ਅੱਜ ਸਾਫ-ਸਾਫ ਗੱਲ ਕਰਨ ਦਾ ਸਮਾਂ ਆ ਗਿਆ ਹੈ। ਜੰਮੂ-ਕਸ਼ਮੀਰ ਦੀਆਂ ਵਿਧਾਨ ਸਭਾ ਚੋਣਾਂ ਦਾ ਨਤੀਜਾ ਕੁਝ ਵੀ ਆਏ ਅਤੇ ਕਿਸੇ ਦੀ ਵੀ ਸਰਕਾਰ ਬਣੇ ਪਰ ਇਹ ਤੈਅ ਹੈ ਕਿ ਚੋਣ ਪ੍ਰਕਿਰਿਆ ਅਤੇ ਨਤੀਜੇ ਕਈ ਮਾਅਨਿਆਂ ’ਚ ਜੰਮੂ-ਕਸ਼ਮੀਰ ਨਾਲ ਜੁੜੇ ਬਹੁਤ ਸਾਰੇ ਭਰਮਾਂ ਅਤੇ ਮਨਾਹੀਆਂ ਨੂੰ ਤੋੜਨ ਵਾਲੇ ਸਾਬਿਤ ਹੋਣਗੇ। ਸਹੀ ਸਮਝੀਏ ਤਾਂ ਇਹ ਨਤੀਜੇ ਜੰਮੂ-ਕਸ਼ਮੀਰ ਦੀ ਨਵ-ਉਸਾਰੀ ’ਚ ਬਹੁਤ ਅਹਿਮ ਭੂਮਿਕਾ ਨਿਭਾਉਣਗੇ। ਇਸ ਦੇ ਨਾਲ-ਨਾਲ ਜੇ ਕਿਸੇ ਸੁਫਨੇ ਦੇਖਣ ਵਾਲੇ ਨੇ ਨਵ-ਉਸਾਰੀ ਦਾ ਸੁਫਨਾ ਦੇਖਣਾ ਹੋਵੇ ਤਾਂ ਉਸ ਦੇ ਅਤੀਤ ’ਚ ਦਫਨ ਕੁਝ ਕੌੜੀਆਂ ਸੱਚਾਈਆਂ ’ਤੇ ਨਜ਼ਰ ਵੀ ਮਾਰ ਲੈਣੀ ਚੰਗੇ ਭਵਿੱਖ ਦੀ ਸੁਰੱਖਿਆ ਅਤੇ ਉਸ ਦੀ ਅਹਿਮੀਅਤ ਨੂੰ ਸਮਝਣ ਲਈ ਸ਼ੁੱਭ ਹੁੰਦੀ ਹੈ।
ਚਲੋ, ਉਸ ਖੋਜ ਨੂੰ ਆਪਣੇ ਸਾਹਮਣੇ ਰੱਖਦੇ ਹਾਂ ਜੋ ਤੁਹਾਨੂੰ ਉਸ ਬਿੰਦੂ ਤੱਕ ਲੈ ਜਾਵੇਗੀ ਜੋ ਕਸ਼ਮੀਰ ’ਚ ਵੱਖਵਾਦ ਦੇ ਦਰਿਆ ਦਾ ਸਭ ਤੋਂ ਪਹਿਲਾ ਸੋਮਾ ਰਿਹਾ, ਜਿਥੋਂ ਇਸ ਦੀ ਪਹਿਲੀ ਚੰਗਿਆੜੀ ਮਿਲੀ। ਇਹ ਖੋਜ ਜੰਮੂ-ਕਸ਼ਮੀਰ ’ਚ 1987 ’ਚ ਹੋਈਆਂ ਵਿਧਾਨ ਸਭਾ ਚੋਣਾਂ ਬਾਰੇ ਹੈ। ਤਦ ਹਾਲਾਤ ਆਮ ਵਰਗੇ ਦਿੱਸਦੇ ਸਨ। ਫਿਲਮਾਂ ਦੇ ਸ਼ੂਟਿੰਗ ਸ਼ਡਿਊਲ 1988 ਤਕ ਇਸ ਤਰ੍ਹਾਂ ਦੇ ਸਨ ਜਿਵੇਂ ਗਰਮੀ ਦੇ ਮੌਸਮ ’ਚ ਪਹਿਲਗਾਮ ਦੂਜੀ ਮੁੰਬਈ ਹੋਵੇ ਪਰ ਉਥੋਂ ਦੀ ਜਨਤਾ ਦੇ ਮਨ ’ਚ ਸਰਕਾਰਾਂ ਦੀ ਕਾਰਗੁਜ਼ਾਰੀ ਤੋਂ ਬਹੁਤ ਨਿਰਾਸ਼ਾ ਅਤੇ ਗੁੱਸਾ ਸੀ। ਲੋਕਤੰਤਰ ਦੀ ਇਹੀ ਖੂਬਸੂਰਤੀ ਵੀ ਹੁੰਦੀ ਹੈ ਕਿ ਜਨਤਾ ਦੇ ਮਨ ਦਾ ਗੁੱਸਾ ਅਤੇ ਗੁਬਾਰ ਵੋਟਾਂ ਰਾਹੀਂ ਨਿਕਲ ਜਾਂਦਾ ਹੈ ਤਾਂ ਮੰਨੋ ਜਿਵੇਂ ਸਰਕਾਰ ਬਦਲ ਕੇ ਜਨਤਾ ਦੇ ਮਨ ਦੇ ਪ੍ਰੈਸ਼ਰ ਕੁੱਕਰ ਦੀ ਸੀਟੀ ਸਾਰੀ ਭਾਫ ਨੂੰ ਰਿਲੀਜ਼ ਕਰ ਦਿੰਦੀ ਹੈ।
ਬਦਕਿਸਮਤੀ ਨਾਲ ਅਜਿਹਾ 1987 ਦੀਆਂ ਚੋਣਾਂ ’ਚ ਜੰਮੂ-ਕਸ਼ਮੀਰ ’ਚ ਨਾ ਹੋ ਸਕਿਆ। ਉਦੋਂ ਕੇਂਦਰ ’ਚ ਰਾਜੀਵ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਦੀ ਸਰਬਸ਼ਕਤੀਮਾਨ ਸਰਕਾਰ ਸੀ। ਇਧਰ ਕਸ਼ਮੀਰ ’ਚ ਸ਼ੇਖ ਸ਼ਾਹੀ ਦਾ ਕੁਨਬਾ ਲਗਾਤਾਰ ਸੱਤਾ ’ਚ ਬਣਿਆ ਹੋਇਆ ਸੀ। 1987 ’ਚ ਜੰਮੂ-ਕਸ਼ਮੀਰ ’ਚ ਨੈਸ਼ਨਲ ਕਾਨਫਰੰਸ (ਨੈਕਾਂ) ਅਤੇ ਕਾਂਗਰਸ ਪਾਰਟੀ ਨੇ ਮਿਲ ਕੇ ਚੋਣ ਲੜੀ। ਵਿਧਾਨ ਸਭਾ ਦੀਆਂ ਕੁਲ 76 ਸੀਟਾਂ ’ਚੋਂ ਕਾਂਗਰਸ 31 ਸੀਟਾਂ ’ਤੇ ਲੜੀ ਅਤੇ ਨੈਕਾਂ 45 ਸੀਟਾਂ ’ਤੇ। ਇਨ੍ਹਾਂ ਦੇ ਵਿਰੋਧ ’ਚ ਕੋਈ ਦੂਜੀ ਸਿਆਸੀ ਪਾਰਟੀ ਤਾਂ ਟੱਕਰ ਦੇਣ ਦੇ ਸਮਰੱਥ ਨਹੀਂ ਸੀ ਪਰ ਕਸ਼ਮੀਰ ਦੀ ਜਨਤਾ ’ਚ ਇਸ ਗੱਠਜੋੜ ਵਿਰੁੱਧ ਡੂੰਘੀ ਬੇਚੈਨੀ ਸੀ। ਤਦ ਵੱਖ-ਵੱਖ ਛੋਟੀਆਂ ਪਾਰਟੀਆਂ ਜਾਂ ਸੰਸਥਾਵਾਂ ਦੇ ਪ੍ਰਤੀਨਿਧੀਆਂ ਵਜੋਂ ਜੰਮੂ-ਕਸ਼ਮੀਰ ਦੇ ਨੌਜਵਾਨਾਂ ਨੇ ਕਮਰ ਕੱਸ ਲਈ ਅਤੇ ਤਕਨੀਕੀ ਤੌਰ ’ਤੇ ਉਨ੍ਹਾਂ ਦਾ ਸੰਗਠਨ ਨਾ ਹੋਣ ਕਾਰਨ ਉਹ ਆਜ਼ਾਦ ਉਮੀਦਵਾਰਾਂ ਦੀ ਸ਼੍ਰੇਣੀ ’ਚ ਮੰਨ ਲਏ ਗਏ।
ਜਿਸ ਤਰ੍ਹਾਂ ਮੌਜੂਦਾ ਚੋਣਾਂ ’ਚ ਆਜ਼ਾਦ ਉਮੀਦਵਾਰਾਂ ਦਾ ਕਾਫੀ ਬੋਲਬਾਲਾ ਹੈ, 1987 ਦੀਆਂ ਚੋਣਾਂ ’ਚ ਤਾਂ ਉਸ ਤੋਂ ਵੀ ਵੱਧ ਸੀ। ਉਸ ਸਮੇਂ 344 ਆਜ਼ਾਦ ਉਮੀਦਵਾਰ ਚੋਣ ਮੈਦਾਨ ’ਚ ਸਨ। ਉਹ ਇਕ-ਦੂਜੇ ਨਾਲ ਜੁੜੇ ਹੋਏ ਸਨ ਪਰ ਉਨ੍ਹਾਂ ਦਾ ਮਜ਼ਬੂਤ ਸਿਆਸੀ ਸੰਗਠਨ ਨਹੀਂ ਸੀ। ਉਸ ਚੋਣ ’ਚ ਇਸ ਹੱਦ ਤਕ ਧਾਂਦਲੀ ਦੀਆਂ ਖਬਰਾਂ ਆਈਆਂ ਕਿ ਪੂਰੇ ਦੇਸ਼ ਦੀਆਂ ਅਖਬਾਰਾਂ ਇਨ੍ਹਾਂ ਚੋਣਾਂ ’ਚ ਹੋਈ ਗੜਬੜੀ ਨਾਲ ਭਰੀਆਂ ਪਈਆਂ ਸਨ। ਜਿਵੇਂ ਕਿ ਆਮ ਧਾਰਨਾ ਹੈ ਕਿ ਕਸ਼ਮੀਰ ’ਚ ਲੋਕ 15 ਤੋਂ 18 ਫੀਸਦੀ ਹੀ ਵੋਟਾਂ ਪਾਉਂਦੇ ਹਨ, ਉਸ ਦੇ ਉਲਟ 1987 ’ਚ ਜੰਮੂ-ਕਸ਼ਮੀਰ ’ਚ ਵੋਟਿੰਗ 74.88 ਫੀਸਦੀ ਹੋਈ। ਕਾਂਗਰਸ ਨੇ 31 ਸੀਟਾਂ ’ਤੇ ਚੋਣਾਂ ਲੜ ਕੇ 26 ਸੀਟਾਂ ਜਿੱਤੀਆਂ, ਕਾਂਗਰਸ ਨੂੰ ਮਿਲੀ ਵੋਟ 20.20 ਫੀਸਦੀ ਸੀ। ਨੈਕਾਂ ਨੇ 45 ਸੀਟਾਂ ’ਤੇ ਚੋਣਾਂ ਲੜੀਆਂ ਜਿਨ੍ਹਾਂ ’ਚੋਂ 40 ਜਿੱਤੀਆਂ ਅਤੇ ਵੋਟ ਫੀਸਦੀ ਰਹੀ 32.98। ਆਜ਼ਾਦ ਉਮੀਦਵਾਰਾਂ ਨੇ ਸਾਰੀਆਂ 76 ਸੀਟਾਂ ’ਤੇ ਚੋਣਾਂ ਲੜੀਆਂ ਪਰ ਸੀਟਾਂ ਮਿਲੀਆਂ 8 ਅਤੇ ਵੋਟ 34.76 ਫੀਸਦੀ ਮਿਲੀ।
ਨੈਕਾਂ ਜਾਂ ਕਾਂਗਰਸ ਕੁਝ ਵੀ ਸਫਾਈ ਦੇਣ ਪਰ 1987 ਦੇ ਨਤੀਜਿਆਂ ਨੇ ਜਨਤਾ ’ਚ ਇਹ ਠੋਸ ਸੰਦੇਸ਼ ਦੇ ਦਿੱਤਾ ਕਿ ਭਾਰਤ ਦਾ ਚੋਣ ਕਮਿਸ਼ਨ ਸ਼ੇਖ ਪਰਿਵਾਰ ਦੇ ਘਰ ਦਾ ਹੀ ਹੈ। ਇਨ੍ਹਾਂ ਨਤੀਜਿਆਂ ਨੇ ਉਨ੍ਹਾਂ ਹਾਰੇ ਹੋਏ ਨੌਜਵਾਨਾਂ ਜਿਨ੍ਹਾਂ ਨੇ ਵਿਵਸਥਾ ਬਦਲ ਦੇਣ ਲਈ ਚੋਣਾਂ ਲੜੀਆਂ ਅਤੇ ਸਿਸਟਮ ਨੇ ਹਰਾਉਣ ਪਿੱਛੋਂ ਉਨ੍ਹਾਂ ’ਤੇ ਜਿਸ ਤਰ੍ਹਾਂ ਥਾਣਿਆਂ ’ਚ ਤਸ਼ੱਦਦ ਕੀਤਾ, ਉਹ ਉਸ ਬੇਇੱਜ਼ਤੀ ਨੂੰ ਸਹਿ ਨਹੀਂ ਸਕੇ। ਯਾਦ ਕਰੋ ਕਿ ਕੀ 1987 ’ਚ ਕਦੀ ਕਸ਼ਮੀਰ ’ਚ ਪੱਥਰ ਚੱਲਦੇ ਸਨ, ਗੋਲੀਆਂ ਚੱਲਦੀਆਂ ਸਨ, ਵੱਖਵਾਦ ਦੀ ਕੋਈ ਤੇਜ਼ ਵਗਣ ਵਾਲੀ ਹਵਾ ਵੀ ਨਹੀਂ ਸੀ। ਅਮੀਰਾ ਕਦਲ ਸੀਟ ਤੋਂ ਚੋਣ ਹਾਰਿਆ ਆਜ਼ਾਦ ਉਮੀਦਵਾਰ ਮੁਹੰਮਦ ਯੂਸੁਫ ਸ਼ਾਹ ਬਾਅਦ ’ਚ ਸਲਾਊਦੀਨ ਬਣ ਗਿਆ ਅਤੇ ਕਿੰਨੇ ਹਜ਼ਾਰ ਨੌਜਵਾਨਾਂ ਨੂੰ ਉਸ ਨੇ ਹਥਿਆਰ ਦਿੱਤੇ, ਗਿਣਤੀ ਹੀ ਨਹੀਂ ਹੈ।
ਜੇਕਰ ਇਹ ਜਿੱਤ ਵੀ ਜਾਂਦੇ ਤਾਂ ਸਿਸਟਮ ਉਨ੍ਹਾਂ ਨੂੰ ਕੁਝ ਹੀ ਦਿਨਾਂ ’ਚ ਵਿਵਸਥਾ ਦਾ ਹਿੱਸਾ ਬਣਾ ਲੈਂਦਾ ਪਰ ਧੱਕੇਸ਼ਾਹੀ ਨੇ ਉਨ੍ਹਾਂ ਨੂੰ ਪਾਕਿਸਤਾਨ ਦੇ ਹੱਥਾਂ ’ਚ ਧੱਕ ਦਿੱਤਾ ਜਿਸ ਦਾ ਨਤੀਜਾ ਸਾਰੇ ਦੇਸ਼ ਨੇ ਕਈ ਦਹਾਕਿਆਂ ਤੱਕ ਭੁਗਤਿਆ ਪਰ ਇਸ ਵਾਰ ਹਵਾ ਅਤੇ ਮਾਹੌਲ ਬਦਲਿਆ ਹੈ। ਵਿਚਾਰਧਾਰਕ ਅਤੇ ਸਿਆਸੀ ਵਿਰੋਧ ਦੇ ਬਾਵਜੂਦ ਜੇਲ ’ਚ ਬੈਠ ਕੇ ਉਮਰ ਅਬਦੁੱਲਾ ਨੂੰ 5 ਲੱਖ ਵੋਟਾਂ ਨਾਲ ਹਰਾਉਣ ਵਾਲੇ ਸੰਸਦ ਮੈਂਬਰ ਇੰਜੀਨੀਅਰ ਰਾਸ਼ਿਦ ਵੀ ਇੰਟਰਵਿਊ ਦੇ ਮੌਕੇ ’ਤੇ ਕਹਿ ਹੀ ਗਏ ਕਿ ਜੋ ਵੀ ਹੋਵੇ ਪਰ ਮੋਦੀ ਸਾਹਿਬ ਨੇ ਚੋਣਾਂ ਨੂੰ ਇੰਨੀਆਂ ਸਾਫ-ਸੁਥਰੀਆਂ ਕਰਵਾ ਕੇ ਦਿਲ ਜਿੱਤ ਲਿਆ ਹੈ। ਮੌਜੂਦਾ ਚੋਣਾਂ ਕੋਈ ਹਾਰੇ-ਕੋਈ ਜਿੱਤੇ ਪਰ ਅਸਲੀ ਜਿੱਤ ਕਸ਼ਮੀਰ ਦੀ ਹੋਣੀ ਯਕੀਨੀ ਹੈ ਅਤੇ ਕਸ਼ਮੀਰੀਆਂ ਦਾ ਦਿਲ ਜਿੱਤਣ ਦੀ ਗੱਲ ਕਰਨ ਵਾਲੇ ਮੋਦੀ ਸਾਹਿਬ ਨੂੰ ਘੱਟ ਤੋਂ ਘੱਟ ਕੋਈ ਕਸ਼ਮੀਰੀ ਤਾਂ ਜੁਮਲੇਬਾਜ਼ ਨਹੀਂ ਕਹਿ ਸਕੇਗਾ।
-ਅਰਜੁਨ ਸ਼ਰਮਾ
ਸਿੱਖਿਆ ਦਾ ਬਾਜ਼ਾਰੀਕਰਨ ਘਾਤਕ
NEXT STORY