ਇਨ੍ਹੀਂ ਦਿਨੀਂ ਵਿਸ਼ਵ ਦੀ ਸਿਆਸਤ ’ਚ ਜਿਸ ਦੀ ਸਭ ਤੋਂ ਵੱਧ ਚਰਚਾ ਹੈ, ਉਹ ਹੈ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ’ਚ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਦੇਵੀ ਹੈਰਿਸ ’ਤੇ ਰਿਪਬਲੀਕਨ ਪਾਰਟੀ ਦੇ ਡੋਨਾਲਡ ਟਰੰਪ ਦੀ ਅਣਕਿਆਸੀ ਜਿੱਤ ਅਤੇ ਵਿਸ਼ਵ ਦੀ ਸਿਆਸਤ ’ਤੇ ਪੈਣ ਵਾਲੇ ਇਸ ਦੇ ਪ੍ਰਭਾਵ।
ਭਾਰਤ ਦੇ ਝਰੋਖੇ ’ਚੋਂ ਦੇਖੀਏ ਤਾਂ 5 ਸਾਲ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਅਮਰੀਕਾ ਦੌਰੇ ਦੌਰਾਨ ਟੈਕਸਾਸ ਦੇ ਹਿਊਸਟਨ ’ਚ ਇਕ ਜਨਤਕ ਇਕੱਠ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਸੀ ਕਿ ‘‘ਰਿਪਬਲੀਕਨ ਉਮੀਦਵਾਰ ਡੋਨਾਲਡ ਟਰੰਪ ਦੇ ਨਾਲ ਭਾਰਤ ਦਾ ਜੁੜਾਅ ਵਧੀਆ ਹੈ।’’ ਅਤੇ ਆਪਣੇ ਭਾਸ਼ਣ ਦੀ ਸਮਾਪਤੀ ਉਨ੍ਹਾਂ ਨੇ ਇਨ੍ਹਾਂ ਸ਼ਬਦਾਂ ਨਾਲ ਕੀਤੀ ਸੀ, ‘‘ਅਬਕੀ ਬਾਰ ਟਰੰਪ ਸਰਕਾਰ।’’
ਪਰ ਜਦੋਂ ਅਸੀਂ ਦੋਹਾਂ ਨੇਤਾਵਾਂ ਦਰਮਿਆਨ ਨਿੱਜੀ ਸਬੰਧਾਂ ਤੋਂ ਪਰ੍ਹੇ ਹਟ ਕੇ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਦੋਵਾਂ ਦੇਸ਼ਾਂ ਦੇ ਦਰਮਿਆਨ ਆਪਸੀ ਸਬੰਧਾਂ ਨੂੰ ਦੇਖਦੇ ਹਾਂ ਤਾਂ ਇਸ ’ਚ ਮਿਲਿਆ-ਜੁਲਿਆ ਰੰਗ ਦੇਖਣ ਨੂੰ ਮਿਲਦਾ ਹੈ।
ਹੁਣ ਭਾਵੇਂ ਹੀ ਟਰੰਪ ਦੇ ਦੂਜੇ ਕਾਰਜਕਾਲ ’ਚ ਭਾਰਤ ਨੂੰ ਅਮਰੀਕਾ ਵੱਲੋਂ ਸੋਸ਼ਲ ਮੀਡੀਆ ਦੀ ਵਰਤੋਂ ਦੇ ਤੌਰ-ਤਰੀਕਿਆਂ ਦੇ ਪ੍ਰਭਾਵ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਇਸ ਦੇ ਬਾਵਜੂਦ ਨਵੀਂ ਦਿੱਲੀ ਟਰੰਪ ਦੇ ਦੂਜੇ ਕਾਰਜਕਾਲ ਦਾ ਸਵਾਗਤ ਹੀ ਕਰੇਗੀ।
ਨਰਿੰਦਰ ਮੋਦੀ ਦੀ ਸਰਕਾਰ ਦੇ ਲਈ ਡੋਨਾਲਡ ਟਰੰਪ ਦੀ ਜਿੱਤ ’ਤੇ ਖੁਸ਼ ਹੋਣ ਦੇ ਕਈ ਕਾਰਨ ਹਨ। ਟਰੰਪ ਨੇ ਇਹ ਗੱਲ ਸਪੱਸ਼ਟ ਕਰ ਦਿੱਤੀ ਹੈ ਕਿ ਉਹ ਭਾਰਤ-ਅਮਰੀਕਾ ਸਬੰਧਾਂ ਦੇ ਇਤਿਹਾਸ ਦੇ ਪਿਛੋਕੜ ’ਚ ਨਵੇਂ ਰਿਸ਼ਤਿਆਂ ਨੂੰ ਖੜ੍ਹਾ ਕਰਨਾ ਚਾਹੁੰਦੇ ਹਨ ਜਿਸ ’ਚ ਵਪਾਰ ਸਬੰਧ ਕਾਇਮ ਕਰਨਾ, ਭਾਰਤੀ ਕੰਪਨੀਆਂ ਨਾਲ ਟੈਕਨਾਲੋਜੀ ਦਾ ਵਿਸਥਾਰ ਅਤੇ ਭਾਰਤੀ ਸੁਰੱਖਿਆ ਬਲਾਂ ਲਈ ਵੱਧ ਫੌਜੀ ਸਮੱਗਰੀ ਮੁਹੱਈਆ ਕਰਵਾਉਣਾ ਸ਼ਾਮਲ ਹੋਵੇਗਾ।
ਡੋਨਾਲਡ ਟਰੰਪ ਉਥੋਂ ਹੀ ਸ਼ੁਰੂਆਤ ਕਰਨਗੇ ਜਿਥੇ ਦੋਹਾਂ ਦੇਸ਼ਾਂ ਦਰਮਿਆਨ 2019-20 ’ਚ ਮੁਕਤ ਵਪਾਰ ਗੱਲਬਾਤ ਦਾ ਸਿਲਸਿਲਾ ਟੁੱਟਿਆ ਸੀ ਜਦੋਂ ਡੋਨਾਲਡ ਟਰੰਪ ਦੇ ਸੱਤਾਧਾਰੀ ਹੋਣ ਤੋਂ ਪਹਿਲਾਂ ਇਸ ਵਿਸ਼ੇ ਨੂੰ ਲੈ ਕੇ ਗੱਲਬਾਤ ’ਚ ਕਾਫੀ ਤਣਾਅ ਆ ਗਿਆ ਸੀ ਅਤੇ ਜਿਸ ਨੂੰ ਜਾਰੀ ਰੱਖਣ ’ਚ ਅਹੁਦਾ ਛੱਡ ਰਹੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕੋਈ ਦਿਲਚਸਪੀ ਨਹੀਂ ਦਿਖਾਈ ਸੀ।
ਟਰੰਪ ਵੱਲੋਂ ਭਾਰਤ ਨੂੰ ਲੁਸਿਆਨਾ ’ਚ 2019 ਦੇ ‘ਮੈਮੋਰੰਡਮ ਆਫ ਅੰਡਰਸਟੈਂਡਿੰਗ’ ਜਿਸ ਨੂੰ ਇਕ ਸਾਲ ਬਾਅਦ ਰੱਦ ਕਰ ਦਿੱਤਾ ਗਿਆ ਸੀ, ਤੋਂ ਅਮਰੀਕਾ ਨੂੰ ‘ਪੈਟ੍ਰੋਨੈਟ ਇੰਡੀਆ’ ਤੋਂ 2.5 ਬਿਲੀਅਨ ਡਾਲਰ ਦਾ ਨਿਵੇਸ਼ ਮਿਲ ਸਕਦਾ ਸੀ। ਹੁਣ ਟਰੰਪ ਦੇ ਸ਼ਾਸਨਕਾਲ ’ਚ ਲੁਸਿਆਨਾ ਸਥਿਤ ਡ੍ਰਿਫਟਵੁਡ ਐੱਲ. ਐੱਨ. ਜੀ. ਪਲਾਂਟ ਤੋਂ ਅਮਰੀਕੀ ਤੇਲ ਅਤੇ ਐੱਲ. ਐੱਨ. ਜੀ. ਖਰੀਦਣ ਲਈ ਅਮਰੀਕਾ ਵੱਲੋਂ ਭਾਰਤ ਨੂੰ ਉਤਸ਼ਾਹਿਤ ਕੀਤੇ ਜਾਣ ਦੀ ਸੰਭਾਵਨਾ ਹੈ।
ਲੋਕਤੰਤਰੀ ਮਾਮਲਿਆਂ, ਘੱਟਗਿਣਤੀਆਂ ਦੇ ਅਧਿਕਾਰਾਂ ਅਤੇ ਮਨੁੱਖੀ ਅਧਿਕਾਰਾਂ ਆਦਿ ਦੇ ਮਾਮਲੇ ’ਚ ਵੀ ਦੋਹਾਂ ਦੇਸ਼ਾਂ ਦਰਮਿਆਨ ਘੱਟ ਸਮੱਸਿਆਵਾਂ ਪੈਦਾ ਹੋਣ ਦੀ ਉਮੀਦ ਹੈ ਜੋ ਮੋਦੀ ਸਰਕਾਰ ਨੂੰ ਜੋਅ ਬਾਈਡੇਨ ਦੇ ਸ਼ਾਸਨਕਾਲ ’ਚ ਝੱਲਣੀਆਂ ਪਈਆਂ।
ਖਾਲਿਸਤਾਨ ਅਤੇ ਨਿੱਜਰ-ਪੰਨੂ ਮਾਮਲਿਆਂ ’ਚ ਵੀ ਅਮਰੀਕੀ ਨਿਆਂ ਵਿਭਾਗ ਵੱਲੋਂ ਟਿੱਪਣੀਆਂ ’ਚ ਕਮੀ ਆਉਣ ਅਤੇ ਟਰੰਪ ਵੱਲੋਂ ਖਾਲਿਸਤਾਨੀ ਗਰੁੱਪਾਂ ’ਤੇ ਸਖਤੀ ਵਰਤਣ ਦੀ ਆਸ ਹੈ। ਕੈਨੇਡਾ ਦੇ ਨਾਲ ਇਨ੍ਹੀਂ ਦਿਨੀਂ ਚੱਲ ਰਹੀ ਭਾਰਤ ਦੀ ਕੂਟਨੀਤਿਕ ਖਿੱਚੋਤਾਣ ਨੂੰ ਲੈ ਕੇ ਵੀ ਵਾਸ਼ਿੰਗਟਨ ਦੀ ਪ੍ਰਤੀਕਿਰਿਆ ਬਾਰੇ ਚਿੰਤਾ ਕਰਨ ਦੀ ਭਾਰਤ ਨੂੰ ਲੋੜ ਸ਼ਾਇਦ ਨਹੀਂ ਪਏਗੀ।
ਆਪਣੇ ਪਿਛਲੇ ਕਾਰਜਕਾਲ ਦੌਰਾਨ ਡੋਨਾਲਡ ਟਰੰਪ ਇਕ ਵਾਰ ਫਿਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕਮਜ਼ੋਰ ਅਤੇ ਬੇਈਮਾਨ ਕਹਿ ਚੁੱਕੇ ਹਨ। ਹਾਲਾਂਕਿ ਦੋਹਾਂ ਦੇਸ਼ਾਂ ਦੇ ਦਰਮਿਆਨ ਸਬੰਧ ਦੁਨੀਆ ’ਚ ਸਭ ਤੋਂ ਕਰੀਬੀ ਬਣੇ ਹੋਏ ਹਨ ਪਰ ਟਰੰਪ ਦੀ ਇਸ ਜਿੱਤ ਤੋਂ ਬਾਅਦ ਜਸਟਿਨ ਟਰੂਡੋ ’ਚ ਡਰ ਵਧ ਗਿਆ ਹੈ। ਕੈਨੇਡਾ ਦੀ 75 ਫੀਸਦੀ ਬਰਾਮਦ ਅਮਰੀਕਾ ’ਤੇ ਨਿਰਭਰ ਹੈ। ਇਸ ਦੇ ਕਾਰਨ ਟਰੂਡੋ ’ਚ ਟੈਰਿਫ ਨੂੰ ਲੈ ਕੇ ਡਰ ਵਧਿਆ ਹੋਇਆ ਹੈ ਅਤੇ ਟਰੰਪ ਵੱਲੋਂ ਕੈਨੇਡਾ ਦਾ ਪੱਖ ਨਾ ਲੈਣ ਦੀ ਸੰਭਾਵਨਾ ਹੈ।
ਇਹੀ ਨਹੀਂ, ਰੂਸ ਦੇ ਨਾਲ ਸਬੰਧਾਂ ਨੂੰ ਲੈ ਕੇ ਵੀ ਨਵੀਂ ਦਿੱਲੀ ਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ ਅਤੇ ਇਜ਼ਰਾਈਲ ਵੱਲੋਂ ਗਾਜ਼ਾ ਅਤੇ ਲਿਬਨਾਨ ਨਾਲ ਜੰਗ ਨੂੰ ਲੈ ਕੇ ਵੀ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਪਵੇਗੀ।
ਇਹੀ ਨਹੀਂ, ਟਰੰਪ ਯੂਕ੍ਰੇਨ ਅਤੇ ਰੂਸ ਦਰਮਿਆਨ ਜੰਗ ਬੰਦ ਕਰਵਾਉਣ ਦੀ ਗੱਲ ਕਹਿ ਰਹੇ ਹਨ ਅਤੇ ਉਹ ਇਸ ਦਿਸ਼ਾ ’ਚ ਕੋਸ਼ਿਸ਼ ਵੀ ਕਰ ਰਹੇ ਹਨ। ਹੁਣ ਇਸ ਗੱਲ ਦੀ ਵੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਸ਼ਾਇਦ ਰੂਸ-ਯੂਕ੍ਰੇਨ ਜੰਗ ਦਾ ਖਾਤਮਾ ਹੋ ਜਾਏ ਜਿਸ ਲਈ ਟਰੰਪ ਨੇ ਕੋਈ ਪਲਾਨ ਬਣਾਇਆ ਹੈ।
ਜੇਕਰ ਰੂਸ ਅਤੇ ਯੂਕ੍ਰੇਨ ਦਰਮਿਆਨ ਜੰਗਬੰਦੀ ਸਮਝੌਤਾ ਹੋ ਜਾਂਦਾ ਹੈ ਤਾਂ ਭਾਰਤ ਲਈ ਥੋੜ੍ਹਾ ਹੋਰ ਸੌਖਾ ਹੋ ਜਾਏਗਾ ਕਿਉਂਕਿ ਰੂਸ ਤਾਂ ਪਹਿਲਾਂ ਹੀ ਸਾਡਾ ਮਿੱਤਰ ਦੇਸ਼ ਹੈ।
ਕੁਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਜਿਥੇ ਡੋਨਾਲਡ ਟਰੰਪ ਦੇ ਦੁਬਾਰਾ ਅਮਰੀਕਾ ਦੇ ਰਾਸ਼ਟਰਪਤੀ ਬਣਨ ’ਤੇ ਭਾਰਤ ਲਈ ਖੁਸ਼ ਹੋਣ ਦੇ ਕਈ ਕਾਰਨ ਹਨ, ਉਥੇ ਹੀ ਉਨ੍ਹਾਂ ਦੀ ਜਿੱਤ ਨਾਲ ਵਿਸ਼ਵ ਦੀ ਸਿਆਸਤ ’ਚ ਇਕ ਵੱਡਾ ਬਦਲਾਅ ਆਉਣ ਦੀ ਆਸ ਸਿਆਸੀ ਆਬਜ਼ਰਵਰ ਲਗਾ ਰਹੇ ਹਨ।
ਉਥੇ ਹੀ ਜਿਥੇ ਟਰੰਪ 2.0 ਲਈ ਨਵੀਂ ਦਿੱਲੀ ਨੂੰ ਕੁਝ ਤਸੱਲੀ ਹੈ, ਪਰ ਸੋਸ਼ਲ ਮੀਡੀਆ ਪੋਸਟ ਅਤੇ ਵਪਾਰ ਅਤੇ ਟੈਰਿਫ ’ਤੇ ਸਖਤ ਬਿਆਨਬਾਜ਼ੀ ’ਤੇ ਉਹ ਚਿੰਤਤ ਵੀ ਹੈ। ਸਭ ਤੋਂ ਵੱਡੀ ਸਮੱਸਿਆ ਤਾਂ ਇਹ ਹੈ ਕਿ ਟਰੰਪ ਦੀਆਂ ਗੱਲਾਂ ’ਤੇ ਭਰੋਸਾ ਕਰਨਾ ਔਖਾ ਹੈ।
-ਵਿਜੇ ਕੁਮਾਰ
ਨਿਆਂ ’ਚ ਦੇਰੀ ਅਸਲ ’ਚ ਅਣਮਨੁੱਖੀ ਹੈ
NEXT STORY