ਮਸਨੂਈ ਬੁੱਧੀਮਤਾ (ਏ. ਆਈ.) ਦੇ ਵਧ ਰਹੇ ਖ਼ਤਰੇ ਨੇ ਉੱਚ ਸਿੱਖਿਆ ਦੇ ਰਵਾਇਤੀ ਵਾਅਦੇ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ ਹੈ—ਡਿਗਰੀ ਲਓ, ਨੌਕਰੀ ਪਾਓ। ਕਾਰਪੋਰੇਟ ਬਣਤਰ ਪਿਰਾਮਿਡ ਤੋਂ ਹੀਰੇ ਦੇ ਆਕਾਰ ’ਚ ਤੇਜ਼ੀ ਨਾਲ ਬਦਲ ਰਹੀ ਹੈ। ਸਭ ਤੋਂ ਹੇਠਲੇ ਪੱਧਰ ’ਤੇ, ਜਿੱਥੇ ਪਹਿਲਾਂ ਵੱਡੀ ਗਿਣਤੀ ’ਚ ਨਵੇਂ ਗ੍ਰੈਜੂਏਟ ਦਾਖ਼ਲਾ ਪੱਧਰ ਦੀਆਂ ਨੌਕਰੀਆਂ ਪਾਉਂਦੇ ਸਨ, ਕੰਪਨੀਆਂ ਹੁਣ ਮਨੁੱਖੀ ਕਰਮਚਾਰੀਆਂ ਦੀ ਲੋੜ ਖ਼ਤਮ ਕਰ ਸਕਦੀਆਂ ਹਨ ਅਤੇ ਕੰਮਾਂ ਨੂੰ ਸਵੈਚਾਲਤ ਕਰਨ ਲਈ ਏ. ਆਈ. ਦੀ ਵਰਤੋਂ ਕਰ ਸਕਦੀਆਂ ਹਨ। ਮੱਧ ਅਤੇ ਚੋਟੀ ਦੇ ਪੱਧਰ ਦੇ ਅਹੁਦਿਆਂ ਲਈ ਉੱਚ ਪੱਧਰੀ ਸੰਸ਼ਲੇਸ਼ਣ, ਰਚਨਾਤਮਕਤਾ ਅਤੇ ਅਨੁਕੂਲਤਾ ਦੀ ਲੋੜ ਹੁੰਦੀ ਹੈ। ਦਾਖ਼ਲਾ ਪੱਧਰ ਦੀਆਂ ਨੌਕਰੀਆਂ ਦੀ ਗਿਣਤੀ ਘੱਟ ਹੋਣ ਦੇ ਕਾਰਨ, ਭਾਰਤ ’ਚ ਹਰੇਕ ਵਿਦਿਆਰਥੀ ਅਤੇ ਮਾਪੇ ਨੂੰ ਕਾਲਜ ਚੁਣਨ ਸਮੇਂ ਇਕ ਅਸਹਿਜ ਸਵਾਲ ਪ੍ਰੇਸ਼ਾਨ ਕਰਦਾ ਹੈ—ਜੇਕਰ ਕੋਈ ਯੂਨੀਵਰਸਿਟੀ ਨੌਕਰੀ ਦੀ ਗਾਰੰਟੀ ਨਹੀਂ ਦਿੰਦੀ, ਤਾਂ ਉੱਥੇ ਕਿਉਂ ਜਾਈਏ?
ਇਸਦਾ ਦਾ ਉੱਤਰ ਹਾਸਲ ਕਰਨ ਲਈ ਸਾਨੂੰ ਉੱਚ ਸਿੱਖਿਆ ਪ੍ਰਤੀ ਆਪਣੇ ਦ੍ਰਿਸ਼ਟੀਕੋਣ ਨੂੰ ਪੂਰੀ ਤਰ੍ਹਾਂ ਬਦਲਣਾ ਹੋਵੇਗਾ। ਯੂਨੀਵਰਸਿਟੀ ਨੂੰ ਹੁਣ ਵਿਦਿਆਰਥੀ ਲਈ ਇਕ ਅਜਿਹਾ ਮੰਚ ਬਣਨਾ ਚਾਹੀਦਾ ਹੈ ਜਿੱਥੇ ਉਹ ਮੌਲਿਕ ਆਤਮ-ਖੋਜ, ਬੌਧਿਕ ਮੰਥਨ ਅਤੇ ਖੋਜ ਕਰ ਸਕੇ।
ਜਦੋਂ ਉਹ ਕਾਰਜਬਲ ’ਚ ਪ੍ਰਵੇਸ਼ ਕਰਦੇ ਹਨ ਤਾਂ ਨਿਸ਼ਚਿਤ ਤੌਰ ’ਤੇ ਉਹ ਇਸ ਨੂੰ ਸਮਝ ਨਹੀਂ ਪਾਉਂਦੇ। ਜਦੋਂ ਤੱਕ ਇਕ ਨੌਜਵਾਨ ਨੂੰ ਨੌਕਰੀ ਮਿਲਦੀ ਹੈ, ਉਦੋਂ ਤੱਕ ਚੁਣੌਤੀਆਂ ਬਹੁਤ ਵਧ ਜਾਂਦੀਆਂ ਹਨ। ਉਨ੍ਹਾਂ ਨੂੰ ਬਿੱਲ ਚੁਕਾਉਣੇ ਹੁੰਦੇ ਹਨ, ਬੁੱਢੇ ਮਾਪਿਆਂ ਦਾ ਸਹਾਰਾ ਬਣਨਾ ਹੁੰਦਾ ਹੈ ਅਤੇ ਅੰਤ ’ਚ, ਆਪਣਾ ਪਰਿਵਾਰ ਵੀ ਸੰਭਾਲਣਾ ਹੁੰਦਾ ਹੈ। ਕਰੀਅਰ ਬਦਲਣ ਜਾਂ ਕੁਝ ਨਵਾਂ ਕਰਨ ਲਈ ਸਭ ਕੁਝ ਛੱਡਣ ਦੇ ਵਿੱਤੀ ਅਤੇ ਸਮਾਜਿਕ ਜੋਖਮ ਇੰਨੇ ਭਾਰੀ ਹੁੰਦੇ ਹਨ ਕਿ ਉਹ ਨਕਾਰਾ ਹੋ ਜਾਂਦੇ ਹਨ।
ਅਜਿਹੇ ਯੁੱਗ ’ਚ, ਜਿੱਥੇ ਮਸਨੂਈ ਬੁੱਧੀਮੱਤਾ ਭਵਿੱਖ ਨੂੰ ਪੂਰੀ ਤਰ੍ਹਾਂ ਅਨਿਸ਼ਚਿਤ ਬਣਾ ਦਿੰਦੀ ਹੈ, ਅਸੀਂ ਆਪਣੇ ਨੌਜਵਾਨਾਂ ਨੂੰ ਸਿਰਫ਼ ਲਚਕਤਾ ਹੀ ਦੇ ਸਕਦੇ ਹਾਂ। ਸਾਨੂੰ ਉਨ੍ਹਾਂ ਨੂੰ ਜੀਵਨ ਰੱਖਿਆ ਹੁਨਰ ਸਿਖਾਉਣਾ ਹੋਵੇਗਾ। ਸਾਨੂੰ ਉਨ੍ਹਾਂ ਨੂੰ ਉੱਦਮੀਆਂ ਵਾਂਗ ਸੋਚਣਾ ਸਿਖਾਉਣਾ ਹੋਵੇਗਾ, ਜ਼ਰੂਰੀ ਨਹੀਂ ਕਿ ਸਟਾਰਟਅੱਪ ਬਣਾਉਣਾ, ਸਗੋਂ ਅਨਿਸ਼ਚਿਤਤਾਵਾਂ ਨਾਲ ਨਜਿੱਠਣਾ ਸਿਖਾਉਣਾ ਹੋਵੇਗਾ।
ਮੌਜੂਦਾ ਸਮੇਂ ’ਚ, ਯੂਨੀਵਰਸਿਟੀਆਂ ਇਸ ਮਾਮਲੇ ’ਚ ਅਸਫ਼ਲ ਹੋ ਰਹੀਆਂ ਹਨ ਕਿਉਂਕਿ ਉਹ ਇਕ ਅਜਿਹੇ ਪ੍ਰਤੀਯੋਗੀ ਮਾਹੌਲ ’ਚ ਫਸੀਆਂ ਹੋਈਆਂ ਹਨ ਜਿੱਥੇ ਸਿਰਫ਼ ਰੈਂਕਿੰਗ ਦੇ ਆਧਾਰ ’ਤੇ ਹੀ ਮੁਲਾਂਕਣ ਕੀਤਾ ਜਾਂਦਾ ਹੈ। ਉਹ ਦਾਖ਼ਲ ਵਿਦਿਆਰਥੀਆਂ ਦੀ ਗਿਣਤੀ, ਅਧਿਆਪਕਾਂ ਦਾ ਅਨੁਪਾਤ, ਪ੍ਰਕਾਸ਼ਨ, ਸਮਝੌਤਾ ਮੈਮੋ ਅਤੇ ਦਰਜ ਪੇਟੈਂਟਾਂ ਦੀ ਗਿਣਤੀ ਦੇ ਆਧਾਰ ’ਤੇ ਹੀ ਆਪਣੀ ਯੋਗਤਾ ਦਾ ਆਕਲਨ ਕਰਦੀਆਂ ਹਨ।
ਇਹ ਸੰਸਥਾਗਤ ਸਖਤੀ ਉਸ ਸੱਭਿਆਚਾਰ ਦਾ ਨਤੀਜਾ ਹੈ, ਜਿਸ ਨੇ ਇਤਿਹਾਸਕ ਤੌਰ ’ਤੇ ਜੋਖਮ ਲੈਣ ਵਾਲਿਆਂ ਨੂੰ ਸਜ਼ਾ ਦਿੱਤੀ ਹੈ। ਜਦੋਂ ਡਾ. ਸੁਭਾਸ਼ ਮੁਖੋਪਾਧਿਆਏ ਨੇ 1978 ’ਚ ਭਾਰਤ ਦਾ ਪਹਿਲਾ (ਅਤੇ ਦੁਨੀਆ ਦਾ ਦੂਜਾ) ਇਨ ਵਿਟਰੋ ਫਰਟੀਲਾਈਜ਼ੇਸ਼ਨ (ਆਈ. ਵੀ. ਐੱਫ.) ਬੱਚਾ ਪੈਦਾ ਕੀਤਾ, ਬ੍ਰਿਟੇਨ ’ਚ ਦੁਨੀਆ ਦੇ ਪਹਿਲੇ ਆਈ. ਵੀ. ਐੱਫ. ਦੇ ਠੀਕ 67 ਦਿਨ ਬਾਅਦ, ਤਾਂ ਉਨ੍ਹਾਂ ਨੂੰ ਮੋਹਰੀ ਵਜੋਂ ਸਨਮਾਨਿਤ ਨਹੀਂ ਕੀਤਾ ਗਿਆ।
ਇਸ ਦੀ ਬਜਾਏ, ਉਨ੍ਹਾਂ ਨੂੰ ਇਕ ਬੇਰਹਿਮ ਸਰਕਾਰੀ ਜਾਂਚ ਦਾ ਸਾਹਮਣਾ ਕਰਨਾ ਪਿਆ, ਜਿਸ ਨੇ ਉਨ੍ਹਾਂ ਨੂੰ ਆਤਮਹੱਤਿਆ ਕਰਨ ਲਈ ਮਜਬੂਰ ਕਰ ਦਿੱਤਾ। ਅੱਜ, ਤ੍ਰਾਸਦੀ ਇਹ ਹੈ ਕਿ ਭਾਰਤ ਦੁਨੀਆ ’ਚ ਆਈ. ਵੀ. ਐੱਫ. ਦਾ ਦੂਜਾ ਸਭ ਤੋਂ ਵੱਡਾ ਕੇਂਦਰ ਹੈ।
ਰਾਸ਼ਟਰੀ ਸਿੱਖਿਆ ਨੀਤੀ (ਐੱਨ. ਈ. ਪੀ.) 2020 ਨੇ ਪਹਿਲਾਂ ਹੀ ਇਕ ਖਾਕਾ ਤਿਆਰ ਕਰ ਦਿੱਤਾ ਹੈ। ਅਕਾਦਮਿਕ ਕ੍ਰੈਡਿਟ ਬੈਂਕ ਵਰਗੀਆਂ ਧਾਰਨਾਵਾਂ ਵਿਸ਼ੇਸ਼ ਤੌਰ ’ਤੇ ਇਸੇ ਉਦੇਸ਼ ਲਈ ਬਣਾਈਆਂ ਗਈਆਂ ਹਨ, ਤਾਂ ਜੋ ਵਿਦਿਆਰਥੀ ਇੱਥੇ ਪਾਈਥਨ ਕੋਡਿੰਗ ਦੀ ਕਲਾਸ ਲੈ ਸਕਣ, ਉੱਥੇ ਵਿਵਹਾਰ ਮਨੋਵਿਗਿਆਨ ’ਤੇ ਸੈਮੀਨਾਰ ’ਚ ਹਿੱਸਾ ਲੈ ਸਕਣ ਅਤੇ ਇਕ ਅਜਿਹਾ ਵਿਲੱਖਣ ਅਤੇ ਲਚਕੀਲਾ ਪ੍ਰੋਫਾਈਲ ਬਣਾ ਸਕਣ, ਜਿਸ ਨੂੰ ਏ. ਆਈ. ਆਸਾਨੀ ਨਾਲ ਦੁਹਰਾਅ ਨਾ ਸਕੇ ਪਰ ਇਸ ਦਾ ਅਮਲ ਅਜੇ ਵੀ ਅਧੂਰਾ ਹੈ। ਯੂਨੀਵਰਸਿਟੀਆਂ ਆਪਣੇ ਖੇਤਰ ਨੂੰ ਲੈ ਕੇ ਕਾਫ਼ੀ ਸੌੜੀ ਸੋਚ ਰੱਖਦੀਆਂ ਹਨ, ਹੋਰ ਤਰ੍ਹਾਂ ਅਰਜਿਤ ਕ੍ਰੈਡਿਟ ਸਵੀਕਾਰ ਕਰਨ ਜਾਂ ਅਸਲ ਅੰਤਰ-ਵਿਸ਼ੇਸ਼ ਆਜ਼ਾਦੀ ਦੇਣ ’ਚ ਝਿਜਕਦੀਆਂ ਹਨ।
ਮਨਸੂਈ ਬੁੱਧੀਮਤਾ ਦੇ ਯੁੱਗ ਦੀਆਂ ਚੁਣੌਤੀਆਂ ਵਿਭਾਗੀ ਸੀਮਾਵਾਂ ਦਾ ਸਨਮਾਨ ਨਹੀਂ ਕਰਦੀਆਂ—ਅੱਜ ਇਕ ਇੰਜੀਨੀਅਰ ਨੂੰ ਨੈਤਿਕਤਾ ਦੀ ਸਮਝ ਹੋਣੀ ਚਾਹੀਦੀ ਹੈ, ਠੀਕ ਉਸੇ ਤਰ੍ਹਾਂ ਜਿਵੇਂ ਇਕ ਅਰਥਸ਼ਾਸਤਰੀ ਨੂੰ ਡਾਟਾ ਸਾਇੰਸ ਦੀ। ਸਾਨੂੰ ਅਜਿਹੀਆਂ ਆਦਰਸ਼ ਯੂਨੀਵਰਸਿਟੀਆਂ ਦੀ ਲੋੜ ਹੈ ਜੋ ਇਨ੍ਹਾਂ ਰਵਾਇਤੀ ਸੀਮਾਵਾਂ ਨੂੰ ਤੋੜ ਕੇ ਪੂਰੀ ਤਰ੍ਹਾਂ ਨਵੀਆਂ ਸਮੱਸਿਆ-ਅਾਧਾਰਿਤ ਸਿੱਖਣ ਵਿਧੀਆਂ ਨਾਲ ਪ੍ਰਯੋਗ ਕਰਨ।
ਇਸ ਲਈ ਰੈਗੂਲੇਟਰੀ ਤੰਤਰ ’ਚ ਬਦਲਾਅ ਹੋਣਾ ਜ਼ਰੂਰੀ ਹੈ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ. ਜੀ. ਸੀ.) ਅਤੇ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏ.ਆਈ.ਸੀ.ਟੀ.ਈ.) ਵਰਗੀਆਂ ਸਰਕਾਰੀ ਸੰਸਥਾਵਾਂ ਨੂੰ ਇਸ ਕ੍ਰਾਂਤੀ ਦੇ ਸਰਪ੍ਰਸਤ ਦੀ ਬਜਾਏ ਇਸ ਦੇ ਸੂਤਰਧਾਰ ਵਜੋਂ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਸਖ਼ਤ ਪਾਲਣਾ ਲਾਗੂ ਕਰਨ ਦੀ ਬਜਾਏ ਨਵੀਨਤਾ ਕਰਨ ਦੀ ਹਿੰਮਤ ਦਿਖਾਉਣ ਵਾਲੇ ਸੰਸਥਾਨਾਂ ਨੂੰ ਸਰਗਰਮੀ ਨਾਲ ਪੁਰਸਕਾਰਿਤ ਕਰਨ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।
ਭਾਰਤੀ ਯੂਨੀਵਰਸਿਟੀਆਂ ਦੇ ਸਾਹਮਣੇ ਇਕ ਮੁਸ਼ਕਿਲ ਅਤੇ ਅਟੱਲ ਬਦਲ ਹੈ—ਜਾਂ ਤਾਂ ਆਪਣੀਆਂ ਸੀਮਾਵਾਂ ਨੂੰ ਤੋੜ ਕੇ ਗਤੀਸ਼ੀਲ ਅਤੇ ਅੰਤਰ-ਵਿਸ਼ੇਸ਼ ਵਿੱਦਿਅਕ ਸੰਸਥਾਨ ਬਣਨ, ਜਿਨ੍ਹਾਂ ਦੀ ਸਾਡੇ ਨੌਜਵਾਨਾਂ ਨੂੰ ਜਿਊਂਦੇ ਰਹਿਣ ਲਈ ਸਖ਼ਤ ਲੋੜ ਹੈ, ਜਾਂ ਫਿਰ ਅਸੈਂਬਲੀ ਲਾਈਨ ਬਣ ਕੇ ਅਜਿਹੇ ਕਾਰਜਬਲ ਦਾ ਉਤਪਾਦਨ ਕਰਦੀਆਂ ਰਹਿਣ, ਜਿਸ ਦੀ ਭਵਿੱਖ ’ਚ ਮਨਸੂਈ ਬੁੱਧੀਮਤਾ ਵਲੋਂ ਮੁੜ ਲਿਖੀ ਗਈ ਵਿਵਸਥਾ ’ਚ ਸ਼ਾਇਦ ਲੋੜ ਹੀ ਨਾ ਰਹੇ।
—ਜੀ. ਵੈਂਕਟੇਸ਼
(‘ਦਿ ਮਿੰਟ’ ਤੋਂ ਧੰਨਵਾਦ ਸਹਿਤ)
‘ਸ਼ੂਗਰ ਡੈਡੀ’ ਵਰਗੇ ਸਿਲਸਿਲੇ ਸਾਡੇ ਸੱਭਿਆਚਾਰ ਦੇ ਅਨੁਕੂਲ ਨਹੀਂ
NEXT STORY