1989 ’ਚ ਜਦੋਂ ਮੈਂ ਦੇਸ਼ ਦੀ ਪਹਿਲੀ ਹਿੰਦੀ ਵੀਡੀਓ ਸਮਾਚਾਰ ਕੈਸੇਟ ‘ਕਾਲਚੱਕਰ’ ਜਾਰੀ ਕੀਤੀ ਤਾਂ ਉਸ ’ਚ ਸਾਰੀਆਂ ਖੋਜੀ ਰਿਪੋਰਟਾਂ ਦੇ ਇਲਾਵਾ ਇਕ ਸਲਾਟ ਭਰਮਾਊ ਇਸ਼ਤਿਹਾਰਾਂ ਨੂੰ ਵੀ ਕਟਹਿਰੇ ’ਚ ਖੜ੍ਹਾ ਕਰਨ ਵਾਲਾ ਸੀ। ਇਹ ਉਹ ਦੌਰ ਸੀ ਜਦੋਂ ਪ੍ਰਭਾਵਸ਼ਾਲੀ ਇਸ਼ਤਿਹਾਰ ਸਿਨੇਮਾਹਾਲ ਦੇ ਪਰਦਿਆਂ ’ਤੇ ਦਿਖਾਏ ਜਾਂਦੇ ਸਨ ਜਾਂ ਦੂਰਦਰਸ਼ਨ ਦੇ ਪ੍ਰੋਗਰਾਮਾਂ ਦੇ ਦਰਮਿਆਨ ’ਚ।
ਉਸ ਦੌਰ ’ਚ ਇਨ੍ਹਾਂ ਕਮਰਸ਼ੀਅਲ ਇਸ਼ਤਿਹਾਰਾਂ ਦੀ ਭਰੋਸੇਯੋਗਤਾ ’ਤੇ ਸਵਾਲ ਚੁੱਕਣ ਦਾ ਰਿਵਾਜ ਨਹੀਂ ਸੀ। ਇਸ ਦਿਸ਼ਾ ਦੇ ਕੁਝ ਜਾਗਰੂਕ ਨਾਗਰਿਕਾਂ ਨੂੰ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਉਨ੍ਹਾਂ ਨੇ ਸਿਗਰਟ ਬਣਾਉਣ ਵਾਲੀਆਂ ਕੰਪਨੀਆਂ ਨੂੰ ਮਜਬੂਰ ਕਰ ਦਿੱਤਾ ਕਿ ਉਹ ਸਿਗਰਟਾਂ ਦੀ ਡੱਬੀ ’ਤੇ ਇਹ ਛਾਪਣ ‘ਸਿਗਰਟ ਪੀਣਾ ਸਿਹਤ ਲਈ ਹਾਨੀਕਾਰਕ ਹੈ’।
ਕਿਉਂਕਿ ਵਧੇਰੇ ਇਸ਼ਤਿਹਾਰ ਪ੍ਰਿੰਟ ਮੀਡੀਆ ’ਚ ਛਪਦੇ ਸਨ ਅਤੇ ਮੀਡੀਆ ਕੋਈ ਵੀ ਹੋਵੇ ਬਿਨਾਂ ਇਸ਼ਤਿਹਾਰਾਂ ਦੀ ਮਦਦ ਦੇ ਚੱਲ ਹੀ ਨਹੀਂ ਸਕਦਾ। ਇਸ ਲਈ ਮੀਡੀਆ ’ਚ ਭਰਮਾਊ ਇਸ਼ਤਿਹਾਰਾਂ ਵਿਰੁੱਧ ਸਵਾਲ ਖੜ੍ਹੇ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਉਸ ਦੌਰ ’ਚ ਜਿਹੜੇ ਇਸ਼ਤਿਹਾਰਾਂ ’ਤੇ ਸਿੱਧਾ ਪਰ ਤੱਥਾਂ ’ਤੇ ਆਧਾਰਿਤ ਹਮਲਾ ਕੀਤਾ, ਉਸ ਦੀਆਂ ਕੁਝ ਰਿਪੋਰਟਾਂ ਸਨ, ‘ਨਮਕ ’ਚ ਆਇਓਡੀਨ ਦਾ ਧੰਦਾ’, ‘ਨਿਊਡਲਸ ਖਾਣ ਦੇ ਖਤਰੇ’, ‘ਝੱਗਦਾਰ ਡਿਟਰਜੈਂਟ ਦਾ ਕਮਾਲ, ‘ਪਿਆਰੀ ਮਾਰੂਤੀ-ਵਿਚਾਰੀ ਮਾਰੂਤੀ’ ਆਦਿ। ਜ਼ਾਹਿਰ ਹੈ ਕਿ ਸਾਡੀਆਂ ਇਨ੍ਹਾਂ ਰਿਪੋਰਟਾਂ ਨਾਲ ਮੁੰਬਈ ਦੇ ਇਸ਼ਤਿਹਾਰ ਜਗਤ ’ਚ ਭੜਥੂ ਪੈ ਗਿਆ ਅਤੇ ਸਾਨੂੰ ਵੱਡੀਆਂ ਇਸ਼ਤਿਹਾਰੀ ਕੰਪਨੀਆਂ ਤੋਂ ਲਾਲਚ ਦਿੱਤੇ ਜਾਣ ਲੱਗੇ, ਜਿਸ ਨੂੰ ਅਸੀਂ ਨਾਮਨਜ਼ੂਰ ਕਰ ਦਿੱਤਾ ਕਿਉਂਕਿ ਸਾਡੀ ਨੀਤੀ ਸੀ ਕਿ ਅਸੀਂ ਲੋਕ ਹਿੱਤ ’ਚ ਅਜਿਹੇ ਇਸ਼ਤਿਹਾਰ ਬਣਾ ਕੇ ਪ੍ਰਸਾਰਿਤ ਕਰੀਏ ਜਿਨ੍ਹਾਂ ’ਚ ਕਿਸੇ ਕੰਪਨੀ ਦੇ ਬ੍ਰਾਂਡ ਦੀ ਪ੍ਰਮੋਸ਼ਨ ਨਾ ਹੋਵੇ ਸਗੋਂ ਅਜਿਹੀਆਂ ਚੀਜ਼ਾਂ ਦਾ ਪ੍ਰਚਾਰ ਹੋਵੇ ਜੋ ਆਮ ਲੋਕਾਂ ਲਈ ਲਾਭਦਾਇਕ ਹਨ।
ਇਸ ਪੂਰੇ ਇਤਿਹਾਸਕ ਘਟਨਾਕ੍ਰਮ ਦਾ ਬਾਬਾ ਰਾਮਦੇਵ ਦੇ ਸੰਦਰਭ ’ਚ ਇੱਥੇ ਵਰਨਣ ਕਰਨਾ ਇਸ ਲਈ ਜ਼ਰੂਰੀ ਸੀ ਤਾਂ ਕਿ ਇਹ ਤੱਥ ਦਰਸਾਇਆ ਜਾ ਸਕੇ ਕਿ ਦੇਸ਼ ’ਚ ਝੂਠੇ ਦਾਅਵਿਆਂ ’ਤੇ ਆਧਾਰਿਤ ਭਰਮਾਊ ਇਸ਼ਤਿਹਾਰਾਂ ਦੀ ਸ਼ੁਰੂ ਤੋਂ ਭਰਮਾਰ ਰਹੀ ਹੈ, ਜਿਨ੍ਹਾਂ ਨੂੰ ਨਾ ਤਾਂ ਮੀਡੀਆ ਨੇ ਕਦੀ ਚੁਣੌਤੀ ਦਿੱਤੀ ਅਤੇ ਨਾ ਹੀ ਕਾਰਜਪਾਲਿਕਾ, ਨਿਆਪਾਲਿਕਾ ਜਾਂ ਵਿਧਾਨਪਾਲਿਕਾ ਨੇ। ਲੋਕਤੰਤਰ ਦੇ ਇਹ ਚਾਰੇ ਥੰਮ੍ਹ ਆਮ ਜਨਤਾ ਨੂੰ ਭਰਮਾਉਣ ਵਾਲੇ ਢੇਰ ਸਾਰੇ ਇਸ਼ਤਿਹਾਰਾਂ ਨੂੰ ਦੇਖ ਕੇ ਵੀ ਅੱਖਾਂ ਮੀਚੀ ਰਹੇ ਅਤੇ ਅੱਜ ਵੀ ਇਹੀ ਸਥਿਤੀ ਹੈ।
ਬਾਬਾ ਰਾਮਦੇਵ ਦੇ ਸਮਰਥਨ ’ਚ ਸੋਸ਼ਲ ਮੀਡੀਆ ’ਤੇ ਕੁਝ ਲੋਕਾਂ ਨੇ ਅਜਿਹੇ ਇਸ਼ਤਿਹਾਰਾਂ ਦੀ ਸੂਚੀ ਪ੍ਰਕਾਸ਼ਿਤ ਕੀਤੀ ਜਿਨ੍ਹਾਂ ਦੇ ਦਾਅਵੇ ਭਰਮਾਊ ਹਨ ਜਿਵੇਂ ਕਿ ਚਮੜੀ ਦਾ ਰੰਗ ਗੋਰਾ ਕਰਨ ਵਾਲੀ ਕ੍ਰੀਮ ਜਾਂ ਫਲਾਂ ਦੇ ਰਸਾਂ ਦੇ ਨਾਂ ’ਤੇ ਵਿਕਣ ਵਾਲੇ ਰਸਾਇਣਕ ਪੀਣ ਵਾਲੇ ਪਦਾਰਥ ਜਾਂ ਸਾਫਟ ਡ੍ਰਿੰਕ ਪੀ ਕੇ ਤਾਕਤਵਰ ਬਣਨ ਦਾ ਦਾਅਵਾ ਜਾਂ ਬੱਚਿਆਂ ਦੀ ਸਿਹਤ ਨੂੰ ਪੋਸ਼ਿਤ ਕਰਨ ਵਾਲੇ ਬੱਚਿਆਂ ਦੇ ਭੋਜਨ ਆਦਿ।
ਮੇਰੇ ਇਸ ਲੇਖ ਦਾ ਮਕਸਦ ਨਾ ਤਾਂ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਣ ਦੇ ਉਨ੍ਹਾਂ ਦਾਅਵਿਆਂ ਦਾ ਸਮਰਥਨ ਕਰਨਾ ਹੈ ਜੋ ਅੱਜਕਲ੍ਹ ਸੁਪਰੀਮ ਕੋਰਟ ’ਚ ਵਿਚਾਰ ਅਧੀਨ ਹਨ, ਨਾ ਹੀ ਅਜਿਹੇ ਭਰਮਾਊ ਦਾਅਵਿਆਂ ਲਈ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਣ ਨੂੰ ਕਟਹਿਰੇ ’ਚ ਖੜ੍ਹਾ ਕਰਨਾ ਹੈ। ਇਸ ਲਈ ਨਹੀਂ ਕਿ ਇਨ੍ਹਾਂ ਦੋਵਾਂ ਨਾਲ ਹੀ ਮੇਰੇ ਨਿਰਸਵਾਰਥ ਡੂੰਘੇ ਆਤਮੀ ਸਬੰਧ ਹਨ ਸਗੋਂ ਇਸ ਲਈ ਕਿ ਅਜਿਹੀ ਗਲਤੀ ਦੇਸ਼ ਦੀਆਂ ਸਾਰੀਆਂ ਵੱਡੀਆਂ-ਵੱਡੀਆਂ ਕੰਪਨੀਆਂ ਆਪਣੇ ਉਦਪਾਦਨਾਂ ਨੂੰ ਲੈ ਕੇ ਦਹਾਕਿਆਂ ਤੋਂ ਕਰਦੀਆਂ ਆਈਆਂ ਹਨ। ਤਾਂ ਫਿਰ ਪਤੰਜਲੀ ਨੂੰ ਹੀ ਕਟਹਿਰੇ ’ਚ ਖੜ੍ਹਾ ਕਿਉਂ ਕੀਤਾ ਜਾਵੇ? ਇਕੋ ਜਿਹੇ ਅਪਰਾਧ ਨੂੰ ਨਾਪਣ ਦੇ ਦੋ ਵੱਖਰੇ ਮਾਪਦੰਡ ਕਿਵੇਂ ਹੋ ਸਕਦੇ ਹਨ?
‘ਨਿੰਦਕ ਨਿਯਰੇ ਰਾਖੀਏ, ਆਂਗਨ ਕੁਟੀ ਛਵਾਯੇ’ ਦੀ ਭਾਵਨਾ ਨਾਲ ਬਾਬਾ ਰਾਮਦੇਵ ਦੀ ਜਨਤਕ ਜ਼ਿੰਦਗੀ ਦੇ ਉਨ੍ਹਾਂ ਪੱਖਾਂ ਨੂੰ ਦਰਸਾਉਣਾ ਚਾਹੁੰਦਾ ਹਾਂ ਜਿਨ੍ਹਾਂ ਕਾਰਨ, ਮੇਰੀ ਨਜ਼ਰ ’ਚ ਅੱਜ ਬਾਬਾ ਰਾਮਦੇਵ ਵਿਵਾਦਾਂ ’ਚ ਘਿਰੇ ਹਨ। ਇਸ ਲੜੀ ’ਚ ਸਭ ਤੋਂ ਪਹਿਲਾ ਵਿਵਾਦ ਦਾ ਕਾਰਨ ਹੈ ਉਨ੍ਹਾਂ ਦਾ ਸੰਨਿਆਸੀ ਭੇਸ ’ਚ ਹੋ ਕੇ ਵਪਾਰ ਕਰਨਾ।
ਕਿਉਂਕਿ ਬਾਬਾ ਰਾਮਦੇਵ ਨੇ ਯੋਗ ਅਤੇ ਭਾਰਤੀ ਸੱਭਿਆਚਾਰ ਦੇ ਬੈਨਰ ਹੇਠ ਆਪਣੀ ਜਨਤਕ ਯਾਤਰਾ ਸ਼ੁਰੂ ਕੀਤੀ ਸੀ ਅਤੇ ਅੱਜ ਉਨ੍ਹਾਂ ਦਾ ਪਤੰਜਲੀ ਸਾਬਣ, ਸ਼ੈਂਪੂ, ਬਿਸਕੁੱਟ, ਕਾਰਨਫਲੈਕਸ ਵਰਗੇ ਸਾਰੇ ਆਧੁਨਿਕ ਉਤਪਾਦ ਬਣਾ ਕੇ ਵੇਚ ਰਿਹਾ ਹੈ, ਜਿਨ੍ਹਾਂ ਦਾ ਯੋਗ ਅਤੇ ਵੈਦਿਕ ਸੱਭਿਆਚਾਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਜੇਕਰ ਬਾਬਾ ਰਾਮਦੇਵ ਦੀਆਂ ਸਰਗਰਮੀਆਂ ਬੜੇ ਛੋਟੇ ਪੱਧਰ ’ਤੇ ਸੀਮਤ ਰਹਿੰਦੀਆਂ ਤਾਂ ਉਹ ਕਿਸੇ ਦੀ ਅੱਖ ’ਚ ਨਾ ਰੜਕਦੇ ਪਰ ਉਨ੍ਹਾਂ ਦਾ ਆਰਥਿਕ ਸਾਮਰਾਜ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਰਫਤਾਰ ਨਾਲ ਵਧਿਆ ਹੈ। ਇਸ ਲਈ ਉਹ ਵੱਧ ਨਜ਼ਰੀਂ ਚੜ੍ਹ ਗਏ ਹਨ।
ਅੰਦੋਲਨ ਦੀ ਸ਼ੁਰੂਆਤ ਤਾਂ ਬਾਬਾ ਨੇ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਵਿਰੁੱਧ ਕੀਤੀ ਸੀ ਪਰ ਇਕ ਹੀ ਸਿਆਸੀ ਪਾਰਟੀ ਨਾਲ ਜੁੜ ਕੇ ਉਹ ਆਪਣੀ ਨਿਰਪੱਖਤਾ ਗੁਆ ਬੈਠੇ। ਇਸ ਲਈ ਉਹ ਆਲੋਚਨਾ ਦੇ ਸ਼ਿਕਾਰ ਬਣੇ।
ਅੰਦੋਲਨ ਦੀ ਸ਼ੁਰੂਆਤ ’ਚ ਬਾਬਾ ਰਾਮਦੇਵ ਨੇ ਆਪਣੇ ਨਾਲ ਦੇਸ਼ ਦੇ ਸਾਰੇ ਕ੍ਰਾਂਤੀਕਾਰੀਆਂ ਅਤੇ ਸਮਾਜਿਕ ਵਰਕਰਾਂ ਨੂੰ ਵੀ ਜੋੜਿਆ ਸੀ। ਇਸ ਨਾਲ ਉਨ੍ਹਾਂ ਦੀ ਭਰੋਸੇਯੋਗਤਾ ਵੀ ਵਧੀ ਅਤੇ ਜਨਤਾ ਦਾ ਉਨ੍ਹਾਂ ’ਤੇ ਭਰੋਸਾ ਵੀ ਵਧਿਆ ਪਰ ਕੇਂਦਰ ’ਚ ਆਪਣੀ ਚਹੇਤੀ ਪਾਰਟੀ ਦੇ ਸੱਤਾ ’ਚ ਆਉਣ ਦੇ ਬਾਅਦ ਉਹ ਸਾਰੇ ਮੁੱਦਿਆਂ ਅਤੇ ਕ੍ਰਾਂਤੀਕਾਰਿਤਾ ਨੂੰ ਵੀ ਭੁੱਲ ਗਏ।
ਸ਼ੁੱਧ ਵਪਾਰ ’ਚ ਜੁਟ ਗਏ। ਇਸ ਨਾਲ ਉਨ੍ਹਾਂ ਦਾ ਵਿਆਪਕ ਵਿਚਾਰਕ ਆਧਾਰ ਵੀ ਖਤਮ ਹੋ ਗਿਆ । ਜੇਕਰ ਉਹ ਅਜਿਹਾ ਨਾ ਕਰਦੇ ਅਤੇ ਧਨ ਕਮਾਉਣ ਦੇ ਨਾਲ ਲੋਕ ਹਿੱਤ ਲਈ ਚਲਾਏ ਜਾ ਰਹੇ ਅੰਦੋਲਨਾਂ ਅਤੇ ਮੁਹਿੰਮਾਂ ਨੂੰ ਉਨ੍ਹਾਂ ਦੀ ਲੋੜ ਅਨੁਸਾਰ ਥੋੜ੍ਹੀ-ਥੋੜ੍ਹੀ ਆਰਥਿਕ ਮਦਦ ਵੀ ਕਰਦੇ ਰਹਿੰਦੇ ਤਾਂ ਉਨ੍ਹਾਂ ਦਾ ਲੋਕ ਆਧਾਰ ਵੀ ਬਣਿਆ ਰਹਿੰਦਾ ਅਤੇ ਯੋਗ ਅਤੇ ਜੁਝਾਰੂ ਸਮਰਥਕਾਂ ਦੀ ਫੌਜ ਵੀ ਉਨ੍ਹਾਂ ਨਾਲ ਖੜ੍ਹੀ ਰਹਿੰਦੀ।
ਜਿੱਥੋਂ ਤੱਕ ਬਾਬੇ ਦੀਆਂ ਆਰਥਿਕ ਸਰਗਰਮੀਆਂ ਨਾਲ ਸਬੰਧਤ ਵਿਵਾਦ ਹਨ ਜਾਂ ਉਨ੍ਹਾਂ ਦੇ ਉਤਪਾਦਾਂ ਦੀ ਗੁਣਵੱਤਾ ਨਾਲ ਸਬੰਧਤ ਸਵਾਲ ਹਨ, ਉਨ੍ਹਾਂ ਉੇੱਤੇ ਇੱਥੇ ਮੈਂ ਟਿੱਪਣੀ ਨਹੀਂ ਕਰ ਰਿਹਾ ਹਾਂ। ਮੈਨੂੰ ਜਾਪਦਾ ਹੈ ਕਿ ਉਮਰ, ਸਮਰੱਥਾ ਅਤੇ ਤਾਕਤ ਨੂੰ ਦੇਖਦੇ ਹੋਏ ਬਾਬਾ ਰਾਮਦੇਵ ’ਚ ਇਸ ਦੇਸ਼ ਦਾ ਭਲਾ ਕਰਨ ਦੀਆਂ ਅੱਜ ਵੀ ਅਥਾਹ ਸੰਭਾਵਨਾਵਾਂ ਹਨ ਜੇਕਰ ਉਹ ਆਪਣੇ ਤੌਰ-ਤਰੀਕਿਆਂ ’ਚ ਲੋੜੀਂਦਾ ਬਦਲਾਅ ਕਰ ਸਕਣ।
ਵਿਨੀਤ ਨਾਰਾਇਣ
ਗਾਜ਼ਾ ’ਚ ਇਜ਼ਰਾਈਲੀ ਕਾਰਵਾਈ ਦੇ ਵਿਰੁੱਧ ਅਮਰੀਕੀ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ’ਚ ਗੁੱਸਾ ਕਿਉਂ
NEXT STORY