ਬਲਬੀਰ ਪੁੰਜ
ਬੀਤੀ 10 ਜਨਵਰੀ ਤੋਂ ਪੂਰੇ ਦੇਸ਼ ਵਿਚ ਲਾਗੂ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਅਤੇ ਭਵਿੱਖ ਵਿਚ ਸੰਭਾਵਿਤ ਤਿਆਰ ਹੋਣ ਵਾਲੇ ਰਾਸ਼ਟਰੀ ਨਾਗਰਿਕ ਰਜਿਸਟਰ (ਐੱਨ. ਆਰ. ਸੀ.) ਵਿਰੁੱਧ ਧਰਨੇ-ਰੋਸ ਵਿਖਾਵੇ, ਟੀ. ਵੀ. ਸਟੂਡੀਓ ’ਤੇ ਬਹਿਸ ਦੇ ਦੌਰਾਨ ਗਾਲ੍ਹੀ-ਗਲੋਚ ਅਤੇ ਅਖ਼ਬਾਰਾਂ ਵਿਚ ਲੇਖਾਂ ਦੇ ਜ਼ਰੀਏ ਆਪਣੇ ਪੱਖ ਅਤੇ ਵਿਰੋਧ ਵਿਚ ਗੱਲ ਰੱਖਣ ਨੂੰ ਇਕ ਮਹੀਨੇ ਤੋਂ ਜ਼ਿਆਦਾ ਹੋ ਗਿਆ। ਆਖਿਰ ਇਸ ਤਰ੍ਹਾਂ ਦਾ ਹਮਲਾ ਪ੍ਰਦਰਸ਼ਨ ਜਾਂ ਸੀ. ਏ. ਏ.-ਐੱਨ. ਆਰ. ਸੀ. ਦਾ ਵਿਰੋਧ ਕਿਉਂ ਹੋ ਰਿਹਾ ਹੈ? ਇਸ ਨੂੰ ਕਰਨ ਵਾਲੇ ਕੌਣ ਹਨ? ਇਸ ਵਿਚ ਸ਼ੱਕ ਨਹੀਂ ਕਿ ਅੰਦੋਲਨ ਕਰਨ ਵਾਲੇ ਵਧੇਰੇ ਵਿਖਾਵਾਕਾਰੀ ਮੁਸਲਿਮ ਸਮਾਜ ਤੋਂ ਹਨ। ਸੁਭਾਵਿਕ ਤੌਰ ’ਤੇ ਇਨ੍ਹਾਂ ਵਿਖਾਵਾਕਾਰੀਆਂ ਨੂੰ ਉਹ ਸਿਆਸੀ ਪਾਰਟੀਆਂ ਵਧ-ਚੜ੍ਹ ਕੇ ਆਪਣਾ ਸਿੱਧਾ ਅਤੇ ਅਸਿੱਧਾ ਸਮਰਥਨ ਦੇ ਰਹੀਆਂ ਹਨ, ਪਿਛਲੇ ਸਾਲ ਹੋਈਆਂ ਲੋਕ ਸਭਾ ਚੋਣਾਂ ਵਿਚ ਫਿਰ ਹਾਰ ਗਈਆਂ ਸਨ। ਇਸ ਅਖੌਤੀ ਲੋਕ-ਅੰਦੋਲਨ ਵਿਚ ਹਰ ਤਰ੍ਹਾਂ ਦੇ ਖੱਬੇਪੱਖੀ (ਸੀ. ਪੀ. ਆਈ.-ਸੀ. ਪੀ. ਐੱਮ. ਤੋਂ ਲੈ ਕੇ ਸ਼ਹਿਰੀ ਨਕਸਲੀ ਤਕ) ਦੀ ਵੀ ਹਿੱਸੇਦਾਰੀ ਦਿਖਾਈ ਦੇ ਰਹੀ ਹੈ।
ਸੀ. ਏ. ਏ.-ਐੱਨ. ਆਰ. ਸੀ. ਦੇ ਵਿਰੁੱਧ ਲਾਮਬੰਦ ਹੋਣ ਵਾਲਿਆਂ ਦੀ ਮਾਨਸਿਕਤਾ ਕੀ ਹੈ? ਇਹ ਉਨ੍ਹਾਂ ਦੇ ਜਲੂਸਾਂ ਦੇ ਚਰਿੱਤਰ ਅਤੇ ਉਸ ਵਿਚ ਲੱਗਣ ਵਾਲੇ ਨਾਅਰਿਆਂ ਤੋਂ ਸਪੱਸ਼ਟ ਹੈ। ਇਸ ਸੰਦਰਭ ਵਿਚ ਸੋਸ਼ਲ ਮੀਡੀਆ ’ਤੇ ਕਈ ਵੀਡੀਓਜ਼ ਵਾਇਰਲ ਹਨ, ਜਿਨ੍ਹਾਂ ’ਚ ਵਿਖਾਵਾਕਾਰੀਆਂ ਨੂੰ ‘ਅੱਲ੍ਹਾ ਹੂ ਅਕਬਰ’, ‘ਲਾ ਇਲਾਹਾ....ਇੱਲਿੱਲਾਹ...’, ‘ਹਮੇਂ ਕਿਆ ਚਾਹੀਏ ਆਜ਼ਾਦੀ’, ‘ਹਿੰਦੂਆਂ ਤੋਂ ਚਾਹੀਏ ਆਜ਼ਾਦੀ’, ‘ਜਿੱਨਾਹ ਵਾਲੀ ਆਜ਼ਾਦੀ’ ਵਰਗੇ ਨਾਅਰੇ ਲਗਾਉਂਦੇ ਹੋਏ ਸੁਣਿਆ ਗਿਆ ਤਾਂ ਕਈ ਤਖਤੀਆਂ ਹਿੰਦੂ ਪ੍ਰਤੀਕ-ਚਿੰਨ੍ਹਾਂ (ਓਮ ਸਮੇਤ) ਨੂੰ ਵਿਗਾੜ ਕੇ ਲਹਿਰਾਈਆਂ ਗਈਆਂ, ਜਿਨ੍ਹਾਂ ਵਿਚ ਕਰੋੜਾਂ ਹਿੰਦੂਆਂ ਦੀ ਪੂਜਣਯੋਗ ਮਾਂ ਦੁਰਗਾ ਨੂੰ ਹਿਜਾਬ ਪਹਿਨੇ ਹੋਏ ਵੀ ਦਰਸਾਇਆ ਗਿਆ। ਕੁਝ ਥਾਵਾਂ ’ਤੇ ਤਿਰੰਗਾ ਲਹਿਰਾ ਕੇ ਰਾਸ਼ਟਰਗਾਨ ਵੀ ਗਾਇਆ ਗਿਆ।
ਭਾਰਤੀ ਤਕਨਾਲੋਜੀ ਸੰਸਥਾ-ਕਾਨਪੁਰ (ਆਈ. ਆਈ. ਟੀ.-ਕੇ.) ਦੇ ਕੁਝ ਵਿਦਿਆਰਥੀਆਂ ਨੇ 17 ਦਸੰਬਰ ਨੂੰ ਕੰਪਲੈਕਸ ਵਿਚ ਸੀ. ਏ. ਏ. ਵਿਰੋਧੀ ਰੋਸ ਵਿਖਾਵਾ ਕੀਤਾ ਸੀ ਅਤੇ ਉਨ੍ਹਾਂ ਨੇ ਪਾਕਿਸਤਾਨ ਦੇ ਰਾਸ਼ਟਰਵਾਦੀ ਅਤੇ ਪ੍ਰਸਿੱਧ ਸ਼ਾਇਰ ਫੈਜ਼ ਅਹਿਮਦ ਫੈਜ਼ ਦੀ ਨਜ਼ਮ, ‘ਹਮ ਭੀ ਦੇਖੇਂਗੇ’ ਨੂੰ ਗਾਇਆ ਸੀ। ਇਸ ਦੀਆਂ ਕੁਝ ਸਤਰਾਂ–‘ਲਾਜ਼ਿਮ ਹੈ ਕਿ ਹਮ ਭੀ ਦੇਖੇਂਗੇ, ਜਬ ਅਰਜ਼-ਏ-ਖੁਦਾ ਕੇ ਕਾਬੇ ਸੇ, ਸਬ ਬੁੱਤ ਉਠਾਏ ਜਾਏਂਗੇ....ਹਮ ਅਹਲ-ਏ-ਵਫ਼ਾ ਮਰਦੂਦ-ਏ-ਹਰਮ, ਮਸਨਦ ਪੇ ਬਿਠਾਏ ਜਾਏਂਗੇ...ਬਸ ਨਾਮ ਰਹੇਗਾ ਅੱਲ੍ਹਾ ਕਾ...’ ਉੱਤੇ ਜਦੋਂ ਇਕ ਧਿਰ ਨੇ ਇਤਰਾਜ਼ ਪ੍ਰਗਟਾਇਆ ਤਾਂ ਅਚਾਨਕ ਅਖੌਤੀ ਸੈਕੁਲਰਿਸਟਾਂ ਨਾਲ ਖੱਬੇਪੱਖੀਆਂ ਦਾ ਕੁਣਬਾ ਫੈਜ਼ ਦੇ ਬਚਾਅ ਵਿਚ ਖੜ੍ਹਾ ਹੋ ਗਿਆ। ਦੇਸ਼ ਦੇ ਪ੍ਰਸਿੱਧ ਗੀਤਕਾਰ ਅਤੇ ਸਾਬਕਾ ਰਾਜ ਸਭਾ ਮੈਂਬਰ ਜਾਵੇਦ ਅਖਤਰ ਨੇ ਕਿਹਾ, ‘‘ਫੈਜ਼ ਨੇ ਆਪਣਾ ਅੱਧਾ ਜੀਵਨ ਪਾਕਿਸਤਾਨ ਦੇ ਬਾਹਰ ਗੁਜ਼ਾਰਿਆ, ਉਨ੍ਹਾਂ ਨੂੰ ਉਥੇ ਪਾਕਿਸਤਾਨੀ ਵਿਰੋਧੀ ਕਿਹਾ ਗਿਆ। ‘‘ਹਮ ਦੇਖੇਂਗੇ ਨਜ਼ਮ ਉਨ੍ਹਾਂ ਨੇ ਜ਼ਿਆ-ਉਲ-ਹਕ ਦੀ ਫਿਰਕੂ, ਪ੍ਰਤੀਗਾਮੀ ਅਤੇ ਕੱਟੜਪੰਥੀ ਸਰਕਾਰ ਵਿਰੁੱਧ ਲਿਖੀ ਸੀ।’’ ਕੀ ਜਾਵੇਦ ਸਾਹਿਬ ਨੇ ਸੱਚ ਕਿਹਾ ਜਾਂ ਫਿਰ ਸਹੂਲਤ ਅਨੁਸਾਰ ਪੂਰਾ ਸੱਚ ਦੱਸਣ ਤੋਂ ਪਿੱਛੇ ਹਟ ਗਏ?
ਆਖਿਰ ਫੈਜ਼ ਕੌਣ ਸਨ, ਉਨ੍ਹਾਂ ਦਾ ਵਿਚਾਰਕ ਪਿਛੋਕੜ ਅਤੇ ਜੀਵਨ ਸ਼ੈਲੀ ਕੀ ਸੀ? ਉਨ੍ਹਾਂ ਦਾ ਜਨਮ 13 ਫਰਵਰੀ 1911 ਵਿਚ ਅਣਵੰਡੇ ਪੰਜਾਬ ਦੇ ਸਿਆਲਕੋਟ ਵਿਚ ਹੋਇਆ। ਫੈਜ਼ ਦੇ ਪਿਤਾ ਸੁਲਤਾਨ ਮੁਹੰਮਦ ਖਾਨ ਬੈਰਿਸਟਰ (ਵਕੀਲ) ਸਨ, ਜਿਨ੍ਹਾਂ ਦੀ ਜ਼ਿੰਦਗੀ ਦਾ ਵਧੇਰੇ ਹਿੱਸਾ ਅੰਗਰੇਜ਼ਾਂ ਦੀ ਸੇਵਾ ਵਿਚ ਬੀਤਿਆ। ਉਹ ਸਰ ਸਈਅਦ ਅਹਿਮਦ ਖਾਨ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਸਨ ਅਤੇ ਚਾਹੁੰਦੇ ਸਨ ਕਿ ਫੈਜ਼ ਵੀ ਉਨ੍ਹਾਂ ਦੇ ਨਕਸ਼ੇ-ਕਦਮਾਂ ਉੱਤੇ ਚੱਲਣ। ਸਈਅਦ ਅਹਿਮਦ ਵੀ ਉਹ ਵਿਅਕਤੀ ਸਨ, ਜਿਨ੍ਹਾਂ ਨੇ ਭਾਰਤੀ ਉਪ-ਮਹਾਦੀਪ ਵਿਚ ਮੁਸਲਿਮ ਵੱਖਵਾਦ ਦੇ ਨਾਂ ’ਤੇ ‘ਦੋ ਰਾਸ਼ਟਰ-ਸਿਧਾਂਤ’ ਦੇ ਵਿਗੜੇ ਦਰਸ਼ਨ ਦੇ ਬੀਜ ਬੀਜੇ ਸਨ, ਜਿਸ ਦੇ ਗਰਭ ’ਚੋਂ 1947 ਵਿਚ ਪਾਕਿਸਤਾਨ ਦਾ ਜਨਮ ਹੋਇਆ।
ਮਸਜਿਦ ਤੋਂ ਮਜ਼੍ਹਬੀ ਦੀਕਸ਼ਾ ਪ੍ਰਾਪਤ ਕਰਨ ਤੋਂ ਬਾਅਦ ਫੈਜ਼ ਨੇ ਬਰਤਾਨੀਆ ਦੁਆਰਾ ਸੰਚਾਲਿਤ ਮਿਸ਼ਨਰੀ ਸਕੂਲ ਤੋਂ ਪੜ੍ਹਾਈ ਪੂਰੀ ਕੀਤੀ ਅਤੇ ਬਾਅਦ ਵਿਚ ਅੰਗਰੇਜ਼ੀ ਸਾਹਿਤ ਅਤੇ ਅਰਬੀ ਭਾਸ਼ਾ ਵਿਚ ਗ੍ਰੈਜੂਏਸ਼ਨ ਦੀ ਡਿਗਰੀ ਲਈ। ਉਹ ਮੁਹੰਮਦ ਇਕਬਾਲ ਦੇ ਵਿਚਾਰਾਂ ਤੋਂ ਪ੍ਰਭਾਵਿਤ ਸਨ, ਜਿਨ੍ਹਾਂ ਨੂੰ ਮੌਜੂਦਾ ਪਾਕਿਸਤਾਨ ਦਾ ਅਧਿਆਤਮਕ ਪਿਤਾ ਵੀ ਕਿਹਾ ਜਾਂਦਾ ਹੈ। ਕਾਲਜ ਵਿਚ ਪੜ੍ਹਾਈ ਦੇ ਦੌਰਾਨ ਫੈਜ਼ ਭਾਰਤੀ ਕਮਿਊਨਿਸਟ ਪਾਰਟੀ ਦੇ ਸੰਪਰਕ ਵਿਚ ਆਏ ਅਤੇ ਉਸ ਦੇ ਇਕ ਮੁੱਖ ਮੈਂਬਰ ਬਣ ਗਏ। ਖੱਬੇਪੱਖੀਆਂ ਦੇ ਪ੍ਰਤੀ ਕੰਮ ਕਰਦੇ ਰਹਿਣ ਕਾਰਣ ਉਨ੍ਹਾਂ ਨੂੰ 1963 ਵਿਚ ਤੱਤਕਾਲੀਨ ਖੱਬੇਪੱਖੀ ਸ਼ਾਸਿਤ ਸੋਵੀਅਤ ਸੰਘ ਵਲੋਂ ਲੈਨਿਨ ਸ਼ਾਂਤੀ ਪੁਰਸਕਾਰ ਵੀ ਦਿੱਤਾ ਗਿਆ। ਫੈਜ਼ ਖੱਬੇਪੱਖੀ ਸਨ ਅਤੇ ਚਿੰਤਨ ਵਿਚ ਕੱਟੜ ਇਸਲਾਮ ਸੀ। ਸੰਨ 1941 ਵਿਚ ਬਰਤਾਨਵੀ ਔਰਤ ਆਇਲਸ ਜਾਰਜ ਨਾਲ ਉਨ੍ਹਾਂ ਨੇ ਜਦੋਂ ਸ਼੍ਰੀਨਗਰ ਵਿਚ ਨਿਕਾਹ ਕੀਤਾ, ਉਦੋਂ ਇਕ ਸੱਚੇ ਮੁਸਲਮਾਨ ਦਾ ਸਬੂਤ ਦਿੰਦਿਆਂ ਉਨ੍ਹਾਂ ਨੇ ਆਪਣੀ ਜੀਵਨਸਾਥਣ ਦਾ ਸਭ ਤੋਂ ਪਹਿਲਾਂ ਇਸਲਾਮ ਵਿਚ ਧਰਮ ਤਬਦੀਲ ਕਰਵਾਇਆ। ਇਸ ਵਿਆਹ ਦੇ ਗਵਾਹ ਕੱਟੜ ਫਿਰਕਾਪ੍ਰਸਤ ਸ਼ੇਖ ਅਬਦੁੱਲਾ ਵੀ ਸਨ।
ਇਹ ਸਾਰੀਆਂ ਗੱਲਾਂ ਉਸ ਦੌਰ ਦੀਆਂ ਹਨ, ਜਦੋਂ ਅੰਗਰੇਜ਼ ਅਤੇ ਮੁਸਲਿਮ ਲੀਗ ਖੱਬੇਪੱਖੀਆਂ ਦੀ ਸਾਹਿਤਕ ਸਹਾਇਤਾ ਨਾਲ ਪਾਕਿਸਤਾਨ ਨੂੰ ਮੂਰਤ ਰੂਪ ਦੇ ਰਹੇ ਸਨ। ਸਪੱਸ਼ਟ ਹੈ ਕਿ ਭਾਰਤ ਦੇ ਲਹੂ ਨਾਲ ਸਿੰਜੇ ਬਟਵਾਰੇ ਵਿਚ ਫੈਜ਼ ਵੀ ਉਨ੍ਹਾਂ ਲੋਕਾਂ ’ਚੋਂ ਇਕ ਸਨ, ਜਿਨ੍ਹਾਂ ਨੇ ‘ਹਿੰਦੂਆਂ ਦਰਮਿਆਨ ਬਰਾਬਰੀ ਦੇ ਨਾਲ ਨਾ ਰਹਿਣ’ ਦੇ ਨਾਂ ਉੱਤੇ ਪਾਕਿਸਤਾਨ ਦੇ ਨਿਰਮਾਣ ਦਾ ਰਾਹ ਪੱਧਰਾ ਕੀਤਾ ਸੀ। ਵਿਚਾਰਾਂ ਤੋਂ ਮਾਰਕਸਵਾਦੀ ਅਤੇ ਚਰਿੱਤਰ ਤੋਂ ਕੱਟੜ ਇਸਲਾਮੀ ਹੋਣ ਦੇ ਕਾਰਣ ਉਨ੍ਹਾਂ ਦਾ ਹਿੰਦੂ ਵਿਰੋਧੀ ਚਿੰਤਨ ਸੁਭਾਵਿਕ ਸੀ। ਇਹ ਉਨ੍ਹਾਂ ਦੀ ਇਕ ਨਜ਼ਮ ਤੋਂ ਵੀ ਸਪੱਸ਼ਟ ਹੈ,ਜਿਸ ਵਿਚ ਉਹ ਲਿਖਦੇ ਹਨ–‘‘ਹਰ ਹਕੀਕਤ ਮਜਾਜ਼ ਹੋ ਜਾਏ, ਕਾਫ਼ਿਰੋਂ ਕੀ ਨਮਾਜ਼ ਹੋ ਜਾਏ।’’ ਭਾਵ–ਫੈਜ਼ ਦੀ ਦਿਲੀ ਇੱਛਾ ਸੀ ਕਿ ਹਰ ਗੈਰ-ਮੁਸਲਿਮ, ਮੁਸਲਮਾਨ ਹੋ ਜਾਏ।
ਕੁਝ ਸਾਲ ਕਾਲਜ ਵਿਚ ਪ੍ਰੋਫੈਸਰ ਦੀ ਨੌਕਰੀ ਕਰਨ ਤੋਂ ਬਾਅਦ 1942 ਵਿਚ ਬਰਤਾਨਵੀ ਭਾਰਤੀ ਫੌਜ ਨਾਲ ਜੁੜ ਗਏ। ਅੰਗਰੇਜ਼ਾਂ ਦੇ ਪ੍ਰਤੀ ਖ਼ੁਦ ਵਫ਼ਾਦਾਰ ਰਹਿਣ ਕਾਰਣ 1944 ਤਕ ਉਹ ਨਾ ਸਿਰਫ ‘ਸੈਕਿੰਡ ਲੈਫਟੀਨੈਂਟ’ ਤੋਂ ‘ਲੈਫਟੀਨੈਂਟ ਕਰਨਲ’ ਉੱਤੇ ਤਰੱਕੀ ਹਾਸਿਲ ਕਰ ਗਏ, ਨਾਲ ਹੀ 1945 ਵਿਚ ਤੱਤਕਾਲੀਨ ਅੰਗਰੇਜ਼ੀ ਸਾਮਰਾਜ ਦੇ ‘ਆਰਡਰ ਆਫ ਬ੍ਰਿਟਿਸ਼ ਅੰਪਾਇਰ’ ਦੇ ਮੈਂਬਰ ਵੀ ਨਿਯੁਕਤ ਕਰ ਦਿੱਤੇ ਗਏ। ਜਦੋਂ 14 ਅਗਸਤ 1947 ਨੂੰ ਪਾਕਿਸਤਾਨ ਬਣਿਆ, ਉਦੋਂ ਵੀ ਉਹ ਪਾਕਿਸਤਾਨੀ ਫੌਜ ਨਾਲ ਜੁੜੇ ਰਹੇ। ਉਸੇ ਸਾਲ ਅਕਤੂਬਰ ਵਿਚ ਉਸ ਨੂੰ ਕਸ਼ਮੀਰ ਵਿਚ ‘ਕਾਫਿਰ’ ਭਾਰਤ ਦੇ ਹੱਥੋਂ ਪਹਿਲੀ ਹਾਰ ਝੱਲਣੀ ਪਈ। ਇਸ ਹਾਰ ਤੋਂ ਬੌਖਲਾ ਕੇ 1951 ਵਿਚ ਪਾਕਿਸਤਾਨ ਦੀ ਪਹਿਲੀ ਲਿਆਕਤ ਸਰਕਾਰ ਦਾ ਫੌਜੀ ਤਖਤਾ ਪਲਟਣ ਦੀ ਕੋਸ਼ਿਸ਼ ਕੀਤੀ, ਜਿਸ ਵਿਚ ਫੈਜ਼ ਵੀ ਮੁੱਖ ਭੂਮਿਕਾ ਵਿਚ ਸਨ। ਨਤੀਜੇ ਵਜੋਂ ਉਨ੍ਹਾਂ ਨੂੰ ਵੀ ਸੈਂਕੜੇ ਬਾਗੀਆਂ ਦੇ ਨਾਲ ਗ੍ਰਿਫਤਾਰ ਕਰ ਲਿਆ ਗਿਆ ਅਤੇ ਰਿਹਾਅ ਹੋਣ ’ਤੇ ਉਹ ਲੰਡਨ ਚਲੇ ਗਏ। ਫਿਰ ਅਯੂਬ ਖਾਨ ਦੀ ਫੌਜੀ ਤਾਨਾਸ਼ਾਹੀ ਵਿਚ 1964 ਵਿਚ ਪਰਤੇ।
ਫੈਜ਼ ਜ਼ੁਲਿਫਕਾਰ ਅਲੀ ਭੁੱਟੋ ਦੇ ਬੇਹੱਦ ਕਰੀਬੀ ਸਨ, ਜਿਨ੍ਹਾਂ ਦੀ ਭਾਰਤ (ਹਿੰਦੂਆਂ) ਪ੍ਰਤੀ ਨਫਰਤ 1965 ਵਿਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਵਿਚ ਦਿੱਤੇ ਉਨ੍ਹਾਂ ਦੇ ਭਾਸ਼ਣ ਤੋਂ ਸਪੱਸ਼ਟ ਹੈ। ਉਦੋਂ ਭੁੱਟੋ ਨੇ ਕਿਹਾ ਸੀ, ‘‘ਪਾਕਿਸਤਾਨ, ਭਾਰਤ ਨਾਲ ਹਜ਼ਾਰ ਸਾਲਾਂ ਤਕ ਲੜਦਾ ਰਹੇਗਾ ਅਤੇ ਹਜ਼ਾਰਾਂ ਜ਼ਖ਼ਮ ਦੇ ਕੇ ਉਸ ਨੂੰ ਲਹੂ-ਲੁਹਾਨ ਕਰਦਾ ਰਹੇਗਾ।’’ ਇਸ ਨੀਤੀ ਨੂੰ ਪਾਕਿਸਤਾਨ ਅੱਜ ਵੀ ਪੂਰੀ ਸ਼ਕਤੀ ਨਾਲ ਅੱਗੇ ਵਧਾ ਰਿਹਾ ਹੈ। 1965 ਵਿਚ ਭਾਰਤ-ਪਾਕਿਸਤਾਨ ਜੰਗ ਦੇ ਸਮੇਂ ਤੱਤਕਾਲੀਨ ਪਾਕਿਸਤਾਨੀ ਵਿਦੇਸ਼ ਮੰਤਰੀ ਭੁੱਟੋ ਨੇ ਆਪਣੇ ਪ੍ਰਭਾਵ ਨਾਲ ਫੌਜ ਨੂੰ ਆਯੂਬ ਖਾਨ ਦੇ ਫੌਜੀ ਸ਼ਾਸਨਕਾਲ ਵਿਚ ਸੂਚਨਾ ਮੰਤਰਾਲਾ ਵਿਚ ਭੇਜ ਦਿੱਤਾ। ਸੁਭਾਵਿਕ ਹੀ ਸੀ ਕਿ ਫੈਜ਼ ਆਪਣੇ ਨਵੇਂ ਅਵਤਾਰ ਵਿਚ ਇਸਲਾਮ ਦੇ ਨਾਂ ’ਤੇ ‘ਕਾਫਿਰ’ ਭਾਰਤ (ਹਿੰਦੂ) ਨੂੰ ਡੇਗਣ ਅਤੇ ਪਾਕਿਸਤਾਨੀ ਲੋਕਾਂ ਨੂੰ ਜੰਗ ਵਿਚ ਧੱਕਣ ਲਈ ਬਣਾਏ ਪ੍ਰਚਾਰਤੰਤਰ ਦੇ ਕੇਂਦਰ ਵਿਚ ਸੀ।
ਜਦੋਂ ਭੁੱਟੋ 1972 ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ, ਉਦੋਂ ਫੈੈਜ਼ ਨੂੰ ਉਸ ਸੱਭਿਆਚਾਰ ਅਤੇ ਸਿੱਖਿਆ ਮੰਤਰਾਲਾ ਦਾ ਸਲਾਹਕਾਰ ਬਣਾਇਆ ਗਿਆ, ਜਿਸ ਦੇ ਮੋਢਿਆਂ ਉਤੇ ਬਟਵਾਰੇ ਤੋਂ ਬਾਅਦ ਭਾਰਤ ਦੇ ਸਨਾਤਨ ਸੱਭਿਆਚਾਰ ਅਤੇ ਰਵਾਇਤਾਂ ਨਾਲ ਪਾਕਿਸਤਾਨ ਦੀਆਂ ਜੜ੍ਹਾਂ ਨੂੰ ਵੱਢਣ ਦੀ ਜ਼ਿੰਮੇਵਾਰੀ ਸੀ। ਇਸੇ ਮਕਸਦ ਨਾਲ ਪਾਕਿਸਤਾਨ ਦਾ ਸਕੂਲੀ ਸਿਲੇਬਸ ਵੀ ਤਿਆਰ ਹੋਇਆ, ਜਿਸ ਵਿਚ ਅੱਜ ਵੀ ਹਿੰਦੂ-ਭਾਰਤ ਵਿਰੋਧੀ ਸਮੱਗਰੀ ਦੀ ਭਰਮਾਰ ਹੈ। ਹੁਣ ਕੀ ਇਹ ਸੱਚ ਨਹੀਂ ਕਿ ਫੌਜ ਵੀ ਉਸੇ ਕੋਸ਼ਿਸ਼ ਦਾ ਹਿੱਸਾ ਸੀ, ਜਿਸ ਵਿਚ ਭਾਰਤ-ਹਿੰਦੂ ਵਿਰੋਧੀ ਸਿਲੇਬਸ ਤਿਆਰ ਕੀਤਾ ਗਿਆ।
ਸਮੇਂ ਦੇ ਬੀਤਣ ਨਾਲ ਫੈਜ਼ ਨੇ ਕੱਟੜ ਇਸਲਾਮੀ ਜ਼ਿਆ-ਉਲ-ਹੱਕ ਦਾ ਵਿਰੋਧ ਕਿਉਂ ਕੀਤਾ। ਇਸ ਦਾ ਇਕੋ-ਇਕ ਕਾਰਣ 1977 ਵਿਚ ਭੁੁੱਟੋ ਨੂੰ ਜ਼ਿਆ ਵੱਲੋਂ ਗੱਦੀਓਂ ਲਾਹ ਕੇ ਉਸ ਨੂੰ ਫਾਂਸੀ ਦੇ ਤਖਤੇ ’ਤੇ ਚੜ੍ਹਾਉਣਾ ਸੀ। ਇਹ ਸਭ ਇਸਲਾਮੀ ਪਾਕਿਸਤਾਨ ਦੀ ਸ਼ੁੱਧ ਅੰਦਰੂਨੀ ਸਿਆਸਤ ਦੀ ਉਪਜ ਸੀ, ਜਿਸ ਵਿਚ ਫੈਜ਼ ਅਤੇ ਉਸ ਦੀਆਂ ਕਿਤਾਬਾਂ ’ਤੇ ਪਾਬੰਦੀ ਵੀ ਲਗਾ ਦਿੱਤੀ ਗਈ ਸੀ। ਨਤੀਜੇ ਵਜੋਂ ਫੈਜ਼ ਲਿਬਨਾਨ ਚਲੇ ਗਏ ਅਤੇ 1982 ਵਿਚ ਵਾਪਿਸ ਪਰਤੇ।
ਉਪਰੋਕਤ ਤੱਥਾਂ ਤੋਂ ਸਪੱਸ਼ਟ ਹੈ ਕਿ ਫੈਜ਼ ਦੀ ਜ਼ਿੰਦਗੀ ਪਾਕਿਸਤਾਨ ਨਾਂ ਦੇ ਵਿਚਾਰ ਅਤੇ ਦੇਸ਼ ਨੂੰ ਸਮਰਪਿਤ ਸੀ। ਇਸ ਲਈ ਉਸ ਨੇ ਬਟਵਾਰੇ ਤੋਂ ਬਾਅਦ ਪਾਕਿਸਤਾਨ ਨੂੰ ਚੁਣਿਆ ਅਤੇ ਉਹ ਲਾਹੌਰ ਵਿਚ 20 ਨਵੰਬਰ 1984 ਨੂੰ ਆਖਰੀ ਸਾਹ ਲੈਣ ਤਕ ਇਸੇ ਇਸਲਾਮੀ ਦੇਸ਼ ਲਈ ਜੀਵਿਆ। ਸਪੱਸ਼ਟ ਹੈ ਕਿ ਫੈਜ਼ ਨੇ ਕਦੇ ਵੀ ਉੱਚ ਕਦਰਾਂ-ਕੀਮਤਾਂ, ਮਨੁੱਖੀ ਅਧਿਕਾਰਾਂ ਅਤੇ ਬਰਾਬਰੀ ਦੇ ਸਮਾਜ ਲਈ ਅੰਦੋਲਨ ਨਹੀਂ ਕੀਤਾ। ਉਨ੍ਹਾਂ ਦੀ ਜ਼ਿੰਦਗੀ ਦਾ ਸੰਘਰਸ਼ ਸਿਰਫ ਮੁਸਲਮਾਨਾਂ ਦੀ ‘ਸ਼ੁੱਧ ਭੂਮੀ’ ਪਾਕਿਸਤਾਨ ਲਈ ਰਿਹਾ। ਇਸ ਸੇਵਾ ਲਈ ਉਨ੍ਹਾਂ ਨੂੰ 1990 ਵਿਚ ਪਾਕਿਸਤਾਨ ਦੇ ਸਰਵਉੱਚ ਨਾਗਰਿਕ ਸਨਮਾਨਾਂ ਵਿਚੋਂ ਇਕ ‘ਨਿਸ਼ਾਨ-ਏ-ਇਮਤਿਆਜ਼’ ਨਾਲ ਨਿਵਾਜ਼ਿਆ ਗਿਆ। ਅੱਜ ਨਾ ਸਿਰਫ ਪੰਜਾਬ (ਪਾਕਿਸਤਾਨ) ਦੇ ਸਾਹੀਵਾਲ ਕਾਲਜ ਵਿਚ ਇਕ ਚੇਅਰ ਫੈਜ਼ ਦੇ ਨਾਂ ’ਤੇ ਹੈ, ਨਾਲ ਹੀ ਉਥੇ ਕਈ ਸਾਹਿਤਕ ਸੰਮੇਲਨਾਂ ਦਾ ਆਯੋਜਨ ਉਨ੍ਹਾਂ ਦੇ ਨਾਂ ’ਤੇ ਹੁੰਦਾ ਹੈ–ਜਿਵੇਂ ਲਾਹੌਰ ਦਾ ਪ੍ਰਸਿੱਧ ‘ਫੈਜ਼ ਇੰਟਰਨੈਸ਼ਨਲ ਫੈਸਟੀਵਲ’ ਹੁਣ ਪਾਕਿਸਤਾਨ ਦੇ ਨੌਜਵਾਨ ਅਤੇ ‘ਸੱਚੇ’ ਇਸਲਾਮੀ ਪੈਰੋਕਾਰਾਂ ਲਈ ਫੈਜ਼ ਪ੍ਰੇਰਨਾਸ੍ਰੋਤ ਹੋ ਸਕਦੇ ਹਨ–ਇਹ ਤਾਂ ਸਮਝ ਵਿਚ ਆਉਂਦਾ ਹੈ ਪਰ ਭਾਰਤ ਵਿਚ ਮਨੁੱਖੀ ਅਧਿਕਾਰ, ਪੰਥ ਨਿਰਪੱਖਤਾ, ਸੰਵਿਧਾਨ, ਲੋਕਤੰਤਰ ਆਦਿ ਦੀ ਗੱਲ ਕਰਨ ਵਾਲਿਆਂ ਨੂੰ ਫੌਜ ਵਿਚ ਆਪਣਾ ਆਦਰਸ਼ ਕਿਉਂ ਦਿਸ ਰਿਹਾ ਹੈ?
(punjbalbir@gmail.com)
ਖੁਦ ਤੋਂ ਹਾਰੇਗੀ ਦਿੱਲੀ ’ਚ ਭਾਜਪਾ
NEXT STORY