਹੈ। ਪਰ ਇਹ ਤਾਂ ਸਿਰਫ਼ ਸ਼ੁਰੂਆਤ ਹੈ। ਨਵਾਂ ਭਾਰਤ ਮੌਕਿਆਂ ਦੀ ਉਡੀਕ ਨਹੀਂ ਕਰਦਾ ਸਗੋਂ ਉਨ੍ਹਾਂ ਨੂੰ ਸਿਰਜਦਾ ਹੈ। ਫੈਸ਼ਨ ਹੁਣ ਸਿਰਫ਼ ਇਕ ਜਨੂੰਨ ਨਹੀਂ ਰਿਹਾ। ਇਹ ਇਕ ਕਰੀਅਰ ਬਣ ਗਿਆ ਹੈ। ਨੌਜਵਾਨ ਭਾਰਤੀ ਸਿਰਫ਼ ਰੁਝਾਨਾਂ ਦੀ ਪਾਲਣਾ ਹੀ ਨਹੀਂ ਕਰ ਰਹੇ ਹਨ, ਸਗੋਂ ਉਨ੍ਹਾਂ ਨੂੰ ਸਥਾਪਤ ਵੀ ਕਰ ਰਹੇ ਹਨ, ਉਹ ਬ੍ਰਾਂਡ ਲਾਂਚ ਕਰ ਰਹੇ ਹਨ, ਕਾਰੋਬਾਰ ਬਣਾ ਰਹੇ ਹਨ ਅਤੇ ਆਰਥਿਕਤਾ ਨੂੰ ਆਕਾਰ ਦੇ ਰਹੇ ਹਨ।
ਗਿਰੀਰਾਜ ਸਿੰਘ (ਕੇਂਦਰੀ ਕੱਪੜਾ ਮੰਤਰੀ)
ਆਜ਼ਾਦੀ ਦੇ 77 ਸਾਲ ਬਾਅਦ ਵੀ ਜਾਰੀ ਹੈ ਦੇਸ਼ ਦੇ ਕੁਝ ਹਿੱਸਿਆਂ ’ਚ ਨਰ ਬਲੀ ਦੀ ਬੁਰੀ ਪ੍ਰਥਾ
NEXT STORY