ਰਾਸ਼ਟਰੀ ਜਨਤਾ ਦਲ (ਰਾਜਦ) ਨੇਤਾ ਤੇਜਸਵੀ ਯਾਦਵ ਨੂੰ 23 ਅਕਤੂਬਰ, 2025 ਨੂੰ ਬਿਹਾਰ ’ਚ ਮਹਾਗੱਠਜੋੜ ਦਾ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਐਲਾਨੇ ਜਾਣ ਤੋਂ ਬਾਅਦ ਮਹਾਗੱਠਜੋੜ ’ਚ ਚੱਲ ਰਹੀ ਦੁਚਿੱਤੀ ਦੀ ਸਥਿਤੀ ਸੁਲਝਦੀ ਦਿਸ ਰਹੀ ਹੈ। ਉਨ੍ਹਾਂ ਤੋਂ ਇਲਾਵਾ ਵਿਕਾਸਸ਼ੀਲ ਇਨਸਾਨ ਪਾਰਟੀ (ਵੀ. ਆਈ. ਪੀ.) ਦੇ ਮੁਖੀ ਮੁਕੇਸ਼ ਸਹਨੀ ਨੂੰ ਗੱਠਜੋੜ ਦਾ ਉਪ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਐਲਾਨਿਆ ਗਿਆ। ਇਹ ਐਲਾਨ ਪਟਨਾ ’ਚ ਕੁਲ ਹਿੰਦ ਕਾਂਗਰਸ ਕਮੇਟੀ (ਏ. ਆਈ. ਸੀ. ਸੀ.) ਦੇ ਬਿਹਾਰ ਵਿਧਾਨ ਸਭਾ ਚੋਣਾਂ ਦੇ ਸੀਨੀਅਰ ਅਾਬਜ਼ਰਵਰ ਅਸ਼ੋਕ ਗਹਿਲੋਤ ਨੇ ਤੇਜਸਵੀ ਯਾਦਵ ਅਤੇ ਗੱਠਜੋੜ ਦੇ ਹੋਰ ਨੇਤਾਵਾਂ ਦੀ ਮੌਜੂਦਗੀ ’ਚ ਕੀਤਾ।
ਗਹਿਲੋਤ ਨੇ ਕਿਹਾ, ‘‘ਇਕ ਹੋਰ ਉਪ ਮੁੱਖ ਮੰਤਰੀ ਅਹੁਦੇ ਦਾ ਐਲਾਨ ਬਾਅਦ ’ਚ ਕੀਤਾ ਜਾਵੇਗਾ।’’ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਤੇਜਸਵੀ ਯਾਦਵ ਨੇ ਕਿਹਾ ਕਿ ਮਹਾਗੱਠਜੋੜ ਦਾ ਉਦੇਸ਼ ਸਿਰਫ ਸਰਕਾਰ ਬਣਾਉਣਾ ਨਹੀਂ ਸਗੋਂ ਬਿਹਾਰ ਦਾ ਪੁਨਰਨਿਰਮਾਣ ਕਰਨਾ ਹੈ। ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਨੇ ਨਿਤੀਸ਼ ਕੁਮਾਰ ਨੂੰ ਐੱਨ. ਡੀ. ਏ. ਦਾ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨ ਨਾ ਕਰਨ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਵੀ ਆਲੋਚਨਾ ਕੀਤੀ। ਤੇਜਸਵੀ ਦੀ ਅਗਵਾਈ ’ਚ ਗੱਠਜੋੜ ‘ਚਲੋ ਬਿਹਾਰ...ਬਦਲੇ ਬਿਹਾਰ’ ਦੇ ਨਾਅਰੇ ਨਾਲ ਪ੍ਰਚਾਰ ਕਰਨ ਦੀ ਯੋਜਨਾ ਬਣਾ ਰਿਹਾ ਹੈ। ਹੁਣ ਤੱਕ ਤੈਅ ਵਿਵਸਥਾ ਅਨੁਸਾਰ ਰਾਜਦ 143 ਸੀਟਾਂ ’ਤੇ ਅਤੇ ਕਾਂਗਰਸ 61 ਸੀਟਾਂ ’ਤੇ ਚੋਣ ਲੜ ਰਹੀ ਹੈ ਪਰ ਦੋਵੇਂ ਦਲ ਘੱਟ ਤੋਂ ਘੱਟ 5 ਸੀਟਾਂ ’ਤੇ ਦੋਸਤਾਨਾ ਮੁਕਾਬਲੇ ਵੱਲ ਵਧ ਰਹੇ ਹਨ। ਵੀ. ਆਈ. ਪੀ. 15 ਸੀਟਾਂ ’ਤੇ, 3 ਖੱਬੇਪੱਖੀ ਦਲ 33 ਸੀਟਾਂ ’ਤੇ ਅਤੇ ਇੰਡੀਅਨ ਇਨਕਲੂਸਿਵ ਪਾਰਟੀ ਇਕ ਸੀਟ ’ਤੇ ਚੋਣ ਲੜ ਰਹੀ ਹੈ।
ਠਾਕਰੇ ਭਰਾਵਾਂ ਦੇ ਹੱਥ ਮਿਲਾਉਣ ਨੂੰ ਲੈ ਕੇ ਕਾਂਗਰਸ ਅੰਦਰ ਵਿਰੋਧ ਵਧਦਾ ਜਾ ਰਿਹਾ : ਮਹਾਰਾਸ਼ਟਰ ਦੇ ਰਾਜਨੀਤਿਕ ਦ੍ਰਿਸ਼ ’ਚ ਇਕ ਵੱਡਾ ਬਦਲਾਅ ਹੋ ਰਿਹਾ ਹੈ। ਊਧਵ ਠਾਕਰੇ ਅਤੇ ਰਾਜ ਠਾਕਰੇ ਨੇ ਵੀਰਵਾਰ ਨੂੰ ਭਾਊ ਬੀਜ (ਭਾਈ ਦੂਜ) ਰਲ ਕੇ ਮਨਾਇਆ। ਇਸ ਮਹੀਨੇ ਦੋਵੇਂ ਚਚੇਰੇ ਭਰਾਵਾਂ ਵਿਚਾਲੇ ਇਹ ਪੰਜਵੀਂ ਮੁਲਾਕਾਤ ਸੀ। ਜਯਵੰਤੀ ਠਾਕਰੇ ਦੇਸ਼ਪਾਂਡੇ ਵਲੋਂ ਆਯੋਜਿਤ ਰਸਮੀ ਤਿਲਕ ਸਮਾਰੋਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ ਜੋ ਦੋਵੇਂ ਚਚੇਰੇ ਭਰਾਵਾਂ ਵਿਚਾਲੇ ਵਧਦੀ ਆਤਮੀਅਤਾ ਨੂੰ ਉਜਾਗਰ ਕਰਦੀਆਂ ਹਨ, ਜਿਨ੍ਹਾਂ ਦੇ ਵਿਅਕਤੀਗਤ ਅਤੇ ਰਾਜਨੀਤਿਕ ਸਬੰਧਾਂ ’ਚ ਲੰਬੇ ਸਮੇਂ ਤੋਂ ਤਣਾਅ ਰਿਹਾ ਹੈ। ਇਨ੍ਹਾਂ ਮੁਲਾਕਾਤਾਂ ਨੇ ਿਸ਼ਵ ਸੈਨਾ (ਯੂ. ਬੀ. ਟੀ.)-ਮਨਸੇ ਗੱਠਜੋੜ ਦੀਆਂ ਅਟਕਲਾਂ ਨੂੰ ਹਵਾ ਦੇ ਦਿੱਤੀ ਹੈ।
ਹਾਲਾਂਕਿ ਦੋਵਾਂ ਪਾਰਟੀਆਂ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਅਗਲੇ ਸਾਲ ਦੀ ਸ਼ੁਰੂਆਤ ’ਚ ਹੋਣ ਵਾਲੀਆਂ ਪੇਂਡੂ ਅਤੇ ਸ਼ਹਿਰੀ ਲੋਕਲ ਬਾਡੀਜ਼ ਚੋਣਾਂ ਤੋਂ ਪਹਿਲਾਂ ਉਨ੍ਹਾਂ ਦਾ ਨਾਲ ਆਉਣਾ ਹੁਣ ਸਿਰਫ ਇਕ ਰਸਮ ਹੀ ਹੈ। ਸ਼ਿਵ ਸੈਨਾ (ਯੂ. ਬੀ. ਟੀ.) ਨੇ ਆਪਣੇ ਐੱਮ. ਵੀ. ਏ. ਸਹਿਯੋਗੀਆਂ ਨੂੰ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਉਹ ਲੋਕਲ ਬਾਡੀਜ਼ ਚੋਣਾਂ ’ਚ ਖਾਸ ਕਰ ਮੁੰਬਈ ਅਤੇ ਠਾਣੇ ’ਚ ਮਨਸੇ ਦੇ ਸਮਰਥਨ ’ਤੇ ਨਿਰਭਰ ਰਹੇਗੀ। ਜੇਕਰ ਕਾਂਗਰਸ ਅਤੇ ਐੱਨ. ਸੀ. ਪੀ. (ਸਪਾ) ਊਧਵ ਦੀ ਪਾਰਟੀ ਨਾਲ ਮਿਲ ਕੇ ਨਗਰ ਨਿਗਮ ਚੋਣਾਂ ਲੜਨਾ ਚਾਹੁੰਦੀਆਂ ਹਨ ਤਾਂ ਉਨ੍ਹਾਂ ਨੂੰ ਰਾਜ ਠਾਕਰੇ ਨਾਲ ਗੱਠਜੋੜ ਸਵੀਕਾਰ ਕਰਨਾ ਪਵੇਗਾ।
ਹਾਲਾਂਕਿ, ਬੀ. ਐੱਮ. ਸੀ. ਚੋਣਾਂ ’ਚ ਠਾਕਰੇ ਭਰਾਵਾਂ ਨਾਲ ਹੱਥ ਮਿਲਾਉਣ ਨੂੰ ਲੈ ਕੇ ਕਾਂਗਰਸ ਅੰਦਰ ਵਿਰੋਧ ਵਧਦਾ ਜਾ ਰਿਹਾ ਹੈ। ਹਾਲ ਹੀ ’ਚ ਮੁੰਬਈ ਕਾਂਗਰਸ ਦੇ ਸਾਬਕਾ ਪ੍ਰਧਾਨ ਭਾਈ ਜਗਤਾਪ ਨੇ ਐਲਾਨ ਕੀਤਾ ਹੈ ਕਿ ਪਾਰਟੀ ਨੂੰ ਨਾ ਸਿਰਫ ਮੁੰਬਈ ’ਚ ਸਗੋਂ ਹੋਰ ਸ਼ਹਿਰਾਂ ’ਚ ਵੀ ਇਕੱਲੇ ਚੋਣਾਂ ਲੜਨੀਆਂ ਚਾਹੀਦੀਆਂ।
2 ਲੱਖ ‘ਜੀਵਿਕਾ ਦੀਦੀ’ ਨੂੰ ਸਥਾਈ ਕਰਨਗੇ ਤੇਜਸਵੀ : ਬਿਹਾਰ ਵਿਧਾਨ ਸਭਾ ਚੋਣਾਂ 2025 ਤੋਂ ਪਹਿਲਾਂ ਮਹਿਲਾ ਵੋਟਰਾਂ ਨੂੰ ਲੁਭਾਉਣ ਦੇ ਇਕ ਸਪੱਸ਼ਟ ਯਤਨ ’ਚ ਰਾਜਦ ਨੇਤਾ ਤੇਜਸਵੀ ਯਾਦਵ ਨੇ ਐਲਾਨ ਕੀਤਾ ਕਿ ਜੇਕਰ ਬਿਹਾਰ ’ਚ ਮਹਾਗੱਠਜੋੜ ਦੀ ਸਰਕਾਰ ਬਣਦੀ ਹੈ ਤਾਂ ਰਾਜ ਦੇ ਸਾਰੇ ਵਿਭਾਗਾਂ ’ਚ ਠੇਕਾ ਕਰਮਚਾਰੀਆਂ ਅਤੇ ਲਗਭਗ 2 ਲੱਖ ਕਮਿਊਨਿਟੀ ਮੋਬਿਲਾਈਜ਼ਰ ‘ਜੀਵਿਕਾ ਦੀਦੀ’ ਨੂੰ ਸਥਾਈ ਕੀਤਾ ਜਾਵੇਗਾ। ਯਾਦਵ ਨੇ ਅੱਗੇ ਵਾਅਦਾ ਕੀਤਾ ਕਿ ਜੇਕਰ ਵਿਰੋਧੀ ਗੱੱਠਜੋੜ ਅਗਲੀਆਂ ਬਿਹਾਰ ਵਿਧਾਨ ਸਭਾ ਚੋਣਾਂ ਜਿੱਤਦਾ ਹੈ ਤਾਂ ਕਮਿਊਨਿਟੀ ਮੋਬਿਲਾਈਜ਼ਰ ਨੂੰ 30,000 ਰੁਪਏ ਮਹੀਨਾ ਤਨਖਾਹ ਮਿਲੇਗੀ।
ਤੇਜਸਵੀ ਯਾਦਵ ਨੇ ਵਿਧਾਨ ਸਭਾ ਚੋਣਾਂ ਨੇੜੇ ਆਉਂਦਿਆਂ ਹੀ ‘ਮਾਈ ਬਹਿਨ ਮਾਨ’ ਯੋਜਨਾ ਤਹਿਤ 10,000 ਰੁਪਏ ਦੇਣ ਲਈ ਡਬਲ ਇੰਜਣ ਸਰਕਾਰ ’ਤੇ ਨਿਸ਼ਾਨਾ ਸਾਧਿਆ ਅਤੇ ਇਸ ਨੂੰ ‘ਰਿਸ਼ਵਤ’ ਦੱਸਿਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੀਵਿਕਾ ਦੀਦੀਆਂ ਨੂੰ ਉਨ੍ਹਾਂ ਦੇ ਸਾਰੇ ਵਰਕਰਾਂ ਲਈ 2,000 ਰੁਪਏ ਦਾ ਵਾਧੂ ਭੱਤਾ ਅਤੇ 5 ਲੱਖ ਰੁਪਏ ਦਾ ਬੀਮਾ ਕਵਰੇਜ ਮਿਲੇਗਾ। ਇਹ ਐਲਾਨ ਸੱਤਾਧਾਰੀ ਰਾਸ਼ਟਰੀ ਜਮਹੂਰੀ ਗੱਠਜੋੜ (ਐੱਨ. ਡੀ. ਏ.) ਸਰਕਾਰ ਦੀ ਜੀਵਿਕਾ ਦੀਦੀ ਪਹਿਲ ਲਈ ਇਕ ਸਿੱਧੀ ਚੁਣੌਤੀ ਦੇ ਤੌਰ ’ਚ ਆਇਆ ਜੋ ਬਿਹਾਰ ’ਚ ਰਾਜਦ ਦੀ ਆਗਾਮੀ ਚੋਣ ਮੁਹਿੰਮ ਦਾ ਇਕ ਪ੍ਰਮੁੱਖ ਮੁੱਦਾ ਹੈ।
ਝਾਰਖੰਡ ਵਿਚ ਸੀਟਾਂ ਦੀ ਵੰਡ ਨੂੰ ਲੈ ਕੇ ‘ਇੰਡੀਆ ਗੱਠਜੋੜ’ ਅੰਦਰ ਦਰਾਰ : ਬਿਹਾਰ ਵਿਚ ਸੀਟਾਂ ਦੀ ਵੰਡ ਨੂੰ ਲੈ ਕੇ ‘ਇੰਡੀਆ ਗੱਠਜੋੜ’ ਅੰਦਰ ਦਰਾਰ ਝਾਰਖੰਡ ਵਿਚ ਵੀ ਦੇਖੀ ਜਾ ਰਹੀ ਹੈ। ਰਾਜਦ ਤੇ ਝਾਮੁਮੋ, ਗੱਠਜੋੜ ਵਿਚ ਟਿਕਟਾਂ ਨਾ ਦਿੱਤੇ ਜਾਣ ਅਤੇ ਵਿਧਾਨ ਸਭਾ ਚੋਣਾਂ ਤੋਂ ਦੂਰ ਰਹਿਣ ਦੇ ਫੈਸਲੇ ਨੂੰ ਲੈ ਕੇ ਇਕ-ਦੂਜੇ ’ਤੇ ਹਮਲਾ ਕਰ ਰਹੇ ਹਨ। ਝਾਮੁਮੋ ਨੇ ਆਪਣੇ ‘ਇੰਡੀਆ ਗੱਠਜੋੜ’ ਸਹਿਯੋਗੀ ਰਾਜਦ ਅਤੇ ਕਾਂਗਰਸ ’ਤੇ ਸਿਆਸੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਹੈ, ਜਿਸ ਕਾਰਨ ਬਿਹਾਰ ’ਚ ਗੱਠਜੋੜ ’ਚ ਉਸ ਨੂੰ ਸੀਟਾਂ ਨਹੀਂ ਮਿਲੀਆਂ। ਝਾਮੁਮੋ ਦੇ ਸੀਨੀਅਰ ਨੇਤਾ ਸੁਦਿਬਯ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਝਾਰਖੰਡ ਵਿਚ ਕਾਂਗਰਸ ਅਤੇ ਰਾਜਦ ਨਾਲ ਆਪਣੇ ਗੱਠਜੋੜ ਦੀ ਸਮੀਖਿਆ ਕਰੇਗੀ ਅਤੇ ਇਸ ਅਣਗਹਿਲੀ ਦਾ ਸਖ਼ਤ ਜਵਾਬ ਦੇਵੇਗੀ। ਹਾਲਾਂਕਿ, ‘ਇੰਡੀਆ ਗੱਠਜੋੜ’ ਦੇ ਅੰਦਰਲੇ ਸੂਤਰ ਸਮੀਖਿਆ ਦੀ ਧਮਕੀ ਨੂੰ ਜ਼ਿਆਦਾ ਤਵੱਜੋ ਨਹੀਂ ਦਿੰਦੇ। ਉਨ੍ਹਾਂ ਦਾ ਕਹਿਣਾ ਹੈ ਕਿ ਝਾਮੁਮੋ ਸਿਰਫ਼ ਇਕ ਸੁਨੇਹਾ ਭੇਜਣਾ ਅਤੇ ਭਵਿੱਖ ਦੀ ਗੱਲਬਾਤ ਲਈ ਜ਼ਮੀਨ ਤਿਆਰ ਕਰਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾ ਤੋਂ ਜ਼ਿਆਦਾ, ਝਾਮੁਮੋ ਬਿਹਾਰ ਦੇ ਤਜਰਬੇ ਦਾ ਹਵਾਲਾ ਦਿੰਦੇ ਹੋਏ ਅਗਲੀਆਂ ਰਾਜ ਸਭਾ ਚੋਣਾਂ ਵਿਚ ਕਾਂਗਰਸ ਨੂੰ ਇਕ ਵੀ ਸੀਟ ਨਾ ਦੇ ਕੇ ਭਾਰੀ ਕੀਮਤ ਚੁਕਾ ਸਕਦੀ ਹੈ।
ਰਾਹਿਲ ਨੌਰਾ ਚੋਪੜਾ
ਭਾਰਤ ’ਚ ਲੋਕਰਾਜੀ ਪ੍ਰੰਪਰਾਵਾਂ ਤੇਜ਼ੀ ਨਾਲ ਕਮਜ਼ੋਰ ਹੁੰਦੀਆਂ ਜਾ ਰਹੀਆਂ
NEXT STORY