26 ਜਨਵਰੀ, 1950 ਨੂੰ ਗਣਤੰਤਰ ਐਲਾਨਿਆ ਗਿਆ ਭਾਰਤ ਅੱਜ ਆਪਣੇ ਗਣਤੰਤਰ ਦੇ 77ਵੇਂ ਸਾਲ ਵਿਚ ਪ੍ਰਵੇਸ਼ ਕਰ ਰਿਹਾ ਹੈ। ਆਪਣੀ ਇਸ ਲੰਬੀ ਯਾਤਰਾ ਵਿਚ ਸਾਡੇ ਦੇਸ਼ ਨੇ ਕਈ ਉਤਰਾਅ-ਚੜ੍ਹਾਅ ਦੇਖੇ ਹਨ ਅਤੇ ਹਰ ਸੰਕਟ ਵਿਚੋਂ ਸਫਲ ਹੋ ਕੇ ਨਿਕਲਿਆ ਹੈ।
ਆਮ ਤੌਰ ’ਤੇ ਇਹ ਮੰਨਿਆ ਜਾਂਦਾ ਹੈ ਕਿ 80 ਸਾਲਾਂ ਤੱਕ ਕੋਈ ਦੇਸ਼ ਲੋਕਤੰਤਰ ਨੂੰ ਚਲਾ ਲਵੇ, ਤਾਂ ਲੋਕਤੰਤਰ ਉਸ ’ਚ ਸਥਾਪਿਤ ਹੋ ਜਾਂਦਾ ਹੈ। ਤੁਰਕੀ ਨੇ ਲੋਕਤੰਤਰੀ ਸ਼ਾਸਨ ਪ੍ਰਣਾਲੀ ਚਲਾਈ ਤਾਂ ਸਹੀ, ਪਰ 8 ਦਹਾਕਿਆਂ ਬਾਅਦ ਆਪਣਾ ਲੋਕਤੰਤਰੀ ਸਰੂਪ ਬਾਹਰੀ ਤੌਰ ’ਤੇ ਪਰਖਦੇ ਹੋਏ ਤਾਨਾਸ਼ਾਹੀ ਸ਼ਾਸਨ ਦੇ ਰੂਪ ’ਚ ਅੱਗੇ ਆਇਆ। ਇਸੇ ਤਰ੍ਹਾਂ ਤੁਰਕੀ ਤੋਂ ਇਲਾਵਾ 1920 ਜਾਂ 1930 ਦੇ ਦਹਾਕੇ ਵਿਚ ਆਜ਼ਾਦ ਹੋਣ ਵਾਲੇ ਕਈ ਦੇਸ਼ ਆਪਣੀ ਲੋਕਤੰਤਰੀ ਸ਼ਾਸਨ ਪ੍ਰਣਾਲੀ ਗੁਆ ਬੈਠੇ।
ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਭਾਰਤ ਵਿਚ ਅਜਿਹਾ ਕੀ ਹੈ ਜਿਸ ਦੀ ਬਦੌਲਤ ਸਾਡਾ ਲੋਕਤੰਤਰ ਚੱਲਦਾ ਰਿਹਾ ਹੈ। ਹਾਲਾਂਕਿ ਸਾਡੇ ਦੇਸ਼ ਨੂੰ ਆਜ਼ਾਦੀ ਮਿਲਣ ਦੇ ਸਮੇਂ ਦੇਸ਼ ’ਚ ਮਰਦ ਸਿਰਫ਼ 12 ਫੀਸਦੀ ਅਤੇ 8 ਫੀਸਦੀ ਔਰਤਾਂ ਪੜ੍ਹੀਆਂ-ਲਿਖੀਆਂ ਸਨ ਅਤੇ ਦੇਸ਼ ਆਰਥਿਕ ਅਸਮਾਨਤਾ ਤੇ ਜਾਤੀਵਾਦ ਦੇ ਆਧਾਰ ’ਤੇ ਵੰਡਿਆ ਹੋਇਆ ਸੀ।
ਸਭ ਤੋਂ ਪਹਿਲਾਂ ਤਾਂ ਬੁਨਿਆਦੀ ਗੱਲ ਇਹ ਹੈ ਕਿ ਦੁਨੀਆ ’ਚ ਭਾਰਤ ਪਹਿਲਾ ਦੇਸ਼ ਹੈ ਜਿੱਥੇ ਸਿੰਧੂ ਘਾਟੀ ਸੱਭਿਅਤਾ (2600 ਬੀ. ਸੀ.) ਦੇ ਦੌਰ ’ਚ ਵੀ ਲੋਕਤੰਤਰੀ ਸ਼ਾਸਨ ਪ੍ਰਣਾਲੀ ਚੱਲ ਰਹੀ ਸੀ। ਸਾਡੇ ਦੇਸ਼ ’ਚ ਲੋਕਤੰਤਰ ਦੀ ਧਾਰਨਾ 1500 ਬੀ. ਸੀ. ਤੋਂ ਪਹਿਲਾਂ ਵੈਦਿਕ ਕਾਲ ’ਚ ਵੀ ਪਾਈ ਜਾਂਦੀ ਸੀ, ਪਰ ਅਸੀਂ 1500 ਬੀ. ਸੀ. ’ਚ ਇਸ ਧਾਰਨਾ ਨੂੰ ਗੁਆ ਿਦੱਤਾ ਸੀ।
ਬਾਅਦ ’ਚ ਆਜ਼ਾਦ ਭਾਰਤ ਦਾ ਸੰਵਿਧਾਨ ਬਣਿਆ, ਜੋ ਦੁਨੀਆ ’ਚ ਸਭ ਤੋਂ ਲੰਬਾ ਸੰਵਿਧਾਨ ਹੈ। ਇਸ ਦਾ ਕਾਰਨ ਇਹ ਹੈ ਕਿ ਇਸ ਦੇ ਅਧੀਨ ਰਾਜਾਂ ਅਤੇ ਕੇਂਦਰ ਸਰਕਾਰ, ਨਿਆਂਪਾਲਿਕਾ ਅਤੇ ਕਾਰਜਪਾਲਿਕਾ ਆਦਿ ਦੇ ਆਪਸੀ ਸਬੰਧਾਂ ਨੂੰ ਅਤਿਅੰਤ ਵਿਚਾਰਿਆ ਿਗਆ ਅਤੇ ਸਪੱਸ਼ਟ ਤੌਰ ’ਤੇ ਚੰਗੀ ਤਰ੍ਹਾਂ ਪਰਿਭਾਸ਼ਿਤ ਕੀਤਾ ਿਗਆ ਹੈ।
1947 ਵਿਚ ਜਦੋਂ ਸਾਡੇ ਦੇਸ਼ ਨੂੰ ਆਜ਼ਾਦੀ ਮਿਲੀ, ਉਸ ਸਮੇਂ ਸਾਡਾ ਦੇਸ਼ ਉਨ੍ਹਾਂ 30 ਦੇਸ਼ਾਂ ’ਚੋਂ ਇਕ ਸੀ, ਜਿਨ੍ਹਾਂ ਨੇ ਮਹਿਲਾਵਾਂ ਨੂੰ ਵੋਟ ਦਾ ਅਧਿਕਾਰ ਦਿੱਤਾ, ਜਦਕਿ ਫਰਾਂਸ ਅਤੇ ਇਟਲੀ ’ਚ ਵੀ ਅਜਿਹਾ ਨਹੀਂ ਸੀ। ਯੂਰਪੀ ਸੰਘ ’ਚ ਕਈ ਦੇਸ਼ ਅਜਿਹੇ ਸਨ ਜਿਨ੍ਹਾਂ ਨੇ ਮਹਿਲਾਵਾਂ ਦੀ ਸਿੱਖਿਅਾ ਅਤੇ ਸੰਪਤੀ ਦੇ ਆਧਾਰ ’ਤੇ ਉਨ੍ਹਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਸੀ।
ਬਿਨਾਂ ਕਿਸੇ ਭੇਦਭਾਵ ਦੇ ਇਕ ਬਰਾਬਰ ਅਧਿਕਾਰ ਦੇਣ ਦੀ ਦੂਰਦ੍ਰਿਸ਼ਟਤਾ ਅੱਜ ਸਾਡੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ। ‘ਯੂਨੀਵਰਸਲ ਫ੍ਰੈਚਾਈਜ਼’ ਜੇਕਰ ਇਕ ਨੰਬਰ ’ਤੇ ਹੈ ਤਾਂ ਦੋ ਨੰਬਰ ’ਤੇ ਆਉਂਦੀ ਹੈ ਧਰਮਨਿਰਪੱਖਤਾ ਅਤੇ ਤੀਜੀ ਵਿਸ਼ੇਸ਼ਤਾ ਸਾਰੀ ਦੁਨੀਆ ਦੇ ਕਿਸੇ ਦੇਸ਼ ਦੇ ਇਤਿਹਾਸ ’ਚ ਨਹੀਂ ਮਿਲਦੀ ਕਿ 520 ਰਿਆਸਤਾਂ ਨੂੰ ਭਾਵੇਂ ਉਹ ਛੋਟੀਆਂ ਸਨ ਜਾਂ ਵੱਡੀਆਂ ਜਾਂ ਕਮਜ਼ੋਰ ਸਨ ਜਾਂ ਮਜ਼ਬੂਤ, ਸਭ ਨੂੰ ਇਕ ਸੂਤਰ ’ਚ ਪਿਰੋਅ ਕੇ ਭਾਰਤ ’ਚ ਉਨ੍ਹਾਂ ਦੀ ਵਲੀਨਤਾ ਕਰਵਾਈ ਗਈ।
ਅਮਰੀਕਾ ਵਿਚ ਸ਼ੁਰੂ ਵਿਚ 13 ਰਾਜ ਸਨ ਜੋ ਵਧਦੇ-ਵਧਦੇ ਹੁਣ 50 ਹੋ ਗਏ ਹਨ। ਯੂਰਪੀ ਸੰਘ ਵਿਚ ਵੀ 7 ਰਾਜ ਸਨ ਜੋ ਹੁਣ ਵਧਦੇ-ਵਧਦੇ 27 ਤੱਕ ਹੋ ਗਏ ਹਨ, ਪਰ ਭਾਰਤ ਵਾਂਗ 520 ਰਿਆਸਤਾਂ ਤਾਂ ਕਿਸੇ ਦੀਆਂ ਵੀ ਨਹੀਂ ਸਨ। ਇਨ੍ਹਾਂ ਸਭ ’ਚ ਵੱਖ-ਵੱਖ ਭਾਸ਼ਾ ਅਤੇ ਰੀਤੀ-ਰਿਵਾਜਾਂ ਦੀ ਪਾਲਣਾ ਕੀਤੀ ਜਾਂਦੀ ਸੀ ਅਤੇ ਭਿੰਨਤਾ ਦੇ ਬਾਵਜੂਦ ਸੰਪੂਰਨ ਏਕਤਾ ਬਣੀ।
ਇਨ੍ਹਾਂ ਸਾਰਿਆਂ ਨੂੰ ਇਕੱਠਾ ਕਰਨਾ ਸਾਡੇ ਸੰਵਿਧਾਨ ਨਿਰਮਾਤਾਵਾਂ ਅਤੇ ਸਾਡੇ ਸ਼ੁਰੂਆਤੀ ਨੇਤਾਵਾਂ ਦਾ ਸਭ ਤੋਂ ਮਹੱਤਵਪੂਰਨ ਕੰਮ ਸੀ, ਜਿਸ ਨੰੂ ਤਤਕਾਲੀ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਨੇ ਸਫਲਤਾਪੂਰਵਕ ਨਿਭਾਇਆ। ਸਰਦਾਰ ਪਟੇਲ ਨੇ 1948 ’ਚ ਬੰਬਈ (ਮੌਜੂਦਾ ਸਮੇਂ ਮੁੰਬਈ) ’ਚ ਇਕ ਭਾਸ਼ਣ ਿਦੱਤਾ ਸੀ ਜੋ ਉਨ੍ਹਾਂ ਨੇ ਇਕ ਪੱਤਰ ਦੇ ਰੂਪ ’ਚ ਪੰਡਿਤ ਨਹਿਰੂ ਨੂੰ 30 ਅਕਤੂਬਰ, 1948 ਨੂੰ ਭੇਜਿਆ ਸੀ। ਇਸ ’ਚ ਉਨ੍ਹਾਂ ਨੇ ਲਿਖਿਆ ਸੀ : ‘‘ਮੈਂ ਉਮਰ ਦੇ ਅਜਿਹੇ ਪੜਾਅ ’ਤੇ ਪਹੁੰਚ ਚੁੱਕਾ ਹੈ, ਜਿੱਥੇ ਮੈਨੂੰ ਆਰਾਮ ਕਰਨ ਦਾ ਅਧਿਕਾਰ ਹੈ ਪਰ ਮੇਰਾ ਦਿਲ ਉਨ੍ਹਾਂ ਕੰਮਾਂ ਨੂੰ ਕਰਨ ਦੇ ਲਈ ਬੇਚੈਨ ਹੈ।’’
‘‘ਤੁਸੀਂ ਜਾਣਦੇ ਹੋ ਕਿ ਇਸ ਇਕ ਸਾਲ ਦੇ ਦੌਰਾਨ ਭਾਰਤ ਕਿਸ ਕਦਰ ਮੁਸ਼ਕਲਾਂ ’ਚੋਂ ਲੰਘਿਆ ਹੈ, ਮੈਂ ਡਰਦਾ ਹਾਂ ਕਿ ਕਿਤੇ ਸਾਡੇ ਤੋਂ ਕੋਈ ਖੁੰਝ ਨਾ ਹੋ ਜਾਵੇ ਜੋ ਭਾਰਤ ਲਈ ਸੰਕਟਪੂਰਨ ਿਸੱਧ ਹੋਵੇ। ਜਦੋਂ ਮੈਂ ਵੰਡ ਨੂੰ ਸਵੀਕਾਰ ਕੀਤਾ ਮੇਰਾ ਦਿਲ ਦਰਦ ਨਾਲ ਭਰਿਆ ਹੋਇਆ ਸੀ।’’
‘‘ਮੈਂ ਇਸ ਦੇ ਪੱਖ ’ਚ ਨਹੀਂ ਸੀ ਪਰ ਅਸੀਂ ਵੰਡ ਦੇ ਨਤੀਜਿਆਂ ਦੇ ਬਾਰੇ ਸੋਚਣ ਤੋਂ ਬਾਅਦ ਖੁਸ਼ੀ ਨਾਲ ਇਸ ਨੂੰ ਸਵੀਕਾਰ ਕੀਤਾ। ਜੇਕਰ ਅਸੀਂ ਵੰਡ ਸਵੀਕਾਰ ਨਾ ਕੀਤੀ ਹੁੰਦੀ ਤਾਂ ਇਸ ਦੇ ਨਤੀਜੇ ਉਸ ਤੋਂ ਵੀ ਕਿਤੇ ਜ਼ਿਆਦਾ ਬੁਰੇ ਹੋ ਸਕਦੇ ਸਨ।’’
ਮੁੰਬਈ ’ਚ 1948 ’ਚ ਦਿੱਤੇ ਆਪਣੇ ਭਾਸ਼ਣ ’ਚ ਉਨ੍ਹਾਂ ਨੇ ਕਿਹਾ ਸੀ, ‘‘ਮੈਂ ਆਪਣੇ ਨਾਗਰਿਕਾਂ ਨੂੰ ਇਹੀ ਸਲਾਹ ਦੇਵਾਂਗਾ ਕਿ ਸੂਬਾਈ ਵੱਖਵਾਦ ਨੂੰ ਤਿਆਗ ਦੇਣ, ਆਪਣੀ ਜ਼ੁਬਾਨ ’ਤੇ ਲਗਾਮ ਰੱਖਣ। ਜੇਕਰ ਅਸੀਂ ਇਸੇ ਤਰ੍ਹਾਂ ਬੋਲਦੇ ਰਹੇ, ਜ਼ਹਿਰ ਭਰਦੇ ਰਹੇ ਤਾਂ ਭਾਰਤ ਬਰਬਾਦ ਹੋ ਜਾਵੇਗਾ। ਇਹ ਅਜਿਹਾ ਹੋਵੇਗਾ ਜਿਵੇਂ ਲਕਸ਼ਮੀ ਸਾਡੇ ਮੱਥੇ ’ਤੇ ਤਿਲਕ ਲਗਾਉਣ ਆਵੇ ਅਤੇ ਅਸੀਂ ਉਸ ਨੂੰ ਧੋ ਦੇਈਏ।’’
‘‘ਅਸੀਂ ਗੁਲਾਮੀ ’ਚ ਇਕ-ਦੂਜੇ ਨਾਲ ਪਿਆਰ ਕਰਦੇ ਸੀ, ਬੰਧਨ ’ਚ ਇਕਜੁੱਟ ਸੀ ਤਾਂ ਹੁਣ ਜਦੋਂ ਅਸੀਂ ਆਜ਼ਾਦ ਹਾਂ ਤਾਂ ਿਕਉਂ ਲੜੀਏ? ਅਸੀਂ ਅਤੀਤ ’ਚ ਵੰਡ ਦੇ ਕਾਰਨ ਆਜ਼ਾਦੀ ਗੁਆ ਿਦੱਤੀ ਸੀ, ਹੁਣ ਆਪਸੀ ਪ੍ਰੇਮ ਅਤੇ ਸਨੇਹ ਹੀ ਭਾਰਤ ਨੂੰ ਇਕਜੁੱਟ ਅਤੇ ਮਜ਼ਬੂਤ ਬਣਾ ਸਕਦਾ ਹੈ। ਅਸੀਂ ਇੰਨੀ ਪੀੜ ਸਹੀ ਅਤੇ ਅਸੀਂ ਸਭ ਇਕੱਠੇ ਰਹਿਣ ਦੇ ਕਾਰਨ ਹੀ ਇਸ ’ਚ ਸਫਲਤਾ ਹਾਸਲ ਕਰ ਸਕੇ।’’
ਅੱਜ ਆਪਣੇ ਗਣਤੰਤਰ ਦਿਵਸ ਦੇ ਸ਼ੁੱਭ ਮੌਕੇ ’ਤੇ ਆਪਣੇ ਪਾਠਕਾਂ ਨੂੰ ਵਧਾਈ ਦਿੰਦੇ ਹੋਏ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਾਲਾਂ ’ਚ ਸਾਡਾ ਦੇਸ਼ ਹੋਰ ਮਜ਼ਬੂਤ ਹੋ ਕੇ ਆਪਣੀ ਭੂਮਿਕਾ ਸਫਲਤਾਪੂਰਵਕ ਨਿਭਾਅ ਸਕੇਗਾ।
ਪੰਚ ਪਰਿਵਰਤਨ ਰਾਹੀਂ ਲਗਾਤਾਰ ਜੀਵਨ ਪ੍ਰਵਾਹ ’ਚ ਵਡਮੁੱਲਾ ਯੋਗਦਾਨ ਪਾ ਰਿਹਾ ਹੈ ਆਰ.ਐੱਸ.ਐੱਸ.
NEXT STORY