ਕੀ ਸਾਨੂੰ ਅੱਜ ਵਰਗੇ ਹਫੜਾ-ਦਫੜੀ ਵਾਲੇ ਚਿੰਤਾਜਨਕ ਹਾਲਾਤ ’ਚੋਂ ਲੰਘ ਰਿਹਾ ਭਾਰਤ ਚਾਹੀਦਾ ਹੈ? ਜਾਂ ਫਿਰ ਅੰਮ੍ਰਿਤਸਰ ਸ਼ਹਿਰ ’ਚ ਸਾਲ 1919 ਦੀ ਰਾਮਨੌਮੀ ਮੌਕੇ ਆਯੋਜਿਤ ਵਿਸ਼ਾਲ ਸ਼ੋਭਾ ਯਾਤਰਾ ਵਰਗਾ ਦੇਸ਼ ? ਉਦੋਂ ਰਾਮਨੌਮੀ ਦੇ ਧਾਰਮਿਕ ਜਲੂਸ ਦੀ ਅਗਵਾਈ ਘੋੜੇ ’ਤੇ ਸਵਾਰ ਹੋ ਕੇ ਡਾਕਟਰ ਬਸ਼ੀਰ ਅਹਿਮਦ ਕਰ ਰਿਹਾ ਸੀ। ਉਸਦੇ ਪਿੱਛੇ-ਪਿੱਛੇ ਹਿੰਦੂ-ਸਿੱਖਾਂ ਤੇ ਮੁਸਲਮਾਨਾਂ ਦਾ ਵਿਸ਼ਾਲ ਹਜ਼ੂਮ ਚੱਲ ਰਿਹਾ ਸੀ। ਮੁਸਲਮਾਨ ਨੌਜਵਾਨ ਕੱਵਾਲੀ ਦੀ ਤਰਜ਼ ’ਤੇ ਭਗਵਾਨ ਰਾਮ ਦੇ ਭਜਨ ਗਾ ਕੇ ਸਮੁੱਚੇ ਵਾਤਾਵਰਣ ਨੂੰ ਮੁਹੱਬਤ, ਫਿਰਕੂ ਸਦਭਾਵਨਾ ਤੇ ਭਰਾਤਰੀ ਭਾਵ ਨਾਲ ਸ਼ਰਸਾਰ ਕਰ ਰਹੇ ਸਨ। ਸ਼ਹਿਰ ਦੇ ਹਾਲ ਬਾਜ਼ਾਰ ਦੇ ਦੋਨੋਂ ਪਾਸੇ ਸਿੱਖਾਂ ਤੇ ਮੁਸਲਮਾਨਾਂ ਨੇ ਆਪਣੇ ਹਿੰਦੂ ਭੈਣ-ਭਰਾਵਾਂ ਲਈ ਠੰਡੇ-ਮਿੱਠੇ ਜਲ ਦੀਆਂ ਛਬੀਲਾਂ ਲਾਈਆਂ ਹੋਈਆਂ ਸਨ। ਮੁੱਕਦੀ ਗੱਲ ਗੁਰੂ ਕੀ ਨਗਰੀ ਦੇ ਵਾਸੀਆਂ ਨੇ ਇਹ ਸਿੱਧ ਕਰ ਦਿੱਤਾ ਸੀ ਕਿ ਉਹ ਰਾਮ, ਰਹੀਮ ਤੇ ਵਾਹਿਗੁਰੂ ਨੂੰ ਇਕੋ ਨਜ਼ਰ ਨਾਲ ਵੇਖਦੇ ਹਨ।
ਬਿਨਾਂ ਸ਼ੱਕ, ਸਾਨੂੰ ਸਾਹ ਘੁੱਟਵੇਂ ਤਾਲਿਬਾਨੀ ਸ਼ਾਸਨ ਵਾਲੇ ਅਫਗਾਨਿਸਤਾਨ ਵਰਗਾ ਨਹੀਂ, ਰੰਗ-ਬਿਰੰਗੇ ਫੁੱਲਾਂ ਵਾਲੇ ਗੁਲਦਸਤੇ ਵਰਗਾ ਸਾਰੇ ਧਰਮ ਨੂੰ ਮੰਨਣ ਵਾਲਿਆਂ ਦਾ ਸਰਵਸਾਂਝਾ ਭਾਰਤ ਚਾਹੀਦਾ ਹੈ। ਤਾਂ ਹੀ ਆਪਾਂ ਸਾਰੇ ਮਿਲਜੁਲ ਕੇ ਵਧ ਰਹੇ ਆਰਥਿਕ ਪਾੜੇ ਨੂੰ ਖਤਮ ਕਰਦੇ ਹੋਏ ਬਰਾਬਰਤਾ ਤੇ ਸਾਂਝੀਵਾਲਤਾ ਵਾਲਾ ਸਮਾਜ ਸਿਰਜਣ ਦੇ ਯੋਗ ਬਣ ਸਕਾਂਗੇ।
ਅੱਜ ਦੇਸ਼ ਅੰਦਰ ਜਿਹੋ ਜਿਹਾ ਵੱਖੋ-ਵੱਖ ਧਰਮਾਂ ਨੂੰ ਮੰਨਣ ਵਾਲਿਆਂ ਦੇ ਮਨਾਂ ’ਚ ਇਕ-ਦੂਜੇ ਪ੍ਰਤੀ ਨਫ਼ਰਤ, ਸ਼ੱਕ, ਬੇਵਿਸਾਹੀ ਤੇ ਸੰਕੀਰਨਤਾ ਵਾਲਾ ਮਾਹੌਲ ਬਣਾ ਦਿੱਤਾ ਗਿਆ ਹੈ, ਉਹ ਦਿਨੋਂ-ਦਿਨ ਸਾਡੀ ਭਾਈਚਾਰਕ ਸਾਂਝ ਲਈ ਬਹੁਤ ਵੱਡਾ ਖਤਰਾ ਬਣਦਾ ਜਾ ਰਿਹਾ ਹੈ। ਕੱਟੜਪੰਥੀਆਂ ਵਲੋਂ ਸਾਜ਼ਿਸ਼ਨ ਕਰਵਾਏ ਜਾਂਦੇ ਫਿਰਕੂ ਦੰਗਿਆਂ ’ਚ ਅਕਸਰ ਜਾਨ-ਮਾਲ ਦਾ ਭਾਰੀ ਨੁਕਸਾਨ ਹੋ ਜਾਂਦਾ ਹੈ। ਸੰਕੀਰਨ ਸੋਚ ਅਧੀਨ ਸ਼ਹਿਰਾਂ, ਸੜਕਾਂ, ਰੇਲਵੇ ਸਟੇਸ਼ਨਾਂ ਆਦਿ ਦੇ ਨਾਂ ਬਦਲੇ ਜਾ ਰਹੇ ਹਨ। ਭਾਜਪਾ ਦੇ ਇਕ ਨੇਤਾ ਨੇ ਤਾਂ ਹਿੰਦੂ-ਮੁਸਲਿਮ ਮਰੀਜ਼ਾਂ ਲਈ ਹਸਪਤਾਲਾਂ ’ਚ ਵੱਖੋ-ਵੱਖਰੇ ਵਾਰਡ ਖੋਲ੍ਹਣ ਦੀ ਮੰਗ ਕਰ ਕੇ ਗਿਰਾਵਟ ਦੀਆਂ ਸਾਰੀਆਂ ਹੱਦਾਂ ਹੀ ਪਾਰ ਕਰ ਛੱਡੀਆਂ ਹਨ। ਇਉਂ ਹੀ ਲੋਕਾਂ ਅੰਦਰ ਨਫ਼ਰਤ ਦੇ ਬੀਜ ਬੀਜਣ ਲਈ ਹਿੰਦੂ-ਮੁਸਲਮਾਨਾਂ ਲਈ ਮੀਟ-ਮੱਛੀ ਦੀਆਂ ਅੱਡੋ-ਅੱਡ ਦੁਕਾਨਾਂ ਖੋਲ੍ਹਣ ਦੀ ਮੰਗ ਵੀ ਕੀਤੀ ਜਾ ਰਹੀ ਹੈ।
ਆਜ਼ਾਦੀ ਸੰਗਰਾਮ ’ਚ ਜਾਨ ਤਲੀ ’ਤੇ ਰੱਖ ਕੇ ਜੂਝਣ ਵਾਲੇ ਦੇਸ਼ ਭਗਤਾਂ ਤੇ ਆਜ਼ਾਦ ਭਾਰਤ ਦੇ ਲੋਕਾਂ ਨੇ ਦੇਸ਼ ਨੂੰ ਖੁਸ਼ਹਾਲ ਤੇ ਸ਼ਾਂਤੀ ਨਾਲ ਮਿਲਜੁਲ ਕੇ ਰਹਿਣ ਯੋਗ ਬਣਾਉਣ ਦੀ ਜੋ ਕਲਪਨਾ ਕੀਤੀ ਸੀ, ਉਹ ਅੱਜ ਮਿੱਟੀ ’ਚ ਮਿਲਦੀ ਨਜ਼ਰ ਆ ਰਹੀ ਹੈ। ਮੁਗ਼ਲ ਬਾਦਸ਼ਾਹਾਂ ਦੀਆਂ ਕਬਰਾਂ ਪੁੱਟਣ ਤੇ ਮਸਜਿਦਾਂ ਨੂੰ ਝਗੜੇ ਵਾਲੀ ਥਾਂ ਕਰਾਰ ਦੇ ਕੇ ਬੁਲਡੋਜ਼ਰ ਚਲਾਉਣਾ ਜਿੱਥੇ ਹਾਕਮਾਂ ਨੇ ਚੋਖੇ ਫਾਇਦੇ ਦਾ ਸਿਆਸੀ ਧੰਦਾ ਬਣਾ ਲਿਆ ਹੈ, ਉੱਥੇ ਹੋਰ ਕਈਆਂ ਲਈ ਇਹ ਮਨ ਪ੍ਰਚਾਵੇ ਦਾ ‘ਸ਼ੁਗਲ’ ਬਣ ਗਿਆ ਹੈ। ਔਰੰਗਜ਼ੇਬ ਜਿਹੇ ਕਿਰਦਾਰ ਵਾਲੇ ਰਾਜੇ-ਮਹਾਰਾਜੇ, ਜਿਨ੍ਹਾਂ ਨੇ ਆਪਣੀ ਖਲਕਤ ’ਤੇ ਅਕਹਿ ਤੇ ਅਸਹਿ ਜ਼ੁਲਮ ਢਾਹੇ ਸਨ, ਨਾ ਕੇਵਲ ਸਾਰੇ ਧਰਮਾਂ ਨਾਲ ਸਬੰਧਤ ਹਨ, ਬਲਕਿ ਇਨ੍ਹਾਂ ਪਾਪ ਕਮਾਉਣ ਵਾਲਿਆਂ ਦੀ ਸੂਚੀ ਵੀ ਬੜੀ ਲੰਮੀ ਹੈ। ਸੁਤੰਤਰਤਾ ਸੰਗਰਾਮ ਦੌਰਾਨ ਅੰਗਰੇਜ਼ੀ ਸਾਮਰਾਜ ਦੇ ਟੋਡੀਆਂ ਦਾ ਰੋਲ ਅਦਾ ਕਰਨ ਵਾਲੇ ਅਜਿਹੇ ਹੀ ਰਾਜੇ-ਰਜਵਾੜੇ ਤੇ ਜਗੀਰਦਾਰ ਹੀ ਸਨ, ਜੋ ਅੱਜ ਵੀ ਲੋਕ ਚੇਤਿਆਂ ’ਚੋਂ ਨਹੀਂ ਵਿਸਰੇ। ਵੱਖੋ-ਵੱਖ ਵੰਨਗੀ ਦੇ ਧਾਰਮਿਕ ਉਤਸਵਾਂ ਤੇ ਸਮਾਜਿਕ ਆਯੋਜਨਾਂ ’ਚ ਸਾਰੇ ਫਿਰਕਿਆਂ ਤੇ ਜਾਤੀਆਂ ਦੇ ਲੋਕਾਂ ਦੀ ਸ਼ਿਰਕਤ, ਜੋ ਕਦੀ ਇਕ ਖੂਬਸੂਰਤ ਤੇ ਦਿਲ ਖਿੱਚਵਾਂ ਨਜ਼ਾਰਾ ਪੇਸ਼ ਕਰਦੀ ਸੀ, ਅੱਜ ਕੁੱਝ ਲੋਕਾਂ ਦੇ ਨਫਰਤੀ ਭਾਸ਼ਣਾਂ ਤੇ ਭੜਕਾਊ ਕਾਰਵਾਈਆਂ ਕਾਰਨ ਅਲੋਪ ਹੁੰਦੀ ਜਾ ਰਹੀ ਹੈ।
ਹੋਲੀ-ਦੀਵਾਲੀ, ਈਦ-ਰਮਜ਼ਾਨ, ਨਵਰਾਤਰੇ-ਡਾਂਡੀਆ ਵਰਗੇ ਪੁਰਬਾਂ ’ਤੇ ਇਕ-ਦੂਜੇ ਨੂੰ ਜੱਫੀਆਂ ਪਾ ਕੇ ਵਧਾਈਆਂ ਦੇਣ ਦੇ ਰੂਹ ਨੂੰ ਸਕੂਨ ਬਖਸ਼ਨ ਵਾਲੇ ਦ੍ਰਿਸ਼ ਬੀਤੇ ਦੀ ਗੱਲ ਬਣਦੇ ਜਾ ਰਹੇ ਹਨ। ਹਾਲਾਂਕਿ ਸਮਾਜ ਅੰਦਰ ਅਜਿਹੇ ਲੋਕ ਅੱਜ ਵੀ ਮੌਜੂਦ ਹਨ, ਜਿਨ੍ਹਾਂ ਨੇ ਆਪਣੀ ਜਾਨ ਜੋਖਮ ’ਚ ਪਾ ਕੇ ਫਿਰਕੂ ਦੰਗਿਆਂ ਜਾਂ ਤਣਾਅ ਭਰੇ ਮਾਹੌਲ ’ਚ ਦੂਜੇ ਧਰਮਾਂ ਦੇ ਲੋਕਾਂ ਨੂੰ ਆਪਣੇ ਘਰਾਂ ’ਚ ਸ਼ਰਨ ਤੇ ਸੁਰੱਖਿਆ ਪ੍ਰਦਾਨ ਕੀਤੀ ਹੈ।
ਪਿਛਲੀਆਂ ਦੋ ਓਲੰਪਿਕ ਖੇਡਾਂ ਅੰਦਰ ਕ੍ਰਮਵਾਰ ਭਾਰਤ ਦੇ ਨੀਰਜ ਚੋਪੜਾ ਤੇ ਪਾਕਿਸਤਾਨ ਦੇ ਅਰਸ਼ਦ ਨਦੀਨ ਵੱਲੋਂ ਸੋਨ ਤਮਗਾ ਜਿੱਤਣ ’ਤੇ ਦੋਵਾਂ ਦੀਆਂ ਮਾਵਾਂ ਨੇ ਇਹ ਕਹਿ ਕੇ ਨਵਾਂ ਇਤਿਹਾਸ ਰਚ ਦਿੱਤਾ ਹੈ ਕਿ, ‘‘ਦੋਨੋਂ ਪੁੱਤਰ ਸਾਡੇ ਹੀ ਤਾਂ ਹਨ! ਇਸ ਨਾਲ ਕੀ ਫਰਕ ਪੈਂਦਾ ਹੈ ਕਿ ਸੋਨ ਤਮਗਾ ਕਿਸ ਨੇ ਜਿੱਤਿਆ ਹੈ ਤੇ ਚਾਂਦੀ ਦਾ ਮੈਡਲ ਕਿਸ ਦੀ ਝੋਲੀ ਪਿਆ ਹੈ? ’’
ਇਸੇ ਤਰ੍ਹਾਂ ਇਕ ਮੁਸਲਮਾਨ ਸਿਪਾਹੀ ਨੇ ਆਪਣੀ ਜਾਨ ਲਈ ਜੋਖਮ ਸਹੇੜਦੇ ਹੋਏ ਜਿਵੇਂ ਗੰਗਾ ’ਚ ਛਾਲ ਮਾਰ ਕੇ ਡੁੱਬ ਰਹੇ ਕਾਂਵੜੀਆਂ ਨੂੰ ਬਚਾਇਆ ਸੀ, ਉਹ ਇਸ ਗੱਲ ਦਾ ਸਬੂਤ ਹੈ ਕਿ ਹਿੰਦੂ ਮੁਸਲਮਾਨਾਂ ਦੀਆਂ ਗੂੜ੍ਹੀਆਂ ਪਿਆਰ ਭਰੀਆਂ ਸਾਂਝਾ ਨੂੰ ਕੋਈ ਵੀ ਫਿਰਕੂ ਜਨੂੰਨੀ ਤਬਾਹ ਨਹੀਂ ਕਰ ਸਕਦਾ। ਇਉਂ ਹੀ ਮਹਾਕੁੰਭ ਦੌਰਾਨ ਪ੍ਰਯਾਗਰਾਜ ਵਿਖੇ ਮੱਚੀ ਭਾਜੜ ਸਮੇਂ ਮੁਸਲਮਾਨਾਂ ਨੇ ਜਿਵੇਂ ਜ਼ਖ਼ਮੀ ਤੇ ਭੁੱਖੇ-ਤਿਹਾਏ ਸ਼ਰਧਾਲੂਆਂ ਲਈ ਆਪਣੇ ਘਰਾਂ, ਇਬਾਦਤਗਾਹਾਂ ਦੇ ਦਰ ਖੋਲ੍ਹੇ ਅਤੇ ਹਰ ਲੋੜੀਂਦੀ ਵਸਤੂ ਮੁਹੱਈਆ ਕਰਵਾਈ ਉਸ ਤੋਂ ਇਹ ਭਰੋਸਾ ਪੱਕਾ ਹੁੰਦਾ ਹੈ ਕਿ ਇਨਸਾਨੀਅਤ ਜ਼ਿੰਦਾਬਾਦ ਹੈ ਅਤੇ ਰਹੇਗੀ।
ਮਜ਼ਦੂਰਾਂ ਤੋਂ ਲੈ ਕੇ ਗਰੀਬ ਕਿਸਾਨ ਤੇ ਛੋਟਾ-ਮੋਟਾ ਧੰਦਾ ਚਲਾ ਰਹੇ ਵਪਾਰੀ ਕੇਂਦਰ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਕਰ ਕੇ ਲਗਾਤਾਰ ਆਰਥਿਕ ਕੰਗਾਲੀ ਵੱਲ ਨੂੰ ਧੱਕੇ ਜਾ ਰਹੇ ਹਨ। ਦੇਸ਼ ਦਾ ਕੋਈ ਵੀ ਕਾਨੂੰਨ, ਆਰਥਿਕ ਨੀਤੀਆਂ ਅਤੇ ਅਰਥਵਿਵਸਥਾ ਦੀ ਸਮੁੱਚੀ ਸੇਧ ਸਾਮਰਾਜੀ ਦਖ਼ਲ ਤੋਂ ਮੁਕਤ ਨਹੀਂ ਹਨ।
ਇਹ ਗੱਲ ਸਾਫ ਹੈ ਕਿ ਜੇ ਆਰਥਿਕ ਤੇ ਸਮਾਜਿਕ ਪੱਖੋਂ ਦੇਸ਼ ਦੇ ਹਾਲਾਤ ਇਉਂ ਹੀ ਵਿਗੜਦੇ ਰਹੇ ਤਾਂ ਸਾਡੇ ਲੋਕਾਂ ਲਈ ਬਹੁਤ ਹੀ ਬੁਰੇ ਦਿਨਾਂ ਦੀ ਆਮਦ ਨੂੰ ਕੋਈ ਨਹੀਂ ਰੋਕ ਸਕੇਗਾ। ਲੋਕਾਂ ਦੇ ਮਨਾਂ ਅੰਦਰ ਭਰੀ ਜਾ ਰਹੀ ਇਕ-ਦੂਜੇ ਪ੍ਰਤੀ ਧਰਮ ਆਧਾਰਤ ਨਫਰਤ ਅਤੇ ਬੇਗਾਨਗੀ ਦੀ ਭਾਵਨਾ ਲੰਬਾ ਸਮਾਂ ਦੇਸ਼ ਦੀ ਏਕਤਾ-ਅਖੰਡਤਾ ਲਈ ਵੀ ਖੁਸ਼ਗਵਾਰ ਨਹੀਂ ਰਹਿਣੀ।
ਦੇਸ਼ ਦੇ ਧਰਮ ਨਿਰਪੱਖ, ਲੋਕਰਾਜੀ ਤੇ ਫੈਡਰਲ ਢਾਂਚੇ ਦੀ ਰਾਖੀ ਕਰਨ ਦੀ ਪ੍ਰਮੁੱਖ ਜ਼ਿੰਮੇਵਾਰੀ ਭਾਵੇਂ ਹਾਕਮ ਧਿਰ ਦੀ ਹੈ ਪਰ ਨਾਲ ਹੀ ਸਰਕਾਰ ਦੇ ਵਿਰੋਧ ’ਚ ਕੰਮ ਕਰ ਰਹੀਆਂ ਰਾਜਸੀ-ਸਮਾਜਿਕ ਧਿਰਾਂ ਨੂੰ ਵੀ ਦੇਸ਼ ਤੇ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਣ ਤੇ ਨਿਭਾਉਣ ਦੀ ਲੋੜ ਹੈ। ਦੇਸ਼ ਦੇ ਧਰਮ ਨਿਰਪੱਖ ਢਾਂਚੇ ਨੂੰ ਤੋੜ ਕੇ ਇਕ ਧਰਮ ਆਧਾਰਤ ਦੇਸ਼ ਬਣਾਉਣਾ, ਜਿਸ ਬਾਰੇ ਆਰ. ਐੱਸ. ਐੱਸ. ਨਾਲ ਜੁੜੇ ਸੰਗਠਨ ਤੇ ਵਿਅਕਤੀ ਹਰ ਰੋਜ਼ ਹੀ ਬਿਆਨਬਾਜ਼ੀ ਕਰਦੇ ਰਹਿੰਦੇ ਹਨ, ਵੀ ਭਾਰਤੀ ਸੰਵਿਧਾਨ ਦੀ ਸਰਾਸਰ ਉਲੰਘਣਾ ਹੈ।
ਮੰਗਤ ਰਾਮ ਪਾਸਲਾ
ਮਹਿਲਾ ਸਸ਼ਕਤੀਕਰਨ ਅਤੇ ਦਾਜ
NEXT STORY