‘ਵੈਟੀਕਨ’ ਦੇ ਰੋਮਨ ਕੈਥੋਲਿਕ ਚਰਚ ਦੇ 266ਵੇਂ ਪ੍ਰਮੁੱਖ ‘ਪੋਪ ਫ੍ਰਾਂਸਿਸ’ ਦਾ 88 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਉਹ ਇਤਾਲਵੀ ਮੂਲ ਦੇ ਸਨ ਪਰ ਇਨ੍ਹਾਂ ਦਾ ਜ਼ਿਆਦਾਤਰ ਸਮਾਂ ਅਰਜਨਟੀਨਾ ਵਿਚ ਬੀਤਿਆ ਅਤੇ ਉਥੇ ਹੀ ਇਨ੍ਹਾਂ ਦਾ ਜਨਮ 17 ਦਸੰਬਰ, 1936 ਨੂੰ ‘ਬਿਊਨਸ ਆਇਰਸ’ ਵਿਚ ਹੋਇਆ ਸੀ। ਇਨ੍ਹਾਂ ਦਾ ਜਨਮ ਦਾ ਨਾਂ ‘ਜਾਰਜ ਮਾਰੀਓ ਬਰਗੋਗਲੀਓ’ ਸੀ। ਉਹ 13 ਮਾਰਚ, 2013 ਨੂੰ ਪੋਪ ਬਣੇ ਸਨ।
ਇਨ੍ਹਾਂ ਨੇ ਮਹਾਨ ਸੰਤ ‘ਸੇਂਟ ਫ੍ਰਾਂਸਿਸ ਆਫ ਅਸੀਸੀ’ ਦੇ ਸਨਮਾਨ ਵਿਚ ਆਪਣਾ ਨਾਂ ‘ਫ੍ਰਾਂਸਿਸ’ ਚੁਣਿਆ ਸੀ। ਹਾਲ ਹੀ ਵਿਚ ਡਬਲ ਨਿਮੋਨੀਆ ਅਤੇ ਫੇਫੜਿਆਂ ਦੇ ਗੰਭੀਰ ਇਨਫੈਕਸ਼ਨ ਤੋਂ ਮੁਕਤ ਹੋਣ ਦੇ ਬਾਅਦ ਉਹ ਇਸੇ ‘ਈਸਟਰ ਸੰਡੇ’ ’ਤੇ ਜਨਤਕ ਤੌਰ ’ਤੇ ਨਜ਼ਰ ਆਏ ਸਨ ਅਤੇ ਉਨ੍ਹਾਂ ਨੇ ‘ਸੇਂਟ ਪੀਟਰਸ ਸਕਵਾਇਰ’ ਵਿਚ ਹਜ਼ਾਰਾਂ ਸ਼ਰਧਾਲੂਆਂ ਦਾ ਅਭਿਵਾਦਨ ਕੀਤਾ ਸੀ।
‘ਪੋਪ’ ਬਣਦਿਆਂ ਹੀ ਇਨ੍ਹਾਂ ਨੇ ‘ਵੈਟੀਕਨ’ ਵਿਚ ਦਾਖਲ ਹੋ ਗਈਆਂ ਕਈ ਤਰੁੱਟੀਆਂ ਦੂਰ ਕਰਨ ਲਈ ਇਸ ਵਿਚ ਇਨਕਲਾਬੀ ਸੁਧਾਰ ਲਿਆਉਣੇ ਸ਼ੁਰੂ ਕਰ ਦਿੱਤੇ ਸਨ। ਇਸੇ ਸਿਲਸਿਲੇ ਵਿਚ ਉਨ੍ਹਾਂ ਨੇ 5 ਮਾਰਚ, 2014 ਨੂੰ ਅਮਰੀਕਾ ਵਿਚ ‘ਮੈਰੋਨਾਈਟ ਕੈਥੋਲਿਕ ਗਿਰਜਾਘਰ’ ਵਿਚ ਇਕ ਵਿਆਹੁਤਾ ਵਿਅਕਤੀ ਨੂੰ ਪਾਦਰੀ ਬਣਾ ਕੇ ਨਵੀਂ ਪਹਿਲ ਕੀਤੀ।
‘ਈਸਟਰ’ ਤੋਂ ਪਹਿਲਾਂ ਆਉਣ ਵਾਲੇ ਵੀਰਵਾਰ ਨੂੰ ਪਾਦਰੀਆਂ ਵੱਲੋਂ ਗਰੀਬਾਂ ਦੇ ਪੈਰ ਧੋਣ ਦੀ ਰਵਾਇਤ ਨੂੰ ਨਵਾਂ ਰੂਪ ਦਿੰਦੇ ਹੋਏ ‘ਪੋਪ ਫ੍ਰਾਂਸਿਸ’ ਨੇ ਪਹਿਲੀ ਵਾਰ ਜੇਲ ਜਾ ਕੇ ਕੈਦੀਆਂ ਦੇ ਪੈਰ ਧੋਤੇ ਸਨ, ਜਿਨ੍ਹਾਂ ਵਿਚ ਮੁਸਲਮਾਨ ਕੈਦੀ ਅਤੇ ਔਰਤਾਂ ਵੀ ਸ਼ਾਮਲ ਸਨ।
ਇਸ ਦੇ ਨਾਲ ਹੀ ਉਨ੍ਹਾਂ ਨੇ ‘ਵੈਟੀਕਨ’ ਦੇ ਕੰਮਕਾਰ ਵਿਚ ਔਰਤਾਂ ਨੂੰ ਵਿਸ਼ੇਸ਼ ਥਾਂ ਦੇਣ ਅਤੇ ਉਨ੍ਹਾਂ ਦੇ ਸਸ਼ਕਤੀਕਰਨ ਤੋਂ ਇਲਾਵਾ ‘ਵੈਟੀਕਨ’ ਵਿਚ ਆਈਆਂ ਕੁਰੀਤੀਆਂ ਦੂਰ ਕਰਨ ਦੀ ਦਿਸ਼ਾ ਵਿਚ ਕਦਮ ਉਠਾਏ, ਜਿਨ੍ਹਾਂ ਦੀਆਂ ਚੰਦ ਮਿਸਾਲਾਂ ਹੇਠਾਂ ਦਰਜ ਹਨ।
* 11 ਜਨਵਰੀ, 2021 ਨੂੰ ‘ਪੋਪ ਫ੍ਰਾਂਸਿਸ’ ਨੇ ਔਰਤਾਂ ਨੂੰ ਕੈਥੋਲਿਕ ਚਰਚ ਵਿਚ ਬਰਾਬਰੀ ਦਾ ਦਰਜਾ ਅਤੇ ਉਨ੍ਹਾਂ ਨੂੰ ਚਰਚ ਦੀ ਪ੍ਰਾਰਥਨਾ ਕਰਵਾਉਣ ਦੀ ਪ੍ਰਕਿਰਿਆ ਵਿਚ ਸ਼ਾਮਲ ਹੋਣ ਦਾ ਅਧਿਕਾਰ ਦੇਣ ਦਾ ਫੈਸਲਾ ਲਿਆ।
ਇਸੇ ਸਾਲ ‘ਪੋਪ ਫ੍ਰਾਂਸਿਸ’ ਨੇ ਪਹਿਲੀ ਵਾਰ ਇਕ ਔਰਤ ਨੂੰ ‘ਵੈਟੀਕਨ ਸਿਟੀ’ ਦੇ ਪ੍ਰਬੰਧਨ ਵਿਚ ਨੰਬਰ 2 ਦੇ ਅਹੁਦੇ ’ਤੇ ਨਿਯੁਕਤ ਕੀਤਾ, ਜੋ ‘ਵੈਟੀਕਨ ਸਿਟੀ’ ਵਿਚ ਕਿਸੇ ਔਰਤ ਦੀ ਸਭ ਤੋਂ ਉੱਚੇ ਅਹੁਦੇ ’ਤੇ ਨਿਯੁਕਤੀ ਸੀ।
*29 ਅਪ੍ਰੈਲ, 2021 ਨੂੰ ‘ਪੋਪ ਫ੍ਰਾਂਸਿਸ’ ਨੇ ਚਰਚ ਦੇ ਵੱਡੇ ਪਾਦਰੀ (ਕਾਰਡੀਨਲ) ਸਮੇਤ ਸਾਰੇ ਉੱਚ ਅਹੁਦਾ ਧਾਰਕਾਂ ਨੂੰ ਆਪਣੀਆਂ ਜਾਇਦਾਦਾਂ ਦਾ ਖੁਲਾਸਾ ਕਰਨ ਦਾ ਹੁਕਮ ਦਿੰਦੇ ਹੋਏ ਕਿਹਾ ਕਿ ‘‘ਰੱਬ ਦੇ ਕੰਮ ਨਾਲ ਜੁੜੇ ਲੋਕ ਭ੍ਰਿਸ਼ਟਾਚਾਰ ਤੋਂ ਮੁਕਤ ਰਹਿਣ ਅਤੇ ਵਿੱਤੀ ਲੈਣ-ਦੇਣ ਵਿਚ ਈਮਾਨਦਾਰੀ ਅਤੇ ਪਾਰਦਰਸ਼ਿਤਾ ਵਰਤਣ।’’
*1 ਜੂਨ, 2021 ਨੂੰ ਇਨ੍ਹਾਂ ਨੇ 40 ਸਾਲ ਪਿੱਛੋਂ ਕੈਥੋਲਿਕ ਚਰਚ ਦੇ ਕਾਨੂੰਨਾਂ ਵਿਚ ਸੋਧ ਕਰਦੇ ਹੋਏ ਸੈਕਸ ਸ਼ੋਸ਼ਣ ਦੇ ਮਾਮਲਿਆਂ ਵਿਚ ਸਖ਼ਤ ਸਜ਼ਾ ਦੇ ਨਿਯਮ ਬਣਾਏ।
*25 ਦਸੰਬਰ, 2021 ਨੂੰ ਇਨ੍ਹਾਂ ਨੇ ਜੋੜਿਆਂ ਨੂੰ ਆਪਣੇ ਟੁੱਟ ਰਹੇ ਵਿਆਹੁਤਾ ਸੰਬੰਧਾਂ ਨੂੰ ਬਚਾਉਣ ਲਈ 3 ਮੰਤਰ ਦਿੰਦੇ ਹੋਏ ਕਿਹਾ, ‘‘ਵਿਆਹੁਤਾ ਲੋਕਾਂ ਨੂੰ ਹਮੇਸ਼ਾ 3 ਸ਼ਬਦ ਯਾਦ ਰੱਖਣੇ ਚਾਹੀਦੇ ਹਨ। ਇਹ ਸ਼ਬਦ ਹਨ ‘ਕ੍ਰਿਪਾ, ਧੰਨਵਾਦ ਅਤੇ ਮੁਆਫ ਕਰੋ।’’
ਉਨ੍ਹਾਂ ਨੇ ਲੋਕਾਂ ਨੂੰ ਆਪਣੇ ਬਜ਼ੁਰਗਾਂ ਨਾਲ ਨੇੜਤਾ ਵਧਾਉਣ ਦਾ ਵੀ ਉਪਦੇਸ਼ ਦਿੱਤਾ ਅਤੇ ਕਿਹਾ,‘‘ਸਾਨੂੰ ਲੋਕਾਂ ਨੂੰ ਆਪਣੇ ਬਜ਼ੁਰਗਾਂ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ।’’
*6 ਜਨਵਰੀ, 2022 ਨੂੰ ਪੋਪ ਨੇ ਸੁਝਾਅ ਦਿੱਤਾ ਕਿ ‘‘ਜਿਨ੍ਹਾਂ ਜੋੜਿਆਂ ਦੇ ਆਪਣੇ ਬੱਚੇ ਨਹੀਂ ਹੋ ਸਕਦੇ, ਉਨ੍ਹਾਂ ਨੂੰ ਬੇਸਹਾਰਾ ਬੱਚਿਆਂ ਨੂੰ ਗੋਦ ਲੈਣ ’ਤੇ ਵਿਚਾਰ ਕਰਨਾ ਚਾਹੀਦਾ ਹੈ। ਦੁਨੀਆ ਵਿਚ ਅੱਜ ਕਿੰਨੇ ਹੀ ਬੱਚੇ ਉਡੀਕ ਕਰ ਰਹੇ ਹਨ ਕਿ ਕੋਈ ਉਨ੍ਹਾਂ ਦੀ ਦੇਖਭਾਲ ਕਰੇ।’’
*2022 ਵਿਚ ਪੋਪ ਨੇ ਚਰਚ ਵਿਚ ਔਰਤਾਂ ਦੀ ਹਿੱਸੇਦਾਰੀ ਵਧਾਉਣ ਲਈ ਔਰਤਾਂ ਸਮੇਤ ਦੀਖਿਆ ਲੈ ਚੁੱਕੇ ਕੈਥੋਲਿਕਾਂ ਨੂੰ ‘ਵੈਟੀਕਨ’ ਦੇ ਜ਼ਿਆਦਾਤਰ ਵਿਭਾਗਾਂ ਦਾ ਮੁਖੀ ਬਣਾਉਣ ਅਤੇ ਵਿਸ਼ਵ ਭਰ ਲਈ 5300 ਬਿਸ਼ਪਾਂ (ਧਾਰਮਿਕ ਮੁਖੀਆਂ) ਦੀ ਨਿਯੁਕਤੀ ਸਬੰਧੀ ਆਪਣੀ ਸਲਾਹਕਾਰ ਸੰਸਥਾ ‘ਸਾਇਨੋਡ ਆਫ ਬਿਸ਼ਪ’ ਵਿਚ 3 ਔਰਤਾਂ ਨੂੰ ਸ਼ਾਮਲ ਕਰਨ ਵਰਗੇ ਅਹਿਮ ਫੈਸਲੇ ਲਏ। ਇਸ ਵਿਚ ਪਹਿਲਾਂ ਮਰਦ ਹੀ ਹੁੰਦੇ ਸਨ।
* 2023 ਵਿਚ ‘ਪੋਪ ਫ੍ਰਾਂਸਿਸ’ ਨੇ ਪਹਿਲੀ ਵਾਰ ਔਰਤਾਂ ਨੂੰ ਬਿਸ਼ਪਾਂ ਦੀ ਕੌਮਾਂਤਰੀ ਮੀਟਿੰਗ ਵਿਚ ਵੋਟਿੰਗ ਕਰਨ ਦੀ ਆਗਿਆ ਦੇਣ ਦਾ ਫੈਸਲਾ ਕੀਤਾ।
ਆਪਣੀ ਹਮਦਰਦੀ, ਨਿਮਰ ਸੁਭਾਅ, ਦਇਆ, ਗਰੀਬਾਂ ਪ੍ਰਤੀ ਚਿੰਤਾ, ਉਨ੍ਹਾਂ ਦੀ ਦੇਖਭਾਲ ਅਤੇ ਵਾਤਾਵਰਣ ਸਬੰਧੀ ਮੁੱਦਿਆਂ ’ਤੇ ਜ਼ੋਰ ਦੇਣ ਲਈ ਉਹ ਸਭ ਦੇ ਆਦਰ ਦੇ ਪਾਤਰ ਬਣੇ। ਸਦੀਆਂ ਤੋਂ ਮਰਦ ਪ੍ਰਧਾਨ ਰਹੇ ‘ਵੈਟੀਕਨ’ ਵਿਚ ਪੋਪ ਫ੍ਰਾਂਸਿਸ ਵੱਲੋਂ ਲਿਆਂਦੇ ਗਏ ਸੁਧਾਰ ਇਤਿਹਾਸਕ ਮੰਨੇ ਜਾਂਦੇ ਹਨ ਅਤੇ ‘ਪੋਪ ਫ੍ਰਾਂਸਿਸ’ ਦਾ ਦਿਹਾਂਤ ਸਿਰਫ ਈਸਾਈ ਭਾਈਚਾਰੇ ਲਈ ਹੀ ਨਹੀਂ, ਪੂਰੀ ਦੁਨੀਆ ਲਈ ਇਕ ਹਾਨੀ ਹੈ।
-ਵਿਜੇ ਕੁਮਾਰ
ਘੁਸਪੈਠੀਆਂ ਨੂੰ ਪੱਛਮੀ ਬੰਗਾਲ ’ਚ ਸਿਆਸੀ ਸਰਪ੍ਰਸਤੀ ਕਿਉਂ ਮਿਲਦੀ ਰਹੀ?
NEXT STORY