ਜ਼ਿੰਦਗੀ ’ਚ ਮਾਤਾ-ਪਿਤਾ ਦੇ ਬਾਅਦ ਅਧਿਆਪਕ ਦਾ ਹੀ ਸਰਬਉੱਚ ਸਥਾਨ ਮੰਨਿਆ ਗਿਆ ਹੈ। ਅਧਿਆਪਕ ਹੀ ਬੱਚਿਆਂ ਨੂੰ ਸਹੀ ਸਿੱਖਿਆ ਦੇ ਕੇ ਗਿਆਨਵਾਨ ਬਣਾਉਂਦਾ ਹੈ ਪਰ ਅੱਜ ਕੁਝ ਅਧਿਆਪਕ ਆਪਣੀ ਮਰਿਆਦਾ ਨੂੰ ਭੁੱਲ ਕੇ ਬੱਚਿਆਂ ’ਤੇ ਗੈਰ-ਮਨੁੱਖੀ ਜ਼ੁਲਮ ਕਰ ਰਹੇ ਹਨ ਜੋ ਹੇਠਾਂ ਦਿੱਤੀਆਂ ਉਦਾਹਰਣਾਂ ਤੋਂ ਸਪੱਸ਼ਟ ਹੈ :-
* 21 ਅਪ੍ਰੈਲ ਨੂੰ ਗ੍ਰੇਟਰ ਨੋਇਡਾ ਦੇ ਸੂਰਜ ਕੋਤਵਾਲੀ ਇਲਾਕੇ ’ਚ ‘ਖੇੜੀ ਬਨੌਤਾ’ ਪਿੰਡ ’ਚ ਸਥਿਤ ਇਕ ਇੰਟਰ ਕਾਲਜ ਦੇ ਨਿਰਦੇਸ਼ਕ ਨੇ ਚੌਥੀ ਜਮਾਤ ’ਚ ਪੜ੍ਹਨ ਵਾਲੇ ਇਕ ਵਿਦਿਆਰਥੀ ਦੇ ਸਿਰ ਦੇ ਵਾਲ ਖੜ੍ਹੇ ਹੋਣ ’ਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ ਜਿਸ ਨਾਲ ਉਸ ਦੇ ਪੂਰੇ ਸਰੀਰ ’ਤੇ ਨੀਲ ਪੈ ਗਏ।
* 30 ਅਪ੍ਰੈਲ ਨੂੰ ਲੁਧਿਆਣਾ ’ਚ ਹੈਬੋਵਾਲ ਸਥਿਤ ਇਕ ਨਿੱਜੀ ਸਕੂਲ ਦੀ ਅਧਿਆਪਕਾ ਦੀ ਕੁੱਟਮਾਰ ਨਾਲ ਦੂਜੀ ਜਮਾਤ ’ਚ ਪੜ੍ਹਨ ਵਾਲੇ ਇਕ ਬੱਚੇ ਦੀ ਅੱਖ ’ਚ ਡੂੰਘੀ ਸੱਟ ਲੱਗ ਗਈ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਣਾ ਪਿਆ।
* 1 ਮਈ ਨੂੰ ਰਾਜਸਥਾਨ ’ਚ ਬਾੜਮੇਰ ਦੇ ‘ਹੇਬਤਕਾ’ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਪ੍ਰੀਖਿਆ ਦੇਣ ਗਏ ਤੀਜੀ ਜਮਾਤ ’ਚ ਪੜ੍ਹਨ ਵਾਲੇ ਅਲਤਮਸ਼ ਨਾਂ ਦੇ ਵਿਦਿਆਰਥੀ ਵੱਲੋਂ ਆਪਣੀ ਉੱਤਰ ਪੁਸਤਿਕਾ ’ਤੇ ਗਲਤੀ ਨਾਲ ਆਪਣਾ ਨਾਂ ਅਤੇ ਰੋਲ ਨੰਬਰ ਨਾ ਲਿਖਣ ਦੇ ਕਾਰਨ ਉਸ ਦੇ ਅਧਿਆਪਕ ‘ਗਣਪਤ ਪਤਾਲੀਆ’ ਨੇ ਮਾਸੂਮ ਨੂੰ ਲੋਹੇ ਦੀ ਛੜ ਨਾਲ ਬੇਰਹਿਮੀ ਨਾਲ ਕੁੱਟ ਦਿੱਤਾ ਜਿਸ ਨਾਲ ਉਹ ਬੇਹੋਸ਼ ਹੋ ਗਿਆ।
ਬੱਚੇ ਦੇ ਮਾਪਿਆਂ ਵੱਲੋਂ ਸ਼ਿਕਾਇਤ ਕਰਨ ’ਤੇ ਉਲਟਾ ਅਧਿਆਪਕ ਉਨ੍ਹਾਂ ਨੂੰ ਇਹ ਕਹਿ ਕੇ ਧਮਕਾਉਣ ਲੱਗਾ ਕਿ ਉਸ ਦਾ ਰਿਸ਼ਤੇਦਾਰ ਡੀ.ਐੱਸ.ਪੀ. ਹੈ।
* 7 ਮਈ ਨੂੰ ਉੱਤਰ ਪ੍ਰਦੇਸ਼ ’ਚ ਖਤੌਲੀ ਦੇ ਇਕ ਨਿੱਜੀ ਸਕੂਲ ’ਚ ਇਕ ਅਧਿਆਪਕ ’ਤੇ ਨਰਸਰੀ ਅਤੇ ਐੱਲ. ਕੇ. ਜੀ. ਜਮਾਤਾਂ ਦੇ 2 ਛੋਟੇ ਬੱਚਿਆਂ ਨੂੰ ਕੁੱਟਣ ਦਾ ਦੋਸ਼ ਲਾਉਂਦੇ ਹੋਏ ਬੱਚਿਆਂ ਦੇ ਮਾਤਾ-ਪਿਤਾ ਨੇ ਭਾਰੀ ਪ੍ਰੋਟੈਸਟ ਕੀਤਾ।
* 23 ਮਈ ਨੂੰ ਪੱਛਮੀ ਬੰਗਾਲ ’ਚ ਮੁਸ਼ਦਾਬਾਦ ਦੇ ‘ਭਗਵਾਨ ਗੋਲਾ’ ਦੇ ਸਰਕਾਰੀ ਹਾਈ ਸਕੂਲ ’ਚ ਸਕੂਲ ਦੀ ਯੂਨੀਫਾਰਮ ਪਾ ਕੇ ਨਾ ਆਉਣ ’ਤੇ ਸਕੂਲ ਦੇ ਹੈੱਡਮਾਸਟਰ ਨੇ ਛੇਵੀਂ ਜਮਾਤ ਦੇ ਵਿਦਿਆਰਥੀ ਨੂੰ ਡੰਡੇ ਨਾਲ ਬੁਰੀ ਤਰ੍ਹਾਂ ਕੁੱਟ ਦਿੱਤਾ ਜਿਸ ਨਾਲ ਕਮਰ ਟੁੱਟ ਜਾਣ ’ਤੇ ਉਸ ਨੂੰ ਗੰਭੀਰ ਹਾਲਤ ’ਚ ਹਸਪਤਾਲ ’ਚ ਦਾਖਲ ਕਰਵਾਇਆ ਗਿਆ।
* 24 ਮਈ ਨੂੰ ਹਰਿਆਣਾ ਦੇ ਸਮਾਲਖਾ ’ਚ 5 ਸਾਲਾ ਇਕ ਬੱਚੀ ਨੂੰ ਟਿਊਸ਼ਨ ਪੜ੍ਹਾਉਣ ਦੌਰਾਨ ਉਸ ਦੀ ਟੀਚਰ ਨੇ ਗੁੱਸੇ ’ਚ ਆ ਕੇ ਉਸ ਦੀ ਅੱਖ ’ਤੇ ਕਾਪੀ ਮਾਰ ਦਿੱਤੀ ਜਿਸ ਦੇ ਨਤੀਜੇ ਵਜੋਂ ਬੱਚੀ ਨੂੰ ਦਿਖਾਈ ਦੇਣਾ ਬੰਦ ਹੋ ਗਿਆ। ਬੱਚੀ ਦੇ ਮਾਪੇ ਪਹਿਲਾਂ ਉਸ ਨੂੰ ਇਲਾਜ ਲਈ ਰੋਹਤਕ ਪੀ. ਜੀ. ਆਈ. ਲੈ ਗਏ ਅਤੇ ਉਥੋਂ ਉਸ ਨੂੰ ਏਮਜ਼ ਦਿੱਲੀ ’ਚ ਰੈਫਰ ਕਰ ਦਿੱਤਾ ਗਿਆ।
ਵਿਦਿਆਰਥੀ-ਵਿਦਿਆਰਥਣਾਂ ’ਤੇ ਅਧਿਆਪਕਾਂ ਵੱਲੋਂ ਕੁੱਟਮਾਰ ਦੀਆਂ ਇਹ ਤਾਂ ਕੁਝ ਕੁ ਉਦਾਹਰਣ ਮਾਤਰ ਹਨ, ਜੋ ਇਸ ਆਦਰਸ਼ ਕਿੱਤੇ ’ਤੇ ਘਿਨੌਣਾ ਧੱਬਾ ਅਤੇ ਅਧਿਆਪਕ ਵਰਗ ’ਚ ਵਧ ਰਹੀ ਨੈਤਿਕ ਗਿਰਾਵਟ ਦਾ ਨਤੀਜਾ ਹੈ।
ਟੀਚਰ ਵੱਲੋਂ ਕਿਸੇ ਵਿਦਿਆਰਥੀ ਨੂੰ ਮਾਨਸਿਕ ਜਾਂ ਸਰੀਰਕ ਤਸੀਹੇ ਦੇਣ ’ਤੇ ਉਸ ਦੇ ਵਿਰੁੱਧ ਸਿੱਖਿਆ ਦਾ ਅਧਿਕਾਰ ਕਾਨੂੰਨ ਦੀ ਧਾਰਾ 17 ਦੇ ਅਧੀਨ ਅਨੁਸ਼ਾਸਨੀ ਕਾਰਵਾਈ ਕਰਨ ਦੇ ਇਲਾਵਾ ਉਨ੍ਹਾਂ ਨੂੰ ਨੌਕਰੀ ਤਕ ਤੋਂ ਬਰਖਾਸਤ ਕੀਤਾ ਜਾ ਸਕਦਾ ਹੈ।
ਪਰ ਉਕਤ ਵਿਵਸਥਾਵਾਂ ਦੇ ਬਾਵਜੂਦ ਅਧਿਆਪਕਾਂ ਦਾ ਇਕ ਵਰਗ ਸਾਰੇ ਕਾਇਦੇ-ਕਾਨੂੰਨ ਭੁੱਲ ਕੇ ਅਤੇ ਨਤੀਜੇ ’ਤੇ ਵਿਚਾਰ ਕੀਤੇ ਬਿਨਾਂ ਮਾਸੂਮ ਬੱਚੇ-ਬੱਚੀਆਂ ’ਤੇ ਇਸ ਤਰ੍ਹਾਂ ਦੇ ਜ਼ੁਲਮ ਕਰ ਰਿਹਾ ਹੈ। ਅਜਿਹੇ ਅਧਿਆਪਕਾਂ ਨੂੰ ਸਿੱਖਿਆਦਾਇਕ ਸਜ਼ਾ ਦਿੱਤੀ ਜਾਵੇ ਤਾਂ ਕਿ ਉਨ੍ਹਾਂ ਵੱਲੋਂ ਵਿਦਿਆਰਥੀ-ਵਿਦਿਆਰਥਣਾਂ ਦੇ ਤਸ਼ੱਦਦ ਦਾ ਇਹ ਭੈੜਾ ਚੱਕਰ ਰੁਕੇ।
ਅਧਿਆਪਕਾਂ ਨੂੰ ਨੌਕਰੀ ਦਿੰਦੇ ਸਮੇਂ ਉਨ੍ਹਾਂ ਦੀ ਇੰਟਰਵਿਊ ਲੈਣ ਦੇ ਨਾਲ-ਨਾਲ ਉਨ੍ਹਾਂ ਦਾ ਮਨੋਵਿਗਿਆਨ ਪ੍ਰੀਖਣ ਵੀ ਕਰਨ ਦੇ ਇਲਾਵਾ ਨੌਕਰੀ ਦੇਣ ਦੇ ਬਾਅਦ ਵੀ ਨਿਯਮਿਤ ਤੌਰ ’ਤੇ ਅਧਿਆਪਕਾਂ ਦੀ ਕੌਂਸਲਿੰਗ ਕੀਤੀ ਜਾਣੀ ਚਾਹੀਦੀ ਹੈ।
-ਵਿਜੇ ਕੁਮਾਰ
ਮੱਧ ਪ੍ਰਦੇਸ਼ ਨਰਸਿੰਗ ਘਪਲੇ ਦੀ ਜਾਂਚ ਕਰਨ ਵਾਲੇ ਸੀ.ਬੀ.ਆਈ. ਅਧਿਕਾਰੀ ਹੀ ਨਿਕਲੇ ਘਪਲੇਬਾਜ਼
NEXT STORY