ਕਰਨਾਟਕ ’ਚ ਸੱਤਾਧਾਰੀ ਕਾਂਗਰਸ ਦੇ ਅੰਦਰ ਸੱਤਾ ਦੀ ਖਿੱਚੋਤਾਣ ਖਤਮ ਨਹੀਂ ਹੋ ਰਹੀ, ਹੁਣ ਮੁੱਖ ਮੰਤਰੀ ਸਿੱਧਰਮਈਆ ਦੇ ਬੇਟੇ ਅਤੇ ਐੱਮ. ਐੱਲ. ਸੀ. ਯਤੀਂਦਰ ਸਿੱਧਰਮਈਆ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਫਿਲਹਾਲ ਲੀਡਰਸ਼ਿਪ ’ਚ ਕੋਈ ਬਦਲਾਅ ਨਹੀਂ ਹੋਵੇਗਾ। ਯਤੀਂਦਰ ਸਿੱਧਰਮਈਆ ਦੀਆਂ ਟਿੱਪਣੀਆਂ ’ਤੇ ਪ੍ਰਤੀਕਿਰਿਆ ਕਰਦੇ ਹੋਏ ਮੰਤਰੀ ਜਮੀਰ ਅਹਿਮਦ ਖਾਨ ਨੇ ਕਿਹਾ ਕਿ ਐੱਮ. ਐੱਲ. ਸੀ. ਨੇ ਸਿਰਫ ਆਪਣੀ ਨਿੱਜੀ ਰਾਏ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਦੀ ਕੁਰਸੀ ਨੂੰ ਲੈ ਕੋਈ ਸਵਾਲ ਹੀ ਨਹੀਂ ਹੈ, ਇਸ ਗੱਲ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਸਿੱਧਰਮਈਆ ਮੁੱਖ ਮੰਤਰੀ ਬਣੇ ਰਹਿਣਗੇ ਅਤੇ ਕਾਂਗਰਸ ਹਾਈਕਮਾਨ ਕੋਲ ਹੀ ਇਕੋ-ਇਕ ਅਧਿਕਾਰ ਹੈ ਅਤੇ ਉਹੀ ਕਿਸੇ ਵੀ ਬਦਲਾਅ ਦਾ ਫੈਸਲਾ ਕਰ ਸਕਦੀ ਹੈ।
ਜਿੱਥੇ ਮੁੱਖ ਮੰਤਰੀ ਸਿੱਧਰਮਈਆ ਆਪਣੀ ਕੈਬਨਿਟ ’ਚ ਫੇਰਬਦਲ ਲਈ ਜ਼ੋਰ ਦੇ ਰਹੇ ਹਨ, ਸ਼ਿਵਕੁਮਾਰ ਚਾਹੁੰਦੇ ਹਨ ਕਿ ਪਾਰਟੀ ਪਹਿਲਾਂ ਲੀਡਰਸ਼ਿਪ ’ਤੇ ਫੈਸਲੇ ਕਰੇ। ਪਾਰਟੀ ਦੇ ਕਈ ਅੰਦਰੂਨੀ ਸੂਤਰਾਂ ਅਨੁਸਾਰ, ਜੇਕਰ ਕਾਂਗਰਸ ਹਾਈਕਮਾਨ ਕੈਬਨਿਟ ਫੇਰਬਦਲ ਨੂੰ ਮਨਜ਼ੂਰੀ ਦਿੰਦੀ ਹੈ, ਤਾਂ ਇਸ ਦਾ ਮਤਲਬ ਹੋਵੇਗਾ ਕਿ ਮੁੱਖ ਮੰਤਰੀ ਸਿੱਧਰਮਈਆ ਪੂਰੇ ਪੰਜ ਸਾਲ ਦਾ ਕਾਰਜਕਾਲ ਪੂਰਾ ਕਰਨਗੇ, ਜਿਸ ਨਾਲ ਸ਼ਿਵਕੁਮਾਰ ਦੇ ਇਸ ਵੱਕਾਰੀ ਅਹੁਦੇ ’ਤੇ ਪਹੁੰਚਣ ਦੀ ਸੰਭਾਵਨਾ ਖਤਮ ਹੋ ਜਾਵੇਗੀ।
ਰਸੋਈ ਦੇ ਔਜ਼ਾਰਾਂ ਨਾਲ ਮੁਕਾਬਲਾ
ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ 2026 ਤੋਂ ਪਹਿਲਾਂ ਮਹਿਲਾ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ’ਚ, ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮਹਿਲਾਵਾਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਦਾ ਨਾਂ ਵੋਟਰ ਲਿਸਟ ’ਚ ਕੱਟ ਦਿੱਤਾ ਜਾਂਦਾ ਹੈ, ਤਾਂ ਉਹ ਰਸੋਈ ਦੇ ਔਜ਼ਾਰਾਂ ਨਾਲ ਮੁਕਾਬਲਾ ਕਰਨ। ਕ੍ਰਿਸ਼ਨਾਨਗਰ ’ਚ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦੇ ਹੋਏ ਮਮਤਾ ਬੈਨਰਜੀ ਨੇ ਕਿਹਾ, ‘‘ਉਹ ਚੋਣਾਂ ਦੌਰਾਨ ਦਿੱਲੀ ਤੋਂ ਪੁਲਸ ਲਿਆਉਣਗੇ ਅਤੇ ਮਾਤਾਵਾਂ ਤੇ ਭੈਣਾਂ ਨੂੰ ਡਰਾਉਣਗੇ। ਮਾਵਾਂ ਅਤੇ ਭੈਣੋ, ਜੇਕਰ ਤੁਹਾਡੇ ਨਾਂ ਕੱਟ ਦਿੱਤੇ ਜਾਂਦੇ ਹਨ, ਤਾਂ ਤੁਹਾਡੇ ਕੋਲ ਔਜ਼ਾਰ ਹਨ, ਹੈ ਨਾ? ਉਹ ਔਜ਼ਾਰ, ਜਿਨ੍ਹਾਂ ਦੀ ਵਰਤੋਂ ਤੁਸੀਂ ਖਾਣਾ ਬਣਾਉਣ ਸਮੇਂ ਕਰਦੇ ਹੋ। ਤੁਹਾਡੇ ਕੋਲ ਤਾਕਤ ਹੈ, ਹੈ ਨਾ? ਜੇਕਰ ਤੁਹਾਡੇ ਨਾਂ ਕੱਟੇ ਜਾਂਦੇ ਹਨ, ਤਾਂ ਤੁਸੀਂ ਇਸ ਨੂੰ ਬਰਦਾਸ਼ਤ ਨਹੀਂ ਕਰੋਗੇ, ਹੈ ਨਾ? ਮਹਿਲਾਵਾਂ ਅੱਗੇ ਲੜਨਗੀਆਂ ਅਤੇ ਮਰਦ ਉਨ੍ਹਾਂ ਦੇ ਪਿੱਛੇ ਰਹਿਣਗੇ।’’ ਮਮਤਾ ਬੈਨਰਜੀ ਨੇ ਅੱਗੇ ਦੋਸ਼ ਲਗਾਇਆ ਿਕ ਚੋਣ ਕਮਿਸ਼ਨ ਇਸ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਲਈ ਭਾਜਪਾ ਨਾਲ ਜੁੜੇ ਅਧਿਕਾਰੀਆਂ ਨੂੰ ਤਾਇਨਾਤ ਕਰ ਰਿਹਾ ਹੈ।
ਸੋਰੇਨ ਦੇ ਭਾਜਪਾ ’ਚ ਜਾਣ ਦੀ ਅਫਵਾਹ
ਅਜਿਹੀਆਂ ਅਫਵਾਹਾਂ ਜ਼ੋਰਾਂ ’ਤੇ ਹਨ ਕਿ ਝਾਰਖੰਡ ਮੁਕਤੀ ਮੋਰਚਾ ਦੇ ਮੁਖੀ ਅਤੇ ਮੁੱਖ ਮੰਤਰੀ ਹੇਮੰਤ ਸੋਰੇਨ ਕਾਂਗਰਸ ਨਾਲੋਂ ਸੰਬੰਧ ਤੋੜ ਕੇ ਭਾਜਪਾ ਵੱਲ ਵਧ ਸਕਦੇ ਹਨ, ਖਾਸ ਕਰਕੇ ਦਿੱਲੀ ’ਚ ਇਕ ਸੀਨੀਅਰ ਭਾਜਪਾ ਨੇਤਾ ਨਾਲ ਉਨ੍ਹਾਂ ਦੀ ਕਥਿਤ ਮੁਲਾਕਾਤ ਤੋਂ ਬਾਅਦ। ਹਾਲਾਂਕਿ, ਸਿਆਸੀ ਆਬਜ਼ਰਵਰਾਂ ਦਾ ਕਹਿਣਾ ਹੈ ਕਿ ਝਾਮੁਮੋ ਲਈ ਆਪਣੇ ਸੁਭਾਵਿਕ ਸਹਿਯੋਗੀਆਂ ਤੋਂ ਆਸਾਨੀ ਨਾਲ ਅਲੱਗ ਹੋ ਕੇ ਭਾਜਪਾ ਨਾਲ ਗੱਠਜੋੜ ਕਰਨਾ ਮੁਸ਼ਕਲ ਹੋਵੇਗਾ, ਮੁੱਖ ਤੌਰ ’ਤੇ ਆਪਣੇ ਵੋਟ ਬੈਂਕ ਕਾਰਨ।
ਝਾਰਖੰਡ ਦੀ ਕੁੱਲ 81 ਮੈਂਬਰਾਂ ਵਾਲੀ ਵਿਧਾਨ ਸਭਾ ’ਚ ਸੋਰੇਨ ਦੀ ਅਗਵਾਈ ਵਾਲੀ ਸੱਤਾਧਾਰੀ ਝਾਰਖੰਡ ਮੁਕਤੀ ਮੋਰਚਾ ਕੋਲ 34 ਸੀਟਾਂ ਹਨ, ਸਹਿਯੋਗੀ ਕਾਂਗਰਸ ਕੋਲ 16, ਰਾਸ਼ਟਰੀ ਜਨਤਾ ਦਲ ਕੋਲ 4 ਅਤੇ ਲੈਫਟ ਕੋਲ 2 ਵਿਧਾਇਕ ਹਨ। ਸੱਤਾਧਾਰੀ ਇੰਡੀਆ ਗੱਠਜੋੜ ਨੂੰ ਸੂਬਾਈ ਵਿਧਾਨ ਸਭਾ ’ਚ ਕੁੱਲ 56 ਵਿਧਾਇਕਾਂ ਦਾ ਸਮਰਥਨ ਹਾਸਲ ਹੈ। ਝਾਰਖੰਡ ਦੇ ਸਿਆਸੀ ਗਲਿਆਰਿਆਂ ’ਚ ਇਹ ਚਰਚਾ ਹੈ ਕਿ ਹੇਮੰਤ ਸੋਰੇਨ ਭ੍ਰਿਸ਼ਟਾਚਾਰ ਨਾਲ ਜੁੜੇ ਆਪਣੇ ਵਿਰੁੱਧ ਪੈਂਡਿੰਗ ਐਨਫੋਰਸਮੈਂਟ ਡਾਇਰੈਕੋਰੇਟ ਦੇ ਮਾਮਲਿਆਂ ਨੂੰ ਲੈ ਕੇ ਚਿੰਤਤ ਹੋ ਸਕਦੇ ਹਨ ਅਤੇ ਉਹ ਕੇਂਦਰ ਸਰਕਾਰ ਨਾਲ ਮਜ਼ਬੂਤ ਅਤੇ ਬਿਹਤਰ ਸੰਬੰਧਾਂ ਦੀ ਉਮੀਦ ਕਰ ਰਹੇ ਹਨ। ਇਸ ਲਈ ਉਹ ਰਾਜ ’ਚ ਕਿਸੇ ਨਵੇਂ ਸਿਆਸੀ ਗੱਠਜੋੜ ਦੀ ਭਾਲ ਕਰ ਰਹੇ ਹੋਣਗੇ।
ਚੋਣ ਕਮਿਸ਼ਨਰਾਂ ਅਤੇ ਈ. ਵੀ. ਐੱਮਜ਼ ਦਾ ਮਾਮਲਾ
ਚੋਣ ਕਮਿਸ਼ਨ ’ਤੇ ਸਮਝੌਤਾ ਕਰਨ ਦੇ ਦੋਸ਼ ਲਗਾਉਂਦੇ ਹੋਏ ਕਾਂਗਰਸ, ਸਪਾ ਅਤੇ ਦ੍ਰਮੁਕ ਦੀ ਅਗਵਾਈ ਵਾਲੀ ਵਿਰੋਧੀ ਧਿਰ ਨੇ ਬੈਲੇਟ ਪੇਪਰ ’ਤੇ ਵਾਪਸ ਪਰਤਣ ਅਤੇ ਚੋਣ ਕਮਿਸ਼ਨਰਾਂ ਦੀ ਚੋਣ ਕਰਨ ਵਾਲੇ ਕਾਲੇਜੀਅਮ ਦਾ ਵਿਸਥਾਰ ਕਰਕੇ ਉਸ ਨੂੰ 5 ਮੈਂਬਰੀ ਬਾਡੀ ਬਣਾਉਣ ਦੀ ਮੰਗ ਕੀਤੀ ਹੈ, ਜਿਸ ’ਚ ਦੋ ਵਿਰੋਧੀ ਧਿਰ ਦੇ ਨੇਤਾ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਸੀ. ਜੇ. ਆਈ. ਸ਼ਾਮਲ ਹੋਣ, ਜਦਕਿ ਮੌਜੂਦਾ ਸਮੇਂ ’ਚ ਇਸ ’ਚ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਲੋਕ ਸਭਾ ’ਚ ਆਪੋਜ਼ੀਸ਼ਨ ਦੇ ਨੇਤਾ ਸ਼ਾਮਲ ਹਨ। ਲੋਕ ਸਭਾ ’ਚ ਚੋਣ ਸੁਧਾਰਾਂ ’ਤੇ ਚਰਚਾ ਦੌਰਾਨ, ਕਾਂਗਰਸ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ, ‘‘ਮੇਰਾ ਸੁਝਾਅ ਹੈ ਕਿ ਇਸ ਪੈਨਲ ’ਚ ਦੋ ਮੈਂਬਰਾਂ ਨੂੰ ਜੋੜਿਆ ਜਾਣਾ ਚਾਹੀਦਾ ਹੈ। ਰਾਜ ਸਭਾ ’ਚ ਆਪੋਜ਼ੀਸ਼ਨ ਦੇ ਨੇਤਾ ਅਤੇ ਭਾਰਤ ਦੇ ਚੀਫ ਜਸਟਿਸ।’’
ਹਾਲਾਂਕਿ ਕਾਂਗਰਸ, ਸਮਾਜਵਾਦੀ ਪਾਰਟੀ (ਸਪਾ), ਦ੍ਰਵਿੜ ਮੁਨੇਤਰ ਕੜਗ਼ਮ (ਡੀ. ਐੱਮ. ਕੇ.) ਅਤੇ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਸਮੇਤ ਵਿਰੋਧੀ ਦਲਾਂ ਦੇ ਸੰਸਦ ਮੈਂਬਰਾਂ ਨੇ ਵੀ ਚੋਣਾਂ ਤੋਂ ਪਹਿਲਾਂ ਸਿੱਧੇ ਨਕਦ ਲਾਭ ਬੰਦ ਕਰਨ ਦੀ ਮੰਗ ਕੀਤੀ। ਇਸੇ ਦੌਰਾਨ, ਵਿਰੋਧੀ ਪਾਰਟੀਆਂ ਦੀ ਪੇਪਰ ਬੈਲੇਟ ਚੋਣਾਂ ’ਤੇ ਵਾਪਸ ਪਰਤਣ ਦੀ ਜ਼ੋਰਦਾਰ ਮੰਗ ਦੇ ਜਵਾਬ ’ਚ, ਭਾਜਪਾ ਸੰਸਦ ਮੈਂਬਰ ਰਵੀਸ਼ੰਕਰ ਪ੍ਰਸਾਦ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਦਾ ਮਤਲਬ ਬੂਥ ਕੈਪਚਰਿੰਗ ਦੇ ਦਿਨਾਂ ’ਚ ਵਾਪਸ ਜਾਣਾ ਹੋਵੇਗਾ। ਲੋਕ ਸਭਾ ’ਚ ‘ਚੋਣ ਸੁਧਾਰਾਂ’ ’ਤੇ ਬਹਿਸ ’ਚ ਹਿੱਸਾ ਲੈਂਦੇ ਹੋਏ, ਪ੍ਰਸਾਦ ਨੇ ਕਿਹਾ ਕਿ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ. ਵੀ. ਐੱਮਜ਼) ਦੀ ਵਰਤੋਂ ਨੂੰ ਸਹੀ ਠਹਿਰਾਉਣ ਵਾਲੇ ਸੁਪਰੀਮ ਕੋਰਟ ਅਤੇ ਹਾਈਕੋਰਟ ਦੇ ਘੱਟੋ-ਘੱਟ ਦੋ ਦਰਜਨ ਫੈਸਲੇ ਹਨ।
ਨਵਜੋਤ ਕੌਰ ਸਿੱਧੂ ਦਾ ਮਾਮਲਾ
ਪੰਜਾਬ ਪ੍ਰਦੇਸ਼ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਿੱਲੀ ’ਚ ਕਾਂਗਰਸ ਮੁੱਖ ਦਫਤਰ ’ਚ ਪਾਰਟੀ ਦੇ ਪੰਜਾਬ ਇੰਚਾਰਜ ਭੁਪੇਸ਼ ਬਘੇਲ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਮੁਅੱਤਲ ਅਹੁਦੇਦਾਰ ਨਵਜੋਤ ਕੌਰ ਸਿੱਧੂ ਦੀ ਪਾਰਟੀ ਦੀ ਸੂਬਾਈ ਲੀਡਰਸ਼ਿਪ ਦੇ ਵਿਰੁੱਧ ਟਿੱਪਣੀ ਕਾਰਨ ਪੈਦਾ ਹੋਈ ਸਥਿਤੀ ਬਾਰੇ ਦੱਸਿਆ। ਸੂਤਰਾਂ ਅਨੁਸਾਰ ਬਘੇਲ ਨੇ ਵੜਿੰਗ ਨੂੰ ਕਿਹਾ ਕਿ ਸਾਰੇ ਪਾਰਟੀ ਨੇਤਾਵਾਂ ਨੂੰ ਅਨੁਸ਼ਾਸਨ ਬਣਾਈ ਰੱਖਣ ਦਾ ਨਿਰਦੇਸ਼ ਦੇਣ ਅਤੇ ਚਿਤਾਵਨੀ ਦਿੱਤੀ ਕਿ ਅੰਦਰੂਨੀ ਝਗੜੇ ਜਾਂ ਵਿਵਾਦ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
ਹਾਲਾਂਕਿ, ਨਵਜੋਤ ਕੌਰ ਨੇ ਐਤਵਾਰ ਨੂੰ ਕਿਹਾ ਸੀ ਕਿ ‘ਜੋ 500 ਕਰੋੜ ਰੁਪਏ ਦਾ ਸੂਟਕੇਸ ਦਿੰਦਾ ਹੈ, ਉਹ ਮੁੱਖ ਮੰਤਰੀ ਬਣ ਜਾਂਦਾ ਹੈ।’ ਬਾਅਦ ’ਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਗੱਲ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ। ਇਸ ਵਿਚਾਲੇ, ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਪੰਜਾਬ ਮਾਮਲਿਆਂ ਦੇ ਇੰਚਾਰਜ ਕਾਂਗਰਸ ਜਨਰਲ ਸਕੱਤਰ ਅਤੇ ਹੋਰ ਸੀਨੀਅਰ ਨੇਤਾਵਾਂ ਨਾਲ ਮੁੱਦਿਆਂ ’ਤੇ ਚਰਚਾ ਕਰਨ ਲਈ ਇਕ ਬੈਠਕ ਬੁਲਾਈ ਸੀ ਅਤੇ ਲੀਡਰਸ਼ਿਪ ਇਹ ਨਹੀਂ ਚਾਹੁੰਦੀ ਸੀ ਕਿ ਸੰਕਟ ਹੋਰ ਡੂੰਘਾ ਹੋਵੇ।
–ਰਾਹਿਲ ਨੌਰਾ ਚੋਪੜਾ
ਢਲਦੀ ਉਮਰ ਸਮਝਾਉਂਦੀ ਜੀਵਨ ਦੀ ਡੂੰਘੀ ਸੱਚਾਈ
NEXT STORY