ਸਮਾਜ ਸ਼ਾਸਤਰੀਆਂ ਅਤੇ ਮਨੋਵਿਗਿਆਨੀਆਂ ਵਲੋਂ ਕੀਤੇ ਜਾ ਰਹੇ ਅਨੇਕ ਸਰਵੇ ਦੱਸ ਰਹੇ ਹਨ ਕਿ ਦੇਸ਼ ’ਚ ਪੋਰਨ (ਸੈਕਸ ਸਮੱਗਰੀ) ਦੇਖਣ ਦੀ ਆਦਤ ਭਾਵ ਪੋਰਨ ਅਡਿਕਸ਼ਨ ਸਾਰੇ ਵਰਗਾਂ ’ਚ ਤੇਜ਼ੀ ਨਾਲ ਵਧ ਰਹੀ ਹੈ। ਕਿਸੇ ਵੀ ਚੀਜ਼ ਦੀ ਇਸ ਹੱਦ ਤੱਕ ਆਦਤ ਪੈ ਜਾਣਾ ਜਿਸ ਕਾਰਨ ਆਮ ਜਨਜੀਵਨ ਅਸਤ-ਵਿਅਸਤ ਹੋ ਜਾਵੇ, ਅਡਿਕਸ਼ਨ ਦੀ ਸ਼੍ਰੇਣੀ ’ਚ ਆਉਂਦਾ ਹੈ। ਹਰ ਅਡਿਕਸ਼ਨ ਦੀ ਵਜ੍ਹਾ ਅਲੱਗ-ਅਲੱਗ ਹੁੰਦੀ ਹੈ। ਕਿਸੇ ਨੂੰ ਖਾਣੇ ਦੀ ਅਡਿਕਸ਼ਨ ਤਾਂ ਕਿਸੇ ਨੂੰ ਚਾਹ ਪੀਣ ਦੀ ਅਡਿਕਸ਼ਨ। ਪੋਰਨ ਦੀ ਦੇਖਣ ਦੀ ਆਦਤ ਵੀ ਇਸ ਹੱਦ ਤੱਕ ਪਹੁੰਚ ਜਾਵੇ ਕਿ ਪਰਸਨਲ ਅਤੇ ਪ੍ਰੋਫੈਸ਼ਨਲ ਲਾਈਫ ਇਸ ਤੋਂ ਪ੍ਰਭਾਵਿਤ ਹੋਣ ਲੱਗੇ ਤਾਂ ਸਮਝ ਜਾਣਾ ਚਾਹੀਦਾ ਹੈ ਕਿ ਪੋਰਨ ਅਡਿਕਸ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ। ਇਹ ਖਤਰਨਾਕ ਬੁਰੀ ਆਦਤ ਹੈ। ਇਸ ਦੇ ਕਾਰਨਾਂ ਅਤੇ ਮੰਦੇ ਪ੍ਰਭਾਵਾਂ ਨੂੰ ਜਾਣਨਾ ਜ਼ਰੂਰੀ ਹੈ।
ਇਸ ਨੂੰ ਇਸ ਤਰ੍ਹਾਂ ਸਮਝ ਸਕਦੇ ਹਾਂ ਕਿ ਪੋਰਨ ਅਡਿਕਸ਼ਨ ਦਾ ਸ਼ਿਕਾਰ ਵਿਅਕਤੀ ਹਰ ਵੇਲੇ ਪੋਰਨ ਦੇਖਣ ਦੀ ਕੋਸ਼ਿਸ਼ ’ਚ ਰਹਿੰਦਾ ਹੈ। ਉਸ ਨੂੰ ਇਕੱਲਾਪਨ ਚੰਗਾ ਲੱਗਦਾ ਹੈ। ਉਹ ਕਿਤੇ ਵੀ, ਕਦੇ ਵੀ ਪੋਰਨ ਦੇਖਣ ਦਾ ਕੋਈ ਵੀ ਮੌਕਾ ਨਹੀਂ ਗੁਆਉਣਾ ਚਾਹੁੰਦਾ। ਹਰ ਸਮੇਂ ਪੋਰਨ ਦੇ ਖਿਆਲਾਂ ’ਚ ਗੁਆਚਣ ਕਾਰਨ ਅਡਿਕਸ਼ਨ ਦਾ ਸ਼ਿਕਾਰ ਇਨਸਾਨ ਨਾ ਤਾਂ ਕੋਈ ਨਵੀਂ ਗੱਲ ਸੋਚ ਸਕਦਾ ਹੈ ਅਤੇ ਨਾ ਹੀ ਕੁਝ ਪਲਾਨ ਕਰ ਸਕਦਾ ਹੈ। ਉਸ ਦੇ ਆਸ-ਪਾਸ ਦੇ ਲੋਕ ਇਸ ਨੂੰ ਆਦਤ ਦਾ ਬਦਲਾਅ ਸਮਝ ਕੇ ਇਸ ’ਤੇ ਜ਼ਿਆਦਾ ਧਿਆਨ ਨਹੀਂ ਦਿੰਦੇ ਅਤੇ ਇਸ ਅਡਿਕਸ਼ਨ ਦਾ ਸ਼ਿਕਾਰ ਇਨਸਾਨ ਆਪਣੇ ਅਡਿਕਸ਼ਨ ’ਚ ਡੁੱਬਦਾ ਚਲਾ ਜਾਂਦਾ ਹੈ।
ਪੋਰਨ ਅਡਿਕਸ਼ਨ ਅਤੇ ਸੈਕਸ ਅਡਿਕਸ਼ਨ ਦੋਵੇਂ ਅਲੱਗ-ਅਲੱਗ ਗੱਲਾਂ ਹਨ। ਜਿੱਥੇ ਸੈਕਸ ਅਡਿਕਸ਼ਨ ਦਾ ਅਸਰ ਸੈਕਸੁਅਲ ਲਾਈਫ ਨੂੰ ਪ੍ਰਭਾਵਿਤ ਕਰਦਾ ਹੈ, ਉਥੇ ਹੀ ਪੋਰਨ ਅਡਿਕਸ਼ਨ ਜ਼ਿੰਦਗੀ ਦੇ ਕਈ ਖੇਤਰਾਂ ਨੂੰ ਪ੍ਰਭਾਵਿਤ ਕਰਦਾ ਹੈ। ਅਕਸਰ ਪੋਰਨ ਦੇਖਣ ਵਾਲੇ ਰਾਤ ਨੂੰ ਦੇਰ ਤੱਕ ਪੋਰਨ ਦੇਖਦੇ ਹਨ ਅਤੇ ਇਸ ਕਾਰਨ ਬਾਕੀ ਦਿਨ ਸੁਸਤ ਰਹਿੰਦੇ ਹਨ। ਨਾ ਉਨ੍ਹਾਂ ਦੇ ਕੰਮ ਦਾ ਕੋਈ ਸਮਾਂ ਹੁੰਦਾ ਹੈ, ਨਾ ਆਰਾਮ ਦਾ। ਜ਼ਿੰਦਗੀ ਦਾ ਬਸ ਇਕ ਹੀ ਮਕਸਦ ਰਹਿ ਜਾਂਦਾ ਹੈ, ਜ਼ਿਆਦਾ ਤੋਂ ਜ਼ਿਆਦਾ ਪੋਰਨ ਦੇਖਣਾ, ਕਿਸੇ ਕਾਰਨ ਪੋਰਨ ਦੇਖਣਾ ਰੁਕ ਜਾਣ ’ਤੇ ਉਲਝਣ ਹੋਣ ਲੱਗਣਾ ਅਤੇ ਕਿਸੇ ਕੰਮ ’ਚ ਮਨ ਨਾ ਲੱਗਣਾ, ਸਰੀਰਕ ਅਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੋਣ ਦੇ ਬਾਵਜੂਦ ਪੋਰਨ ਦੇਖਣਾ ਜਾਰੀ ਰੱਖਣਾ, ਜ਼ਿਆਦਾ ਤੋਂ ਜ਼ਿਆਦਾ ਵਾਰ ਮਾਸਟਰਬੇਟ ਕਰਨਾ, ਆਪਣੇ ਪਾਰਟਨਰ ਪ੍ਰਤੀ ਰੁਚੀ ਨਾ ਰੱਖਣਾ, ਸੈਕਸੁਅਲ ਬਿਹੇਵੀਅਰ ’ਚ ਭਾਰੀ ਬਦਲਾਅ ਜਿਵੇਂ ਐਗਰੈਸਿਵ ਹੋ ਜਾਣਾ, ਪਾਰਟਨਰ ਦੀਆਂ ਭਾਵਨਾਵਾਂ ਦੀ ਕਦਰ ਨਾ ਕਰਨਾ, ਪੋਰਨ ਨੂੰ ਦੁਨੀਆ ਦੀ ਹਰ ਪ੍ਰੇਸ਼ਾਨੀ ਅਤੇ ਟੈਨਸ਼ਨ ਤੋਂ ਦੂਰ ਦੌੜਨ ਦੇ ਟੂਲ ਵਾਂਗ ਵਰਤੋਂ ਕਰਨਾ। ਮਿਸਾਲ ਦੇ ਤੌਰ ’ਤੇ ਥੋੜ੍ਹੀ ਜਿਹੀ ਟੈਨਸ਼ਨ ਹੋਈ ਤਾਂ ਪੋਰਨ ਦੇਖ ਲਿਆ। ਮੂਡ ਚੰਗਾ ਹੈ ਤਾਂ ਪੋਰਨ ਦੇਖ ਲਿਆ ਆਦਿ। ਇਹ ਇਕ ਬਹੁਤ ਵੱਡਾ ਮੋਨੋਵਿਗਿਆਨਕ ਵਿਕਾਰ ਹੈ, ਜਿਸ ਨੂੰ ਠੀਕ ਕਰਨਾ ਆਸਾਨ ਨਹੀਂ ਹੁੰਦਾ।
ਅਜਿਹਾ ਨਹੀਂ ਹੈ ਕਿ ਪੋਰਨ ਦੀ ਆਦਤ ਸਿਰਫ ਉਮਰਦਰਾਜ ਲੋਕਾਂ ’ਚ ਹੀ ਹੋ ਸਕਦੀ ਹੈ, ਇਸ ਤਰ੍ਹਾਂ ਦੀ ਪ੍ਰੇਸ਼ਾਨੀ ਬੱਚਿਆਂ ’ਚ ਵੀ ਦੇਖੀ ਜਾ ਸਕਦੀ ਹੈ। 9 ਸਾਲ ਤੋਂ 15 ਸਾਲ ਤੱਕ ਦੇ ਬੱਚਿਆਂ ’ਤੇ ਇਸ ਦਾ ਅਡਿਕਸ਼ਨ ਤੇਜ਼ੀ ਨਾਲ ਕਬਜ਼ਾ ਕਰਦਾ ਹੈ। ਤਕਰੀਬਨ 9 ਸਾਲ ਦੀ ਉਮਰ ਤੋਂ ਹੀ ਮਰਦਾਨਗੀ ਲਿਆਉਣ ਵਾਲਾ ਹਾਰਮੋਨ ਬਣਨ ਲੱਗਦਾ ਹੈ ਅਤੇ ਇਸੇ ਦੇ ਕਾਰਨ ਅਜਿਹੀਆਂ ਚੀਜ਼ਾਂ ਨੂੰ ਲੈ ਕੇ ਉਕਸੁਕਤਾ ਵਧਣ ਲੱਗਦੀ ਹੈ।
ਹਜ਼ਾਰਾਂ ਦੀ ਗਿਣਤੀ ’ਚ ਸਕੂਲੀ ਅਤੇ ਕਾਲਜ ਜਾਣ ਵਾਲੇ ਵਿਦਿਆਰਥੀ ਵੀ ਇਸ ਆਦਤ ਦਾ ਸ਼ਿਕਾਰ ਹੋ ਰਹੇ ਹਨ। ਇਹ ਇਕ ਵੱਡੀ ਸਮਾਜਿਕ ਚਿੰਤਾ ਹੈ।
ਮਨੋਵਿਗਿਆਨੀਆਂ ਦਾ ਕਹਿਣਾ ਹੈ ਕਿ ਕੰਮ ਦੌਰਾਨ ਪੋਰਨ ਦੇਖਣਾ ਹੁਣ ਆਮ ਹੋ ਗਿਆ ਹੈ, ਕਿਉਂਕਿ ਆਨਲਾਈਨ ਪੋਰਨ ਤੱਕ ਪਹੁੰਚ ਆਸਾਨ ਹੋ ਗਈ ਹੈ। ਇਕ ਲੋਕਪ੍ਰਿਯ ਡਿਜੀਟਲ ਲਾਈਫ ਸਟਾਈਲ ਪੱਤ੍ਰਿਕਾ ਲਈ ਕੀਤੇ ਗਏ ਇਕ ਸੰਸਾਰਕ ਸਰਵੇਖਣ ਤੋਂ ਇਹ ਪਤਾ ਲੱਗਾ ਹੈ ਕਿ 60 ਫੀਸਦੀ ਤੋਂ ਵੱਧ ਲੋਕਾਂ ਨੇ ਜਿਨ੍ਹਾਂ ਤੋਂ ਸਵਾਲ ਕੀਤੇ ਗਏ ਸਨ, ਨੇ ਦੱਸਿਆ ਕਿ ਉਨ੍ਹਾਂ ਨੇ ਆਫਿਸ ’ਚ ਕੰਮ ਕਰਦੇ ਹੋਏ ਪੋਰਨ ਦੇਖੀ ਹੈ।
ਪੋਰਨ ਦਾ ਰੁਝਾਨ ਪੱਛਮੀ ਦੇਸ਼ਾਂ ਤੋਂ ਆਇਆ ਹੈ, ਇਨ੍ਹਾਂ ਦੇਸ਼ਾਂ ’ਚ ਪੋਰਨ ਇੰਡਸਟਰੀਜ਼ ਅਰਬਾਂ ਡਾਲਰ ਦਾ ਵਪਾਰ ਕਰਦੀ ਹੈ। ਕੁਝ ਦਹਾਕਿਆਂ ਤੋਂ ਭਾਰਤ ’ਚ ਪੋਰਨੋਗ੍ਰਾਫੀ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਭਾਰਤ ’ਚ ਪੋਰਨ ਵੀਡੀਓ ਦੇਖਣ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਹ ਭਾਰਤੀ ਸੰਸਕ੍ਰਿਤੀ ’ਤੇ ਇਕ ਵੱਡਾ ਹਮਲਾ ਹੈ।
ਪੋਰਨ ਦੇਖਣ ਨਾਲ ਸਾਡੀ ਨਿੱਜੀ ਜ਼ਿੰਦਗੀ ਨੂੰ ਨੁਕਸਾਨ ਹੁੰਦਾ ਹੈ। ਇਕ ਰਿਸਰਚ ਅਨੁਸਾਰ ਜ਼ਿਆਦਾ ਪੋਰਨ ਵੀਡੀਓ ਦੇਖਣ ਨਾਲ ਦਿਮਾਗ ਸੁੰਗੜਨ ਲੱਗਦਾ ਹੈ। ਪੋਰਨ ਦੇਖਣ ਵਾਲਿਆਂ ’ਚ ਅਲੱਗ ਤਰ੍ਹਾਂ ਦੀ ਉਤੇਜਨਾ ਪੈਦਾ ਹੁੰਦੀ ਹੈ, ਜਿਸ ਕਾਰਨ ਉਹ ਆਪਣੀ ਰੀਅਲ ਲਾਈਫ ’ਚ ਵੀ ਇਹੀ ਮਾਹੌਲ ਚਾਹੁੰਦੇ ਹਨ, ਜੋ ਉਨ੍ਹਾਂ ਨੂੰ ਨਹੀਂ ਮਿਲ ਪਾਉਂਦਾ। ਇਸੇ ਕਾਰਨ ਉਨ੍ਹਾਂ ਨੂੰ ਸੈਕਸ ਦੌਰਾਨ ਆਪਣੇ ਪਾਰਟਨਰ ਤੋਂ ਸੰਤੁਸ਼ਟੀ ਨਹੀਂ ਮਿਲਦੀ। ਉਨ੍ਹਾਂ ਦੇ ਦਿਲ ਅਤੇ ਦਿਮਾਗ ’ਚ ਇਹੀ ਗੱਲ ਆਉਂਦੀ ਹੈ ਕਿ ਉਨ੍ਹਾਂ ਦਾ ਪਾਰਟਨਰ ਓਨਾ ਸੁੰਦਰ ਅਤੇ ਆਕਰਸ਼ਕ ਨਹੀਂ ਹੈ, ਜਿਸ ਨਾਲ ਵਿਆਹੁਤਾ ਰਿਸ਼ਤੇ ਖਰਾਬ ਹੋਣ ਲੱਗਦੇ ਹਨ।
ਮਨੋਵਿਗਿਆਨਿਕ ਮੱਤ ਹੈ ਕਿ ਪੋਰਨ ਦੇਖ ਕੇ ਸੈਕਸ ਕਰਨ ਨਾਲ ਸਹੀ ਆਰਗਜ਼ਮ ਨਹੀਂ ਮਿਲਦਾ। ਔਕਸੀਟੋਸਿਨ ਇਕ ਲਵ ਹਾਰਮੋਨ ਹੈ, ਜੋ ਮਰਦ ਅਤੇ ਔਰਤਾਂ ਦੋਵਾਂ ਨੂੰ ਇਕ-ਦੂਜੇ ਨੂੰ ਆਕਰਸ਼ਿਤ ਕਰਨ ’ਚ ਮਦਦ ਕਰਦਾ ਹੈ।
ਪੋਰਨ ਫਿਲਮਾਂ ’ਚ ਜਿਸ ਤਰ੍ਹਾਂ ਸੈਕਸ ਦਿਖਾਇਆ ਜਾਂਦਾ ਹੈ, ਉਸ ਨਾਲ ਔਕਸੀਟੋਸਿਨ ਹਾਰਮੋਨ ਰਿਲੀਜ਼ ਨਹੀਂ ਹੁੰਦਾ। ਇਸ ਨਾਲ ਪਿਆਰ ਦੀ ਫੀਲਿੰਗ ਨਹੀਂ ਆਉਂਦੀ। ਕਈ ਵਾਰ ਮਰਦ ਆਪਣੀ ਫੀਮੇਲ ਪਾਰਟਨਰ ਤੋਂ ਬਿਲਕੁਲ ਪੋਰਨ ਵੀਡੀਓਜ਼ ’ਚ ਦਿਖਾਏ ਜਾਣ ਵਾਲੇ ਐਕਟ ਕਰਨ ਦੀ ਡਿਮਾਂਡ ਕਰਦੇ ਹਨ, ਜੋ ਸਭ ਦੇ ਲਈ ਕਰਨਾ ਆਸਾਨ ਨਹੀਂ ਹੁੰਦਾ।
ਨਿਊਰੋਸਾਇੰਟਿਸਟ ਕਹਿੰਦੇ ਹਨ ਕਿ ਬਹੁਤ ਜ਼ਿਆਦਾ ਪੋਰਨ ਦੇਖਣ ਨਾਲ ਦਿਮਾਗ ਦੇ ਵਿਕਾਸ ’ਚ ਨਾਂਹਪੱਖੀ ਪ੍ਰਭਾਵ ਪੈਂਦਾ ਹੈ, ਇਸ ਨਾਲ ਮੋਨੋਵਿਕਾਰ ਦੀ ਸਥਿਤੀ ਪੈਦਾ ਹੋ ਸਕਦੀ ਹੈ। ਜ਼ਿਆਦਾ ਪੋਰਨ ਦੇਖਣ ਨਾਲ ਮਾਸਟਰਬੇਸ਼ਨ ਦੀ ਆਦਤ ਪੈ ਜਾਂਦੀ ਹੈ। ਜ਼ਿਆਦਾ ਪੋਰਨ ਦੇਖਣ ਦੀ ਆਦਤ ਤੁਹਾਨੂੰ ਇਕੱਲਿਆਂ ਕਰ ਦਿੰਦੀ ਹੈ। ਸਮਾਜ ਅਤੇ ਪਰਿਵਾਰ ਤੋਂ ਦੂਰ ਨਿਕਲ ਕੇ ਤੁਸੀਂ ਹਮੇਸ਼ਾ ਇਕੱਲਾਪਨ ਲੱਭਦੇ ਹੋ। ਅਜਿਹੇ ਲੋਕ ਪੋਰਨ ਦੇਖਣ ਦੇ ਮਜ਼ੇ ’ਚ ਇੰਨੇ ਡੁੱਬ ਜਾਂਦੇ ਹਨ ਕਿ ਉਨ੍ਹਾਂ ਨੂੰ ਪਰਿਵਾਰ ਦੇ ਮੈਂਬਰਾਂ ਅਤੇ ਦੋਸਤਾਂ ਨਾਲ ਰਹਿਣਾ ਖਾਸ ਚੰਗਾ ਨਹੀਂ ਲੱਗਦਾ।
ਕਹਿੰਦੇ ਹਨ ਕਿ ਆਦਤ ਹਰ ਚੀਜ਼ ਦੀ ਖਰਾਬ ਹੁੰਦੀ ਹੈ, ਫਿਰ ਭਾਵੇਂ ਉਹ ਕਿੰਨੀ ਵੀ ਜ਼ਰੂਰੀ ਚੀਜ਼ ਕਿਉਂ ਨਾ ਹੋਵੇ। ਪੋਰਨ ਦਾ ਚਸਕਾ ਵੀ ਕੁਝ ਅਜਿਹਾ ਹੀ ਹੈ। ਪੋਰਨ ਦੇਖਣ ਦੀ ਟਾਈਮ ਪਾਸ ਆਦਤ ਵੀ ਅੱਤ ਦੇ ਬਾਅਦ ਆਦਤ ਦੀ ਸ਼ਕਲ ਲੈ ਲੈਂਦੀ ਹੈ ਅਤੇ ਜਦੋਂ ਤੱਕ ਇਸ ਗ੍ਰਿਫਤ ’ਚ ਆਉਣ ਦਾ ਅਹਿਸਾਸ ਹੁੰਦਾ ਹੈ, ਆਸ-ਪਾਸ ਕਾਫੀ ਕੁਝ ਤਹਿਸ-ਨਹਿਸ ਹੋ ਚੁੱਕਾ ਹੁੰਦਾ ਹੈ। ਕੀ ਇਸ ਆਦਤ ਤੋਂ ਬਚਣਾ ਸਮਾਜ ਲਈ ਸੰਭਵ ਹੋਵੇਗਾ?
–ਡਾ. ਵਰਿੰਦਰ ਭਾਟੀਆ
‘ਨੈੱਟਫਲਿਕਸ’ ਨੇ ਬਦਲ ਦਿੱਤੀ ਸਟ੍ਰੀਮਿੰਗ ਦੀ ਦੁਨੀਆ
NEXT STORY