‘ਪ੍ਰਾਣ ਪ੍ਰਤਿਸ਼ਠਾ’ ਦਾ ਧਾਰਮਿਕ ਆਯੋਜਨ ਸੰਪੂਰਨ ਹੋ ਗਿਆ ਹੈ। ਰਾਮ ਜੀ ਦੇ ਪੈਰੋਕਾਰਾਂ ਨੇ ਸੰਸਾਰ ਭਰ ’ਚ ਟੀ. ਵੀ. ਚੈਨਲਾਂ ਰਾਹੀਂ ਇਸ ਦਾ ਸਿੱਧਾ ਪ੍ਰਸਾਰਣ ਦੇਖਿਆ ਤੇ ਖੁਸ਼ੀਆਂ ਮਨਾਈਆਂ। ਭਾਰਤ ਸਮੇਤ ਦੁਨੀਆ ਭਰ ’ਚ ਆਪੋ-ਆਪਣੇ ਧਰਮਾਂ ਨਾਲ ਜੁੜੇ ਧਾਰਮਿਕ ਸਮਾਗਮਾਂ ਤੇ ਮਰਿਆਦਾਵਾਂ ਪ੍ਰਤੀ ਆਸਥਾ ਰੱਖਣ ਵਾਲੇ ਜਨਸਮੂਹਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਸ ਦਾ ਇਕ ਕਾਰਨ ਦੈਵੀ ਸ਼ਕਤੀਆਂ ਨਾਲ ਮਨ ਦੇ ਸੁਮੇਲ ਰਾਹੀਂ ਅਸ਼ਾਂਤ ਮਨ ਨੂੰ ਸ਼ਾਂਤ ਬਣਾਈ ਰੱਖਣ ਦੀ ਕੋਸ਼ਿਸ਼ ਹੈ ਪਰ, ਇਸ ਤੋਂ ਵੀ ਜ਼ਿਆਦਾ ਇਹ ਸੰਸਾਰਕ ਦੁੱਖਾਂ-ਦਰਦਾਂ, ਪ੍ਰੇਸ਼ਾਨੀਆਂ ਤੇ ਆਰਥਿਕ ਤੰਗੀਆਂ ਤੋਂ ਛੁਟਕਾਰਾ ਹਾਸਲ ਕਰਨ ਲਈ (ਭਾਵੇਂ ਥੋੜ੍ਹਚਿਰਾ ਹੀ ਸਹੀ) ਮਨੁੱਖ ਦੀ ਆਪਣੇ ਆਪ ਨੂੰ ਧਾਰਮਿਕ ਰੰਗ ’ਚ ਰੰਗਣ ਦੀ ਕਵਾਇਦ ਹੈ।
ਜਿਸ ਰਫ਼ਤਾਰ ਨਾਲ ਸਮਾਜ ’ਚ ਭੁੱਖਮਰੀ, ਗਰੀਬੀ, ਬੇਰੋਜ਼ਗਾਰੀ, ਕੁਪੋਸ਼ਣ, ਬੀਮਾਰੀਆਂ ਆਦਿ ਦਾ ਵਾਧਾ ਹੋ ਰਿਹਾ ਹੈ, ਉਸੇ ਅਨੁਪਾਤ ਨਾਲ ਧਰਮਾਂ ਪ੍ਰਤੀ ਸ਼ਰਧਾ ਦਾ ਗ੍ਰਾਫ ਵੀ ਨਿਰੰਤਰ ਉਪਰ ਵੱਲ ਜਾ ਰਿਹਾ ਹੈ। ਭਾਰਤੀ ਸਮਾਜ ਦੇ ਬਹੁਗਿਣਤੀ ਲੋਕਾਂ ਦੀ ਇਹ ਤਮੰਨਾ ਸੀ ਜਾਂ ਆਖ ਲਓ ਕਿ ਕੁਝ ਕੁ ਰਾਜਸੀ ਦਲਾਂ ਤੇ ਉਨ੍ਹਾਂ ਦੀਆਂ ਸਹਿਯੋਗੀ ਧਾਰਮਿਕ ਸੰਸਥਾਵਾਂ ਵਲੋਂ ਧੂੰਆਂਧਾਰ ਪ੍ਰਚਾਰ ਰਾਹੀਂ ਲੋਕ ਮਨਾਂ ’ਚ ਅਜਿਹੀ ਪ੍ਰਬਲ ਇੱਛਾ ਪੈਦਾ ਕਰ ਦਿੱਤੀ ਗਈ ਕਿ ਉਹ ਅਯੁੱਧਿਆ ’ਚ ਰਾਮ ਮੰਦਰ ਦੀ ਉਸਾਰੀ ਤੇ ਉਸ ’ਚ ਸ਼੍ਰੀ ਰਾਮ ਜੀ ਦੀ ਮੂਰਤੀ ਸਥਾਪਿਤ ਹੋਈ ਦੇਖਣ ਲਈ ਉਤਾਵਲੇ ਹੋ ਉੱਠੇ।
ਕੁਝ ਮਹੀਨਿਆਂ ਤੋਂ ਸਾਰੇ ਪ੍ਰਚਾਰ ਮਾਧਿਅਮਾਂ ਰਾਹੀਂ ਸ਼੍ਰੀ ਰਾਮ ਜੀ ਨਾਲ ਸਬੰਧਤ ਕਹਾਣੀਆਂ/ਕਥਾਵਾਂ ਦਾ ਜ਼ੋਰਦਾਰ ਪ੍ਰਚਾਰ ਕੀਤਾ ਗਿਆ। ਜਾਪਦਾ ਸੀ ਜਿਵੇਂ ਦੇਸ਼-ਦੁਨੀਆ ਅੰਦਰ ਇਸਦੇ ਮੁਕਾਬਲੇ ’ਚ ਹੋਰ ਕੋਈ ਮਸਲਾ ਜਾਂ ਘਟਨਾ ਹੈ ਹੀ ਨਹੀਂ, ਜਿਸਦੀ ਜਾਣਕਾਰੀ ਦੇਣੀ ਮੀਡੀਆ ਲਈ ਜ਼ਰੂਰੀ ਹੋਵੇ! ਭਾਵੇਂ, ਕੁਝ ਕੁ ਥਾਵਾਂ ’ਤੇ ਫਿਰਕੂ ਤਣਾਅ ਦੀਆਂ ਛਿਟਪੁਟ ਘਟਨਾਵਾਂ ਦਾ ਵਾਪਰਨਾ ਚਿੰਤਾ ਦਾ ਵਿਸ਼ਾ ਹੈ ਪ੍ਰੰਤੂ ਮੋਟੇ ਰੂਪ ’ਚ ਇਹ ਧਾਰਮਿਕ ਸਮਾਗਮ ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹਨਾ ਤਸੱਲੀ ਵਾਲੀ ਗੱਲ ਕਿਹਾ ਜਾ ਸਕਦਾ ਹੈ। ਉਂਝ ਯੂ. ਪੀ. ਦੇ ਕਬੀਰ ਨਗਰ ਤੇ ਆਗਰਾ ਜ਼ਿਲਿਆਂ ’ਚ ਕੁਝ ਭਗਵਾਧਾਰੀਆਂ ਨੇ 22 ਜਨਵਰੀ ਨੂੰ ਅਯੁੱਧਿਆ ’ਚ ‘ਪ੍ਰਾਣ ਪ੍ਰਤਿਸ਼ਠਾ’ ਦੇ ਸਮਾਗਮ ’ਚੋਂ ਵਾਪਸ ਜਾਂਦੇ ਹੋਏ ਮਸਜਿਦਾਂ ’ਤੇ ਚੜ੍ਹ ਕੇ ਭਗਵੇ ਝੰਡੇ ਲਹਿਰਾਏ ਤੇ ਬਹੁਤ ਹੀ ਨਿੰਦਣਯੋਗ ਭੜਕਾਊ ਨਾਅਰੇਬਾਜ਼ੀ ਕੀਤੀ। ਇਹ ਬਹੁਤ ਹੀ ਅਫ਼ਸੋਸਨਾਕ ਹੈ। ਵੈਸੇ, ਪੁਲਸ ਨੇ ਕੁਝ ਲੋਕਾਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ ਵੀ ਭੇਜਿਆ ਹੈ।
ਮੰਦਰ ਦੇ ਨਿਰਮਾਣ ਤੋਂ ਪਹਿਲਾਂ ਆਰ. ਐੱਸ. ਐੱਸ. ਤੇ ਮੋਦੀ ਸਰਕਾਰ ਵਲੋਂ ‘ਪ੍ਰਾਣ ਪ੍ਰਤਿਸ਼ਠਾ’ ਦਾ ਪ੍ਰੋਗਰਾਮ ਜਿਸ ਢੰਗ ਨਾਲ ਉਲੀਕਿਆ ਗਿਆ, ਉਸ ਤੋਂ ਧਾਰਮਿਕ ਸ਼ਰਧਾ ਨਾਲੋਂ ਕਿਤੇ ਜ਼ਿਆਦਾ ਰਾਜਨੀਤਕ ਮਨੋਰਥਾਂ ਦੀ ਤਾਂਘ ਸਾਫ ਨਜ਼ਰ ਆਉਂਦੀ ਹੈ। ਜਿਸ ਤਰ੍ਹਾਂ ਦੇ ਭਾਸ਼ਣ ਸੰਘ ਨੇਤਾਵਾਂ, ਧਾਰਮਿਕ ਸ਼ਖਸੀਅਤਾਂ ਤੇ ਪ੍ਰਧਾਨ ਮੰਤਰੀ ਸਮੇਤ ਸਮੁੱਚੀ ਸਰਕਾਰ ਅਤੇ ਭਾਜਪਾ ਦੇ ਨੇਤਾਵਾਂ ਵੱਲੋਂ ਦਿੱਤੇ ਗਏ, ਉਹ ਸਪੱਸ਼ਟ ਰੂਪ ’ਚ ਦੇਸ਼ ਦੀਆਂ ਧਰਮਨਿਰਪੱਖ ਤੇ ਲੋਕਰਾਜੀ ਸੰਵਿਧਾਨਕ ਮਰਿਆਦਾਵਾਂ ਨੂੰ ਉਲੰਘ ਕੇ ‘ਧਰਮ ਆਧਾਰਿਤ’ ਰਾਜ ਸਥਾਪਿਤ ਕਰਨ ਵੱਲ ਸੇਧਤ ਸਨ।
ਜਦੋਂ ਕੋਈ ਦਲ ‘ਇਕ ਧਰਮ’, ‘ਇਕ ਵਿਚਾਰਧਾਰਾ’ ਤੇ ‘ਇਕ ਆਗੂ’ ਦੇ ਇਰਦ-ਗਿਰਦ ਬਿਰਤਾਂਤ ਸਿਰਜਣ ਦੀ ਚੇਸ਼ਟਾ ਕਰਦਾ ਹੈ ਤਾਂ ਉਸ ਨੂੰ ਲਾਜ਼ਮੀ, ਸਮਾਜ ’ਚ ਮੌਜੂਦ ਦੂਸਰੇ ਧਰਮਾਂ, ਵਿਚਾਰਾਂ ਤੇ ਪ੍ਰੰਪਰਾਵਾਂ ਦੇ ਵਿਰੋਧ ’ਚ ਇਕ ਮਾਹੌਲ ਸਿਰਜਣ ਦੀ ਲੋੜ ਪੈਂਦੀ ਹੈ। ਅੱਜ ਤੋਂ ਲਗਭਗ 7000 ਸਾਲ ਪਹਿਲਾਂ ਦੇ ਜਿਸ ‘ਰਾਮ ਰਾਜ’ ਦੇ ਮਾਡਲ ਨੂੰ ਲਾਗੂ ਕਰਨ ਦਾ ਨਿਸ਼ਾਨਾ ਮਿਥਿਆ ਗਿਆ ਹੈ, ਉਹ ਅਜੋਕੀਆਂ ਸਥਿਤੀਆਂ ਤੋਂ ਬਹੁਤ ਭਿੰਨ ਹੀ ਨਹੀਂ, ਬਲਕਿ ਹਰ ਪੱਖ ਤੋਂ ਇਕ ਘੱਟ ਵਿਕਸਿਤ ਢਾਂਚਾ ਸੀ। ਖੇਤੀਬਾੜੀ ਦੀ ਪੈਦਾਵਾਰ ਬਹੁਤ ਨੀਵੇਂ ਪੱਧਰ ’ਤੇ ਸੀ। ਸਮਾਜਿਕ ਵਿਕਾਸ ਉਦੋਂ ਅਜੇ ਬਹੁਤ ਹੀ ਨੀਵੀਂ ਪੱਧਰ ਤੱਕ ਅੱਪੜਿਆ ਸੀ। ‘ਹਿੰਦੂ ਧਰਮ’ ਤੋਂ ਸਿਵਾਏ ਹੋਰ ਕਿਸੇ ਧਰਮ ਦੀ ਹੋਂਦ ਨਹੀਂ ਸੀ। ਧਰਮ ਦੇ ਨਾਂ ’ਤੇ ਝਗੜੇ ਨਹੀਂ ਸਨ ਹੁੰਦੇ। ਇਸ ਕਰ ਕੇ ਕਿਸੇ ਦੂਸਰੇ ਧਰਮ ਦੇ ਵਿਰੋਧ ’ਚ ਨਹੀਂ, ਬਲਕਿ ਇਕੋ ਧਰਮ ਨੂੰ ਮੰਨਣ ਵਾਲੇ ਸਮਾਜ ਅੰਦਰ ਦੋ ਉਲਟ ਧਾਰਨਾਵਾਂ ਬਦੀ ਤੇ ਨੇਕੀ, ਸੱਚ ਤੇ ਝੂਠ, ਪਾਪ ਤੇ ਪੁੰਨ ਬਾਰੇ ਵਾਦ-ਵਿਵਾਦ ਤੇ ਜੰਗਾਂ ਜ਼ਰੂਰ ਦੇਖੀਆਂ ਗਈਆਂ।
ਰਾਜ ਦੇ ਪਸਾਰ ਤੇ ਸਵੈ-ਰੱਖਿਆ ਲਈ ਰਾਜਿਆਂ ਵੱਲੋਂ ਕੀਤੇ ਜਾਂਦੇ ਹਰ ਯਤਨ ਨੂੰ ‘ਰੱਬੀ ਫਰਮਾਨ’ ਤੇ ‘ਧਰਮ’ ਸਮਝਿਆ ਜਾਂਦਾ ਸੀ। ਅਜੋਕੇ ਸਮਾਜ ਤੋਂ ਭਿੰਨ ਅਜੇ ਆਮ ਮਨੁੱਖ ਜਾਇਦਾਦ ਦੀ ‘ਨਿੱਜੀ ਮਾਲਕੀ’ ਤੋਂ ਦੂਰ ਸਿਰਫ ਆਪਣੀ ਹੋਂਦ ਲਈ ਕੁਦਰਤੀ ਆਫ਼ਤਾਂ ਨਾਲ ਜੂਝਦਾ ਹੋਇਆ ਅੱਗੇ ਵਧ ਰਿਹਾ ਸੀ। ਜੰਗਲਾਂ ਤੇ ਝੌਂਪੜੀਆਂ ’ਚ ਰਹਿੰਦੇ ਲੋਕਾਂ ਨੂੰ ਆਪਣੀ ‘ਜਾਇਦਾਦ’ ਦੀ ਰਾਖੀ ਲਈ ਜਿੰਦਰੇ ਮਾਰਨ ਦੀ ਲੋੜ ਨਹੀਂ ਸੀ ਤੇ ਨਾ ਹੀ ਕੁਦਰਤੀ ਜੀਵਨ ਬਸਰ ਕਰਦਿਆਂ ਆਧੁਨਿਕ ਬੀਮਾਰੀਆਂ ਨਾਲ ਹੀ ਦੋ-ਚਾਰ ਹੋਣਾ ਪੈਂਦਾ ਸੀ। ਵਿੱਦਿਆ ‘ਧਾਰਮਿਕ ਵਿਦਿਆਲਿਆਂ’ (ਗੁਰੂਕੁਲ) ’ਚ ਦਿੱਤੀ ਜਾਂਦੀ ਸੀ। ਮਨੁੱਖ ਨੂੰ ਅਜੇ ਨਾ ਤਾਂ ਅਜੋਕੀਆਂ ਵਿਗਿਆਨਕ ਕਾਢਾਂ ਦਾ ਗਿਆਨ ਸੀ ਤੇ ਨਾ ਹੀ ਇਸ ਤੋਂ ਪੈਦਾ ਹੋਣ ਵਾਲੇ ਨਫ਼ੇ-ਨੁਕਸਾਨਾਂ ਨਾਲ ਹੀ ਉਸਦਾ ਕੋਈ ਵਾਹ-ਵਾਸਤਾ ਸੀ।
ਸਮਾਜ ਦਾ ਵੱਡਾ ਹਿੱਸਾ ਕੁਦਰਤ ਦੀ ਗੋਦ ’ਚ ਗੁਜ਼ਰ-ਬਸਰ ਕਰ ਰਿਹਾ ਸੀ, ਜਿਥੇ ਆਰਥਿਕ ਖੇਤਰ ’ਚ ਮੌਜੂਦਾ ਪੱਧਰ ਦੀ ਨਾਬਰਾਬਰੀ ਕਿਆਸੀ ਵੀ ਨਹੀਂ ਸੀ ਜਾ ਸਕਦੀ। ਸੱਤਾ ’ਤੇ ਬਿਰਾਜਮਾਨ ਧਿਰ ਨੇ ਸਮਾਜ ਦੇ ਸੰਚਾਲਨ ਲਈ ਆਪਣੀ ਮਰਜ਼ੀ ਨਾਲ ਮਨੂੰਵਾਦੀ ਵਿਵਸਥਾ, ਜਾਤੀ-ਪਾਤੀ ਵੰਡ ਜਿਸ ਦਾ ਇਕ ਮਹੱਤਵਪੂਰਨ ਅੰਗ ਸੀ, ਤੇ ਹੋਰ ਅਨੇਕਾਂ ਰਸਮੋ-ਰਿਵਾਜ ਤੈਅ ਕੀਤੇ ਹੋਏ ਸਨ।
ਰਾਮ ਮੰਦਰ ਦੀ ਇਮਾਰਤ ਅਧੂਰੀ ਹੋਣ ਦੇ ਬਾਵਜੂਦ ‘ਪ੍ਰਾਣ ਪ੍ਰਤਿਸ਼ਠਾ’ ਦੇ ਅਯੋਜਕਾਂ ਤੇ ਪ੍ਰਧਾਨ ਮੰਤਰੀ ਨੇ ਮੰਦਰ ’ਚ ‘ਰਾਮ ਜੀ’ ਦੀ ਮੂਰਤੀ ਸਥਾਪਿਤ ਹੋ ਜਾਣ ਨਾਲ ‘ਰਾਮ ਰਾਜ’ ਦੇ ਆਰੰਭ ਹੋ ਜਾਣ ਦਾ ਐਲਾਨ ਕਰ ਦਿੱਤਾ ਹੈ। ਇਸ ਸਮਾਗਮ ’ਚ ਸੱਦਾ ਪੱਤਰ ਦੇ ਕੇ ਬੁਲਾਏ ਵਿਸ਼ੇਸ਼ ਮਹਿਮਾਨਾਂ ਅੰਦਰ ਇਕ ਹਿੱਸਾ ਉਨ੍ਹਾਂ ਧਾਰਮਿਕ ਸ਼ਖਸੀਅਤਾਂ ਦਾ ਸੀ, ਜਿਨ੍ਹਾਂ ਨੇ ਸੰਸਾਰਕ ਜੀਵਨ ਨੂੰ ਤਿਆਗ ਕੇ ਧਾਰਮਿਕ ਵਲਗਣਾਂ ’ਚ ਰਹਿੰਦਿਆਂ ਜੀਵਨ ਬਸਰ ਕਰਨ ਦਾ ਰਾਹ ਚੁਣਿਆ ਹੋਇਆ ਹੈ। ਉਨ੍ਹਾਂ ਲਈ ਧਾਰਮਿਕ ਮਾਨਤਾਵਾਂ ਦਾ ਪਸਾਰਾ ਹੀ ‘ਰਾਮ ਰਾਜ’ ਹੈ। ਦੂਸਰਾ ਵਰਗ, ਜੋ ਵਿਸ਼ੇਸ਼ ਰੂਪ ’ਚ ਹਾਜ਼ਰੀ ਲਵਾ ਰਿਹਾ ਸੀ, ਉਹ ਸਨ ਧਨਵਾਨ ਲੋਕ, ਕਾਰਪੋਰੇਟ ਘਰਾਣਿਆਂ ਦੇ ਅਰਬਾਂਪਤੀ ਮਾਲਕ (ਅੰਬਾਨੀ-ਅਡਾਨੀ), ਫਿਲਮੀ ਅਦਾਕਾਰ, ਪੇਸ਼ੇਵਰ ਖਿਡਾਰੀ, ਸੱਤਾ ਦੇ ਇਰਦ-ਗਿਰਦ ਘੁੰਮਣ ਵਾਲੇ ਰਾਜਨੀਤੀਵਾਨ ਤੇ ਵਿਕਸਿਤ ਕੀਤੀ ਜਾ ਰਹੀ ਅਯੁੱਧਿਆ ਨਗਰੀ ’ਚ ਵੱਡੇ ਕਾਰੋਬਾਰ ਖੋਲ੍ਹ ਕੇ ਪੂੰਜੀ ਇਕੱਤਰ ਕਰਨ ਦੇ ਚਾਹਵਾਨ ‘ਉੱਦਮੀਆਂ’ ਦਾ ਧੜਾ।
ਇਨ੍ਹਾਂ ਲਈ ‘ਰਾਮ ਰਾਜ’ ਅੰਦਰ ਵਾਸਾ ਘਾਟੇ ਵਾਲਾ ਸੌਦਾ ਸਿੱਧ ਹੋ ਸਕਦਾ ਹੈ। ਅਜਿਹੇ ਲੋਕਾਂ ਵਾਸਤੇ ਧਨ ਦੀ ਕੋਈ ਘਾਟ ਨਹੀਂ, ਬਲਕਿ ਖਰਚਣ ਦੀ ਸਮੱਸਿਆ ਹੈ। ਸ਼ਾਇਦ 7000 ਸਾਲ ਪਹਿਲਾਂ ਵਾਲੇ ‘ਰਾਮ ਰਾਜ’ ’ਚ ਵੱਡੇ ਤੋਂ ਵੱਡੇ ਧਨਵਾਨ ਵੀ ਇਨ੍ਹਾਂ ਦੀ ਬਰਾਬਰੀ ਦੇ ਨੇੜੇ-ਤੇੜੇ ਨਹੀਂ ਸਨ। ਇਸ ਪਹਿਲੀ ਭੀੜ ’ਚ ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲੇ ਕਾਮੇ ਤੇ ਕਿਸਾਨ ਨਦਾਰਦ ਸਨ। ਬਾਅਦ ’ਚ ਮੌਜੂਦਾ ਹਾਲਾਤ ’ਚ ਆਪਣੀਆਂ ਲੋੜਾਂ ਦੀ ਪੂਰਤੀ ਲਈ ‘ਰਾਮ ਰਾਜ’ ਦੀ ਇੱਛਾ ਰੱਖਣ ਵਾਲੇ ਕਰੋੜਾਂ ਲੋਕਾਂ ਨੇ ਮੰਦਰ ਅੰਦਰ ਰਾਮ ਜੀ ਦੀ ਮੂਰਤੀ ਦੀ ਸਜਾਵਟ ਨੂੰ ਤਾਂ ਖੂਬ ਦੇਖਿਆ ਹੈ ਪ੍ਰੰਤੂ ਇਨ੍ਹਾਂ ਦਾ ‘ਰਾਮ ਰਾਜ’ ’ਚ ਜ਼ਿੰਦਗੀ ਬਸਰ ਕਰਨ ਦਾ ਸੁਪਨਾ ਪੂਰਾ ਹੋਣਾ ਅਜੇ ਬਹੁਤ ‘ਦੂਰ ਦੀ ਕੌਡੀ’ ਹੈ।
ਅੱਜ, ਸਮਾਜ ਨੇ ਵਿਕਾਸ ਕਰਦਿਆਂ ਵਿਗਿਆਨਕ ਖੋਜਾਂ ਰਾਹੀਂ ਪਦਾਰਥਕ ਹਾਲਤਾਂ ਤੇ ਸਿਹਤ, ਵਿੱਦਿਆ, ਕਲਾ, ਸੰਚਾਰ, ਆਵਾਜਾਈ ਦੇ ਸਾਧਨ ਆਦਿ ਖੇਤਰਾਂ ’ਚ ਅੱਖਾਂ ਚੁੰਧਿਆ ਦੇਣ ਵਾਲੀ ਉੱਨਤੀ ਕੀਤੀ ਹੈ ਪ੍ਰੰਤੂ ਇਸ ਹੈਰਾਨ ਕਰਨ ਵਾਲੇ ਵਿਕਾਸ ਦੇ ਅਸਲੀ ਪਾਤਰ, ਯਾਨੀ ਮਿਹਨਤਕਸ਼ ਲੋਕ, ਉਨ੍ਹਾਂ ਸਾਰੇ ਸੁੱਖ-ਸਹੂਲਤਾਂ ਤੋਂ ਮਹਿਰੂਮ ਹਨ, ਜਿਨ੍ਹਾਂ ਨੂੰ ਉਨ੍ਹਾਂ ਨੇ ਆਪ ਸਿਰਜਿਆ ਹੈ। ਬੇਰੋਜ਼ਗਾਰ ਲੋਕ ਕਿਸ ਤਰ੍ਹਾਂ ਦੀਆਂ ਤਰਸਯੋਗ ਹਾਲਤਾਂ ’ਚ ਦਿਨ-ਕਟੀ ਕਰਦੇ ਹਨ, ਉਨ੍ਹਾਂ ਦੀ ਖੁਰਾਕ, ਇਲਾਜ, ਆਵਾਸ, ਵਿੱਦਿਆ, ਬੁਢਾਪੇ ਸਮੇਂ ਸਮਾਜਿਕ ਸੁਰੱਖਿਆ ਆਦਿ ਦਾ ਕੀ ਪ੍ਰਬੰਧ ਹੈ, ਮਨੁੱਖੀ ਸੋਚ ਤੋਂ ਵੀ ਪਰ੍ਹੇ ਦੀ ਗੱਲ ਹੈ? ਭਾਵੇਂ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਭਰਮਾਉਣ ਲਈ ਅਨੋਖੇ ਅੰਦਾਜ਼ ’ਚ ‘ਰਾਮ ਰਾਜ’ ਦਾ ਜ਼ਿਕਰ ਕੀਤਾ ਹੈ ਪ੍ਰੰਤੂ ਜਿਸ ਢੰਗ ਨਾਲ ਕਾਰਪੋਰੇਟ ਘਰਾਣਿਆਂ ਵਲੋਂ ਲੋਕਾਂ ਦੀ ਅੰਨ੍ਹੀ ਲੁੱਟ-ਖਸੁੱਟ ਕਰ ਕੇ ਆਪਣੇ ਖਜ਼ਾਨੇ ਭਰੇ ਜਾ ਰਹੇ ਹਨ, ਜਿਵੇਂ ਦੇਸੀ-ਵਿਦੇਸ਼ੀ ਲੁਟੇਰੇ 140 ਕਰੋੜ ਲੋਕਾਂ ਵਾਲੇ, ਦੇਸ਼ ਦੇ ਕੁਦਰਤੀ ਖਜ਼ਾਨੇ ਅਤੇ ਜਨਤਕ ਜਾਇਦਾਦਾਂ ਭਾਵ ਕੁਲ ਮਾਨਵੀ ਤੇ ਕੁਦਰਤੀ ਸਰੋਤਾਂ ਨੂੰ ਚਰੂੰਡੀ ਜਾ ਰਹੇ ਹਨ, ਉਹ ਵਰਤਾਰਾ ‘ਰਾਮ ਰਾਜ’ ਵਰਗੇ ਸਤਿਕਾਰਤ ਸ਼ਬਦ ਨਾਲ ਧੋਖਾ ਹੈ।
ਕੁਝ ਲੋਕ ਇਸ ਖਾਮ ਖਿਆਲੀ ’ਚ ਹਨ ਕਿ ਦੇਰ-ਸਵੇਰ ਭਾਜਪਾ ਇਸ ਪਾਸੇ ਤੋਂ ਮੋੜਾ ਕੱਟ ਕੇ ਕਿਸੇ ਲੋਕਪੱਖੀ ਆਰਥਿਕ ਵਿਕਾਸ ਦਾ ਰਾਹ ਚੁਣੇਗੀ। ਇਹ ਆਸ ਨਿਰੀ ਮ੍ਰਿਗਤ੍ਰਿਸ਼ਨਾ ਹੀ ਹੈ। ਸੰਘ-ਭਾਜਪਾ ਤੇ ਮੋਦੀ ਜੀ ਤਾਂ ਲੋਕਾਂ ਦਾ ਧਿਆਨ ਉਨ੍ਹਾਂ ਦੀਆਂ ਹਕੀਕੀ ਜ਼ਰੂਰਤਾਂ ਤੇ ਤੰਗੀਆਂ-ਤੁਰਸ਼ੀਆਂ ਤੋਂ ਲਾਂਭੇ ਕਰਨ ਲਈ ਅਯੁੱਧਿਆ ਵਰਗੇ ਧਾਰਮਿਕ ਸਮਾਗਮ ਨੂੰ ਪੂਰਨ ਰੂਪ ’ਚ ਰਾਜਸੀ ਰੰਗਤ ਦੇ ਰਹੇ ਹਨ ਤਾਂ ਜੋ 2024 ਦੀਆਂ ਲੋਕ ਸਭਾ ਚੋਣਾਂ ਅੰਦਰ 7000 ਸਾਲ ਪਹਿਲਾਂ ਵਾਲੇ ‘ਰਾਮ ਰਾਜ’ ਦਾ ਜ਼ਿਕਰ ਕਰ ਕੇ ਲੁੱਟ-ਖਸੁੱਟ ਤੇ ਹਰ ਤਰ੍ਹਾਂ ਦੇ ਜਬਰ ਤੋਂ ਪੀੜਤ ਜਨਤਾ ਦੀਆਂ ਵੋਟਾਂ ਹਾਸਲ ਕੀਤੀਆਂ ਜਾ ਸਕਣ। ਕਿਸੇ ਨੂੰ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਚੁਣਾਵੀ ਜਿੱਤ ਪੱਕੀ ਕਰਨ ਲਈ ਸੰਘ-ਭਾਜਪਾ, ਅਯੁੱਧਿਆ ਵਰਗਾ ਬਿਰਤਾਂਤ ਸਿਰਜਣ ਲਈ ਕਿਸੇ ਹੋਰ ਵਿਵਾਦਿਤ ਧਾਰਮਿਕ ਸਥਲ ਦੇ ਮੁੱਦੇ ਨੂੰ ਤੂਲ ਦੇ ਦੇਣ ਜਾਂ ਕਿਸੇ ਐਸੀ ਘਟਨਾ ਦਾ ਪ੍ਰਯੋਜਨ ਕਰਾ ਦੇਣ, ਜਿਸ ਨਾਲ ਬਹੁਗਿਣਤੀ ਭਾਈਚਾਰੇ ਦੇ ਮਨਾਂ ਅੰਦਰ ਧਾਰਮਿਕ ਘੱਟਗਿਣਤੀਆਂ ਤੇ ਅਗਾਂਹਵਧੂ ਸੋਚ ਦੇ ਧਾਰਨੀਆਂ ਵਿਰੁੱਧ ਵੱਡੇ ਸ਼ੰਕੇ ਖੜ੍ਹੇ ਹੋ ਜਾਣ? ‘ਪ੍ਰਾਣ ਪ੍ਰਤਿਸ਼ਠਾ’ ਮੌਕੇ ਸ਼੍ਰੀ ਰਾਮ ਜੀ ਨਾਲੋਂ ਪ੍ਰਧਾਨ ਮੰਤਰੀ ਮੋਦੀ ਦਾ ਗੁਣਗਾਨ ਜ਼ਿਆਦਾ ਕੀਤਾ ਗਿਆ ਹੈ ਤਾਂ ਕਿ ਲੋਕ ਚੇਤਿਆਂ ’ਚ ਇਕ ਵਿਸ਼ੇਸ਼ ਵਿਅਕਤੀ ਦਾ ਪ੍ਰਭਾਵ ਸਿਰਜ ਕੇ ਵੋਟਾਂ ਹਾਸਲ ਕੀਤੀਆਂ ਜਾ ਸਕਣ।
ਮੌਜੂਦਾ ਹਾਲਾਤ ’ਚ ‘ਰਾਮ ਰਾਜ’ ਦਾ ਐਸਾ ਨਮੂਨਾ ਸਿਰਜਿਆ ਜਾਣਾ ਚਾਹੀਦਾ ਹੈ, ਜਿਸ ’ਚ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦਾ ਖਾਤਮਾ ਤੇ ਸਭ ਨੂੰ ਜਿਊਣ ਯੋਗ ਜ਼ਿੰਦਗੀ ਜਿਊਣ ਦਾ ਅਧਿਕਾਰ ਹੋਵੇ। ਉੱਚ ਮਿਆਰੀ ਵਿੱਦਿਆ ਤੇ ਸਿਹਤ ਸਹੂਲਤਾਂ, ਗੁਜ਼ਾਰੇ ਯੋਗ ਉਜਰਤਾਂ ਸਹਿਤ ਸਥਾਈ ਰੋਜ਼ਗਾਰ, ਆਵਾਸ ਆਦਿ ਦੀ ਪ੍ਰਾਪਤੀ ਦੇ ਨਾਲ-ਨਾਲ ਜਾਤ-ਪਾਤ ਰਹਿਤ ਸਮਾਜ, ਨਾਰੀ ਮੁਕਤੀ ਤੇ ਵਿਗਿਆਨਕ ਨਜ਼ਰੀਆ ਵਧਾਉਣ ਵਾਲਾ ਵਾਤਾਵਰਣ ਸਿਰਜਣ ਲਈ ਪਿਛਾਂਹਖਿੱਚੂ ਤੇ ਵੇਲਾ ਵਿਹਾ ਚੁੱਕੇ ਰਸਮਾਂ-ਰਿਵਾਜਾਂ ਤੋਂ ਮੁਕਤ ਸਮਾਜ ਨੂੰ ਹੀ ‘ਆਧੁਨਿਕ ਰਾਮ ਰਾਜ’ ਦਾ ਨਾਂ ਦਿੱਤਾ ਜਾ ਸਕਦਾ ਹੈ। ਆਓ ਸਾਰੇ ਮਿਲ-ਜੁਲ ਕੇ ਅਜਿਹੇ ਰਾਜ ਦੀ ਕਾਇਮੀ ਲਈ ਸਾਂਝੇ ਯਤਨ ਜੁਟਾਈਏ।
ਮੰਗਤ ਰਾਮ ਪਾਸਲਾ
‘ਇੰਡੀਆ’ ਅਲਾਇੰਸ ਕਿਉਂ ਖਿੱਲਰਿਆ?
NEXT STORY