ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਵਿਚ ਸਿਰਫ 20 ਦਿਨਾਂ ਦਾ ਸਮਾਂ ਬਾਕੀ ਬਚਿਆ ਹੈ ਪਰ ਸਿੱਖ ਜਗਤ ਵੱਲੋਂ ਵੋਟਾਂ ਬਣਾਉਣ ’ਚ ਕੋਈ ਉਤਸ਼ਾਹ ਨਹੀਂ ਦਿਖਾਇਆ ਜਾ ਰਿਹਾ। ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਉਣ ਦੀ ਕਾਰਵਾਈ 21 ਅਕਤੂਬਰ, 2023 ਤੋਂ ਸ਼ੁਰੂ ਕੀਤੀ ਗਈ ਸੀ ਅਤੇ ਵੋਟਾਂ ਬਣਾਉਣ ਦੀ ਆਖਰੀ ਮਿਤੀ 29 ਫਰਵਰੀ, 2024 ਨਿਸ਼ਚਿਤ ਕੀਤੀ ਗਈ ਹੈ ਪਰ 30 ਜਨਵਰੀ ਤੱਕ ਪਿਛਲੀਆਂ ਚੋਣਾਂ ਦੀਆਂ ਕੁੱਲ ਵੋਟਾਂ ਦੇ ਮੁਕਾਬਲੇ ਤੀਜੇ ਹਿੱਸੇ ਵਿਚ ਘੱਟ ਵੋਟਾਂ ਦੀ ਰਜਿਸਟ੍ਰੇਸ਼ਨ ਹੋਈ ਹੈ।
ਇਸ ਰੁਝਾਨ ’ਤੇ ਚਿੰਤਾ ਪ੍ਰਗਟ ਕਰਦੇ ਹੋਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਰਕਾਰ ’ਤੇ ਸਵਾਲ ਖੜ੍ਹੇ ਕੀਤੇ ਹਨ ਅਤੇ ਇਹ ਦੋਸ਼ ਲਾਇਆ ਹੈ ਕਿ ਸਰਕਾਰ ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ। ਜੇਕਰ ਇਸ ਗੱਲ ਨੂੰ ਕਿਸੇ ਹੱਦ ਤੱਕ ਮੰਨ ਵੀ ਲਿਆ ਜਾਵੇ ਕਿਉਂਕਿ ਸਰਕਾਰ ਵੱਲੋਂ ਆਮ ਵੋਟਾਂ ਬਣਾਉਣ ਵਾਲੀ ਪ੍ਰਕਿਰਿਆ ਵਾਂਗ ਵੋਟਾਂ ਬਣਾਉਣ ਦੀ ਥਾਂ ਇਹ ਜ਼ਿੰਮੇਵਾਰੀ ਵੋਟਰਾਂ ’ਤੇ ਹੀ ਸੁੱਟ ਦਿੱਤੀ ਗਈ ਹੈ, ਜਦਕਿ ਐੱਸ. ਜੀ. ਪੀ. ਸੀ. ਦੀਆਂ ਵੋਟਾਂ ਬਣਾਉਣ ਲਈ ਵੀ ਆਮ ਵੋਟਾਂ ਦੀ ਤਰਜ਼ ’ਤੇ ਬੂਥ ਲੈਵਲ ਅਫਸਰਾਂ (ਬੀ. ਐੱਲ. ਓ.) ਨੂੰ ਜ਼ਿੰਮੇਵਾਰੀ ਦੇਣੀ ਬਣਦੀ ਹੈ ਪਰ ਫਿਰ ਵੀ ਸ਼੍ਰੋਮਣੀ ਕਮੇਟੀ, ਸਿੱਖ ਲੀਡਰਸ਼ਿਪ, ਸਿੱਖ ਬੁੱਧੀਜੀਵੀ ਵਰਗ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਧੜਿਆਂ ਦੇ ਆਗੂ ਐੱਸ. ਜੀ. ਪੀ. ਸੀ. ਦੀਆਂ ਵੋਟਾਂ ਬਣਾਉਣ ਦੀ ਮੱਠੀ ਚਾਲ ਤੋਂ ਆਪਣੇ ਆਪ ਨੂੰ ਬਰੀ ਨਹੀਂ ਕਰ ਸਕਦੇ। ਕਿਉਂਕਿ ਵੋਟਾਂ ਬਣਾਉਣ ਦੀ ਪ੍ਰਕਿਰਿਆ ਨੂੰ ਸ਼ੁਰੂ ਹੋਏ ਚੌਥਾ ਮਹੀਨਾ ਲੱਗ ਚੁੱਕਾ ਹੈ ਪਰ ਕਿਤੇ ਵੀ, ਕੁਝ ਸ਼੍ਰੋਮਣੀ ਕਮੇਟੀ ਦੀ ਚੋਣ ਲੜਨ ਦੇ ਚਾਹਵਾਨਾਂ ਤੋਂ ਬਿਨਾਂ, ਸਿੱਖ ਬੁੱਧੀਜੀਵੀ, ਅਕਾਲੀ ਆਗੂ ਅਤੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਤੇ ਕਰਮਚਾਰੀ ਵੋਟਾਂ ਬਣਾਉਣ ਲਈ ਮਿਹਨਤ ਕਰਦੇ ਨਜ਼ਰ ਨਹੀਂ ਆ ਰਹੇ।
ਇਸ ਅਵੇਸਲੇਪਣ ਦਾ ਹੀ ਨਤੀਜਾ ਹੈ ਕਿ 30 ਜਨਵਰੀ ਤੱਕ ਸਿਰਫ 15 ਲੱਖ ਵੋਟਾਂ ਦੀ ਹੀ ਰਜਿਸਟ੍ਰੇਸ਼ਨ ਹੋਈ ਹੈ, ਜਦਕਿ ਪਿਛਲੀਆਂ ਚੋਣਾਂ ਸਮੇਂ ਸ਼੍ਰੋਮਣੀ ਕਮੇਟੀ ਦੀਆਂ ਕੁੱਲ ਵੋਟਾਂ 52 ਲੱਖ 68 ਹਜ਼ਾਰ ਤੋਂ ਵੱਧ ਸਨ ਅਤੇ ਇਨ੍ਹਾਂ ’ਚ ਹਰਿਆਣਾ ਦੀਆਂ 3 ਲੱਖ 37 ਹਜ਼ਾਰ, ਹਿਮਾਚਲ ਦੀਆਂ 23 ਹਜ਼ਾਰ ਅਤੇ ਚੰਡੀਗੜ੍ਹ ਦੀਆਂ 11,932 ਵੋਟਾਂ ਸ਼ਾਮਲ ਸਨ। ਇਸ ਤਰ੍ਹਾਂ ਇਕੱਲੇ ਪੰਜਾਬ ਦੀਆਂ ਵੋਟਾਂ ਦੀ ਗਿਣਤੀ 49 ਲੱਖ ਦੇ ਕਰੀਬ ਸੀ ਜਦਕਿ ਪਿਛਲੇ 12 ਸਾਲਾਂ ਦੌਰਾਨ ਆਬਾਦੀ ਵੀ ਕਾਫੀ ਰਫ਼ਤਾਰ ਨਾਲ ਵਧੀ ਹੈ ਅਤੇ 2012 ਦੀਆਂ ਵਿਧਾਨ ਸਭਾ ਦੀਆਂ ਕੁੱਲ ਵੋਟਾਂ ਦੇ ਮੁਕਾਬਲੇ 2022 ਤੱਕ ਤਕਰੀਬਨ 15 ਫੀਸਦੀ ਵੋਟਾਂ ਦਾ ਵਾਧਾ ਦਰਜ ਕੀਤਾ ਗਿਆ ਸੀ। ਇਸ ਹਿਸਾਬ ਨਾਲ ਪੰਜਾਬ ’ਚ ਹੁਣ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਦੀ ਗਿਣਤੀ ਘੱਟ ਤੋਂ ਘੱਟ 55 ਲੱਖ ਤੋਂ ਵੱਧ ਹੋਣੀ ਚਾਹੀਦੀ ਹੈ।
ਸਿੱਖਾਂ ਦੀ ਪਾਰਲੀਮੈਂਟ ਕਹੀ ਜਾਣ ਵਾਲੀ ਸੰਸਥਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ’ਚ ਵਧ-ਚੜ੍ਹ ਕੇ ਹਿੱਸਾ ਲੈਣ ਵਾਲੀ ਸਿੱਖ ਸੰਗਤ ਵੱਲੋਂ ਕੋਈ ਉਤਸ਼ਾਹ ਨਾ ਦਿਖਾਇਆ ਜਾਣਾ ਬਹੁਤ ਮਾਅਨੇ ਰੱਖਦਾ ਹੈ। ਇਸ ਦੀ ਪੜਚੋਲ ਕਰੀਏ ਤਾਂ ਇਕ ਗੱਲ ਤਾਂ ਸਾਫ ਸਾਹਮਣੇ ਆਉਂਦੀ ਹੈ ਕਿ ਸ਼੍ਰੋਮਣੀ ਕਮੇਟੀ ਸਿੱਖ ਸੰਗਤ ਦੇ ਦਿਲਾਂ ’ਤੇ ਆਪਣੀ ਕਾਰਗੁਜ਼ਾਰੀ ਦੀ ਛਾਪ ਨਹੀਂ ਛੱਡ ਸਕੀ, ਜਿਸ ਕਾਰਨ ਆਮ ਸਿੱਖ ਸੰਗਤ ਗੁਰਦੁਆਰਾ ਪ੍ਰਬੰਧ ਵਿਚ ਰੁਚੀ ਨਹੀਂ ਦਿਖਾ ਰਹੀ। ਜੇਕਰ ਸੱਚਮੁੱਚ ਸ਼੍ਰੋਮਣੀ ਕਮੇਟੀ ਅਤੇ ਸਿੱਖ ਆਗੂ ਆਮ ਸਿੱਖ ਸੰਗਤ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੋੜਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਸਰਕਾਰੀ ਆਸ ਅਤੇ ਅਪੀਲਾਂ ਛੱਡ ਕੇ ਖੁਦ ਅੱਗੇ ਆ ਕੇ ਵੋਟਾਂ ਬਣਾਉਣੀਆ ਪੈਣਗੀਆਂ।
ਕੀ ਅਕਾਲੀ ਦਲ ਬਾਦਲ ਸਿੱਖ ਮਸਲਿਆਂ ਤੋਂ ਕਿਨਾਰਾਕਸ਼ੀ ਕਰ ਰਿਹਾ ਹੈ : ਪਿਛਲੇ ਕਈ ਮਹੀਨਿਆਂ ਤੋਂ ਸਿੱਖ ਪੰਥ ਸਾਹਮਣੇ ਕਈ ਮਸਲੇ ਖੜ੍ਹੇ ਹੋਏ ਹਨ, ਜਿਨ੍ਹਾਂ ਵਿਚ ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਗੁਰਦੇਵ ਸਿੰਘ ਕਾਉਂਕੇ, ਗੁਰਦੁਆਰਾ ਅਕਾਲ ਬੁੰਗਾ, ਸੁਲਤਾਨਪੁਰ ਲੋਧੀ ਵਿਖੇ ਗੋਲੀ ਚੱਲਣ ਦੀ ਘਟਨਾ ਅਤੇ ਡੇਰਾ ਸੱਚਾ ਸੌਦਾ ਵੱਲੋਂ ਦੁਆਬੇ ’ਚ ਨਵਾਂ ਨਾਮ ਚਰਚਾ ਘਰ ਬਣਾਉਣਾ ਪ੍ਰਮੁੱਖ ਹਨ।
ਇਨ੍ਹਾਂ ਸਾਰਿਆਂ ਮਸਲਿਆਂ ’ਤੇ ਸਿੱਖ ਸੰਗਤ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਵੀ ਇਨ੍ਹਾਂ ਸਾਰੇ ਮਸਲਿਆਂ ਕਾਰਨ ਡਾਢੀ ਚਿੰਤਤ ਜਾਪਦੀ ਹੈ ਅਤੇ ਇਨ੍ਹਾਂ ਮਸਲਿਆਂ ਦੇ ਹੱਲ ਲਈ ਇਕੱਤਰਤਾਵਾਂ ਕਰ ਰਹੀ ਹੈ ਅਤੇ ਕਮੇਟੀਆਂ ਦਾ ਗਠਨ ਵੀ ਕਰ ਰਹੀ ਹੈ ਪਰੰਤੂ ਭਾਈ ਰਾਜੋਆਣਾ ਅਤੇ ਭਾਈ ਕਾਉਂਕੇ ਦੇ ਮਸਲੇ ਤਾਂ ਅਜੇ ਜਿਉਂ ਦੇ ਤਿਉਂ ਹੀ ਖੜ੍ਹੇ ਸਨ ਅਤੇ ਇਸੇ ਦੌਰਾਨ ਦੋ ਹੋਰ ਨਵੇਂ ਮਸਲੇ ਖੜ੍ਹੇ ਹੋ ਗਏ ਹਨ। ਇਨ੍ਹਾਂ ਮਸਲਿਆਂ ’ਤੇ ਵੀ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਖਾਮੋਸ਼ ਬੈਠੀ ਹੈ ਜਦਕਿ ਸ਼੍ਰੋਮਣੀ ਕਮੇਟੀ ਇਨ੍ਹਾਂ ਮਸਲਿਆਂ ’ਤੇ ਸਰਕਾਰ ਤੇ ਡੇਰਾ ਸੱਚਾ ਸੌਦਾ ਨਾਲ ਸਿੱਧੀ ਲੜਾਈ ਸ਼ੁਰੂ ਕਰਨ ਦੇ ਰਾਹ ਚੱਲ ਰਹੀ ਹੈ।
ਗੁਰਦੁਆਰਾ ਅਕਾਲ ਬੁੰਗਾ ਦੇ ਮਸਲੇ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਸਪੈਸ਼ਲ ਜਨਰਲ ਇਜਲਾਸ ਸੱਦਿਆ ਗਿਆ। ਇਸ ਇਜਲਾਸ ’ਚ ਸ਼੍ਰੋਮਣੀ ਕਮੇਟੀ ਵੱਲੋਂ ਭਗਵੰਤ ਸਿੰਘ ਮਾਨ ਦੇ ਖਿਲਾਫ ਮਤਾ ਪਾਸ ਕੀਤਾ ਗਿਆ ਤੇ ਉਨ੍ਹਾਂ ਖਿਲਾਫ ਧਾਰਾ 295 ਏ ਅਧੀਨ ਪੁਲਸ ਕੇਸ ਦਰਜ ਕਰਨ ਅਤੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦੀ ਮੰਗ ਵੀ ਕੀਤੀ ਗਈ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਰਕਾਰ ਨੂੰ ਡੇਰਾ ਸੱਚਾ ਸੌਦਾ ਵੱਲੋਂ ਦੋਆਬਾ ਖਿੱਤੇ ’ਚ ਇਕ ਵੱਡਾ ਨਾਮ ਚਰਚਾ ਘਰ ਬਣਾਉਣ ਦੇ ਖਿਲਾਫ ਵੀ ਚਿਤਾਵਨੀ ਦਿੱਤੀ ਹੈ। ਸ਼੍ਰੋਮਣੀ ਕਮੇਟੀ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਗਾਹ ਕੀਤਾ ਹੈ ਕਿ ਇਸ ਨਾਲ ਸੂਬੇ ’ਚ ਕਾਨੂੰਨ ਵਿਵਸਥਾ ਦੀ ਹਾਲਤ ਖਰਾਬ ਹੋ ਸਕਦੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਿੱਖ ਮਸਲੇ ਹੱਲ ਨਾ ਹੋਣ ਦੀ ਸੂਰਤ ’ਚ ਸੰਘਰਸ਼ ਵਿੱਢਣ ਦੀ ਧਮਕੀ ਵੀ ਦਿੱਤੀ ਹੈ।
ਪਰੰਤੂ ਹੈਰਾਨੀ ਦੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ, ਜਿਹੜੀ ਖੁਦ ਨੂੰ ਸਿੱਖਾਂ ਦੀ ਪਹਿਰੇਦਾਰ ਪਾਰਟੀ ਕਹਾਉਂਦੀ ਹੈ, ਦੀ ਪੰਜਾਬ ਬਚਾਓ ਯਾਤਰਾ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਨੂੰ ਗਿਣਾਉਣ ’ਚ ਕੋਈ ਕਸਰ ਨਹੀਂ ਛੱਡਦੇ ਅਤੇ ਨਾ ਹੀ ਭਗਵੰਤ ਮਾਨ ਸਰਕਾਰ ਦੀਆਂ ਨਾਕਾਮੀਆਂ ਗਿਣਾਉਣ ਵਿਚ ਹੀ ਕੋਈ ਕਸਰ ਛੱਡ ਰਹੇ ਹਨ ਪਰ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਸਾਥੀ ਆਗੂ ਅਕਾਲੀ ਦਲ ਨੂੰ ਪੰਥਕ ਪਾਰਟੀ ਤਾਂ ਕਹਿੰਦੇ ਹਨ ਪਰ ਕੌਮ ਸਾਹਮਣੇ ਖੜ੍ਹੇ ਸਿੱਖ ਮਸਲਿਆਂ ’ਤੇ ਸੰਘਰਸ਼ ਕਰਨ ਤੋਂ ਗੁਰੇਜ਼ ਕਰ ਰਹੇ ਹਨ। ਅਕਾਲੀ ਦਲ ਦਾ ਇਹ ਵਤੀਰਾ ਦੱਸਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਇਕ ਪੰਜਾਬੀ ਪਾਰਟੀ ਦੇ ਰੂਪ ਵਿਚ ਹੀ ਪੇਸ਼ ਕਰਨ ਦੀ ਵਿਉਂਤਬੰਦੀ ਕਰ ਰਿਹਾ ਹੈ। ਜਾਪਦਾ ਹੈ ਕਿ ਹੁਣ ਅਕਾਲੀ ਦਲ ਸਿੱਖ ਧਾਰਮਿਕ ਮਸਲਿਆਂ ਨੂੰ ਹੱਲ ਕਰਨ ਦੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ’ਤੇ ਛੱਡ ਦੇਵੇਗਾ ਅਤੇ ਅਕਾਲੀ ਦਲ ਬਾਦਲ ਆਪਣੇ ਆਪ ਨੂੰ ਸਿਆਸੀ ਤੌਰ ’ਤੇ ਸਥਾਪਿਤ ਕਰਨ ਵੱਲ ਧਿਆਨ ਕੇਂਦ੍ਰਿਤ ਕਰੇਗਾ।
ਇਕਬਾਲ ਸਿੰਘ ਚੰਨੀ (ਭਾਜਪਾ ਬੁਲਾਰਾ ਪੰਜਾਬ)
ਜਿੱਤੇ ਕੋਈ ਵੀ : ਫੌਜ ਦਾ ਗਲਬਾ ਕਾਇਮ ਰਹੇਗਾ
NEXT STORY