ਕਲਿਆਣੀ ਸ਼ੰਕਰ
ਪਾਰਟੀ ਪ੍ਰਧਾਨ ਦੇ ਤੌਰ ’ਤੇ ਸੋਨੀਆ ਗਾਂਧੀ ਦੀ ਵਾਪਸੀ ਨੇ ਪਾਰਟੀ ’ਚ ਛੋਟੇ-ਵੱਡੇ ਸਾਰੇ ਨੇਤਾਵਾਂ ਦੇ ਮੂੰਹ ਤਾਂ ਬੰਦ ਕਰ ਦਿੱਤੇ ਹਨ ਪਰ ਉਸ ਦੀ ਰਾਹ ਕਾਫੀ ਮੁਸ਼ਕਿਲ ਹੈ। ਉਸ ਨੂੰ ਪਾਰਟੀ ਦੀ ਕਮਾਨ ਸੰਭਾਲਿਆਂ ਇਕ ਪੰਦਰਵਾੜੇ ਤੋਂ ਵੱਧ ਦਾ ਸਮਾਂ ਹੋਇਆ ਹੈ। ਅਜਿਹਾ ਵੀ ਨਹੀਂ ਹੈ ਕਿ ਸੋਨੀਆ ਗਾਂਧੀ ਨੂੰ ਇਸ ਗੱਲ ਦੀ ਜਾਣਕਾਰੀ ਨਾ ਹੋਵੇ ਕਿ ਉਸ ਦੇ ਸਾਹਮਣੇ ਕੀ-ਕੀ ਸਮੱਸਿਆਵਾਂ ਅਤੇ ਚੁਣੌਤੀਆਂ ਹਨ ਕਿਉਂਕਿ ਉਹ ਪਹਿਲਾਂ ਵੀ ਲਗਭਗ 2 ਦਹਾਕਿਆਂ ਤਕ ਪਾਰਟੀ ਪ੍ਰਧਾਨ ਰਹਿ ਚੁੱਕੀ ਹੈ ਅਤੇ ਉਸ ਨੇ ਪਾਰਟੀ ’ਚ ਕਈ ਉਤਰਾਅ-ਚੜ੍ਹਾਅ ਦੇਖੇ ਹਨ। 1998 ’ਚ ਜਦੋਂ ਉਸ ਨੇ ਪਾਰਟੀ ਦੀ ਕਮਾਨ ਸੰਭਾਲੀ ਸੀ ਤਾਂ ਕਾਂਗਰਸ ਹੇਠਲੇ ਸਟੈੱਪ ’ਤੇ ਸੀ ਅਤੇ ਇਸ ਦੇ ਨੇਤਾ ਪਾਰਟੀ ਨੂੰ ਛੱਡ ਕੇ ਜਾ ਰਹੇ ਸਨ ਪਰ ਉਹ ਇਸ ਪ੍ਰਵਿਰਤੀ ਨੂੰ ਰੋਕਣ ’ਚ ਕਾਮਯਾਬ ਰਹੀ। ਉਹ ਪਾਰਟੀ ਨੂੰ 2004 ਅਤੇ 2009 ’ਚ ਸੱਤਾ ’ਚ ਲੈ ਕੇ ਆਈ। ਹੁਣ ਇਕ ਵਾਰ ਫਿਰ ਸੋਨੀਆ ਨੇ ਅਜਿਹੇ ਸਮੇਂ ’ਚ ਪਾਰਟੀ ਦੀ ਲੀਡਰਸ਼ਿਪ ਸੰਭਾਲੀ ਹੈ, ਜਦੋਂ 2019 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਇਸ ਦੇ ਵਰਕਰ ਕਾਫੀ ਨਿਰਉਤਸ਼ਾਹਿਤ ਹਨ ਅਤੇ ਇਕ ਵਾਰ ਫਿਰ ਇਸ ਦੇ ਵਰਕਰ ਅਤੇ ਨੇਤਾ ਪਾਰਟੀ ਛੱਡ ਕੇ ਜਾ ਰਹੇ ਹਨ ਪਰ ਉਨ੍ਹਾਂ ਨੂੰ ਇਹ ਸਮਝਣਾ ਹੋਵੇਗਾ ਕਿ ਇਹ 2019 ਹੈ, 1998 ਨਹੀਂ।
ਫਿਲਹਾਲ ਅਸਥਾਈ ਤੌਰ ’ਤੇ ਗਾਂਧੀ ਪਰਿਵਾਰ ਨੇ ਲੀਡਰਸ਼ਿਪ ਦਾ ਮਸਲਾ ਹੱਲ ਕਰ ਲਿਆ ਹੈ। ਪਹਿਲਾਂ ਕੁਝ ਲੋਕ ਪਾਰਟੀ ਪ੍ਰਧਾਨ ਲਈ ਗੈਰ-ਗਾਂਧੀ ਦੇ ਤੌਰ ’ਤੇ ਸਚਿਨ ਪਾਇਲਟ ਅਤੇ ਜਯੋਤਿਰਾਦਿੱਤਿਆ ਸਿੰਧੀਆ ਆਦਿ ਦੇ ਨਾਂ ਵੀ ਸੁਝਾਅ ਰਹੇ ਸਨ ਪਰ ਸੋਨੀਆ ਦੇ ਸਾਹਮਣੇ ਆਉਣ ਤੋਂ ਬਾਅਦ ਇਹ ਸਾਰੀਆਂ ਆਵਾਜ਼ਾਂ ਬੰਦ ਹੋ ਗਈਆਂ। ਸੋਨੀਆ ਗਾਂਧੀ ਦੀ ਵਾਪਸੀ ਨਾਲ ਕੁਝ ਲੋਕਾਂ ਨੂੰ ਰਾਹਤ ਮਿਲੀ ਕਿਉਂਕਿ ਇਸ ਨਾਲ ਗੈਰ-ਗਾਂਧੀ ਦੇ ਪਾਰਟੀ ਪ੍ਰਧਾਨ ਬਣਨ ਦੀਆਂ ਸੰਭਾਵਨਾਵਾਂ ਫਿਲਹਾਲ ਖਤਮ ਹੋ ਗਈਆਂ।
ਪਾਰਟੀ ਨੂੰ ਇਕਜੁੱਟ ਰੱਖਣ ਦੀ ਚੁਣੌਤੀ
ਸੋਨੀਆ ਲਈ ਦੂਸਰੀ ਚੁਣੌਤੀ ਪਾਰਟੀ ’ਚ ਹੋ ਰਹੇ ਖੋਰੇ ਅਤੇ ਅਨੁਸ਼ਾਸਨਹੀਣਤਾ ਨੂੰ ਰੋਕਣਾ ਹੋਵੇਗਾ। 18 ਅਗਸਤ ਨੂੰ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਬੀ. ਐੱਸ. ਹੁੱਡਾ ਨੇ ਅੰਤਿਮ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੂੰ ਪਾਰਟੀ ਦੀ ਪ੍ਰਦੇਸ਼ ਇਕਾਈ ਦਾ ਪ੍ਰਧਾਨ ਨਾ ਬਣਾਇਆ ਗਿਆ ਤਾਂ ਉਹ ਹੋਰ ਬਦਲਾਂ ’ਤੇ ਵਿਚਾਰ ਕਰਨਗੇ। ਉਨ੍ਹਾਂ ਦੀ ਵੱਡੀ ਰੈਲੀ ਉਨ੍ਹਾਂ ਦੀ ਸ਼ਕਤੀ ਦਾ ਪ੍ਰਤੀਕ ਸੀ। ਹਾਲਾਂਕਿ ਪਾਰਟੀ ਲੀਡਰਸ਼ਿਪ ਨੇ ਉਨ੍ਹਾਂ ਦੀ ਚਿਤਾਵਨੀ ’ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ ਪਰ ਜੇਕਰ ਇਸ ਸਮੇਂ ਹੁੱਡਾ ਪਾਰਟੀ ਛੱਡਦੇ ਹਨ ਤਾਂ ਇਸ ਨਾਲ ਗਲਤ ਸੰਦੇਸ਼ ਜਾਏਗਾ।
ਧੜਿਆਂ ’ਚ ਵੰਡੀ ਕਾਂਗਰਸ ਪਾਰਟੀ ਦੀਆਂ ਸੰਭਾਵਨਾਵਾਂ ਪ੍ਰਦੇਸ਼ ’ਚ ਪਹਿਲਾਂ ਹੀ ਕਮਜ਼ੋਰ ਹਨ। ਜੇਕਰ ਹੁੱਡਾ ਅਜਿਹੀ ਸਥਿਤੀ ’ਚ ਪਾਰਟੀ ਛੱਡ ਕੇ ਜਾਂਦੇ ਹਨ ਤਾਂ ਇਸ ਨਾਲ ਭਾਵੇਂ ਉਨ੍ਹਾਂ ਨੂੰ ਫਾਇਦਾ ਨਾ ਹੋਵੇ ਪਰ ਅਗਲੀਆਂ ਵਿਧਾਨ ਸਭਾ ਚੋਣਾਂ ’ਚ ਪਾਰਟੀ ਜ਼ੀਰੋ ’ਤੇ ਆ ਜਾਵੇਗੀ। ਤਿੰਨਾਂ ਸੂਬਿਆਂ-ਮਹਾਰਾਸ਼ਟਰ, ਹਰਿਆਣਾ ਅਤੇ ਝਾਰਖੰਡ ’ਚ ਇਸ ਸਾਲ ਦੇ ਅਖੀਰ ’ਚ ਅਤੇ ਦਿੱਲੀ ’ਚ ਅਗਲੇ ਸਾਲ ’ਚ ਚੋਣਾਂ ਸ਼ੁਰੂ ਹੋਣੀਆਂ ਹਨ। ਇਸ ਦੇ ਲਈ ਜ਼ਿਆਦਾ ਸਮਾਂ ਨਹੀਂ ਬਚਿਆ ਹੈ। ਗੋਆ ’ਚ ਕਾਂਗਰਸ ਦੇ 10 ਵਿਧਾਇਕ ਹਾਲ ਹੀ ’ਚ ਪਾਰਟੀ ਛੱਡ ਕੇ ਭਾਜਪਾ ’ਚ ਚਲੇ ਗਏ। ਤੇਲੰਗਾਨਾ ’ਚ ਪਾਰਟੀ ਦੇ 18 ’ਚੋਂ 12 ਵਿਧਾਇਕ ਤੇਲੰਗਾਨਾ ਰਾਸ਼ਟਰ ਸੰਮਤੀ ’ਚ ਸ਼ਾਮਲ ਹੋ ਗਏ ਹਨ। ਮਹਾਰਾਸ਼ਟਰ ’ਚ ਵੀ ਦਲ-ਬਦਲ ਦੀ ਸਥਿਤੀ ਹੈ। ਰਾਜ ਸਭਾ ’ਚ ਸੀਨੀਅਰ ਨੇਤਾਵਾਂ ਸੰਜੇ ਸਿੰਘ ਅਤੇ ਭੁਵਨੇਸ਼ਵਰ ਨੇ ਆਪਣੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਕੇ ਭਾਜਪਾ ਜੁਆਇਨ ਕਰ ਲਈ ਹੈ। ਕਾਂਗਰਸ ਲਈ ਇਹ ਚੰਗੇ ਸੰਕੇਤ ਨਹੀਂ।
ਇਕ-ਦੂਜੇ ਦੇ ਉਲਟ ਵਿਚਾਰ
ਤੀਸਰਾ ਮਹੱਤਵਪੂਰਨ ਮਸਲਾ ਕਾਂਗਰਸ ਦੇ ਵੱਖ-ਵੱਖ ਨੇਤਾਵਾਂ ਵਲੋਂ ਵੱਖ-ਵੱਖ ਮੁੱਦਿਆਂ ’ਤੇ ਉੱਠ ਰਹੀ ਅਸਹਿਮਤੀ ਦੀਆਂ ਆਵਾਜ਼ਾਂ ਦਾ ਹੈ। ਮਹੱਤਵਪੂਰਨ ਮਸਲਿਆਂ, ਜਿਵੇਂ ਕਿ ਤਿੰਨ ਤਲਾਕ ਬਿੱਲ, ਆਰਟੀਕਲ 370 ਦਾ ਖਾਤਮਾ ਅਤੇ ਜੰਮੂ-ਕਸ਼ਮੀਰ ਨੂੰ ਦੋ ਹਿੱਸਿਆਂ ’ਚ ਵੰਡਣ ’ਤੇ ਪਾਰਟੀ ਦੀ ਪ੍ਰਤੀਕਿਰਿਆ ਨੂੰ ਲੈ ਕੇ ਕਾਂਗਰਸ ਦੇ ਨੇਤਾਵਾਂ ’ਚ ਮਤਭੇਦ ਹਨ। ਇਸ ਤੋਂ ਇਲਾਵਾ ਜੈਰਾਮ ਰਮੇਸ਼, ਅਭਿਸ਼ੇਕ ਮਨੂਸਿੰਘਵੀ ਅਤੇ ਸ਼ਸ਼ੀ ਥਰੂਰ ਵਰਗੇ ਲੋਕਾਂ ਦਾ ਕਹਿਣਾ ਹੈ ਕਿ ਕਾਂਗਰਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਲਤ ਦਿੱਖ ਪੇਸ਼ ਕਰਨ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਦੇ ਇਸ ਸੁਝਾਅ ਨਾਲ ਹੀ ਪਾਰਟੀ ਲੀਡਰਸ਼ਿਪ (ਰਾਹੁਲ ਗਾਂਧੀ) ’ਚ ਜੱਕੋ-ਤੱਕੀ ਦੀ ਸਥਿਤੀ ਹੈ ਕਿਉਂਕਿ ਉਹ ਪ੍ਰਧਾਨ ਮੰਤਰੀ ’ਤੇ ਨਿੱਜੀ ਹਮਲੇ ਕਰਦੇ ਰਹੇ ਹਨ। ਕੀ ਇਹ ਲੋਕ ਅਜਿਹਾ ਮੰਨਦੇ ਹਨ ਕਿ ਪਾਰਟੀ ਨੂੰ ਆਪਣੀ ਰਣਨੀਤੀ ਬਦਲਣ ਦੀ ਲੋੜ ਹੈ ਜਾਂ ਕਮਜ਼ੋਰ ਲੀਡਰਸ਼ਿਪ ਨੇ ਉਨ੍ਹਾਂ ਦਾ ਹੌਸਲਾ ਵਧਾ ਦਿੱਤਾ।
ਚੌਥਾ, ਸੋਨੀਆ ਗਾਂਧੀ ਨੂੰ ਪਾਰਟੀ ਦਾ ਇਕ ਮੰਥਨ ਸੈਸ਼ਨ ਬੁਲਾਉਣਾ ਚਾਹੀਦਾ ਹੈ, ਜਿਸ ’ਚ 2019 ਦੀਆਂ ਚੋਣਾਂ ’ਚ ਹੋਈ ਹਾਰ ਦੇ ਕਾਰਣ ਜਾਣਨ ਤੋਂ ਇਲਾਵਾ ਭਾਜਪਾ ਦਾ ਮੁਕਾਬਲਾ ਕਰਨ ਲਈ ਨਵੀਂ ਰਣਨੀਤੀ ’ਤੇ ਵਿਚਾਰ ਕਰਨਾ ਹੋਵੇਗਾ। ਇਸ ਸੈਸ਼ਨ ’ਚ ਪਾਰਟੀ ਦੇ ਨੇਤਾਵਾਂ ਨੂੰ ਆਪਣੇ ਵਿਚਾਰ ਜ਼ਾਹਿਰ ਕਰਨ ਦੀ ਖੁੱਲ੍ਹੀ ਆਜ਼ਾਦੀ ਦੇਣੀ ਚਾਹੀਦੀ ਹੈ। ਇਸ ਦਾ ਫਾਇਦਾ ਇਹ ਹੋਵੇਗਾ ਕਿ ਉਹ ਜਨਤਕ ਤੌਰ ’ਤੇ ਪਾਰਟੀ ਦੇ ਵਿਰੁੱਧ ਨਾ ਬੋਲ ਕੇ ਪਾਰਟੀ ਦੇ ਮੰਚ ’ਤੇ ਆਪਣੀ ਗੱਲ ਰੱਖਣਗੇ। ਜੇਕਰ ਜਿਹੜੇ ਸੂਬਿਆਂ ’ਚ ਚੋਣਾਂ ਹੋਣ ਜਾ ਰਹੀਆਂ ਹਨ, ਉਨ੍ਹਾਂ ’ਚੋਂ ਇਕ ’ਚ ਵੀ ਕਾਂਗਰਸ ਜਿੱਤ ਹਾਸਲ ਕਰ ਲੈਂਦੀ ਹੈ ਤਾਂ ਇਸ ਨਾਲ ਪਾਰਟੀ ’ਚ ਇਕ ਨਵੀਂ ਜਾਨ ਆ ਜਾਵੇਗੀ। ਹਾਲ ਹੀ ’ਚ ਆਈ. ਐੱਨ. ਐਕਸ ਮੀਡੀਆ ਮਾਮਲੇ ’ਚ ਪਾਰਟੀ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਦੀ ਗ੍ਰਿਫਤਾਰੀ ਨਾਲ ਵੀ ਪਾਰਟੀ ਨੂੰ ਬਹੁਤ ਨੁਕਸਾਨ ਪੁੱਜਾ ਹੈ। ਭਾਜਪਾ ਇਹ ਦਿਖਾਉਣਾ ਚਾਹੁੰਦੀ ਹੈ ਕਿ ਕਾਂਗਰਸ ਦੇ ਨੇਤਾ ਭ੍ਰਿਸ਼ਟ ਹਨ।
ਪਾਰਟੀ ਨੂੰ ਚਾਹੀਦਾ ਨਵਾਂ ਨਾਅਰਾ
ਪੰਜਵਾਂ, ਕਾਂਗਰਸ ਨੂੰ ਇਸ ਬਾਰੇ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਉਹ ਕਿਹੜੇ ਸਿਧਾਂਤਾਂ ਦੀ ਪ੍ਰਤੀਨਿਧਤਾ ਕਰਦੀ ਹੈ। ਅਨੇਕਤਾ ’ਚ ਏਕਤਾ ਵਰਗੀਆਂ ਇੰਦਰਾ ਗਾਂਧੀ ਦੇ ਸਮੇਂ ਦੀਆਂ ਧਾਰਨਾਵਾਂ ਹੁਣ ਪੁਰਾਣੀਆਂ ਹੋ ਚੁੱਕੀਆਂ ਹਨ। ਫਿਰਕਾਪ੍ਰਸਤੀ ਬਨਾਮ ਧਰਮ ਨਿਰਪੱਖਤਾ ਦਾ ਨਾਅਰਾ ਵੀ ਹੁਣ ਬੇਅਸਰ ਹੋ ਚੁੱਕਾ ਹੈ। ਇਨ੍ਹਾਂ ਸਾਰੀਆਂ ਗੱਲਾਂ ਨਾਲ ਕਾਂਗਰਸ ਦੀ ਦਿੱਖ ਇਕ ਮੁਸਲਿਮਪ੍ਰਸਤ ਪਾਰਟੀ ਦੇ ਤੌਰ ’ਤੇ ਬਣੀ, ਜੋ ਬਹੁਗਿਣਤੀ ਭਾਈਚਾਰੇ ਨੂੰ ਨਜ਼ਰਅੰਦਾਜ਼ ਕਰਦੀ ਹੈ, ਇਸ ਲਈ ਵੋਟਰਾਂ ਨੂੰ ਆਕਰਸ਼ਿਤ ਕਰਨ ਲਈ ਉਸ ਨੂੰ ਆਮ ਆਦਮੀ ਨਾਲ ਜੁੜਿਆ ਕੋਈ ਨਵਾਂ ਨਾਅਰਾ ਘੜਨਾ ਪਵੇਗਾ। ਅਸਲ ’ਚ ਕਾਂਗਰਸ ਲੀਡਰਸ਼ਿਪ ਨੂੰ ਵੋਟਰਾਂ ਸਾਹਮਣੇ ਇਕ ‘ਨਵੀਂ ਕਾਂਗਰਸ’ ਪੇਸ਼ ਕਰਨੀ ਹੋਵੇਗੀ, ਜਿਸ ਤਰ੍ਹਾਂ ਯੂ. ਕੇ. ’ਚ ਲੇਬਰ ਪਾਰਟੀ ਨੇ ‘ਨਵੀਂ ਲੇਬਰ’ ਪਾਰਟੀ ਨੂੰ ਪੇਸ਼ ਕੀਤਾ।
ਸਾਰੀਆਂ ਗੱਲਾਂ ਦਾ ਸਿੱਟਾ ਇਹ ਹੈ ਕਿ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਕੀ ਕਾਂਗਰਸ ਖੁਦ ’ਚ ਸੁਧਾਰ ਲਿਆਉਣ ਲਈ ਤਿਆਰ ਹੈ? ਕੀ ਉਹ ਵਾਪਸ ਮੁੜ ਕੇ ਦੇਖਣ ਅਤੇ ਇਹ ਆਪਾ ਪੜਚੋਲ ਕਰਨ ਲਈ ਤਿਆਰ ਹੈ ਕਿ ਗਲਤੀ ਕਿੱਥੇ ਹੋਈ? ਜੇਕਰ ਉਹ ਤਿਆਰ ਨਹੀਂ ਹੈ ਤਾਂ ਉਸ ਨੂੰ ਮੁੜ-ਸੁਰਜੀਤੀ ਦੀ ਉਮੀਦ ਛੱਡ ਦੇਣੀ ਚਾਹੀਦੀ ਹੈ ਕਿਉਂ ਚੀਜ਼ਾਂ ਬਦਲ ਚੁੱਕੀਆਂ ਹਨ, ਵੋਟਰ ਬਦਲ ਚੁੱਕੇ ਹਨ। ਖਾਹਿਸ਼ਾਂ ਬਦਲ ਚੁੱਕੀਆਂ ਹਨ ਅਤੇ ਲੀਡਰਸ਼ਿਪ ਬਦਲ ਰਹੀ ਹੈ। ਹਾਰ ਨੂੰ ਇਕ ਮੌਕੇ ਦੇ ਤੌਰ ’ਤੇ ਦੇਖਿਆ ਜਾਣਾ ਚਾਹੀਦਾ ਹੈ ਅਤੇ ਕਾਂਗਰਸ ਨੂੰ ਪਾਰਟੀ ਦੀ ਗੁਪਤ ਸਭਾ ’ਚੋਂ ਬਾਹਰ ਨਿਕਲਣਾ ਚਾਹੀਦਾ ਹੈ।
ਸਫਲਤਾ ਦਾ ਝੰਡਾ ਲਹਿਰਾਉਂਦੀਆਂ ਧੀਆਂ ਨੂੰ ਪੇਸ਼ ਚੁਣੌਤੀਆਂ
NEXT STORY