ਹਾਲ ਹੀ ਵਿਚ ਇਕ ਹਫ਼ਤੇ ਦੇ ਅੰਦਰ 3 ਨਜ਼ਦੀਕੀ ਪਰਿਵਾਰਕ ਮੈਂਬਰਾਂ ਦੀ ਮੌਤ ਹੋ ਗਈ, ਦੋ ਦਿੱਲੀ ਵਿਚ ਅਤੇ ਇਕ ਆਗਰਾ ਵਿਚ। ਸੋਗ ਦੇ ਮਾਹੌਲ ਵਿਚ ਹਰ ਪਾਸੇ ਇਕ ਚੀਜ਼ ਇਕੋ ਜਿਹੀ ਦਿਖਾਈ ਦਿੱਤੀ। ਅੰਤਿਮ ਸੰਸਕਾਰ ਤੋਂ ਬਾਅਦ ਜਦੋਂ ਸਾਰੇ ਵਾਪਸ ਆਉਂਦੇ ਹਨ ਤਾਂ ਉਸ ਘਰ ਦੀ ਔਰਤ ਦੇ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਦੇ ਖਾਣੇ ਦਾ ਪ੍ਰਬੰਧ ਕਰਨਾ ਪੈਂਦਾ ਹੈ।
ਜੇਕਰ ਪਤੀ ਦੀ ਮੌਤ ਹੋ ਗਈ ਹੈ ਤਾਂ ਪਤਨੀ ਦੇ ਮਾਤਾ-ਪਿਤਾ, ਜੇਕਰ ਕਿਸੇ ਦੇ ਪੁੱਤਰ ਦੀ ਮੌਤ ਹੋ ਗਈ ਹੈ ਤਾਂ ਨੂੰਹ ਦੇ ਮਾਤਾ-ਪਿਤਾ। ਜੇਕਰ ਕਿਸੇ ਔਰਤ ਦੀ ਮੌਤ ਹੋ ਜਾਂਦੀ ਹੈ ਤਾਂ ਵੀ ਔਰਤ ਦੇ ਪਰਿਵਾਰ ਨੂੰ ਖਾਣੇ ਦਾ ਪ੍ਰਬੰਧ ਕਰਨਾ ਪਵੇਗਾ।
ਜਦੋਂ ਪੁੱਛਿਆ ਗਿਆ ਕਿ ਅਜਿਹਾ ਕਿਉਂ ਤਾਂ ਦੱਸਿਆ ਗਿਆ ਕਿ ਜਿਸ ਪਰਿਵਾਰ ਵਿਚ ਅਜਿਹੀ ਦੁਖਦਾਈ ਘਟਨਾ ਵਾਪਰੀ ਹੈ, ਉਸ ਪਰਿਵਾਰ ਵਿਚ ਸੋਗ ਹੈ। ਇਸੇ ਲਈ ਇਹ ਇਕ ਰਿਵਾਜ ਹੈ। ਇਹ ਕਿਹੋ ਜਿਹਾ ਰਿਵਾਜ ਹੈ? ਕੀ ਉਸ ਦੇ ਮਾਪੇ ਆਪਣੀ ਧੀ, ਭੈਣ ਆਦਿ ਦੇ ਜਾਣ ਨਾਲ ਦੁਖੀ ਨਹੀਂ ਹੋਣਗੇ? ਉਨ੍ਹਾਂ ’ਤੇ ਦੁੱਖ ਦਾ ਪਹਾੜ ਨਹੀਂ ਟੁੱਟਿਆ ਹੋਵੇਗਾ। ਪਰ ਉਨ੍ਹਾਂ ਦੇ ਦੁੱਖ ਤੋਂ ਕਿਸੇ ਨੂੰ ਕੀ ਲੈਣਾ ਦੇਣਾ ਹੈ? ਇਕ ਔਰਤ ਦਾ ਜਾਣਾ ਵੀ ਕੋਈ ਜਾਣਾ ਹੁੰਦਾ ਹੈ।
ਕਈ ਵਾਰ ਅਜਿਹਾ ਲੱਗਦਾ ਹੈ ਕਿ ਸਾਡੇ ਦੇਸ਼ ਵਿਚ ਵਿਆਹ ਪ੍ਰਣਾਲੀ ਔਰਤ ਦੇ ਪਰਿਵਾਰ ਦੇ ਜੀਵਨ ਭਰ ਕੀਤੇ ਜਾਣ ਵਾਲੇ ਸ਼ੋਸ਼ਣ ਨਾਲ ਜੁੜੀ ਹੋਈ ਹੈ। ਆਖ਼ਿਰਕਾਰ ਭਾਰਤ ਵਿਚ ਵਿਆਹ ਦਾ ਬਾਜ਼ਾਰ ਉਂਝ ਹੀ ਇਸ ਤਰ੍ਹਾਂ ਅਰਬਾਂ-ਖਰਬਾਂ ਦਾ ਨਹੀਂ ਹੈ। ਆਓ ਵਿਆਹ ਤੋਂ ਸ਼ੁਰੂਆਤ ਕਰਦੇ ਹਾਂ।
ਮੁੰਡੇ ਅਤੇ ਕੁੜੀ ਨੂੰ ਦੇਖਣ ਅਤੇ ਪਸੰਦ ਕਰਨ ਤੋਂ ਬਾਅਦ, ਪੱਕੀ ਜਾਂ ਰੋਕੇ ਦੀ ਰਸਮ ਹੁੰਦੀ ਹੈ। ਇਸ ਵਿਚ ਵਾਹਵਾ ਖਾਣ-ਪੀਣ, ਪੈਸਾ, ਮਠਿਆਈਆਂ, ਕੱਪੜੇ ਆਦਿ ਦਾ ਲੈਣ-ਦੇਣ ਹੁੰਦਾ ਹੈ। ਫਿਰ ਲਗਨ, ਮਹਿੰਦੀ, ਹਲਦੀ। ਪਹਿਲਾਂ ਘਰ ਵਿਚ ਹੀ ਮਹਿੰਦੀ ਅਤੇ ਹਲਦੀ ਲੱਗ ਜਾਂਦੀ ਸੀ ਪਰ ਹੁਣ ਇਸ ਦੇ ਲਈ ਬਾਹਰ ਚੰਗੀ ਜਗ੍ਹਾ ਲੱਭਣੀ ਪੈਂਦੀ ਹੈ।
ਇਨ੍ਹਾਂ ਸਮਾਗਮਾਂ ’ਚ ਵੀ ਖਾਣ-ਪੀਣ ਦਾ ਦੌਰ ਚੱਲਦਾ ਹੈ। ਹੁਣ ਵਿਆਹ ਦੀ ਗੱਲ ਆਉਂਦੀ ਹੈ। ਜਦੋਂ ਤੋਂ ਸਾਡੇ ਇੱਥੇ ਬ੍ਰਾਂਡ ਦਾ ਦਾਖਲਾ ਹੋਇਆ ਹੈ, ਤਦ ਤੋਂ ਨਾ ਸਿਰਫ਼ ਲੜਕੇ ਵਾਲਿਆਂ ਨੂੰ, ਸਗੋਂ ਕੁੜੀ ਵਾਲੇ ਪਾਸੇ ਦੇ ਰਿਸ਼ਤੇਦਾਰ ਵੀ ਮਸ਼ਹੂਰ ਬ੍ਰਾਂਡਾਂ ਦੇ ਕੱਪੜੇ-ਤੋਹਫ਼ੇ ਹੀ ਚਾਹੁੰਦੇ ਹਨ।
ਵਿਆਹ ਵੀ ਕਿਸੇ ਮਹਿੰਗੇ ਹੋਟਲ, ਬੈਂਕੁਇਟ ਹਾਲ ਜਾਂ ਫਾਰਮ ਹਾਊਸ ਵਿਚ ਹੋਣਾ ਚਾਹੀਦਾ ਹੈ। ਜਿੰਨੇ ਜ਼ਿਆਦਾ ਪਕਵਾਨ ਹੋਣਗੇ, ਵਿਆਹ ਓਨਾ ਹੀ ਵਧੀਆ ਹੋਵੇਗਾ। ਫਿਰ ਜੇ ਗਹਿਣਿਆਂ, ਕੱਪੜਿਆਂ, ਨਕਦੀ ਦੀ ਗੱਲ ਹੋਵੇ ਤਾਂ ਉਹ ਵੀ। ਫੇਰਿਆ ਤੋਂ ਪਹਿਲਾਂ ਮੁੰਡੇ ਵਾਲੇ ਕਿਸੇ ਮੰਗ ’ਤੇ ਅੜ ਗਏ ਤਾਂ ਉਹ ਵੀ ਪੂਰੀ ਕਰਨੀ ਪੈਂਦੀ ਹੈ।
ਦਹਾਕੇ ਪਹਿਲਾਂ, ਕੁੜੀ ਲਈ ਗਹਿਣੇ ਅਤੇ ਕੱਪੜੇ ਉਸ ਦੇ ਸਹੁਰਿਆਂ ਤੋਂ ਆਉਂਦੇ ਸਨ, ਪਰ ਹੁਣ, ਸਿਰਫ਼ ਕੁੜੀ ਲਈ ਹੀ ਨਹੀਂ, ਉਸ ਦੇ ਸਹੁਰਿਆਂ ਦੇ ਸਾਰੇ ਰਿਸ਼ਤੇਦਾਰਾਂ ਨੂੰ ਵੀ ਗਹਿਣੇ-ਕੱਪੜੇ ਦੇਣੇ ਪੈਂਦੇ ਹਨ। ਕਈ ਵਾਰ ਵੱਡੀ ਕਾਰ, ਹਨੀਮੂਨ ਲਈ ਵਿਸ਼ਵ ਟੂਰ ਦੀਆਂ ਟਿਕਟਾਂ ਦੀ ਵੀ ਮੰਗ ਕੀਤੀ ਜਾਂਦੀ ਹੈ। ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਕੁੜੀ ਨੂੰ ਆਪਣੇ ਸਹੁਰੇ ਘਰ ਕੁਝ ਨਹੀਂ ਸੁਣਨਾ ਪਵੇਗਾ।
ਿਜੰਨੀ ਵਾਰ ਲੜਕੀ ਵਿਦਾ ਹੋ ਕੇ ਆਪਣੇ ਮਾਪਿਆਂ ਨੂੰ ਆਉਂਦੀ ਹੈ, ਜਵਾਈ ਜੀ ਉਸ ਨੂੰ ਲੈਣ ਆਉਂਦੇ ਹਨ, ਓਨੀ ਵਾਰ ਹੀ ਉਨ੍ਹਾਂ ਦੀ ਜੰਮ ਕੇ ਆਓ ਭਗਤ ਕਰਨੀ ਪੈਂਦੀ ਹੈ। ਤੋਹਫੇ ਦੇਣੇ ਪੈਂਦੇ ਹਨ। ਸਾਲ ਭਰ ਦੇ ਤਿਉਹਾਰਾਂ ’ਤੇ, ਮੁੰਡੇ ਦੇ ਪਰਿਵਾਰ ਦੇ ਰਿਵਾਜਾਂ ਅਨੁਸਾਰ ਮਠਿਆਈਆਂ, ਕੱਪੜੇ ਅਤੇ ਹੋਰ ਚੀਜ਼ਾਂ ਭੇਜਣੀਆਂ ਪੈਂਦੀਆਂ ਹਨ। ਭਾਵੇਂ ਵਿਆਹ ਦੀ ਵਰ੍ਹੇਗੰਢ ਹੋਵੇ, ਤੋਹਫ਼ਿਆਂ ਦੀ ਕੋਈ ਕਮੀ ਨਹੀਂ ਹੋਣੀ ਚਾਹੀਦੀ।
ਹੁਣ ਦੇਖਦੇ ਹਾਂ ਇਸ ਜੋੜੇ ਦੇ ਇਕ ਬੱਚਾ ਹੋਇਆ। ਕਈ ਥਾਵਾਂ ’ਤੇ ਤਾਂ ਲੜਕੀ ਨੂੰ ਬੱਚੇ ਦੇ ਜਨਮ ਲਈ ਉਸ ਦੇ ਮਾਪਿਆਂ ਦੇ ਘਰ ਭੇਜ ਦਿੱਤਾ ਜਾਂਦਾ ਹੈ। ਫਿਰ ਕਈ ਤਰ੍ਹਾਂ ਦੇ ਤੋਹਫ਼ੇ, ਗਹਿਣੇ, ਕੱਪੜੇ, ਮਠਿਆਈਆਂ ਅਤੇ ਹੋਰ ਵੀ ਬਹੁਤ ਕੁਝ। ਸਾਡੇ ਇਲਾਕੇ ਵਿਚ ਇਸਨੂੰ ਛੂਛਕ ਕਿਹਾ ਜਾਂਦਾ ਹੈ।
ਫਿਰ ਵਿਚਕਾਰ ਇਹ ਮੰਗਾਂ ਵੀ ਹਨ ਕਿ ਹੁਣ ਜੇ ਤੁਸੀਂ ਘਰ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਪੈਸੇ ਦੀ ਲੋੜ ਹੈ। ਬੱਚਿਆਂ ਨੂੰ ਚੰਗੇ ਸਕੂਲ ਵਿਚ ਦਾਖਲ ਕਰਵਾਉਣਾ ਹੈ, ਪਤੀ ਨੇ ਕੋਈ ਨਵਾਂ ਕਾਰੋਬਾਰ ਸ਼ੁਰੂ ਕਰਨਾ ਹੈ, ਇਸ ਲਈ ਪੈਸੇ ਦੀ ਲੋੜ ਹੈ।
ਵਿਆਹ ਨੂੰ ਕਈ ਦਹਾਕੇ ਬੀਤ ਗਏ। ਹੁਣ ਬੱਚਿਆਂ ਦੇ ਵਿਆਹ ਦਾ ਸਮਾਂ ਆ ਗਿਆ। ਫਿਰ ਚੌਲ ਮਾਂ ਦੇ ਪਰਿਵਾਰ ਤੋਂ ਆਉਣਗੇ। ਇਸ ਵਿਚ ਸਾਰੇ ਰਿਸ਼ਤੇਦਾਰਾਂ ਲਈ ਕੱਪੜੇ, ਮਠਿਆਈਆਂ, ਗਹਿਣੇ, ਫਲ, ਨਕਦੀ ਆਦਿ ਵੀ ਲਿਆਉਣੇ ਪੈਂਦੇ ਹਨ। ਮੰਨ ਲਓ ਦੋ ਬੱਚੇ ਹਨ ਤਾਂ ਦੋਵਾਂ ਦੇ ਵਿਆਹ ਦੇ ਮੌਕੇ ’ਤੇ। ਤਿੰਨ-ਚਾਰ ਹੋਣ ਤਾਂ ਵੀ। ਹੁਣ ਵਿਆਹ ਦੇ 25 ਅਤੇ 50 ਸਾਲ ਮਨਾਉਣ ਦਾ ਰਿਵਾਜ ਵੀ ਸ਼ੁਰੂ ਹੋ ਗਿਆ ਹੈ। ਇਸ ਵਿਚ ਵੀ ਬਹੁਤ ਕੁਝ ਦੇਣਾ ਪੈਂਦਾ ਹੈ।
ਭਾਵੇਂ ਭਜਨ ਸ਼ਾਮ ਜਾਂ ਜਾਗਰਣ ਦਾ ਕੋਈ ਆਯੋਜਨ ਹੋਵੇ, ਫਿਰ ਵੀ ਇਸ ਦਾ ਭਾਰ ਔਰਤ ਦੇ ਪਰਿਵਾਰਕ ਮੈਂਬਰਾਂ ’ਤੇ ਪੈਂਦਾ ਹੈ। ਜਿਵੇਂ-ਜਿਵੇਂ ਉਮਰ ਬੀਤਦੀ ਹੈ, ਅਸੀਂ ਜ਼ਿੰਦਗੀ ਦੇ ਆਖਰੀ ਪੜਾਅ ਵੱਲ ਵਧਦੇ ਹਾਂ। ਜੇਕਰ ਪਤੀ ਦੀ ਮੌਤ ਹੋ ਜਾਂਦੀ ਹੈ ਤਾਂ ਭੋਜਨ ਆਦਿ ਦੀ ਜ਼ਿੰਮੇਵਾਰੀ ਔਰਤ ਦੇ ਪਰਿਵਾਰ ’ਤੇ ਆਉਂਦੀ ਹੈ। ਦਸਤਾਰ ਦੀ ਰਸਮ ਆਦਿ ’ਤੇ ਵੀ ਹਰ ਤਰ੍ਹਾਂ ਦੀ ਭੇਟ ਅਤੇ ਉਦੋਂ ਵੀ ਜਦੋਂ ਔਰਤ ਦੀ ਮੌਤ ਹੋ ਗਈ।
ਇਹ ਸਭ ਕੁਝ ਦੇਖਣ ਤੋਂ ਬਾਅਦ ਕੀ ਸਾਨੂੰ ਥੋੜ੍ਹਾ ਜਿਹਾ ਵੀ ਸੰਕੋਚ ਨਹੀਂ ਹੁੰਦਾ? ਲੜਕੀ ਅਤੇ ਉਸ ਦੇ ਪਰਿਵਾਰ ਲਈ ਵਿਆਹ ਇੰਨੀ ਵੱਡੀ ਸਮੱਸਿਆ ਕਿਉਂ ਹੈ? ਦਾਜ ਵਿਰੁੱਧ ਭਾਵੇਂ ਕਿੰਨੇ ਵੀ ਕਾਨੂੰਨ ਬਣਾਏ ਜਾਣ, ਪ੍ਰੰਪਰਾ ਦੇ ਨਾਮ ’ਤੇ ਕੁੜੀ ਦੇ ਪਰਿਵਾਰ ਨੂੰ ਕਈ ਤਰੀਕਿਆਂ ਨਾਲ ਲੁੱਟਣਾ ਸਾਡੇ ਸਮਾਜ ਦੀ ਹਕੀਕਤ ਹੈ। ਦੁੱਖ ਦੀ ਗੱਲ ਇਹ ਹੈ ਕਿ ਲੜਕੀਆਂ ਨੇ ਭਾਵੇਂ ਕਿੰਨੀ ਵੀ ਸਿੱਖਿਆ ਪ੍ਰਾਪਤ ਕੀਤੀ ਹੋਵੇ ਅਤੇ ਉਹ ਕਿੰਨੀਆਂ ਵੀ ਆਤਮਨਿਰਭਰ ਬਣ ਰਹੀਆਂ ਹੋਣ, ਉਨ੍ਹਾਂ ਨੂੰ ਇਨ੍ਹਾਂ ਵਿਆਹ ਦੀਆਂ ਪ੍ਰੰਪਰਾਵਾਂ ਅਤੇ ਰਿਵਾਜਾਂ ਤੋਂ ਆਸਾਨੀ ਨਾਲ ਛੁਟਕਾਰਾ ਨਹੀਂ ਮਿਲਦਾ।
ਮੈਨੂੰ ਨਹੀਂ ਪਤਾ ਕਿ ਦਾਜ ਨੂੰ ਸਿਰਫ਼ ਨਕਦੀ ਹੀ ਕਿਉਂ ਮੰਨਿਆ ਜਾਂਦਾ ਹੈ। ਜਦੋਂ ਕਿ ਕੁੜੀ ਦੇ ਵਿਆਹ ਦਾ ਮਤਲਬ ਹੈ ਜ਼ਿੰਦਗੀ ਭਰ ਕਿਸੇ ਨਾ ਕਿਸੇ ਰੂਪ ਵਿਚ ਦਾਜ ਦੇਣਾ। ਕਈ ਵਾਰ ਲੋਕ ਦਾਜ ਨਾ ਲੈਣ ਦੀ ਸਹੁੰ ਖਾਂਦੇ ਹਨ, ਬਹੁਤ ਸਾਰੇ ਲੋਕ ਅਜਿਹਾ ਕਰਦੇ ਦਿਖਾਈ ਦਿੰਦੇ ਹਨ ਪਰ ਸਮਾਜ ਦੇ ਬਹੁਗਿਣਤੀ ਹਿੱਸੇ ਵਿਚ ਕੋਈ ਹਰਕਤ ਦਿਖਾਈ ਨਹੀਂ ਦਿੰਦੀ।
ਆਖ਼ਿਰਕਾਰ ਵਿਆਹ ਇਕ ਔਰਤ ਅਤੇ ਉਸ ਦੇ ਪਰਿਵਾਰ ਲਈ ਇੰਨੀ ਸਮੱਸਿਆ ਕਿਉਂ ਹੈ? ਜਨਮ ਤੋਂ ਪਹਿਲਾਂ ਹੀ ਲੜਕੀਆਂ ਤੋਂ ਛੁਟਕਾਰਾ ਪਾਉਣ ਦੇ ਗੰਭੀਰ ਅਪਰਾਧ ਇਨ੍ਹਾਂ ਹੀ ਕਾਰਨਾਂ ਕਰ ਕੇ ਕੀਤੇ ਜਾਂਦੇ ਹਨ। ਜਦੋਂ ਤੱਕ ਅਸੀਂ ਇਨ੍ਹਾਂ ਅਖੌਤੀ ਪ੍ਰੰਪਰਾਵਾਂ ਅਤੇ ਰਿਵਾਜਾਂ ਤੋਂ ਮੁਕਤ ਨਹੀਂ ਹੁੰਦੇ, ਮਹਿਲਾ ਸਸ਼ਕਤੀਕਰਨ ਬਾਰੇ ਗੱਲਾਂ ਕਰਨੀਆਂ ਅਰਥਹੀਣ ਹਨ।
–ਸ਼ਮਾ ਸ਼ਰਮਾ
ਅਮਰੀਕੀ ਸੁਫ਼ਨੇ ਤੋਂ ਆਕਰਸ਼ਿਤ ਹੁੰਦੇ ਹਨ ਭਾਰਤੀ
NEXT STORY