ਜਿਵੇਂ ਕਿ ਅਸੀਂ ਲਿਖਦੇ ਰਹਿੰਦੇ ਹਾਂ, ਆਪਣੀ ਹੋਂਦ ’ਚ ਆਉਣ ਦੇ ਸਮੇਂ ਤੋਂ ਹੀ ਪਾਕਿਸਤਾਨ ਦੇ ਹਾਕਮਾਂ ਨੇ ਆਪਣਾ ਭਾਰਤ ਵਿਰੋਧੀ ਰਵੱਈਆ ਜਾਰੀ ਰੱਖਿਆ ਹੋਇਆ ਹੈ ਅਤੇ ਭਾਰਤ ’ਚ ਅਸ਼ਾਂਤੀ ਫੈਲਾਉਣ ਲਈ ਆਪਣੇ ਪਾਲੇ ਹੋਏ ਅੱਤਵਾਦੀਆਂ ਦੇ ਜ਼ਰੀਏ ਜੰਮੂ-ਕਸ਼ਮੀਰ ’ਚ ਲਗਾਤਾਰ ਹਿੰਸਾ ਕਰਵਾ ਰਹੇ ਹਨ।
ਹੁਣ ਜਦ ਕਿ ਜੰਮੂ-ਕਸ਼ਮੀਰ ’ਚ ਨੈਕਾਂ ਅਤੇ ਕਾਂਗਰਸ ਗੱਠਜੋੜ ਦੀ ਸਰਕਾਰ ਛੇਤੀ ਹੀ ਉਮਰ ਅਬਦੁੱਲਾ ਦੀ ਅਗਵਾਈ ’ਚ ਸਹੁੰ ਚੁੱਕ ਰਹੀ ਹੈ, ਗੁਆਂਢੀ ਦੇਸ਼ਾਂ ਨਾਲ ਚੰਗੇ ਸਬੰਧਾਂ ਦੀ ਵਕਾਲਤ ਕਰਨ ਵਾਲੇ ਨੈਕਾਂ ਸੁਪਰੀਮੋ ਫਾਰੂਕ ਅਬਦੁੱਲਾ ਨੇ ਕਿਹਾ ਹੈ ਕਿ ਪਾਕਿਸਤਾਨ ਨਾਲ ਗੱਲਬਾਤ ਸ਼ੁਰੂ ਕਰਨ ਜਾਂ ਨਾ ਕਰਨ ਦਾ ਫੈਸਲਾ ਕਰਨਾ ਸਾਡਾ ਨਹੀਂ ਕੇਂਦਰ ਸਰਕਾਰ ਦਾ ਕੰਮ ਹੈ। ਅਸੀਂ ਭਾਈਚਾਰਾ ਚਾਹੁੰਦੇ ਹਾਂ ਅਤੇ ਸਾਨੂੰ ਆਪਣੇ ਸਾਰੇ ਗੁਆਂਢੀਆਂ ਨਾਲ ਚੰਗੇ ਸਬੰਧ ਰੱਖਣੇ ਚਾਹੀਦੇ ਹਨ।
ਇਸ ਦੇ ਨਾਲ ਹੀ ਡਾ. ਫਾਰੂਕ ਅਬਦੁੱਲਾ ਨੇ ਆਸ ਪ੍ਰਗਟ ਕੀਤੀ ਹੈ, ‘‘ਕੇਂਦਰ ਸਰਕਾਰ ‘ਦੱਖਣੀ ਏਸ਼ੀਆਈ ਇਲਾਕਾਈ ਸਹਿਯੋਗ ਸੰਗਠਨ’ (ਸਾਰਕ) ਨੂੰ ਫਿਰ ਤੋਂ ਸ਼ੁਰੂ ਕਰੇਗੀ ਤਾਂ ਕਿ ਅਸੀਂ ਖੁਸ਼ੀ ਨਾਲ ਜੀਅ ਸਕੀਏ, ਅਸੀਂ ਇਨ੍ਹਾਂ ਦੇਸ਼ਾਂ ਦੇ ਵੱਡੇ ਭਰਾ ਹਾਂ।’’
ਇਸ ਦਰਮਿਆਨ ਜਿੱਥੇ ਜੰਮੂ-ਕਸ਼ਮੀਰ ’ਚ ਨਵੀਂ ਸਰਕਾਰ ਦੇ ਸਹੁੰ ਚੁੱਕਣ ਦੀ ਤਿਆਰੀ ਹੋ ਰਹੀ ਹੈ, ਉੱਥੇ ਹੀ ਬੀ.ਐੱਸ.ਐੱਫ. ਦੇ ਡਾਇਰੈਕਟਰ ਜਨਰਲ (ਕਸ਼ਮੀਰ ਫਰੰਟੀਅਰ) ਅਸ਼ੋਕ ਯਾਦਵ ਨੇ ਕਿਹਾ ਹੈ ਕਿ ਸਰਦੀਆਂ ਆਉਂਦਿਆਂ ਹੀ ਐੱਲ.ਓ.ਸੀ. ਦੇ ਨੇੜੇ 130 ਤੋਂ 150 ਦੇ ਦਰਮਿਆਨ ਅੱਤਵਾਦੀ ਕਸ਼ਮੀਰ ਵਾਦੀ ’ਚ ਘੁਸਪੈਠ ਲਈ ਲਾਂਚ ਪੈਡ ’ਤੇ ਉਡੀਕ ਕਰ ਰਹੇ ਹਨ। ਸੁਰੱਖਿਆ ਬਲ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਘੁਸਪੈਠ ਦੀ ਕਿਸੇ ਵੀ ਕੋਸ਼ਿਸ਼ ਨੂੰ ਨਾਕਾਮ ਕੀਤਾ ਜਾਵੇ।
ਸ਼੍ਰੀ ਅਸ਼ੋਕ ਯਾਦਵ ਅਨੁਸਾਰ ਐੱਲ.ਓ.ਸੀ. ਦੇ ਨੇੜੇ ਕੁਝ ਪਿੰਡ ਹਨ। ਤੰਗਧਾਰ ਅਤੇ ਕੇਰਨ ਸੈਕਟਰ ਵਰਗੇ ਕੁਝ ਸੰਵੇਦਨਸ਼ੀਲ ਇਲਾਕੇ ਹਨ। ਉੱਥੇ ਮੋਬਾਈਲ ਬੰਕਰ ਅਤੇ ਮਹਿਲਾ ਸੈਨਿਕਾਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ ਕਿਉਂਕਿ ਅਜਿਹੀ ਸੂਚਨਾ ਸੀ ਕਿ ਪਾਕਿਸਤਾਨੀ ਕੁਝ ਮਹਿਲਾਵਾਂ ਨੂੰ ਕੋਰੀਅਰ ਵਜੋਂ ਵਰਤ ਸਕਦੇ ਹਨ। ਇਸ ਤਰ੍ਹਾਂ ਦੇ ਹਾਲਾਤ ’ਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਕਿਹਾ ਹੈ ਕਿ ਹਥਿਆਰਬੰਦ ਬਲਾਂ ਨੂੰ ਚੁਣੌਤੀਆਂ ਨਾਲ ਨਜਿੱਠਣ ਅਤੇ ਅਣਕਿਆਸੀਆਂ ਚੁਣੌਤੀਆਂ ਲਈ ਹਰ ਸਮੇਂ ਤਿਆਰ ਰਹਿਣ ਦੀ ਲੋੜ ਹੈ ਜੋ ਬੇਹੱਦ ਜ਼ਰੂਰੀ ਹੈ ਤਾਂ ਕਿ ਅੱਤਵਾਦੀ ਰੰਗ ’ਚ ਭੰਗ ਨਾ ਪਾ ਸਕਣ।
-ਵਿਜੇ ਕੁਮਾਰ
ਕੁਰਸੀ ਦਾ ਮੋਹ ਹੀ ਹਰਿਆਣਾ 'ਚ ਕਾਂਗਰਸ ਦੀ ਹਾਰ ਦਾ ਵੱਡਾ ਕਾਰਨ
NEXT STORY