ਤਜਰਬੇਕਾਰ ਜੈਵਿਕ (ਆਰਗੈਨਿਕ) ਕਿਸਾਨਾਂ ਨਾਲ ਨਿਯਮਿਤ ਗੱਲਬਾਤ ਨੇ ਮੈਨੂੰ ਆਪਣੇ ਪਿੰਡ ਮਊਤੋਰ, ਪੁਰੂਲੀਆ, ਪੱਛਮੀ ਬੰਗਾਲ ’ਚ ਜੈਵਿਕ ਖੇਤੀ ਸ਼ੁਰੂ ਕਰਨ ਲਈ ਉਤਸ਼ਾਹਿਤ ਕੀਤਾ ਕਿਉਂਕਿ ਜੈਵਿਕ ਉਤਪਾਦਾਂ ਦੀ ਅਕਸਰ ਸਿਹਤ ਅਤੇ ਵਾਤਾਵਰਣ ਲਈ ਉਨ੍ਹਾਂ ਦੇ ਲਾਭਾਂ ਲਈ ਸ਼ਲਾਘਾ ਕੀਤੀ ਜਾਂਦੀ ਹੈ। ਵਿਸ਼ਵ ਸਿਹਤ ਚੇਤਨਾ ’ਚ ਵਾਧੇ ਨਾਲ, ਜੈਵਿਕ ਭੋਜਨ ਵੱਧ ਸਿਹਤਮੰਦ ਹੈ, ਜਿਸ ’ਚ ਉੱਚ ਐਂਟੀਆਕਸੀਡੈਂਟ, ਓਮੇਗਾ-3 ਫੈਟੀ ਐਸਿਡ, ਵਿਟਾਮਿਨ-ਈ, ਪਾਲੀਫੇਨੋਲ ਅਤੇ ਹੋਰ ਬਹੁਤ ਕੁਝ ਹੈ।
ਉਹ ਸਵਾਦ ਅਤੇ ਜ਼ਿਆਦਾ ਪੌਸ਼ਟਿਕ ਹੁੰਦੇ ਹਨ ਕਿਉਂਕਿ ਉਨ੍ਹਾਂ ਨੂੰ ਵਧਣ ’ਚ ਲੰਬਾ ਸਮਾਂ ਲੱਗਦਾ ਹੈ। ਵਾਤਾਵਰਣ ਸੰਭਾਲ ਦੇ ਸੰਦਰਭ ’ਚ ਜੈਵਿਕ ਖੇਤੀ ਪੌਣ-ਪਾਣੀ ਨੂੰ ਲਾਭ ਪਹੁੰਚਾਉਂਦੀ ਹੈ ਕਿਉਂਕਿ ਇਹ ਮਿੱਟੀ ’ਚੋਂ ਕਾਰਬਨ ਦਾ ਸੰਗ੍ਰਹਿ ਕਰਦੀ ਹੈ ਅਤੇ ਊਰਜਾ ਦੀ ਵਰਤੋਂ ਨੂੰ ਘੱਟ ਕਰਦੀ ਹੈ। ਇਹ ਖੇਤੀ ਵਾਤਾਵਰਣ ਦੇ ਅਨੁਕੂਲ ਹੈ ਕਿਉਂਕਿ ਇਹ ਭੌਤਿਕ ਅਤੇ ਪੋਸ਼ਕ ਗੁਣਾਂ ’ਚ ਸੁਧਾਰ ਕਰਦੀ ਹੈ ਅਤੇ ਮਿੱਟੀ ’ਚ ਵੱਧ ਮਾਤਰਾ ’ਚ ਜੀਵ-ਜੰਤੂ ਹੁੰਦੇ ਹਨ। ਆਧੁਨਿਕ ਰਸਾਇਣਕ ਖਾਦਾਂ, ਸਿੰਥੈਟਿਕ ਕੀਟਨਾਸ਼ਕਾਂ, ਰੋਗਾਣੂਨਾਸ਼ਕਾਂ, ਜੜ੍ਹੀ-ਬੂਟੀਆਂ ਅਤੇ ਜੈਨੇਟੀਕਲੀ ਇੰਜੀਨੀਅਰ (ਜੀ. ਈ.) ਬੀਜਾਂ ਦੇ ਨਾਲ-ਨਾਲ ਖੇਤੀ ਲਈ ਨਵੀਆਂ ਅਤੇ ਆਧੁਨਿਕ ਤਕਨੀਕਾਂ ਦੀ ਸ਼ੁਰੂਆਤ ਨਾਲ ਦੇਸ਼ ’ਚ ਅਨਾਜ ਦੇ ਉਤਪਾਦਨ ਨੂੰ ਹੁਲਾਰਾ ਮਿਲਿਆ ਪਰ ਰਸਾਇਣਾਂ ਦੀ ਵਰਤੋਂ ਪੂਰੀ ਤਰ੍ਹਾਂ ਬੇਕਾਬੂ ਹੋ ਗਈ ਅਤੇ ਸਪਲਾਈ ਲੜੀ ਨੂੰ ਪੂਰੀ ਤਰ੍ਹਾਂ ਪ੍ਰਦੂਸ਼ਿਤ ਕਰਨਾ ਸ਼ੁਰੂ ਕਰ ਦਿੱਤਾ।
ਕਿਸਾਨਾਂ ਦੇ ਲਾਲਚ ਅਤੇ ਪ੍ਰਾਸੰਗਿਕ ਜਾਣਕਾਰੀ ਤਕ ਘੱਟ ਪਹੁੰਚ ਕਾਰਨ ਜ਼ਮੀਨ ਦੇ ਕਈ ਖੇਤਰ ਅਜਿਹੇ ਪੱਧਰ ’ਤੇ ਪਹੁੰਚ ਗਏ ਹਨ ਜਿਥੇ ਉਹ ਹੁਣ ਕੁਝ ਵੀ ਪੈਦਾ ਨਹੀਂ ਕਰ ਸਕਦੇ। ਨਾਲ ਹੀ ਸਿੰਥੈਟਿਕ ਖੇਤੀਬਾੜੀ ਰਸਾਇਣਾਂ ਦੀ ਵਰਤੋਂ ਸ਼ਹਿਦ ਦੀਆਂ ਮੱਖੀਆਂ ਵਰਗੇ ਪਰਾਗਣ ਕਰਨ ਵਾਲਿਆਂ ਲਈ ਸਭ ਤੋਂ ਵੱਡੀਆਂ ਸਮੱਸਿਆਵਾਂ ’ਚੋਂ ਇਕ ਹੈ। ਦੂਜੇ ਪਾਸੇ ਖੇਤੀ ਦੀ ਪ੍ਰਕਿਰਿਆ ਜਿਸ ’ਚ ਖੇਤੀ ਲਈ ਰਸਾਇਣਕ ਤੱਤਾਂ ਦੀ ਵਰਤੋਂ ਹੁੰਦੀ ਹੈ, ਭਵਿੱਖ ’ਚ ਸਿਹਤ ਸੰਬੰਧੀ ਸਮੱਸਿਆਵਾਂ ਪੈਦਾ ਕਰਨ ਦੀ ਸੰਭਾਵਨਾ ਹੁੰਦੀ ਹੈ।
ਇਨ੍ਹਾਂ ’ਚ ਨਿਊਰੋਲਾਜੀਕਲ ਰੋਗ, ਸਿਰ ਦਰਦ, ਮਾਈਗ੍ਰੇਨ ਅਤੇ ਹੋਰ ਰੋਗ ਸ਼ਾਮਲ ਹਨ। ਜੈਵਿਕ ਖੇਤੀਬਾੜੀ ਦੇ ਲਾਭਾਂ ਅਤੇ ਮਨੁੱਖਾਂ ਅਤੇ ਵਾਤਾਵਰਣ ’ਤੇ ਰਸਾਇਣਾਂ ਦੇ ਉਲਟ ਪ੍ਰਭਾਵ ਨੂੰ ਜਾਣਨ ਦੇ ਬਾਵਜੂਦ, ਮੇਰੇ ਪਿੰਡ ਦੇ ਕਈ ਕਿਸਾਨਾਂ ਨੇ ਜੈਵਿਕ ਖੇਤੀ ਦੇ ਮੇਰੇ ਯਤਨ ਦੀ ਸਖਤ ਆਲੋਚਨਾ ਕੀਤੀ ਅਤੇ ਇਸ ਨੂੰ ਖੇਤੀਬਾੜੀ ਦਾ ਇਕ ਪੱਛੜਿਆ ਅਤੇ ਰੋਮਾਂਟਿਕ ਐਡੀਸ਼ਨ ਦੱਸਿਆ ਜਿਸ ਨਾਲ ਘੱਟ ਪੈਦਾਵਾਰ ਅਤੇ ਮਾਲੀ ਨੁਕਸਾਨ ਹੋਵੇਗਾ। ਬੇਸ਼ੱਕ, ਮੈਂ ਉਨ੍ਹਾਂ ਨੂੰ ਦੋਸ਼ ਨਹੀਂ ਦੇ ਸਕਦਾ ਕਿਉਂਕਿ ਮੈਨੂੰ ਕਈ ਵੱਡੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ ਜਿਵੇਂ ਜੈਵਿਕ ਉਪਜ ਲਈ ਕੋਈ ਸਥਿਰ ਅਤੇ ਟਿਕਾਊ ਬਾਜ਼ਾਰ ਨਹੀਂ ਹੈ, ਹਾਲਾਂਕਿ ਇਕ ਜੈਵਿਕ ਕਿਸਾਨ ਜੋ ਮੇਰੇ ਪਿੰਡ ਤੋਂ ਬਹੁਤ ਦੂਰ ਖੇਤੀ ਕਰ ਰਿਹਾ ਹੈ, ਉਸ ਨੇ ਭਰੋਸਾ ਦਿੱਤਾ ਹੈ ਕਿ ਉਹ ਜੈਵਿਕ ਬੀਜ ਖਰੀਦਦੇ ਸਮੇਂ ਮੇਰਾ ਝੋਨਾ ਵੇਚੇਗਾ। ਉਸ ਨੂੰ ਵਿਸ਼ਵਾਸ ਸੀ ਕਿ ਘੱਟ ਪੈਦਾਵਾਰ/ਮੇਰੇ ਨੁਕਸਾਨ ਦੀ ਭਰਪਾਈ ਹੋ ਜਾਵੇਗੀ ਪਰ ਅਸਲ ’ਚ, ਵੇਚਣ ਲਈ ਉਸ ਵਲੋਂ ਨਿਰਧਾਰਿਤ ਸ਼ਰਤਾਂ ਬਿਲਕੁਲ ਵੀ ਟਿਕਾਊ ਨਹੀਂ ਸਨ। ਇਕ ਹੋਰ ਵੱਡਾ ਮੁੱਦਾ ਪ੍ਰਮਾਣਿਤ ਜੈਵਿਕ ਬੀਜ ਮਿਲਣ ਦਾ ਸੀ।
ਮੈਨੂੰ ਉਸੇ ਜੈਵਿਕ ਕਿਸਾਨ ਤੋਂ ਬੀਜ ਵਰਤਣ ਦੀ ਸਲਾਹ ਦਿੱਤੀ ਗਈ ਸੀ ਪਰ ਇਕ ਬੀਜ 2 ਕਿਸਮਾਂ ਦਾ ਮਿਸ਼ਰਣ ਸੀ। ਦੂਜਾ ਲਾਲ ਚੌਲ ਸੀ ਜੋ ਇਸ ਇਲਾਕੇ ’ਚ ਬਿਲਕੁਲ ਵੀ ਹਰਮਨਪਿਆਰਾ ਨਹੀਂ ਸੀ। ਭਾਵੇਂ, ਇਹ ਮੇਰੀ ਗਲਤੀ ਸੀ ਕਿਉਂਕਿ ਮੈਨੂੰ ਬੀਜਾਂ ਦੀ ਪਛਾਣ ਕਰਨ ਲਈ ਲੋੜੀਂਦਾ ਗਿਆਨ ਨਹੀਂ ਸੀ। ਇਹੀ ਕਾਰਨ ਹੈ ਕਿ ਕਿਸਾਨਾਂ ਨੂੰ ਅਕਸਰ ਰਵਾਇਤੀ ਬੀਜਾਂ ਦੀ ਵਰਤੋਂ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ ਅਤੇ ਸਲਾਹ ਦਿੱਤੀ ਜਾਂਦੀ ਹੈ। ਬੀਜ ਬੀਜਣ ਤੋਂ ਲੈ ਕੇ ਫਸਲ ਦੀ ਕਟਾਈ ਤਕ ਦੀ ਪੂਰੀ ਮਿਆਦ ਲਈ ਮਜ਼ਦੂਰਾਂ ਦਾ ਮਿਲਣਾ ਇਕ ਵੱਡੀ ਸਮੱਸਿਆ ਸੀ ਕਿਉਂਕਿ ਲੋੜੀਂਦੀ ਮੁਹਾਰਤ ਵਾਲੇ ਵਿਅਕਤੀਆਂ ਦੀ ਘਾਟ ਸੀ। ਇਮਾਨਦਾਰੀ ਨਾਲ ਬੇਨਤੀ ਕਰਨ ਦੇ ਬਾਵਜੂਦ ਉਹ ਟਿਕਾਊ ਤਕਨੀਕਾਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਲਈ ਰਾਜ਼ੀ ਨਹੀਂ ਹੋਏ। ਉਨ੍ਹਾਂ ਨੂੰ ਲੱਗਾ ਕਿ ਇਹ ਤਕਨੀਕਾਂ ਫਰਜ਼ੀ ਹਨ ਅਤੇ ਸਮਾਂ ਲੈਣ ਵਾਲੀਆਂ ਹਨ।
ਇਕ ਛੋਟਾ ਕਿਸਾਨ ਹੋਣ ਦੇ ਨਾਤੇ ਮੈਂ ਭਵਿੱਖ ਲਈ ਯੋਗ ਮਜ਼ਦੂਰਾਂ ਦੀ ਉਪਲੱਬਧਤਾ ਵਧਾਉਣ ਲਈ ਸਿੱਖਿਆ ਅਤੇ ਟ੍ਰੇਨਿੰਗ ਪ੍ਰੋਗਰਾਮਾਂ ’ਚ ਨਿਵੇਸ਼ ਨਹੀਂ ਕਰ ਸਕਦਾ ਸੀ। ਇਸ ਤਰ੍ਹਾਂ ਮਜ਼ਦੂਰਾਂ ਦੀ ਲੋੜ ਜੈਵਿਕ ਖੇਤੀ ਨੂੰ ਅਪਣਾਉਣ ’ਚ ਇਕ ਵੱਡਾ ਅੜਿੱਕਾ ਹੈ। ਨਾਲ ਹੀ, ਜਿਵੇਂ ਕਿ ਆਮ ਫਸਲਾਂ ਨਾਲ ਹੁੰਦਾ ਹੈ, ਸਰਕਾਰ ਨੇ ਇਸ ਦੀ ਪੈਦਾਵਾਰ ਲਾਗਤ ਨੂੰ ਦੇਖਦਿਆਂ ਜੈਵਿਕ ਫਸਲ ਲਈ ਐੱਮ. ਐੱਸ. ਪੀ. ਨਹੀਂ ਕੱਢਿਆ ਹੈ।
ਮੰਦੇ ਭਾਗੀਂ, ਇਸ ਖੇਤਰ ’ਚ ਇਸ ਤਰ੍ਹਾਂ ਦੇ ਝੋਨੇ ਨੂੰ ਪ੍ਰੋਸੈੱਸ ਕਰਨ ਲਈ ਕੋਈ ਮਸ਼ੀਨ ਉਪਲੱਬਧ ਨਹੀਂ ਹੈ। ਇਸ ਤਰ੍ਹਾਂ ਮੈਨੂੰ ਆਪਣੀ ਸਾਰੀ ਜੈਵਿਕ ਪੈਦਾਵਾਰ ਸਥਾਨਕ ਡੀਲਰ ਨੂੰ ਬਹੁਤ ਘੱਟ ਕੀਮਤ ’ਤੇ ਭਾਰੀ ਨੁਕਸਾਨ ਨਾਲ ਵੇਚਣੀ ਪਈ। ਜੈਵਿਕ ਉਤਪਾਦਾਂ ਲਈ ਖਪਤਕਾਰਾਂ ਦਾ ਭਰੋਸਾ ਸਭ ਤੋਂ ਮਹੱਤਵਪੂਰਨ ਹੈ ਕਿਉਂਕਿ ਇਸਦੀ ਪੁਸ਼ਟੀ ਕਰਨ ਦਾ ਕੋਈ ਸਿੱਧਾ ਤਰੀਕਾ ਨਹੀਂ ਹੈ। ਕੋਈ ਵੀ ‘ਆਰਗੈਨਿਕ’ ਲੇਬਲ ਦੇ ਅਧੀਨ ਬਿਨਾਂ ਕਿਸੇ ਪ੍ਰਮਾਣੀਕਰਨ ਦੇ ਕੁਝ ਵੀ ਵੇਚ ਸਕਦਾ ਹੈ, ਜਿਸ ਨਾਲ ਭਰੋਸੇ ’ਚ ਕਮੀ ਆਉਂਦੀ ਹੈ।
ਦੂਜੇ ਪਾਸੇ ਜੈਵਿਕ ਖੇਤਾਂ ਨੂੰ ਮੁਸ਼ਕਲ ਪ੍ਰਮਾਣੀਕਰਨ ਪ੍ਰਕਿਰਿਆਵਾਂ ’ਚੋਂ ਲੰਘਣਾ ਪੈਂਦਾ ਹੈ। ਸਪੱਸ਼ਟ ਸਿਹਤ ਲਾਭਾਂ ਦੇ ਬਾਵਜੂਦ, ਜੈਵਿਕ ਖੁਰਾਕੀ ਵਸਤਾਂ ਦੀ ਸ਼ੈਲਫ ਲਾਈਫ ਰਵਾਇਤੀ ਖੁਰਾਕੀ ਵਸਤਾਂ ਦੀ ਤੁਲਨਾ ’ਚ ਘੱਟ ਹੁੰਦੀ ਹੈ ਕਿਉਂਕਿ ਜੈਵਿਕ ਵਸਤਾਂ ਨੂੰ ਲੰਬੇ ਸਮੇਂ ਤੱਕ ਰੱਖਣ ਲਈ ਰਵਾਇਤੀ ਤਰੀਕਿਆਂ ਦੇ ਉਲਟ ਮੋਮ ਜਾਂ ਪ੍ਰੈਜ਼ਰਵੇਟਿਵਸ ਨਾਲ ਟ੍ਰੀਟ ਨਹੀਂ ਕੀਤਾ ਜਾਂਦਾ।
ਜੈਵਿਕ ਖੇਤੀ ਦੇ ਅਭਿਆਸ ’ਚ ਮੇਰੇ ਤਜਰਬੇ ਦੇ ਆਧਾਰ ’ਤੇ ਇਹ ਕਿਹਾ ਜਾ ਸਕਦਾ ਹੈ ਕਿ ਪੈਦਾਵਾਰ ਖੇਤੀ ਦਾ ਆਖਰੀ ਉਦੇਸ਼ ਹੈ। ਇਸ ਨੂੰ ਦੇਖਦਿਆਂ ਪੈਦਾਵਾਰ ਆਊਟਪੁੱਟ ਦੀ ਪ੍ਰਤੀ ਇਕਾਈ ਲਾਭ ਅਤੇ ਲਾਗਤ ਦਾ ਲੇਖਾ-ਜੋਖਾ ਹੇਠ ਲਿਖੇ ਸੰਦਰਭ ’ਚ ਕੀਤਾ ਜਾਣਾ ਚਾਹੀਦਾ ਹੈ।
–ਉਪਜ ਅਤੇ ਉਪਜ ਸਥਿਰਤਾ
–ਜੈਵ ਵਿਭਿੰਨਤਾ, ਮਿੱਟੀ ਦੀ ਗੁਣਵੱਤਾ, ਪੌਣ-ਪਾਣੀ ਤਬਦੀਲੀ ਘਟਾਉਣ, ਪਾਣੀ ਦੀ ਗੁਣਵੱਤਾ ਅਤੇ ਮਾਤਰਾ
–ਕਿਸਾਨ ਅਤੇ ਖੇਤ ਮਜ਼ਦੂਰ ਦੀ ਰੋਜ਼ੀ ਅਤੇ ਸਿਹਤ, ਖਪਤਕਾਰ ਸਿਹਤ ਅਤੇ ਪਹੁੰਚ।
ਇਸ ਤੋਂ ਇਲਾਵਾ ਲੋਕਾਂ ਨੂੰ ਲੰਬੇ ਸਮੇਂ ’ਚ ਜੈਵਿਕ ਭੋਜਨ ਦੇ ਲਾਭਾਂ ਨੂੰ ਸਮਝਾਉਣ ਲਈ ਜਨਤਕ ਚੇਤਨਾ ਅਤੇ ਗਿਆਨ ਵੀ ਅਹਿਮ ਹੈ। ਜੈਵਿਕ ਕਿਸਾਨਾਂ ਨੂੰ ਸਥਾਨਕ ਮਿੱਟੀ ਪ੍ਰਣਾਲੀਆਂ, ਮੌਸਮ ਵਿਗਿਆਨ, ਫਸਲ ਪ੍ਰਣਾਲੀ ਦੀਆਂ ਕਿਸਮਾਂ, ਵਾਤਾਵਰਣ ਅਤੇ ਫਸਲ ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੇ ਹੋਰ ਕਾਰਕਾਂ ਬਾਰੇ ਲੋੜੀਂਦਾ ਗਿਆਨ ਅਤੇ ਹੁਨਰ ਹੋਣਾ ਚਾਹੀਦਾ ਹੈ। ਇਸ ਸਵਾਲ ਨੂੰ ਆਮ ‘ਜੈਵਿਕ ਖੇਤੀ ਕੀ ਚੰਗਾ/ਬੁਰਾ ਕਰਦੀ ਹੈ?’ ਦੇ ਨਜ਼ਰੀਏ ਨਾਲ ਦੇਖਣ ਦੀ ਥਾਂ, ਟਿਕਾਊ ਖੇਤੀਬਾੜੀ ਦੇ ਸਾਧਨ ਵਜੋਂ ਜੈਵਿਕ ਖੇਤੀ ਦਾ ਨਿਰਪੱਖ ਮੁਲਾਂਕਣ ਪ੍ਰਦਾਨ ਕਰਨ ਦੀ ਤਤਕਾਲ ਲੋੜ ਹੈ।
-ਦੇਬਪ੍ਰਿਆ ਮੁਖਰਜੀ
ਜੇਲ੍ਹ ਕੰਪਲੈਕਸਾਂ ’ਚੋਂ ਫਰਾਰ ਹੋ ਰਹੇ ਕੈਦੀ
NEXT STORY