ਤਰੋ-ਤਾਜ਼ਾ ਖਬਰਾਂ ਤੋਂ ਪਤਾ ਲੱਗ ਰਿਹਾ ਹੈ ਕਿ ਫਰਾਂਸ ਦੇ ਲਗਭਗ 200 ਸੈਕੰਡਰੀ ਸਕੂਲਾਂ (ਜਮਾਤ 6ਵੀਂ ਤੋਂ 8ਵੀਂ) ਨੇ ਕਲਾਸ ’ਚ ਸਮਾਰਟਫੋਨ ਲਿਆਉਣ ’ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਇਸ ਨੂੰ ਡਿਜੀਟਲ ਬ੍ਰੇਕ ਦਾ ਨਾਂ ਦਿੱਤਾ ਗਿਆ ਹੈ। ਫਿਲਹਾਲ ਇਹ ਮੁਹਿੰਮ ਪ੍ਰੀਖਣ ਦੇ ਪੜਾਅ ’ਚ ਹੈ। ਇਹ ਫੈਸਲਾ ਮੋਬਾਇਲ ਅਤੇ ਇਲੈਕਟ੍ਰਾਨਿਕ ਯੰਤਰਾਂ ’ਤੇ ਅੱਲ੍ਹੜਾਂ ਦਾ ਸਕ੍ਰੀਨ ਟਾਈਮ (ਸਕ੍ਰੀਨ ਦੇਖਣ ਦਾ ਸਮਾਂ) ਘਟਾਉਣ ਅਤੇ ਉਨ੍ਹਾਂ ਨੂੰ ਆਨਲਾਈਨ ਸ਼ੋਸ਼ਣ ਅਤੇ ਸਾਈਬਰਬੁਲਿੰਗ ਤੋਂ ਬਚਾਉਣ ਲਈ ਲਿਆ ਗਿਆ ਹੈ। ਜੇਕਰ ਇਹ ਪ੍ਰੀਖਣ ਕਾਮਯਾਬ ਹੁੰਦਾ ਹੈ ਤਾਂ 2025 ਤੱਕ ਇਸ ਨੂੰ ਫਰਾਂਸ ਦੇ ਸਾਰੇ ਸਕੂਲਾਂ ’ਚ ਲਾਗੂ ਕੀਤਾ ਜਾ ਸਕਦਾ ਹੈ।
ਮੋਬਾਇਲ ਜਾਂ ਸੈੱਲਫੋਨ ਅੱਜਕਲ ਹਰ ਵਿਅਕਤੀ ਦੀ ਜ਼ਿੰਦਗੀ ’ਚ ਆਧੁਨਿਕ ਦੂਰਸੰਚਾਰ ਦਾ ਇਕ ਅਨਿੱਖੜਵਾਂ ਅੰਗ ਬਣ ਗਏ ਹਨ। ਕਈ ਦੇਸ਼ਾਂ ’ਚ ਅੱਧੇ ਤੋਂ ਵੱਧ ਆਬਾਦੀ ਮੋਬਾਇਲ ਫੋਨ ਦੀ ਵਰਤੋਂ ਕਰਦੀ ਹੈ ਅਤੇ ਮੋਬਾਇਲ ਫੋਨ ਦਾ ਬਾਜ਼ਾਰ ਤੇਜ਼ੀ ਨਾਲ ਵਧ ਰਿਹਾ ਹੈ। ਸੰਯੁਕਤ ਰਾਸ਼ਟਰ ਵਪਾਰ ਅਤੇ ਵਿਕਾਸ ਸੰਮੇਲਨ ਵਲੋਂ ਕੀਤੇ ਗਏ ਇਕ ਅਧਿਐਨ ਦੇ ਅਨੁਸਾਰ, ਸਾਊਦੀ ਅਰਬ ਖਾੜੀ ਖੇਤਰ ਦੇ ਦੇਸ਼ਾਂ ’ਚ ਸਭ ਤੋਂ ਵੱਧ ਮੋਬਾਇਲ ਖਪਤਕਾਰਾਂ ਦੇ ਨਾਲ ਪਹਿਲੇ ਸਥਾਨ ’ਤੇ ਹੈ।
ਖਾੜੀ ਦੇਸ਼ਾਂ ’ਚ ਓਮਾਨ ਦੂਜੇ ਸਥਾਨ ’ਤੇ ਹੈ। ਉਸ ਦੇ ਬਾਅਦ ਕੁਵੈਤ ਅਤੇ ਯੂ. ਏ. ਈ. ਹਨ। ਕਿਉਂਕਿ ਦੁਨੀਆ ਭਰ ’ਚ ਅਰਬਾਂ ਲੋਕ ਮੋਬਾਇਲ ਫੋਨ ਦੀ ਵਰਤੋਂ ਕਰਦੇ ਹਨ, ਇਸ ਲਈ ਸਿਹਤ ’ਤੇ ਉਲਟ ਪ੍ਰਭਾਵਾਂ ਦੀਆਂ ਘਟਨਾਵਾਂ ’ਚ ਥੋੜ੍ਹਾ ਜਿਹਾ ਵੀ ਵਾਧਾ ਲੰਬੇ ਸਮੇਂ ਦੇ ਆਧਾਰ ’ਤੇ ਵੱਡੇ ਜਨਤਕ ਸਿਹਤ ’ਤੇ ਪ੍ਰਭਾਵ ਪਾ ਸਕਦਾ ਹੈ।
ਫਰਾਂਸ ’ਚ ਸ਼ੁਰੂ ਕੀਤੇ ਜਾ ਰਹੇ ਨਵੇਂ ਪ੍ਰਯੋਗ ਦੇ ਅਨੁਸਾਰ ਅੱਲ੍ਹੜ ਸਵੇਰੇ ਸਕੂਲ ਆਉਣ ’ਤੇ ਆਪਣਾ ਮੋਬਾਇਲ ਅਧਿਆਪਕਾਂ ਨੂੰ ਸੌਂਪ ਦਿੰਦੇ ਹਨ, ਉਹ ਜਦੋਂ ਤਕ ਸਕੂਲ ’ਚ ਰਹਿੰਦੇ ਹਨ, ਉਨ੍ਹਾਂ ਦੇ ਮੋਬਾਇਲ ਫੋਨ ਬੇਹੱਦ ਸੁਰੱਖਿਅਤ ਬ੍ਰੀਫਕੇਸ ’ਚ ਰੱਖੇ ਜਾਂਦੇ ਹਨ। ਇਸ ਦੇ ਲਈ ਸੰਬੰਧਤ ਸਕੂਲਾਂ ਨੇ ਖੁਦ ਹੀ ਫੰਡ ਇਕੱਠਾ ਕਰ ਕੇ ਬ੍ਰੀਫਕੇਸ ਵਰਗੇ ਸਟੋਰੇਜ ਯੰਤਰ ਖਰੀਦੇ ਹਨ।
ਕਈ ਮਾਹਿਰ ਸੁਚੇਤ ਕਰਦੇ ਹਨ ਕਿ ਅੱਲ੍ਹੜਾਂ ਅਤੇ ਬੱਚਿਆਂ ’ਚ ਸਮਾਰਟ ਫੋਨ ਦਾ ਵਧਦਾ ਰਿਵਾਜ਼ ਅਤੇ ਸੋਸ਼ਲ ਮੀਡੀਆ ਦੇ ਪ੍ਰਤੀ ਰੁਝਾਨ, ਆਦਤ ਦੀ ਹੱਦ ਤਕ ਵਧਦਾ ਜਾ ਰਿਹਾ ਹੈ। ਇਹ ਸਿਹਤ ਲਈ ਵੱਡੇ ਖਤਰੇ ਵਾਂਗ ਦੇਖਿਆ ਜਾ ਰਿਹਾ ਹੈ।
ਆਪਣੇ ਦੇਸ਼ ’ਚ ਵੀ ਵਿਦਿਆਰਥੀਆਂ ਵਲੋਂ ਮੋਬਾਇਲ ਦੀ ਅਨਿਯਮਿਤ ਵਰਤੋਂ ਸਿਖਰ ’ਤੇ ਹੈ। ਸਿੱਖਿਆ ਨਾਲ ਜੁੜੇ ਕਈ ਲੋਕ ਇਸ ਬਿੰਦੂ ’ਤੇ ਹੱਥ ’ਤੇ ਹੱਥ ਧਰੀ ਬੈਠੇ ਹਨ। ਵਿਦਿਆਰਥੀਆਂ ਦੀ ਮਾਨਸਿਕ ਸਿਹਤ ਨੂੰ ਵਧੀਆ ਬਣਾਉਣ ਲਈ ਵਿਵਸਥਾ ’ਚ ਵੀ ਇਸ ਬਿੰਦੂ ’ਤੇ ਸਖਤ ਗਾਈਡਲਾਈਨਜ਼ ਦੀ ਉਡੀਕ ਹੈ। ਇਹ ਕੰਮ ਕਿਸ ਨੂੰ ਕਰਨਾ ਪਵੇਗਾ?
ਸਾਡੇ ਇਥੇ ਤਾਂ ਮਾਂ-ਬਾਪ 3 ਸਾਲ ਦੇ ਬੱਚੇ ਦੇ ਹੱਥ ’ਚ ਮੋਬਾਇਲ ਫੜਾ ਦਿੰਦੇ ਹਨ ਤਾਂਕਿ ਬੱਚਾ ਉਨ੍ਹਾਂ ਨੂੰ ਐਵੇਂ ਪ੍ਰੇਸ਼ਾਨ ਨਾ ਕਰੇ। ਬੱਚਾ ਮੋਬਾਇਲ ’ਤੇ ਕਾਰਟੂਨ ਦੇਖਦਾ ਰਹੇ, ਭਾਵੇਂ ਕਿਸੇ ਮਾਨਸਿਕ ਬੀਮਾਰੀ ਦਾ ਸ਼ਿਕਾਰ ਹੋ ਜਾਵੇ। ਅਸੀਂ ਸਮਝ ਲਈਏ ਕਿ ਘੱਟ ਉਮਰ ਦੇ ਬੱਚਿਆਂ ਅਤੇ ਵਿਦਿਆਰਥੀਆਂ ’ਚ ਸੈੱਲਫੋਨ ਨਾਲ ਦਿਮਾਗੀ ਕੈਂਸਰ ਹੋਣ ਦਾ ਜੋਖਿਮ ਬਾਲਿਗਾਂ ਦੀ ਤੁਲਨਾ ’ਚ ਵੱਧ ਹੁੰਦਾ ਹੈ। ਉਨ੍ਹਾਂ ਦਾ ਨਾੜੀ ਤੰਤਰ ਅਜੇ ਵੀ ਵਿਕਸਿਤ ਹੋ ਰਿਹਾ ਹੁੰਦਾ ਹੈ ਅਤੇ ਇਸ ਲਈ ਕੈਂਸਰ ਪੈਦਾ ਕਰਨ ਵਾਲੇ ਕਾਰਕਾਂ ਦੇ ਪ੍ਰਤੀ ਵਧ ਨਾਜ਼ੁਕ ਹੈ। ਕੀ ਸਾਨੂੰ ਇਸ ਬਿੰਦੂ ਨੂੰ ਨਜ਼ਰਅੰਦਾਜ਼ ਕਰਨਾ ਚਾਹੀਦਾ ਹੈ?
ਕਿਉਂ ਨਾ ਅਸੀਂ ਬੱਚਿਆਂ, ਵਿਦਿਆਰਥੀਆਂ ਅਤੇ ਖੁਦ ਵੀ ਮੋਬਾਇਲ ਅਤੇ ਡਿਜੀਟਲ ਤਕਨੀਕਾਂ ਤੋਂ ਦੂਰ ਰਹੀਏ। ਕੀ ਵਿਦਿਆਰਥੀਆਂ ਨੂੰ ਮੋਬਾਇਲ ਗੇਮਜ਼ ਦੀ ਬਜਾਏ ਬਿਨਾਂ ਮੋਬਾਇਲ ਦੀਆਂ ਗੇਮਾਂ ਖੇਡਣ ਲਈ ਉਤਸ਼ਾਹਿਤ ਕਰਨਾ ਬਿਹਤਰ ਨਹੀਂ ਹੋਵੇਗਾ। ਅਜਿਹਾ ਨਾ ਕਰਨ ਦੇ ਕਾਰਨ ਵੀ ਦੇਸੀ ਖੇਡਾਂ ਅਲੋਪ ਹੁੰਦੀਆਂ ਜਾ ਰਹੀਆਂ ਹਨ। ਕੁਲ ਮਿਲਾ ਕੇ ਸਿਰਫ ਵਿਦਿਆਰਥੀ ਹੀ ਨਹੀਂ, ਸਾਡੇ ਸਾਰਿਆਂ ਲਈ ਮੋਬਾਇਲ ਦੀ ਸੰਜਮ ਨਾਲ ਵਰਤੋਂ ਕਰਨਾ ਸਾਡੀ ਜ਼ਿੰਦਗੀ ਨੂੰ ਮਾਨਸਿਕ ਸ਼ਾਂਤੀ ਨਾਲ ਭਰਪੂਰ ਕਰ ਸਕਦਾ ਹੈ।
ਡਾ. ਵਰਿੰਦਰ ਭਾਟੀਆ
ਟਰੰਪ ਦੀ ਜਿੱਤ ਦਾ ਅਮਰੀਕੀ ਅਰਥਵਿਵਸਥਾ 'ਤੇ ਕੀ ਅਸਰ ਹੋਵੇਗਾ
NEXT STORY