ਭਾਰਤ ਵਿਚ ਗੁਲਾਮੀ ਦਾ ਇਤਿਹਾਸ ਸਦੀਆਂ ਪੁਰਾਣਾ ਹੈ। ਇਸ ਦਾ ਜ਼ਿਕਰ ਭਾਰਤ ਦੇ ਪ੍ਰਾਚੀਨ ਗ੍ਰੰਥ ‘ਮਨੂਸਮ੍ਰਿਤੀ’ ਵਿਚ ਵੀ ਮਿਲਦਾ ਹੈ। ਦਾਸਾਂ ਲਈ ਆਪਣੇ ਮਾਲਕਾਂ ਅਧੀਨ ਕੰਮ ਕਰਨਾ ਅਤੇ ਮਰਨਾ ਹੀ ਉਨ੍ਹਾਂ ਦੀ ਜ਼ਿੰਦਗੀ ਸੀ। ਅਮਰੀਕਾ ਅਤੇ ਇੰਗਲੈਂਡ ਸਮੇਤ ਲਗਭਗ ਸਾਰੇ ਦੇਸ਼ਾਂ ਵਿਚ ਗੁਲਾਮਾਂ ਦੀਆਂ ਮੰਡੀਆਂ ਸਜਦੀਆਂ ਸਨ ਅਤੇ ਇਨ੍ਹਾਂ ਦਾ ਵਪਾਰ ਹੁੰਦਾ ਸੀ। ਕਈ ਦੇਸ਼ਾਂ ਨੇ ਦਾਸ ਪ੍ਰਥਾ (ਗੁਲਾਮੀ) ਨੂੰ ਖਤਮ ਕਰਨ ਲਈ ਕਦਮ ਚੁੱਕੇ।
ਸੰਨ 1807 ਵਿਚ ਬ੍ਰਿਟੇਨ ਨੇ ਗੁਲਾਮੀ ਖਾਤਮਾ ਐਕਟ ਤਹਿਤ ਆਪਣੇ ਦੇਸ਼ ਵਿਚ ਅਫਰੀਕੀ ਗੁਲਾਮਾਂ ਦੀ ਖਰੀਦੋ-ਫਰੋਖਤ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ। ਇਸ ਤੋਂ ਬਾਅਦ, 1808 ਵਿਚ ਅਮਰੀਕੀ ਕਾਂਗਰਸ ਨੇ ਗੁਲਾਮਾਂ ਦੀ ਦਰਾਮਦ ’ਤੇ ਪਾਬੰਦੀ ਲਗਾ ਦਿੱਤੀ।
ਭਾਰਤ ਵਿਚ ਦਾਸ ਪ੍ਰਥਾ 1843 ਈਸਵੀ ਵਿਚ ਖਤਮ ਕਰ ਦਿੱਤੀ ਗਈ ਸੀ, ਜਦੋਂ ਬ੍ਰਿਟਿਸ਼ ਸ਼ਾਸਨ ਦੌਰਾਨ ਇਕ ਐਕਟ ਪਾਸ ਕੀਤਾ ਗਿਆ ਸੀ। ਇਸ ਤੋਂ ਬਾਅਦ, 1975 ਵਿਚ ਭਾਰਤ ਸਰਕਾਰ ਨੇ ਬੰਧੂਆ ਮਜ਼ਦੂਰ ਐਕਟ ਪਾਸ ਕੀਤਾ, ਜਿਸ ਦੇ ਤਹਿਤ ਬੰਧੂਆ ਮਜ਼ਦੂਰਾਂ ਨੂੰ ਰਿਹਾਅ ਕੀਤਾ ਗਿਆ।
ਮਾਨਸਿਕ ਗੁਲਾਮੀ ਦੀ ਖ਼ਤਰਨਾਕ ਖੇਡ : ਅੱਜ ਦੁਨੀਆ ਵਿਚ ਕਿਤੇ ਵੀ ਕਿਸੇ ਨੂੰ ਵੀ ਦਾਸ, ਗੁਲਾਮ ਜਾਂ ਬੰਧੂਆ ਮਜ਼ਦੂਰ ਨਹੀਂ ਬਣਾਇਆ ਜਾ ਸਕਦਾ, ਪਰ ਅਮੀਰ ਅਤੇ ਸ਼ਕਤੀਸ਼ਾਲੀ ਦੇਸ਼ਾਂ ਦੇ ਸ਼ਾਸਕਾਂ ਅਤੇ ਅਮੀਰ ਲੋਕਾਂ ਨੇ ਗਰੀਬ, ਸਾਧਨਹੀਣ, ਅਨਪੜ੍ਹ ਅਤੇ ਸ਼ੋਸ਼ਿਤ ਲੋਕਾਂ ਨੂੰ ਵਿਕਾਸ ਦਾ ਰੰਗੀਨ ਚਸ਼ਮਾ ਪਹਿਨਾ ਕੇ ਆਪਣਾ ਬਿਨਾਂ ਮੁੱਲ ਦਾ ਪਿਛਲੱਗ ਭਾਵ ਗੁਲਾਮ ਬਣਾ ਿਲਆ।
ਸਾਡਾ ਗੁਆਂਢੀ ਦੇਸ਼ ਪਾਕਿਸਤਾਨ ਇਸ ਦੀ ਇਕ ਮਿਸਾਲ ਹੈ। ਅਮਰੀਕਾ ਨੇ ਇਸ ਨੂੰ ਹਰ ਤਰ੍ਹਾਂ ਦੇ ਸਾਜ਼ੋ-ਸਾਮਾਨ ਅਤੇ ਐਸ਼ੋ-ਆਰਾਮ ਦੇ ਸਾਧਨ ਦੇ ਕੇ ਇਕ ਤਰ੍ਹਾਂ ਨਾਲ ਅਪਾਹਜ ਕਰ ਦਿੱਤਾ। ਉਹ ਅਮਰੀਕੀ ਖਾਣਾ ਖਾਂਦਾ ਹੈ, ਵਿਦੇਸ਼ੀ ਕੱਪੜੇ ਪਹਿਨਦਾ ਹੈ ਅਤੇ ਉਨ੍ਹਾਂ ਦੇ ਹਥਿਆਰਾਂ ਨਾਲ ਲੜਦਾ ਹੈ। ਇੰਨਾ ਹੀ ਨਹੀਂ, ਉਸ ਨੇ ਭਾਰਤ ਨਾਲ ਸਦੀਵੀ ਦੁਸ਼ਮਣੀ ਦੀ ਸਕ੍ਰਿਪਟ ਵੀ ਲਿਖ ਕੇ ਦੇ ਿਦੱਤੀ।
ਅਮਰੀਕਾ ਨੇ ਇਸੇ ਤਰ੍ਹਾਂ ਦੂਜੇ ਦੇਸ਼ਾਂ ਨੂੰ ਵੀ ਆਪਣੇ ਜਾਲ ਵਿਚ ਫਸਾਉਣ ਲਈ ਚਾਲ ਚੱਲੀ। ਇਹ ਕਿਤੇ ਨਾ ਕਿਤੇ ਸਫਲ ਰਿਹਾ, ਜਦੋਂ ਕਿ ਕੁਝ ਦੇਸ਼ਾਂ ਨੇ ਇਸ ਦੇ ਇਰਾਦਿਆਂ ਨੂੰ ਸਮਝਦੇ ਹੋਏ, ਇਸ ਦੇ ਨਾਲ ਦੋਸਤਾਨਾ ਅਤੇ ਵਪਾਰਕ ਸਬੰਧ ਤਾਂ ਬਣਾਏ ਰੱਖੇ ਪਰ ਇਸ ਨੂੰ ਕਦੇ ਵੀ ਆਪਣੇ ਅੰਦਰੂਨੀ ਮਾਮਲਿਆਂ ਵਿਚ ਦਖਲ ਨਹੀਂ ਦੇਣ ਦਿੱਤਾ।
ਆਓ ਹੁਣ ਆਪਾਂ ਅੰਤਰਰਾਸ਼ਟਰੀ ਦ੍ਰਿਸ਼ਟੀਕੋਣ ਤੋਂ ਹਟ ਕੇ ਆਪਣੇ ਦੇਸ਼ ਬਾਰੇ ਗੱਲ ਕਰੀਏ। ਕੁਝ ਮਿਸਾਲਾਂ ਅੱਜ ਦੇ ਦੁਸ਼ਟ ਚੱਕਰ ਨੂੰ ਬੇਨਕਾਬ ਕਰਨਗੀਆਂ। ਸਭ ਤੋਂ ਪਹਿਲਾਂ, ਆਓ ਸੰਵਿਧਾਨ ਵਿਚ ਸੀਮਤ ਸਮੇਂ ਲਈ ਰੱਖੀ ਗਈ ਰਾਖਵਾਂਕਰਨ ਪ੍ਰਣਾਲੀ ਬਾਰੇ ਗੱਲ ਕਰੀਏ।
ਸਾਡੇ ਚਲਾਕ ਸਿਆਸਤਦਾਨਾਂ ਨੇ ਇਸ ਵਿਵਸਥਾ ਨੂੰ ਇਸ ਤਰੀਕੇ ਨਾਲ ਵਰਤਣ ਦਾ ਫੈਸਲਾ ਕੀਤਾ ਕਿ ਇਹ ਪ੍ਰਣਾਲੀ ਹਮੇਸ਼ਾ ਲਈ ਜਾਰੀ ਰਹੇ। ਇਸ ਨੂੰ ਹਟਾਉਣ ਦੀ ਬਜਾਏ, ਇਸ ਨੂੰ ਹੋਰ ਮਜ਼ਬੂਤ ਕਰਨ ਲਈ ਠੋਸ ਪ੍ਰਬੰਧ ਕਰ ਦਿੱਤੇ ਗਏ। ਹੁਣ, ਕੋਈ ਕਿੰਨੀ ਵੀ ਕੋਸ਼ਿਸ਼ ਕਰੇ, ਰਾਖਵਾਂਕਰਨ ਪ੍ਰਣਾਲੀ ਨੂੰ ਕਦੇ ਵੀ ਖਤਮ ਨਹੀਂ ਕੀਤਾ ਜਾ ਸਕਦਾ; ਸਗੋਂ, ਇਸਦਾ ਦਾਇਰਾ ਕਿਸੇ ਨਾ ਕਿਸੇ ਬਹਾਨੇ ਵਧਦਾ ਹੀ ਰਹੇਗਾ।
ਇਸ ਦੇ ਉਲਟ, ਗੈਰ-ਰਾਖਵਾਂ ਵਰਗ, ਇਕ ਤਾਂ ਅਲੱਗ-ਥਲੱਗ ਰਹਿੰਦਾ ਹੈ ਅਤੇ ਕਦੇ ਵੀ ਇਕਜੁੱਟ ਨਹੀਂ ਹੋ ਸਕਦਾ ਕਿਉਂਕਿ ਸੱਤਾ ਵਿਚ ਬੈਠੇ ਲੋਕ ਉਨ੍ਹਾਂ ਨੂੰ ਕੋਈ ਨਾ ਕੋਈ ਲਾਲੀਪਾਪ ਦੇ ਕੇ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਯੋਗ ਅਤੇ ਪ੍ਰਤਿਭਾਸ਼ਾਲੀ ਵਿਦੇਸ਼ ਜਾਂਦੇ ਹਨ ਅਤੇ ਆਪਣੇ ਗਿਆਨ ਦੀ ਵਰਤੋਂ ਦੂਜੇ ਦੇਸ਼ਾਂ ਦੀ ਆਰਥਿਕਤਾ ਨੂੰ ਨਵੀਆਂ ਉਚਾਈਆਂ ’ਤੇ ਲਿਜਾਣ ਲਈ ਕਰਦੇ ਹਨ।
ਸਿਆਸੀ ਪਾਰਟੀਆਂ ਅਤੇ ਸੱਤਾ ਵਿਚ ਬੈਠੇ ਲੋਕ ਲੋਕਾਂ ਨੂੰ ਮੁਫਤ ਚੀਜ਼ਾਂ ਦਾ ਆਦੀ ਬਣਾਉਣਾ ਸਭ ਤੋਂ ਆਸਾਨ ਸਮਝਦੇ ਹਨ ਤਾਂ ਜੋ ਉਨ੍ਹਾਂ ਨੂੰ ਆਪਣੇ ਪੱਖ ’ਚ ਕਰਨ ਅਤੇ ਨਾਲ ਰੱਖਣ ਲਈ ਕੁਝ ਹੋਰ ਕਰਨ ਦੀ ਲੋੜ ਨਾ ਪਵੇ।
ਇਹੀ ਮਾਨਸਿਕ ਗੁਲਾਮੀ ਹੈ ਅਤੇ ਇਕ ਵਾਰ ਜਦੋਂ ਕੋਈ ਵਿਅਕਤੀ ਇਸ ਦੇ ਜਾਲ ਵਿਚ ਫਸ ਜਾਂਦਾ ਹੈ, ਤਾਂ ਉਸ ਨੂੰ ਆਪਣੀ ਯੋਗਤਾ ਅਤੇ ਮਿਹਨਤ ਨਾਲ ਉਨ੍ਹਾਂ ਚੀਜ਼ਾਂ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨਾ ਵਿਅਰਥ ਲੱਗਦਾ ਹੈ। ਇਹ ਕਹਾਵਤ ‘ਅਜਗਰ ਕਰੇ ਨਾ ਚਾਕਰੀ, ਪੰਛੀ ਕਰੇ ਨਾ ਕਾਮ, ਦਾਸ ਮਲੂਕਾ ਕਹਿ ਗਏ ਸਬ ਕੇ ਦਾਤਾ ਰਾਮ’ ਨੂੰ ਸਹੀ ਠਹਿਰਾਉਂਦਾ ਹੈ।
ਕੋਈ ਵੀ ਸਰਕਾਰ ਜਾਂ ਗੈਰ-ਸਰਕਾਰੀ ਚੈਰੀਟੇਬਲ ਸੰਸਥਾ ਜੋ ਕਿਸੇ ਲੋੜਵੰਦ ਵਿਅਕਤੀ ਜਾਂ ਸਮਾਜ ਦੀ ਬੀਮਾਰੀ, ਮਹਾਮਾਰੀ ਜਾਂ ਆਫ਼ਤ ਵਿਚ ਮਦਦ ਕਰਦੀ ਹੈ, ਉਸ ਨੂੰ ਲੋਕ ਭਲਾਈ ਦੇ ਕੰਮ ਕਰਨੇ ਚਾਹੀਦੇ ਹਨ। ਇਹ ਸਿਰਫ਼ ਉਸ ਦਾ ਫਰਜ਼ ਹੀ ਨਹੀਂ ਹੈ, ਸਗੋਂ ਸਮੇਂ ਦੀ ਲੋੜ ਵੀ ਹੁੰਦੀ ਹੈ ਕਿ ਉਹ ਹਰ ਵਿਅਕਤੀ ਲਈ ਆਪਣਾ ਖਜ਼ਾਨਾ ਖੋਲ੍ਹ ਦੇਵੇ ਕਿਉਂਕਿ ਉਦੇਸ਼ ਸਾਰੇ ਜੀਵਾਂ ਦੀ ਰੱਖਿਆ ਕਰਨਾ ਹੈ।
ਗਰੀਬਾਂ ਜਾਂ ਬੇਸਹਾਰਾ ਲੋਕਾਂ ਦੀ ਇਸ ਤਰ੍ਹਾਂ ਮਦਦ ਕਰੋ ਕਿ ਉਹ ਕੁਝ ਕਮਾ ਸਕਣ ਅਤੇ ਸਿਰਫ਼ ਇਕ ਭਿਖਾਰੀ ਵਾਂਗ ਉਸ ਨੂੰ ਕੁਝ ਸਿੱਕੇ ਨਾ ਦਿੱਤੇ ਜਾਣ, ਅਨਪੜ੍ਹਾਂ ਨੂੰ ਸਿੱਖਿਆ ਦਿਓ ਤਾਂ ਜੋ ਉਹ ਆਪਣੇ ਚੰਗੇ-ਮਾੜੇ ਨੂੰ ਸਮਝ ਸਕਣ ਅਤੇ ਨੌਕਰੀ ਲਈ ਯੋਗ ਬਣ ਸਕਣ ਅਤੇ ਰੋਜ਼ੀ-ਰੋਟੀ ਕਮਾ ਸਕਣ, ਨਾ ਕਿ ਉਨ੍ਹਾਂ ਨੂੰ ਹਮੇਸ਼ਾ ਲਈ ਅਹਿਸਾਨਮੰਦ ਬਣਾ ਦਿੱਤਾ ਜਾਵੇ। ਬੀਮਾਰਾਂ ਦਾ ਮੁਫ਼ਤ ਇਲਾਜ , ਤਾਂ ਜੋ ਉਹ ਜਲਦੀ ਠੀਕ ਹੋ ਜਾਣ ਅਤੇ ਕਿਸੇ ’ਤੇ ਬੋਝ ਨਾ ਬਣਨ। ਇਸੇ ਤਰ੍ਹਾਂ, ਬੇਰੁਜ਼ਗਾਰਾਂ ਨੂੰ ਰੁਜ਼ਗਾਰ ਅਤੇ ਉੱਦਮੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹਰ ਸਰਕਾਰ ਦੀ ਜ਼ਿੰਮੇਵਾਰੀ ਹੈ।
ਹਰ ਉਹ ਵਿਅਕਤੀ ਜੋ ਰਾਜਨੀਤੀ ਨੂੰ ਇਕ ਪੇਸ਼ੇ ਵਜੋਂ ਆਪਣਾ ਜੀਵਨ ਸਮਰਪਿਤ ਕਰਦਾ ਹੈ, ਉਸ ਦੀ ਸੋਚ ਵੀ ਇਹੀ ਹੋਵੇਗੀ ਪਰ ਜੋ ਲੋਕ ਇਸ ਨੂੰ ਇਕ ਸੌਦੇ ਵਜੋਂ ਮੰਨਦੇ ਹਨ, ਭਾਵੇਂ ਉਨ੍ਹਾਂ ਨੂੰ ਇਸ ਤੋਂ ਫਾਇਦਾ ਹੋਵੇ ਜਾਂ ਨਾ ਹੋਵੇ, ਪਰ ਇਹ ਸਮਾਜ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਪੂਰੇ ਦੇਸ਼ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ।
ਗਰੀਬੀ ਕਾਰਨ ਵਿਦਿਆਰਥੀਆਂ ਨੂੰ ਮੈਰਿਟ ਜਾਂ ਯੋਗਤਾ ਦੇ ਆਧਾਰ ’ਤੇ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਸਮਝ ਵਿਚ ਆ ਸਕਦਾ ਹੈ ਪਰ ਹਰ ਇਕ ਨੂੰ ਕੇ. ਜੀ. ਤੋਂ ਪੀ. ਜੀ. ਤੱਕ ਬਿਲਕੁਲ ਮੁਫ਼ਤ ਸਿੱਖਿਆ ਦੇਣ ਦਾ ਮਤਲਬ ਹੈ ਉਸ ਨੂੰ ਪੈਸੇ ਦੀ ਕੀਮਤ ਹੀ ਨਾ ਸਮਝਣ ਦੇਣਾ।
ਮੱਧ ਵਰਗ, ਜੋ ਅਸਲ ਵਿਚ ਦੇਸ਼ ਦੀ ਰੀੜ੍ਹ ਦੀ ਹੱਡੀ ਹੈ, ਵਧਦੇ ਟੈਕਸ ਬੋਝ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਹ ਉਹ ਵਰਗ ਹੈ ਜੋ ਰੁਪਏ ਦੀ ਡਿੱਗਦੀ ਕੀਮਤ ਤੋਂ ਸਭ ਤੋਂ ਵੱਧ ਪੀੜਤ ਹੈ। ਇਹ ਵਰਗ ਅਜਿਹੀਆਂ ਗਾਵਾਂ ਅਤੇ ਮੱਝਾਂ ਹਨ ਜਿਨ੍ਹਾਂ ਨੂੰ ਕੋਈ ਵੀ ਹਿੱਕ ਸਕਦਾ ਹੈ ਅਤੇ ਦੁੱਧ ਚੋਅ ਸਕਦਾ ਹੈ।
ਪੂਰਨ ਚੰਦ ਸਰੀਨ
ਕੌਣ ਕਰੇਗਾ ‘ਆਪ’ ਦੀ ਬੇੜੀ ਪਾਰ
NEXT STORY