ਛੇ ਹਫ਼ਤਿਆਂ ਤੱਕ ਚੱਲੇ ਮੁਸ਼ਕਲ ਚੋਣ ਸੰਘਰਸ਼ ਦਾ ਸਮਾਪਨ ਪੱਛਮੀ ਬੰਗਾਲ ’ਚ ਕਮਲ ਖਿੜਨ, ਅਸਾਮ ’ਚ ਸਰਮਾ ਦੀ ਜਿੱਤ ਦਾ ਸਿਲਸਿਲਾ ਜਾਰੀ ਰਹਿਣ, ਤਾਮਿਲਨਾਡੂ ’ਚ ਵਿਜੇ ਦੀ ਝੰਡਾ ਲਹਿਰਾਉਣ ਅਤੇ ਕੇਰਲ ’ਚ ਯੂ. ਡੀ. ਐੱਫ. ਦੀ ਜਿੱਤ ਦੇ ਨਾਲ ਹੋਇਆ। ਬਿਨਾਂ ਸ਼ੱਕ, ਭਾਜਪਾ ਨੇ ਪੱਛਮੀ ਬੰਗਾਲ ’ਚ 294 ’ਚੋਂ 206 ਸੀਟਾਂ ਜਿੱਤ ਕੇ ਇਤਿਹਾਸ ਰਚ ਦਿੱਤਾ। ਵਿਚਾਰਧਾਰਾਵਾਂ, ਜ਼ਮੀਨੀ ਰਾਜਨੀਤੀ, ਸਰਕਾਰੀ ਸਹਾਇਤਾ ਅਤੇ ਵਿਕਾਸ ਤੇ ਬਦਲਾਅ ਦੇ ਵਾਅਦਿਆਂ ਦੇ ਵਿਚਾਲੇ ਹੋਏ ਇਸ ਜ਼ਬਰਦਸਤ ਸੰਘਰਸ਼ ’ਚ ਭਾਜਪਾ ਨੇ ਜਿੱਤ ਹਾਸਲ ਕੀਤੀ ਅਤੇ ਰਾਜ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਭਗਵਾ ਸਰਕਾਰ ਵੱਲ ਵਧ ਰਿਹਾ ਹੈ। ਇਸ ਚੋਣ ’ਚ ਚੋਣ ਕਮਿਸ਼ਨ ਦੇ ਵਿਸ਼ੇਸ਼ ਤੀਬਰ ਮੁੜ-ਨਿਰੀਖਣ ਤਹਿਤ ਰਿਕਾਰਡ ਗਿਣਤੀ ’ਚ 89 ਲੱਖ ਵੋਟਰ (11.6 ਫੀਸਦੀ) ਹਟਾਏ ਗਏ। ਬੰਗਾਲ ’ਚ ਜਿੱਤ ਭਾਜਪਾ ਲਈ ਇਕ ਮਿੱਠੀ ਵਿਚਾਰਕ ਜਿੱਤ ਹੈ, ਜਿਸ ਨੇ ਪੂਰਬ ਤੋਂ ਪੱਛਮ ਤੱਕ ਫੈਲੇ ਇਕ ਸਾਂਝੇ ਖੇਤਰ ’ਚ ਉਸਦੇ ਚੋਣਵੇਂ ਦਬਦਬੇ ਨੂੰ ਹੋਰ ਮਜ਼ਬੂਤ ਕੀਤਾ ਹੈ।
ਭਾਜਪਾ ਨੇ ਟੀ. ਐੱਮ. ਸੀ. ਦੀ ਸੁਰੱਖਿਆਵਾਦੀ ਰਾਜਨੀਤੀ ਦੇ ਉਲਟ ਪਛਾਣ ਦੀ ਰਾਜਨੀਤੀ ਨੂੰ ਅਪਣਾਇਆ, ਜੋ ਕਈ ਚੋਣ ਚੱਕਰਾਂ ’ਚ ਕੀਤੇ ਗਏ ਸੰਰਚਨਾਤਮਕ ਬਦਲਾਵਾਂ ਨੂੰ ਦਰਸਾਉਂਦਾ ਹੈ। ਪਹਿਲਾ, ਟੀ. ਐੱਮ. ਸੀ. ਦੇ ਲੰਬੇ ਕਾਰਜਕਾਲ ਅਤੇ ਉਸਦੇ ਵਿਰੁੱਧ ਸ਼ਿਕਾਇਤਾਂ ਦੇ ਕਾਰਨ ਸੱਤਾ-ਵਿਰੋਧੀ ਲਹਿਰ, ਵਿਸ਼ੇਸ਼ ਤੌਰ ’ਤੇ ਸ਼ਾਸਨ, ਰਿਸ਼ਵਤਖੋਰੀ, ਭ੍ਰਿਸ਼ਟਾਚਾਰ ਅਤੇ ਸਥਾਨਕ ਅਸੰਤੋਸ਼ ਵਰਗੇ ਮੁੱਦਿਆਂ ਨੂੰ ਭਾਜਪਾ ਨੇ ਚੋਣ ਪ੍ਰਚਾਰ ਦੌਰਾਨ ਖੂਬ ਉਛਾਲਿਆ ਅਤੇ ਜਿਸ ਦਾ ਉਸ ਨੂੰ ਲਾਭ ਵੀ ਮਿਲਿਆ।
ਇਸਦੀ ਸਫਲਤਾ ਦਾ ਸਿਹਰਾ ਮਹਿਲਾ-ਕੇਂਦਰਿਤ ਉਤਸ਼ਾਹਾਂ ਅਤੇ ਭਲਾਈ ਯੋਜਨਾਵਾਂ ’ਤੇ ਅਾਧਾਰਿਤ ਚੋਣ ਰਣਨੀਤੀ ਨੂੰ ਦਿੱਤਾ ਜਾ ਸਕਦਾ ਹੈ, ਜਿਸ ’ਚ ਆਰ. ਜੀ. ਕਰ ਮੈਡੀਕਲ ਕਾਲਜ ਜਬਰ-ਜ਼ਨਾਹ, ਹੱਤਿਆ ਮਾਮਲੇ ਨੂੰ ਉਜਾਗਰ ਕਰਕੇ ਪੀੜਤਾ ਦੀ ਮਾਂ ਨੂੰ ਟਿਕਟ ਦੇ ਕੇ ਮਹਿਲਾ ਸੁਰੱਖਿਆ ਦੇ ਮੁੱਦੇ ’ਤੇ ਤ੍ਰਿਣਮੂਲ ਨੂੰ ਨਿਸ਼ਾਨਾ ਬਣਾਇਆ ਗਿਆ।
ਨਾਲ ਹੀ, ਇਸ ਨੇ ਮਮਤਾ ਬੈਨਰਜੀ ਦੀ 15 ਸਾਲ ਦੀ ਰਣਨੀਤੀ, ਜਿਸ ’ਚ 3 ‘ਐੱਮ’ ਭਾਵ ‘ਮਾਂ, ਮਤੀ, ਮਾਨੁਸ਼’ ਸ਼ਾਮਲ ਸਨ, ’ਚ 6 ਹੋਰ ਅਹਿਮ ‘ਐੱਮ’ ਜੋੜ ਦਿੱਤੇ ਸਨ- ਮੁਸਲਿਮ, ਮਹਿਲਾ, ਪ੍ਰਵਾਸੀ, ਮਤੂਆ ਭਾਈਚਾਰਾ ਅਤੇ ਆਪਣੀ ਵਿਸ਼ਾਲ ਚੋਣ ਮਸ਼ੀਨਰੀ, ਜਿਸ ਨੇ ਮਮਤਾ ਦੀ ਜਿੱਤ ਦੀ ਰਾਹ ਨੂੰ ਪਟੜੀ ਤੋਂ ਉਤਾਰ ਦਿੱਤਾ। ਉੱਤਰ-ਪੂਰਬ ਰਾਜਾਂ ਦੇ ਉਲਟ, ਪੱਛਮੀ ਬੰਗਾਲ ਆਜ਼ਾਦੀ ਤੋਂ ਬਾਅਦ ਤੋਂ ਹੀ ਪਾਰਟੀ ਲਈ ਇਕ ਜ਼ਿਆਦਾ ਗੁੰਝਲਦਾਰ ਚੁਣੌਤੀ ਅਤੇ ਵਿਚਾਰਕ ਤੌਰ ’ਤੇ ਇਕ ‘ਨੋ-ਗੋ ਜ਼ੋਨ’ (ਜਿੱਥੇ ਜਾਣਾ ਮੁਸ਼ਕਲ ਹੋਵੇ) ਰਿਹਾ ਹੈ। ਭਾਜਪਾ ਦੀ ਰਣਨੀਤੀ ’ਚ ਕਈ ਤੱਤ ਸ਼ਾਮਲ ਸਨ : ਜ਼ਮੀਨੀ ਪੱਧਰ ’ਤੇ ਸੰਗਠਨ ਖੜ੍ਹਾ ਕਰਨਾ, ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਆਪਣੀ ਪਾਰਟੀ ’ਚ ਸ਼ਾਮਲ ਕਰਨਾ, ਕੇਂਦਰੀ ਲੀਡਰਸ਼ਿਪ ਨੂੰ ਵੱਡੇ ਪੱਧਰ ’ਤੇ ਮੈਦਾਨ ’ਚ ਉਤਾਰਨਾ ਅਤੇ ਪਛਾਣ, ਸੁਸ਼ਾਸਨ ਤੇ ਜਨ-ਕਲਿਆਣਕਾਰੀ ਯੋਜਨਾਵਾਂ ਦੇ ਵੰਡ ਦੇ ਨੇੜੇ-ਤੇੜੇ ਰਾਜਨੀਤਿਕ ਵਟਾਂਦਰੇ ਨੂੰ ਨਵੇਂ ਸਿਰੇ ਤੋਂ ਘੜਨਾ ਆਦਿ।
ਦੱਖਣ ਦੀ ਗੱਲ ਕਰੀਏ ਤਾਂ, ਜਿੱਤ ਦੀ ਸਫਲਤਾ ਬੇਮਿਸਾਲ ਰਹੀ। ਇਹ ਇਕ ਅਜਿਹੀ ਜ਼ਬਰਦਸਤ ਪਟਕਥਾ ਸੀ ਜਿਸ ਨੇ ਤਾਮਿਲਨਾਡੂ ਦੇ ਰਾਜਨੀਤਿਕ ਇਤਿਹਾਸ ਨੂੰ ਹੀ ਨਵੇਂ ਸਿਰੇ ਤੋਂ ਲਿਖ ਦਿੱਤਾ ਹੈ। ਤਾਮਿਲਨਾਡੂ, ਜੋ ਪਿਛਲੇ 50 ਤੋਂ ਵੀ ਜ਼ਿਆਦਾ ਸਾਲਾਂ ਤੋਂ ਦ੍ਰਵਿੜ ਰਾਜਨੀਤੀ ਦਾ ਗੜ੍ਹ ਰਿਹਾ ਹੈ ਅਤੇ ਜਿੱਥੇ ਡੀ. ਐੱਮ. ਕੇ. ਤੇ ਅੰਨਾ ਡੀ. ਐੱਮ. ਕੇ. ਦੀ ਦੋ-ਧਰੁਵੀ ਰਾਜਨੀਤੀ ਦਾ ਹੀ ਦਬਦਬਾ ਰਿਹਾ ਹੈ। ਅੱਜ, ਬਦਲਾਅ ਦੀ ਹਵਾ ਨੇ ਇਸ ਗੜ੍ਹ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ। ਰਾਜਨੀਤੀ ’ਚ ਨਵੇਂ-ਨਵੇਂ ਕਦਮ ਰੱਖਣ ਵਾਲੇ 51 ਸਾਲਾ ਅਭਿਨੇਤਾ-ਨੇਤਾ ਵਿਜੇ ਦੀ ਪਾਰਟੀ ਟੀ. ਵੀ. ਕੇ. ਨੇ ਆਪਣੀ ਪਹਿਲੀ ਹੀ ਚੋਣ ’ਚ ਇਤਿਹਾਸਕ ਪ੍ਰਦਰਸ਼ਨ ਕਰਦੇ ਹੋਏ ਰਾਜ ਦੀਆਂ ਕੁੱਲ 234 ਸੀਟਾਂ ’ਚੋਂ ਲੱਗਭਗ 106 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ, ਹਾਲਾਂਕਿ ਇਹ ਬਹੁਮਤ ਦੇ ਅੰਕੜੇ 118 ਸੀਟਾਂ ਤੋਂ ਘੱਟ ਹੈ।
ਇਕ ਅਜਿਹੇ ਸਮੇਂ ’ਚ, ਜਦੋਂ ਉਨ੍ਹਾਂ ਨੂੰ ਕੋਈ ਖਾਸ ਤਵੱਜੋ ਨਹੀਂ ਦਿੱਤੀ ਜਾ ਰਹੀ ਸੀ, ‘ਥਲਾਪਤੀ’ ਵਿਜੇ ਨੇ ਇਕ ਅਣਕਿਆਸੀ ਚੁਣੌਤੀ ਪੇਸ਼ ਕਰਦੇ ਹੋਏ ਦ੍ਰਵਿੜ ਰਾਜਨੀਤੀ ਦੇ ਦੋ ਪ੍ਰਮੁੱਖ ਚਿਹਰਿਆਂ-ਡੀ. ਐੱਮ. ਕੇ. ਦੇ ਸਟਾਲਿਨ ਅਤੇ ਅੰਨਾ ਡੀ. ਐੱਮ. ਕੇ. ਦੇ ਪਲਾਨੀਸਵਾਮੀ ਨੂੰ ਮੁੱਖ ਤੌਰ ’ਤੇ ਇਸ ਲਈ ਸ਼ਿਕਸਤ ਦਿੱਤੀ, ਕਿਉਂਕਿ ਉਨ੍ਹਾਂ ਨੇ ਵੋਟਰਾਂ ਨੂੰ ਉਹ ਚੀਜ਼ ਦਿੱਤੀ ਜਿਸਦੀ ਉਨ੍ਹਾਂ ਨੂੰ ਪਿਛਲੇ ਕਈ ਸਾਲਾਂ ਤੋਂ ਸ਼ਿੱਦਤ ਨਾਲ ਤਲਾਸ਼ ਸੀ : ਬਦਲਾਅ ਅਤੇ ਇਕ ਨਵੀਂ ਉਮੀਦ ਦੀ ਕਿਰਨ। ਪਿਛਲੀ ਵਾਰ ਅਜਿਹਾ 1962 ’ਚ ਹੋਇਆ ਸੀ, ਜਦੋਂ ਕਾਮਰਾਜ ਦੀ ਅਗਵਾਈ ਵਾਲੀ ਕਾਂਗਰਸ ਜਿੱਤੀ ਸੀ।
ਰਾਜਨੀਤੀ ’ਚ ਉਨ੍ਹਾਂ ਦਾ ਪ੍ਰਵੇਸ਼ ਆਸਾਨ ਨਹੀਂ ਸੀ। ਕਰੂਰ ’ਚ ਉਨ੍ਹਾਂ ਦੀ ਰੈਲੀ ’ਚ ਮਚੀ ਭਾਜੜ, ਜਿਸ ’ਚ 41 ਲੋਕਾਂ ਦੀ ਜਾਨ ਚਲੀ ਗਈ ਸੀ ਅਤੇ ਉਸ ਤੋਂ ਬਾਅਦ ਪਤਨੀ ਤੋਂ ਤਲਾਕ, ਇਨ੍ਹਾਂ ਸਭ ਮੁਸ਼ਕਲਾਂ ਦੇ ਬਾਵਜੂਦ ਵਿਜੇ ਨੇ ਆਪਣੀ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਕੇ ਅਤੇ ਆਪਣੀ ‘ਸਟਾਰ ਪਾਵਰ’ ਦੀ ਵਰਤੋਂ ਕਰਕੇ ਵੋਟਰਾਂ ਨੂੰ ਪ੍ਰਭਾਵਿਤ ਕਰਦੇ ਹੋਏ ਆਪਣੀ ਰਾਜਨੀਤਿਕ ਸੂਝ-ਬੂਝ ਦਾ ਸਬੂਤ ਦਿੱਤਾ। ਮੁੱਖ ਮੰਤਰੀ ਸਟਾਲਿਨ ਅਤੇ ਉਨ੍ਹਾਂ ਦੀ ਡੀ. ਐੱਮ. ਕੇ. ਲਈ ਇਹ ਇਕ ਬਹੁਤ ਵੱਡੀ ਹਾਰ ਹੈ, ਕਿਉਂਕਿ ਉਨ੍ਹਾਂ ਨੂੰ ਪਸੰਦੀਦਾ ਮੰਨਿਆ ਜਾ ਰਿਹਾ ਸੀ। ਉਨ੍ਹਾਂ ਨੇ 2019 ਅਤੇ 2024 ਦੀਆਂ ਲੋਕ ਸਭਾ ਚੋਣਾਂ ਅਤੇ 2021 ਦੀਆਂ ਰਾਜ ਚੋਣਾਂ ’ਚ ਆਪਣੇ ਵਿਰੋਧੀਆਂ ਨੂੰ ਬੁਰੀ ਤਰ੍ਹਾਂ ਹਰਾਇਆ ਸੀ।
ਅਾਸਾਮ ’ਚ ਚੋਣ ਬਿਲਕੁਲ ਭਵਿੱਖਬਾਣੀਆਂ ਦੇ ਅਨੁਕੂਲ ਰਹੀ, ਜਿੱਥੇ ਭਾਜਪਾ ਤੀਜੀ ਵਾਰ ਸੱਤਾ ’ਚ ਪਰਤੀ ਹੈ। ਇਹ ਅਜਿਹੀ ਚੋਣ ਸੀ ਜੋ ਪੂਰੀ ਤਰ੍ਹਾਂ ਸਰਮਾ ’ਤੇ ਕੇਂਦਰਿਤ ਸੀ। ਸਰਮਾ ਭਾਜਪਾ ਦੇ ਸਭ ਤੋਂ ਪ੍ਰਭਾਵਸ਼ਾਲੀ ਖੇਤਰੀ ਨੇਤਾ ਹਨ, ਜਿਨ੍ਹਾਂ ਨੇ ਇਕ ਕਮਜ਼ੋਰ ਕਾਂਗਰਸ ਅਤੇ ਬਿਖਰੇ ਹੋਏ ਵਿਰੋਧ ਦਾ ਫਾਇਦਾ ਉਠਾ ਕੇ ਭਾਜਪਾ ਦੇ ਵਿਰੁੱਧ ਚੱਲ ਰਹੀ ‘ਸੱਤਾ-ਵਿਰੋਧੀ ਲਹਿਰ’ ਦੇ ਅਸਰ ਨੂੰ ਖਤਮ ਕਰ ਦਿੱਤਾ।
ਹੁਣ ਅੱਗੇ ਕੀ? ਮਮਤਾ ਭਾਵੇਂ ਹੀ ਚੋਣ ਹਾਰ ਗਈ ਹੋਵੇ, ਪਰ ਉਨ੍ਹਾਂ ਨੂੰ ਹਮੇਸ਼ਾ ਇਕ ਅਜਿਹੀ ‘ਜੁਝਾਰੂ ਨੇਤਾ’ ਦੇ ਤੌਰ ’ਤੇ ਯਾਦ ਕੀਤਾ ਜਾਵੇਗਾ, ਜਿਨ੍ਹਾਂ ਨੇ ਇਕੱਲੇ ਦਮ ’ਤੇ ਆਪਣੀ ਵਿਰੋਧੀ ਭਾਜਪਾ ਦਾ ਮੁਕਾਬਲਾ ਕੀਤਾ। ਇਹ ਉਸ ਕਾਂਗਰਸ ਪਾਰਟੀ ਦੇ ਬਿਲਕੁਲ ਉਲਟ ਹੈ, ਜੋ ਕਦੇ ਇਕ ਵਿਸ਼ਾਲ ਤਾਕਤ ਹੋਇਆ ਕਰਦੀ ਸੀ, ਪਰ ਹੁਣ ਉਹ ਸਿਰਫ਼ ਕੇਰਲ ’ਚ ਆਪਣੇ ਯੂ. ਡੀ. ਐੱਫ. ਗੱਠਜੋੜ ਦੀ ਜਿੱਤ ’ਤੇ ਹੀ ਇਤਰਾ ਸਕਦੀ ਹੈ। ਕਰਨਾਟਕ, ਤੇਲੰਗਾਨਾ ਅਤੇ ਹਿਮਾਚਲ ਤੋਂ ਬਾਅਦ ਇਹ ਚੌਥਾ ਰਾਜ ਹੈ ਜਿੱਥੇ ਕਾਂਗਰਸ ਨੂੰ ਜਿੱਤ ਮਿਲੀ ਹੈ।
2027 ’ਚ ਸੱਤ ਰਾਜਾਂ ’ਚ ਚੋਣਾਂ ਹੋਣ ਵਾਲੀਆਂ ਹਨ। ਹੁਣ ਸਮਾਂ ਆ ਗਿਆ ਹੈ ਕਿ ਸਾਡੇ ਖੇਤਰੀ ਨੇਤਾ ਇਹ ਸਮਝ ਲੈਣ ਕਿ ਜੇਕਰ ਉਨ੍ਹਾਂ ਨੇ ਭਾਜਪਾ ਦਾ ਮੁਕਾਬਲਾ ਕਰਨਾ ਹੈ ਤਾਂ ਉਨ੍ਹਾਂ ਨੂੰ ਆਪਣੇ ਆਪਸੀ ਮਤਭੇਦ ਭੁਲਾ ਕੇ ਇਕਜੁੱਟ ਹੋਣਾ ਹੀ ਪਵੇਗਾ। ਭਾਜਪਾ ਦੀ ਬਿਹਤਰੀਨ ਚੋਣ ਮਸ਼ੀਨਰੀ ਦਾ ਮੁਕਾਬਲਾ ਕਰਨ ਲਈ ਉਨ੍ਹਾਂ ਨੂੰ ਚੋਣ ਪ੍ਰਬੰਧਨ ਦੇ ਨਾਲ-ਨਾਲ ਬੇਹੱਦ ਸੂਝ-ਬੂਝ ਭਰੇ ਰਾਜਨੀਤਿਕ ਦਾਅ-ਪੇਚਾਂ ਦੀ ਵੀ ਲੋੜ ਪਵੇਗੀ। ਇਸ ਪੂਰੀ ਚਰਚਾ ’ਚ ਸਭ ਤੋਂ ਵੱਡਾ ਅਤੇ ਅਣਸੁਲਝਿਆ ਸਵਾਲ ਇਹ ਹੈ ਕਿ ਕੀ ਕਾਂਗਰਸ ਖੁਦ ਨੂੰ ਪੂਰੀ ਤਰ੍ਹਾਂ ਬਦਲਣ ਲਈ ਤਿਆਰ ਹੈ?
ਜ਼ਾਹਿਰ ਹੈ, ਇਨ੍ਹਾਂ ਚੋਣਾਂ ਨੇ ਇਕ ਨਵੀਂ ਚੰਗਿਆੜੀ ਜਲਾ ਦਿੱਤੀ ਹੈ ਅਤੇ ਇਹ ਸਾਬਤ ਕਰ ਦਿੱਤਾ ਹੈ ਕਿ ਰਾਜਨੀਤੀ ’ਚ ਕਦੇ ਵੀ ਕੋਈ ‘ਪੂਰਨ ਵਿਰਾਮ’ ਨਹੀਂ ਹੁੰਦਾ। ਅੰਤ ’ਚ, ਸੱਤਾ ਹਾਸਲ ਕਰਨਾ ਹੀ ਰਾਜਨੀਤੀ ਦੀ ਮੁੱਖ ਖੇਡ ਬਣੀ ਰਹੇਗੀ ਪਰ ਸਰਕਾਰਾਂ ਦੀ ਸਫਲਤਾ ਇਸ ਗੱਲ ’ਤੇ ਨਿਰਭਰ ਕਰੇਗੀ ਕਿ ਪਾਰਟੀ ਅਤੇ ਜਨਤਾ ਦੇ ਵਿਚਾਲੇ ਤਾਲਮੇਲ ਕਿਹੋ ਜਿਹਾ ਹੈ।
ਪੂਨਮ ਆਈ. ਕੌਸ਼ਿਸ਼
‘ਤੇਜ਼ਾਬੀ ਹਮਲਾ ਕਰਨ ਵਾਲਿਆਂ ਦੀ ਸਜ਼ਾ ਵਧਾਈ ਜਾਵੇ’ ਸੁਪਰੀਮ ਕੋਰਟ ਦਾ ਸਹੀ ਸੁਝਾਅ!
NEXT STORY