ਪਿਛਲੇ ਦੋ ਦਹਾਕਿਆਂ ’ਚ ਤਿੰਨ ਵਾਰ ਸਰਕਾਰ ਬਣਾਉਣ ਵਾਲਾ ਸ਼੍ਰੋਮਣੀ ਅਕਾਲੀ ਦਲ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਵਜੋਂ ਜਾਣਿਆ ਜਾਂਦਾ ਹੈ, ਪਿਛਲੇ ਦੋ ਦਹਾਕਿਅਾਂ ਤੋਂ ਕਾਫੀ ਮੁਸ਼ਕਲ ਸਮੇਂ ਦਾ ਸਾਹਮਣਾ ਕਰ ਰਿਹਾ ਹੈ। ਇਸ ਮੁਸ਼ਕਲ ਸਮੇਂ ਦਾ ਕਾਰਨ ਨਾ ਸਿਰਫ ਸਰਕਾਰ ਚਲਾਉਣ ਸਮੇਂ ਕੀਤੀਆਂ ਗਲਤੀਆਂ ਹਨ ਸਗੋਂ ਕਈ ਨਵੇਂ ਅਕਾਲੀ ਦਲਾਂ ਦਾ ਹੋਂਦ ਵਿਚ ਆਉਣਾ ਵੀ ਹੈ। ਇਨ੍ਹਾਂ ’ਚ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ, ਸ਼੍ਰੋਮਣੀ ਅਕਾਲੀ ਦਲ ਟਕਸਾਲੀ, ਸ਼੍ਰੋਮਣੀ ਅਕਾਲੀ ਦਲ ਸੰਯੁਕਤ, ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਸ਼ਾਮਲ ਹਨ। ਭਾਵੇਂ ਹੁਣ ਅਕਾਲੀ ਦਲ ਡੈਮੋਕ੍ਰੇਟਿਕ, ਅਕਾਲੀ ਦਲ ਟਕਸਾਲੀ ਅਤੇ ਅਕਾਲੀ ਦਲ ਸੰਯੁਕਤ ਹੋਂਦ ’ਚ ਨਹੀਂ ਹਨ ਪਰ ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਇਕ ਵੱਡੀ ਸਿਰਦਰਦੀ ਬਣ ਗਏ ਹਨ।
‘ਅਕਾਲੀ ਦਲ ਵਾਰਿਸ ਪੰਜਾਬ ਦੇ ’ ਦੇ ਦੋ ਵੱਡੇ ਆਗੂ ਭਾਈ ਅੰਮ੍ਰਿਤਪਾਲ ਸਿੰਘ ਅਤੇ ਭਾਈ ਸਰਬਜੀਤ ਸਿੰਘ ਪਾਰਟੀ ਬਣਾਉਣ ਤੋਂ ਪਹਿਲਾਂ ਹੀ ਲੋਕ ਸਭਾ ਚੋਣਾਂ ਜਿੱਤ ਚੁੱਕੇ ਸਨ। ਬਾਅਦ ਵਿਚ ਉਨ੍ਹਾਂ ਦੇ ਸਮਰਥਕਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅਤੇ ਭਾਈ ਸਰਬਜੀਤ ਸਿੰਘ ਨਾਲ ਮਿਲ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਂ ਦੀ ਪਾਰਟੀ ਬਣਾਈ ਅਤੇ ਜੇਲ ਵਿਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਨੂੰ ਪਾਰਟੀ ਦਾ ਪ੍ਰਧਾਨ ਐਲਾਨ ਦਿੱਤਾ। ਪਾਰਟੀ ਵੱਲੋਂ ਪਾਰਟੀ ਦੇ ਜਥੇਬੰਦਕ ਢਾਂਚੇ ਦੀ ਸਿਰਜਣਾ ਸ਼ੁਰੂ ਕਰ ਦਿੱਤੀ ਗਈ।
ਸਭ ਤੋਂ ਪਹਿਲਾਂ ਪਾਰਟੀ ਨੇ ਪਾਰਟੀ ਦੀ ਸਭ ਤੋਂ ਤਾਕਤਵਰ ਕਮੇਟੀ ਪੰਚ ਪ੍ਰਧਾਨੀ ਪੰਜ ਮੈਂਬਰੀ ਕਮੇਟੀ ਬਣਾਈ। ਇਸ ਤੋਂ ਬਾਅਦ 13 ਮੈਂਬਰੀ ਵਰਕਿੰਗ ਕਮੇਟੀ ਅਤੇ 13 ਬੁਲਾਰੇ ਨਿਯੁਕਤ ਕੀਤੇ। ਜ਼ਿਲਾ ਪੱਧਰ ’ਤੇ ਕਾਰਵਾਈ ਚਲਾਉਣ ਲਈ ਸਾਰੇ ਜ਼ਿਲਿਆਂ ਦੇ ਅਾਬਜ਼ਰਵਰ ਨਿਯੁਕਤ ਕੀਤੇ ਗਏ ਅਤੇ ਹੇਠਲੇ ਪੱਧਰ ’ਤੇ ਢਾਂਚਾ ਤਿਆਰ ਕੀਤਾ ਜਾ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੇ ਢਾਂਚਾ ਬਣਾਉਣ ਤੋਂ ਪਹਿਲਾਂ ਭਾਵੇਂ ਉਦਾਸੀਨਤਾ ਦਿਖਾਈ ਪਰ ਬਾਅਦ ਵਿਚ ਵੱਡੇ ਪੱਧਰ ’ਤੇ ਅਹੁਦੇਦਾਰੀਆਂ ਵੰਡੀਆ। ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕੋਰ ਕਮੇਟੀ, ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ, ਮੀਤ ਪ੍ਰਧਾਨ, ਜਨਰਲ ਸਕੱਤਰ, ਜਥੇਬੰਦਕ ਸਕੱਤਰ, ਆਫ਼ਿਸ ਸਕੱਤਰ ਅਤੇ ਕਈ ਹੋਰ ਅਹੁਦੇਦਾਰਾਂ ਦਾ ਐਲਾਨ ਕੀਤਾ। ਪਾਰਟੀ ਪ੍ਰਧਾਨ ਵੱਲੋਂ ਪਾਰਟੀ ਦੇ ਮੁੱਖ ਬੁਲਾਰੇ ਅਤੇ ਬੁਲਾਰੇ ਵੀ ਨਿਯੁਕਤ ਕੀਤੇ ਗਏ। ਸਿਆਸੀ ਮਾਮਲਿਆਂ ’ਤੇ ਸੋਚ ਵਿਚਾਰ ਕਰਨ ਅਤੇ ਫੈਸਲੇ ਕਰਨ ਲਈ ਪਾਲੀਟੀਕਲ ਅਫੇਅਰ ਕਮੇਟੀ (ਪੀ. ਏ. ਸੀ.) ਦਾ ਗਠਨ ਵੀ ਕੀਤਾ ਗਿਆ।
ਐਡਾ ਵੱਡਾ ਢਾਂਚਾ ਬਣਾਉਣ ਦੇ ਬਾਵਜੂਦ ਅਕਾਲੀ ਦਲ ਪੁਨਰ ਸੁਰਜੀਤ ਲੋਕਾਂ ਦੀ ਉਮੀਦ ਮੁਤਾਬਿਕ ਸਿਆਸੀ ਕਾਰਵਾਈਆਂ ਕਰਨ ’ਚ ਕਾਮਯਾਬ ਨਹੀਂ ਹੋ ਸਕਿਆ। ਇਥੋਂ ਤੱਕ ਕਿ ਪਾਰਟੀ ਖੁਦ ਵਲੋਂ ਬਣਾਈ ਗਈ ਗਾਈਡਲਾਈਨ ’ਤੇ ਵੀ ਕਾਇਮ ਨਾ ਰਹਿ ਸਕੀ ਜਿਸ ਕਾਰਨ ਪਾਰਟੀ ਦੀ ਅਗਲੀ ਕਾਰਗੁਜ਼ਾਰੀ ’ਤੇ ਪ੍ਰਸ਼ਨ ਚਿੰਨ੍ਹ ਲੱਗਣ ਲੱਗੇ। ਇਥੋਂ ਤੱਕ ਕਿ ਇਸ ਕਾਰਨ ਪਾਰਟੀ ਦੇ ਸ਼ੁਰੂਆਤੀ ਦੌਰ ਵਿਚ ਪਾਰਟੀ ਦੀ ਭਰਤੀ ਕਰਨ ਵੇਲੇ ਮਿਹਨਤ ਕਰਨ ਵਾਲੇ ਵਰਕਰ ਅਤੇ ਆਗੂ ਵੀ ਨਾਰਾਜ਼ਗੀ ਜ਼ਾਹਿਰ ਕਰਨ ਲੱਗੇ ਕਿ ਮਿਹਨਤ ਕਰਨ ਵਾਲੇ ਪਿੱਛੇ ਰਹਿ ਗਏ। ਉਨ੍ਹਾਂ ਵਿਚੋਂ ਬਹੁਤਿਆਂ ਨੂੰ ਇਕ ਅਹੁਦਾ ਵੀ ਨਹੀਂ ਮਿਲਿਆ ਤੇ ਨਵੇਂ ਆਗੂਆਂ ਅਤੇ ਵੱਡੇ ਲੀਡਰਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਕਈ-ਕਈ ਅਹੁਦਿਆਂ ਨਾਲ ਨਿਵਾਜਿਆ ਗਿਆ ਹੈ।
ਇਸ ਦੁਚਿੱਤੀ ਕਾਰਨ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਢਾਂਚਾ ਭੰਗ ਕਰਨ ਦਾ ਫੈਸਲਾ ਲਿਆ ਗਿਆ ਹੈ ਹਾਲਾਂਕਿ ਕੋਈ ਵੀ ਵੱਡਾ ਲੀਡਰ ਖੁੱਲ੍ਹ ਕੇ ਇਸ ਫੈਸਲੇ ਬਾਰੇ ਹਾਮੀ ਨਹੀਂ ਭਰਦਾ ਪਰ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਇਲੈਕਸ਼ਨ ਕਮਿਸ਼ਨ ਕੋਲ ਪਾਰਟੀ ਦਾ ਨਾਂ ਰਜਿਸਟਰ ਕਰਵਾਉਣ ਲਈ ਕਈ ਫੈਸਲੇ ਲਏ ਗਏ ਹਨ।
ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਭਾਰਤ ਦੇ ਚੋਣ ਕਮਿਸ਼ਨ ਕੋਲ ਪਾਰਟੀ ਦੀ ਰਜਿਸਟ੍ਰੇਸ਼ਨ ਲਈ ਦਰਖ਼ਾਸਤ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਪਾਰਟੀ ਵੱਲੋਂ ਤਿੰਨ ਨਾਂ ਲਿਖ ਕੇ ਦਿੱਤੇ ਗਏ ਹਨ ਜਿਨ੍ਹਾਂ ਵਿਚ ਸ਼੍ਰੋਮਣੀ ਅਕਾਲੀ ਦਲ ਪੰਜਾਬ, ਸ਼੍ਰੋਮਣੀ ਅਕਾਲੀ ਦਲ ਸਰਬ ਹਿੰਦ ਅਤੇ ਅਕਾਲੀ ਦਲ ਸ਼ਾਮਲ ਹਨ। ਇਸ ਤਰ੍ਹਾਂ ਜੇਕਰ ਚੋਣ ਕਮਿਸ਼ਨ ਇਨ੍ਹਾਂ ਨਾਵਾਂ ਵਿਚੋਂ ਕਿਸੇ ਵੀ ਇਕ ਨਾਂ ਨੂੰ ਮਾਨਤਾ ਦਿੰਦਾ ਹੈ ਤਾਂ ਅਕਾਲੀ ਦਲ ਪੁਨਰ ਸੁਰਜੀਤ ਦੀ ਥਾਂ ਇਕ ਨਵਾਂ ਅਕਾਲੀ ਦਲ ਲੈ ਲਵੇਗਾ।
ਹੁਣ ਜਦੋਂ ਵਿਧਾਨ ਸਭਾ ਚੋਣਾਂ ਹੋਣ ’ਚ ਕੇਵਲ ਇਕ ਸਾਲ ਦਾ ਸਮਾਂ ਰਹਿ ਗਿਆ ਹੈ ਤਾਂ ਅਕਾਲੀ ਦਲ ਪੁਨਰ ਸੁਰਜੀਤ ਅਤੇ ਵਾਰਿਸ ਪੰਜਾਬ ਨੇ ਪਿਛਲੀਆਂ ਬਲਾਕ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਚੋਣਾਂ ਨਾ ਲੜ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਨੁਕਸਾਨ ਜ਼ਰੂਰ ਪਹੁੰਚਾਇਆ ਹੈ ਪਰ ਦੋਨਾਂ ਪਾਰਟੀਆਂ ਦੇ ਆਗੂ ਇਹ ਗੱਲ ਭਲੀਭਾਂਤ ਜਾਣ ਚੁੱਕੇ ਹਨ ਕਿ ਚੋਣਾਂ ਨਾ ਲੜਨ ਕਾਰਨ ਦੋਵੇਂ ਪਾਰਟੀਆਂ ਦੀ ਸਥਿਤੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੁਕਾਬਲੇ ਕਮਜ਼ੋਰ ਦਿਸਣ ਲੱਗੀ ਹੈ। ਇਸ ਲਈ ਦੋਵਾਂ ਪਾਰਟੀਆਂ ਦੇ ਆਗੂ ਆਪਣੇ ਆਪ ਨੂੰ ਵਿਰੋਧੀ ਅਕਾਲੀ ਦਲ ਤੋਂ ਜ਼ਿਆਦਾ ਮਜ਼ਬੂਤ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਇਸ ਕਾਰਨ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਮਾਘੀ ਦੇ ਪਾਵਨ ਮੌਕੇ ’ਤੇ ਕਾਨਫਰੰਸ ਨਾ ਕੀਤੇ ਜਾਣ ਦੇ ਬਾਵਜੂਦ ਅਕਾਲੀ ਦਲ ਪੁਨਰ ਸੁਰਜੀਤ ਦੇ ਦੋ ਵੱਡੇ ਆਗੂਆਂ ਨੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੇ ਮੰਚ ਤੋਂ ਸੰਬੋਧਨ ਹੋ ਕੇ ਆਪਣੀ ਪਾਰਟੀ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਇਹ ਦੱਸਣ ਦੀ ਵੀ ਕੋਸ਼ਿਸ਼ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪ੍ਰਧਾਨਗੀ ਦਾ ਅਹੁਦਾ ਤਿਆਗੇ ਬਿਨਾਂ ਏਕਤਾ ਸੰਭਵ ਨਹੀ।
ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਨੂੰ ਨਜ਼ਰਅੰਦਾਜ਼ ਕਰਦੇ ਹੋਏ ਅਕਾਲੀ ਦਲ ਪੁਨਰ ਸੁਰਜੀਤ ਤੇ ਹੋਰ ਅਕਾਲੀ ਆਗੂਆਂ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚ ਸ਼ਾਮਲ ਹੋਣ ਦੀ ਅਪੀਲ ਦੁਹਰਾਅ ਦਿੱਤੀ।
ਹੁਣ ਜਦੋਂ ਅਕਾਲੀ ਦਲ ਬਾਦਲ ਅਤੇ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਆਪਣੇ-ਆਪਣੇ ਸਟੈਂਡ ’ਤੇ ਅਡਿੱਗ ਬਣੇ ਹੋਏ ਹਨ ਤਾਂ ਅਕਾਲੀ ਦਲ ਪੁਨਰ ਸੁਰਜੀਤ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਸਹੀ ਤੇ ਦਰੁਸਤ ਰਸਤਾ ਆਪਸ ’ਚ ਮੇਲ-ਜੋਲ ਕਰਨ ਦਾ ਹੀ ਲੱਗਦਾ ਹੈ।
ਇਸ ਮਕਸਦ ਲਈ ਦੋਨਾਂ ਦਲਾਂ ਦੇ ਆਗੂਆਂ ਵੱਲੋਂ ਕੀਤੀਆਂ ਗਈਆਂ ਇਕੱਤਰਤਾਵਾਂ ਵਿਚ ਕਾਫੀ ਹੱਦ ਤੱਕ ਸਹਿਮਤੀ ਬਣ ਗਈ ਹੈ। ਜਲਦੀ ਹੀ ਦੋਨਾਂ ਦਲਾਂ ਦੀ ਲੀਡਰਸ਼ਿਪ ਇਕ ਕਾਮਨ ਮਿਨੀਮਮ ਪ੍ਰੋਗਰਾਮ ਉਲੀਕ ਕੇ ਇਕ ਸਾਂਝੀ ਕਮੇਟੀ ਬਣਾਉਣ ਦਾ ਫੈਸਲਾ ਲੈ ਸਕਦੀ ਹੈ। ਇਸ ਮੰਤਵ ਲਈ ਅਕਾਲੀ ਦਲ ਪੁਨਰ ਸੁਰਜੀਤ ਦੇ ਵੱਡੇ ਆਗੂਆਂ ਦੀ ਅੱਜ ਚੰਡੀਗੜ੍ਹ ਵਿਖ਼ੇ ਇਕੱਤਰਤਾ ਵੀ ਚੱਲ ਰਹੀ ਹੈ।
ਜੇ ਮਿੱਥੇ ਨਿਸ਼ਾਨੇ ਮੁਤਾਬਿਕ ਗੱਲਬਾਤ ਸਿਰੇ ਲੱਗ ਜਾਂਦੀ ਹੈ ਤਾਂ ਅਗਲੇ ਮਹੀਨੇ ਦੋ ਅਕਾਲੀ ਦਲਾਂ ਦਾ ਗੱਠਜੋੜ ਹੋ ਜਾਣ ਦੀ ਪ੍ਰਬਲ ਸੰਭਾਵਨਾ ਹੈ ਅਤੇ ਇਹ ਗੱਠਜੋੜ ਪੰਜਾਬ ਦੀ ਸਿਆਸਤ ’ਚ ਦੋ ਅਕਾਲੀ ਦਲਾਂ ਦਾ ਚੋਣਾਂ ਤੋਂ ਪਹਿਲਾਂ ਹੋਣ ਵਾਲਾ ਪਹਿਲਾ ਸਿਆਸੀ ਗੱਠਜੋੜ ਹੋਵੇਗਾ।
–ਇਕਬਾਲ ਸਿੰਘ ਚੰਨੀ
ਮਹਾਰਾਸ਼ਟਰ ’ਚ ਹੁਣ ‘ਟ੍ਰਿਪਲ-ਇੰਜਣ’ ਦੀ ਸਰਕਾਰ!
NEXT STORY