ਪੱਛਮੀ ਬੰਗਾਲ ਦੀਆਂ ਪੰਚਾਇਤੀ ਚੋਣਾਂ ’ਚ ਹਿੰਸਾ ਅਤੇ ਨਤੀਜਿਆਂ ਬਾਰੇ ਜੋ ਆਸ ਸੀ, ਠੀਕ ਉਂਝ ਹੀ ਹੋਇਆ। 8 ਜੁਲਾਈ ਨੂੰ 73 ਹਜ਼ਾਰ ਤੋਂ ਵੱਧ ਸੀਟਾਂ (ਗ੍ਰਾਮ ਪੰਚਾਇਤਾਂ, ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ) ਲਈ ਹੋਈਆਂ ਚੋਣਾਂ ’ਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੇ ਪ੍ਰਚੰਡ ਜਿੱਤ ਪ੍ਰਾਪਤ ਕੀਤੀ, ਤਾਂ ਮੁੱਖ ਵਿਰੋਧੀ ਦਲ ਭਾਜਪਾ ਬਹੁਤ ਪਿੱਛੇ, ਦੂਜੇ ਸਥਾਨ ’ਤੇ ਰਹੀ ਪਰ ਇਨ੍ਹਾਂ ਚੋਣ ਨਤੀਜਿਆਂ ਤੋਂ ਜ਼ਿਆਦਾ ਚਰਚਾ ਚੋਣ ਪ੍ਰਕਿਰਿਆ ਦੌਰਾਨ ਹੋਈ ਭਿਆਨਕ ਹਿੰਸਾ ਦੀ ਹੈ। ਸਿਆਸੀ ਵਰਕਰਾਂ ਦਰਮਿਆਨ ਹਿੰਸਕ ਝੜਪਾਂ, ਗੋਲੀਬਾਰੀ, ਬੰਬਾਰੀ ਅਤੇ ਸਾੜ-ਫੂਕ ’ਚ ਅਧਿਕਾਰਤ ਅੰਕੜਿਆਂ ਅਨੁਸਾਰ 20 ਲੋਕ ਮਾਰੇ ਗਏ ਹਨ। ਮ੍ਰਿਤਕਾਂ ਦੀ ਗਿਣਤੀ ਇਸ ਤੋਂ ਵੱਧ ਹੋ ਸਕਦੀ ਹੈ। ਅਰਾਜਕਤਾ ਅਤੇ ਵੋਟ ਪੇਟੀਆਂ ਨੂੰ ਖੁੱਲ੍ਹੇਆਮ ਲੁੱਟਣ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹਨ। ਇਹ ਵਿਕਰਾਲ ਸਥਿਤੀ ਤਦ ਦਿਸੀ ਜਦ ਚੋਣਾਂ ਲਈ 25 ਸੂਬਿਆਂ ਤੋਂ ਕੇਂਦਰੀ ਹਥਿਆਰਬੰਦ ਪੁਲਸ ਬਲ (ਸੀ. ਏ. ਪੀ. ਐੱਫ.) ਅਤੇ ਸੂਬਾ ਹਥਿਆਰਬੰਦ ਪੁਲਸ ਦੇ 59,000 ਜਵਾਨ ਤਾਇਨਾਤ ਸਨ। ਸਵਾਲ ਇਹ ਹੈ ਕਿ ਭਾਰੀ ਗਿਣਤੀ ’ਚ ਸੁਰੱਖਿਆ ਬਲਾਂ ਦੀ ਹਾਜ਼ਰੀ ਅਤੇ ਪਹਿਲਾਂ ਤੋਂ ਹਿੰਸਾ ਦਾ ਖਦਸ਼ਾ ਹੋਣ ਦੇ ਬਾਅਦ ਵੀ ਖੂਨ-ਖਰਾਬੇ ਨੂੰ ਲਗਾਮ ਕਿਉਂ ਨਹੀਂ ਪੈ ਸਕੀ?
ਉਪਰੋਕਤ ਸਵਾਲ ਦਾ ਇਕ ਉੱਤਰ 9 ਜੁਲਾਈ ਨੂੰ ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ.) ਦੇ ਡਾਇਰੈਕਟਰ ਜਨਰਲ ਸੁਰਜੀਤ ਸਿੰਘ ਗੁਲੇਰੀਆ ਦੇ ਬਿਆਨ ਤੋਂ ਮਿਲ ਜਾਂਦਾ ਹੈ। ਉਨ੍ਹਾਂ ਅਨੁਸਾਰ ਜਿਨ੍ਹਾਂ ਸਥਾਨਾਂ ’ਤੇ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਸੀ, ਉੱਥੇ ਕਿਸੇ ਦੇ ਮਾਰੇ ਜਾਣ ਦੀ ਸੂਚਨਾ ਨਹੀਂ ਮਿਲੀ ਅਤੇ ਉੱਥੇ ਚੋਣਾਂ ਸੁਚਾਰੂ ਢੰਗ ਨਾਲ ਸੰਪੰਨ ਹੋਈਆਂ। ਸਾਨੂੰ ਸੰਵੇਦਨਸ਼ੀਲ, ਅਤਿ-ਸੰਵੇਦਨਸ਼ੀਲ ਵੋਟਿੰਗ ਕੇਂਦਰਾਂ ਦੀ ਸੂਚੀ ਨਹੀਂ ਮਿਲੀ, ਜੋ ਸੁਰੱਖਿਆ ਬਲਾਂ ਦੀ ਤਾਇਨਾਤੀ ਲਈ ਸਹਾਇਕ ਹੁੰਦੀ। ਅਸੀਂ ਸੂਬਾਈ ਇਲੈਕਸ਼ਨ ਕਮਿਸ਼ਨ (ਸੀ. ਈ. ਸੀ.) ਨੂੰ ਇਸ ਬਾਰੇ ਲਿਖਿਆ ਸੀ ਪਰ ਜ਼ਰੂਰੀ ਜਾਣਕਾਰੀ ਨਹੀਂ ਮਿਲੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਬੀ. ਐੱਸ. ਐੱਫ. ਨੇ ਵਾਰ-ਵਾਰ ਸੀ. ਈ. ਸੀ. ਕੋਲੋਂ ਉਨ੍ਹਾਂ ਬੂਥਾਂ ਦੀ ਜਾਣਕਾਰੀ ਮੰਗੀ ਸੀ ਜੋ ਅਤਿ-ਸੰਵੇਦਨਸ਼ੀਲ ਹਨ ਪਰ ਸੂਬਾਈ ਚੋਣ ਕਮਿਸ਼ਨ ਨੇ ਸਿਰਫ਼ ਸੰਵੇਦਨਸ਼ੀਲ ਬੂਥਾਂ ਦੀ ਗਿਣਤੀ ਦੱਸੀ। ਹੁਣ ਉਹ ਸੰਵੇਦਨਸ਼ੀਲ ਬੂਥ ਕਿੱਥੇ ਸਨ, ਇਸ ਦਾ ਕੋਈ ਜ਼ਿਕਰ ਨਹੀਂ ਕੀਤਾ। ਬੰਗਾਲ ’ਚ ਇਸ ਤਰ੍ਹਾਂ ਦੀ ਚੋਣ ਹਿੰਸਾ ਕੋਈ ਪਹਿਲੀ ਵਾਰ ਨਹੀਂ ਹੈ। ਇਸ ਦਾ ਇਕ ਲੰਮਾ ਅਤੇ ਦੁਖਦ ਇਤਿਹਾਸ ਹੈ।
ਆਜ਼ਾਦ ਭਾਰਤ ’ਚ ਚੋਣਾਂ ਸਮੇਂ ਥੋੜ੍ਹੀ-ਬਹੁਤ ਹਿੰਸਾ ਦੀਆਂ ਖਬਰਾਂ ਆਉਂਦੀਆਂ ਰਹੀਆਂ ਹਨ ਪਰ ਪੱਛਮੀ ਬੰਗਾਲ ਨਾਲ ਕੇਰਲ-ਚੋਣਾਂ ਅਤੇ ਆਮ ਦਿਨਾਂ ’ਚ ‘ਸਿਆਸੀ ਖ਼ੂਨ-ਖ਼ਰਾਬਾ’, ‘ਦੂਜੇ ਵਿਚਾਰਾਂ ਪ੍ਰਤੀ ਅਸਹਿਣਸ਼ੀਲਤਾ’ ਅਤੇ ‘ਵਿਰੋਧੀਆਂ ਨੂੰ ਦੁਸ਼ਮਣ ਸਮਝਣ’ ਸਬੰਧੀ ਚਿੰਤਨ ਦੇ ਮਾਮਲੇ ’ਚ ਸਭ ਤੋਂ ਵੱਧ ਦਾਗਦਾਰ ਹਨ। ਇਹ ਸਥਿਤੀ ਤਦ ਹੈ, ਜਦ ਇਹ ਦੋਵੇਂ ਸੂਬੇ ਆਪਣੇ ਮਾਣਮੱਤੇ ਇਤਿਹਾਸ ਨਾਲ ਭਾਰਤ ਦੇ ਗੌਰਵ, ਸੰਗੀਤ, ਨ੍ਰਿਤ, ਤਿਉਹਾਰ, ਭੋਜਨ ਆਦਿ ਲਈ ਪ੍ਰਸਿੱਧ ਰਹੇ ਹਨ। ਕੇਰਲ ਜਿੱਥੇ ਭਾਰਤ ਦੇ ਮਹਾਨ ਵੈਦਿਕ ਦਾਰਸ਼ਨਿਕਾਂ ’ਚੋਂ ਇਕ ਆਦਿ ਸ਼ੰਕਰਾਚਾਰੀਆ ਦੀ ਜਨਮਭੂਮੀ ਹੈ, ਤਾਂ ਪੱਛਮੀ ਬੰਗਾਲ ਨੂੰ ਰਾਮਕ੍ਰਿਸ਼ਨ ਪਰਮਹੰਸ, ਸਵਾਮੀ ਵਿਵੇਕਾਨੰਦ, ਸ਼੍ਰੀ ਅਰਵਿੰਦ ਘੋਸ਼ ਅਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜਨਮ ਭੂਮੀ ਹੋਣ ਦਾ ਮਾਣ ਪ੍ਰਾਪਤ ਹੈ। ਪੱਛਮੀ ਬੰਗਾਲ ਭਾਰਤ ਦੇ ਸਮਾਜਿਕ, ਸੱਭਿਆਚਾਰਕ ਅਤੇ ਸਿਆਸੀ ਪੁਨਰ-ਜਾਗਰਣ ਦੀ ਅਗਵਾਈ ਕਰ ਚੁੱਕਾ ਹੈ। ਦੇਸ਼ ਨੂੰ ਪਹਿਲਾ ਨੋਬਲ ਪੁਰਸਕਾਰ ਬੰਗਾਲ ’ਚ ਜਨਮੇ ਰਬਿੰਦਰਨਾਥ ਟੈਗੋਰ ਨੂੰ ਸਾਲ 1913 ’ਚ ਮਿਲਿਆ ਸੀ, ਜਿਨ੍ਹਾਂ ਨੇ ਭਾਰਤ ਦੇ ਰਾਸ਼ਟਰਗਾਨ ਦੀ ਰਚਨਾ ਵੀ ਕੀਤੀ ਸੀ। ਬੰਕਿਮਚੰਦਰ ਚੈਟਰਜੀ ਵੱਲੋਂ ਰਚਿਤ ਰਾਸ਼ਟਰਗੀਤ ਵੰਦੇ ਮਾਤਰਮ ਦਾ ਪਹਿਲਾ ਐਲਾਨ ਵੀ ਬੰਗਾਲ ਦੀ ਧਰਤੀ ’ਤੇ 1896 ’ਚ ਹੋਇਆ ਸੀ। ਲਗਭਗ ਇਕ ਸਦੀ ਪਹਿਲਾਂ ਬੰਗਾਲ ਦੇ ਤਤਕਾਲੀ ਕਾਂਗਰਸ ਆਗੂ ਗੋਪਾਲ ਕ੍ਰਿਸ਼ਨ ਗੋਖਲੇ ਨੇ ਕਿਹਾ ਸੀ, ‘ਬੰਗਾਲ ਜੋ ਅੱਜ ਸੋਚਦਾ ਹੈ, ਭਾਰਤ ਉਹ ਕੱਲ੍ਹ ਸੋਚਦਾ ਹੈ।’
ਇੰਨਾ ਖੁਸ਼ਹਾਲ ਅਤੀਤ ਹੋਣ ਦੇ ਬਾਅਦ ਪੱਛਮੀ ਬੰਗਾਲ ਦੀ ਕੁੰਡਲੀ ’ਚ ਰਾਹੂ ਦਾ ਪ੍ਰਵੇਸ਼ ਕਦ ਹੋਇਆ? ਇਹ ਖੇਤਰ ਪਹਿਲੇ ਪਲਾਸੀ ਦੇ ਯੁੱਧ (1757) ਪਿੱਛੋਂ ਬਰਤਾਨਵੀ ਦਮਨ ਦਾ ਸ਼ਿਕਾਰ ਹੋਇਆ। ਜਦ 1947 ’ਚ ਦੇਸ਼ ਦੀ ਇਸਲਾਮ ਦੇ ਨਾਂ ’ਤੇ ਵੰਡ ਹੋਈ ਤਦ ਪੰਜਾਬ ਦੇ ਨਾਲ ਬੰਗਾਲ ਨੇ ਵੀ ਇਸ ਦੀ ਸਭ ਤੋਂ ਵੱਧ ਭਿਆਨਕ ਤ੍ਰਾਸਦੀ ਨੂੰ ਝੱਲਿਆ। 16 ਅਗਸਤ, 1946 ਨੂੰ ਮੁਸਲਿਮ ਲੀਗ ਵੱਲੋਂ ਐਲਾਨੀ ਸਿੱਧੀ ਕਾਰਵਾਈ, ਜਿਸ ’ਚ ਭੜਕੀ ਇਸਲਾਮੀ ਭੀੜ ਨੇ ਹਜ਼ਾਰਾਂ ਹਿੰਦੂਆਂ ਨੂੰ ਮਜ਼੍ਹਬ ਦੇ ਨਾਂ ’ਤੇ ਮੌਤ ਦੇ ਘਾਟ ਉਤਾਰ ਦਿੱਤਾ ਸੀ, ਉਨ੍ਹਾਂ ਦੀਆਂ ਔਰਤਾਂ ਨਾਲ ਜਬਰ-ਜ਼ਨਾਹ ਅਤੇ ਅਣਗਿਣਤ ਗੈਰ-ਮੁਸਲਮਾਨਾਂ ਦਾ ਜਬਰੀ ਧਰਮ ਪਰਿਵਰਤਨ ਇਸ ਦਾ ਪ੍ਰਤੱਖ ਪ੍ਰਮਾਣ ਹੈ।
ਕੁਝ ਦਹਾਕੇ ਪਹਿਲਾਂ ਬੰਗਾਲ ਦੇ ਜਨਤਕ ਜੀਵਨ ’ਚ ਮੁਸਲਿਮ ਲੀਗ ਨੇ ਖੂਨੀ ਹਿੰਸਾ ਦੀ ਜਿਸ ਜ਼ਮੀਨ ਨੂੰ ਤਿਆਰ ਕੀਤਾ ਸੀ, ਸਮਾਂ ਪਾ ਕੇ ਖੱਬੇਪੱਖੀਆਂ ਨੇ ਉਸ ’ਤੇ ਫਸਲ ਬੀਜਣ ਦਾ ਕੰਮ ਕੀਤਾ। ਹਿੰਸਾ ਮਾਰਕਸਵਾਦ ਦੇ ਕੇਂਦਰ ’ਚ ਹੈ ਅਤੇ ਇਸੇ ਪ੍ਰੇਰਨਾ ਨੂੰ ਲੈ ਕੇ ਖੱਬੇਪੱਖੀਆਂ ਨੇ ਮਈ 1967 ’ਚ ਪੱਛਮੀ ਬੰਗਾਲ ’ਚ ਸਥਿਤ ਨਕਸਲਬਾੜੀ (ਕਲਕੱਤਾ-ਦਾਰਜੀਲਿੰਗ ਰੇਲ ਮਾਰਗ ’ਤੇ ਕਦੀ ਪਿੰਡ ਪਰ ਹੁਣ ਕਸਬਾ) ’ਚ ਭਾਰਤ ਵਿਰੋਧੀ ਮਾਓਵਾਦ/ਨਕਸਲਵਾਦ ਦਾ ਬੀਜ ਬੀਜਿਆ ਸੀ, ਜਿਸ ’ਚ ਨਕਸਲੀ ਦਾਨਵਾਂ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਇਕੱਲੇ 1997-2017 ਦਰਮਿਆਨ 12 ਹਜ਼ਾਰ ਨਿਰਦੋਸ਼ਾਂ ਦੀ ਹੱਤਿਆ ਕਰ ਦਿੱਤੀ ਸੀ।
ਸਾਲ 1977-2011 ਤਕ ਦੇ 34 ਸਾਲਾਂ ਦੇ ਖੱਬੇਪੱਖੀ ਸ਼ਾਸਨ ਨੇ ਆਪਣੀ ਵਿਚਾਰਧਾਰਾ ਅਨੁਸਾਰ ਪੱਛਮੀ ਬੰਗਾਲ ’ਚ ‘ਸਿਆਸੀ ਸੰਵਾਦ’ ਦੀ ਥਾਂ ਵਿਰੋਧੀਆਂ (ਵਿਚਾਰਧਾਰਕ-ਸਿਆਸੀ) ਨੂੰ ਮਾਰਨ ਦਾ ‘ਮਨਪਸੰਦ ਕੰਮ’ ਬਣਾ ਦਿੱਤਾ। ਯੋਜਨਾਬੱਧ ਤਰੀਕੇ ਨਾਲ ਸੱਤਾਧਾਰੀਆਂ ਨੇ ਸਥਾਨਕ ਗੁੰਡਿਆਂ, ਜਿਹਾਦੀਆਂ ਅਤੇ ਭੰਨ-ਤੋੜ ਕਰਨ ਵਾਲੇ ਤੱਤਾਂ ਦੀ ਪੁਸ਼ਤ-ਪਨਾਹੀ ਕੀਤੀ ਅਤੇ ਫਿਰ ਉਨ੍ਹਾਂ ਰਾਹੀਂ ਹੀ ਸਿਆਸੀ ਅਤੇ ਵਿਚਾਰਧਾਰਕ ਵਿਰੋਧੀਆਂ (ਆਰ. ਐੱਸ. ਐੱਸ.-ਭਾਜਪਾ) ਸਮੇਤ ਸਾਰਿਆਂ ਨੂੰ ਕੰਟਰੋਲ ਕਰਨ ਜਾਂ ਤੰਗ ਕਰਨ ਦਾ ਕੰਮ ਸ਼ੁਰੂ ਹੋਇਆ। ਸਾਲ 1997 ’ਚ ਪੱਛਮੀ ਬੰਗਾਲ ਦੀ ਤਤਕਾਲੀ ਖੱਬੇਪੱਖੀ ਸਰਕਾਰ ’ਚ ਗ੍ਰਹਿ ਮੰਤਰੀ ਰਹੇ ਬੁੱਧਦੇਵ ਭੱਟਾਚਾਰੀਆ ਨੇ ਵਿਧਾਨ ਸਭਾ ’ਚ ਜਾਣਕਾਰੀ ਦਿੱਤੀ ਸੀ ਕਿ ਸੂਬੇ ’ਚ 1977-96 ਦਰਮਿਆਨ ਸਿਆਸੀ ਹਿੰਸਾ ’ਚ ਕੁਲ 28 ਹਜ਼ਾਰ ਲੋਕ ਮਾਰੇ ਗਏ ਸਨ। ਇਹ ਅੰਕੜਾ ਬਕੌਲ ਖੱਬੇਪੱਖੀ ਅਖਬਾਰ, 2009 ’ਚ ਵਧ ਕੇ 55,000 ਤੱਕ ਪਹੁੰਚ ਗਿਆ ਸੀ। ਇਸ ਹਿੰਸਕ ਕੁਚੱਕਰ ਨੂੰ ਸਾਲ 2007-08 ’ਚ ਤਦ ਹੋਰ ਰਫ਼ਤਾਰ ਮਿਲੀ ਜਦ ਨੰਦੀਗ੍ਰਾਮ ’ਚ ਇਕ ਉਦਯੋਗਿਕ ਪ੍ਰਾਜੈਕਟ ਲਈ ਤਤਕਾਲੀ ਖੱਬੇਪੱਖੀ ਸਰਕਾਰ ਨੇ ਜ਼ਮੀਨ ਐਕਵਾਇਰ ਕਰਨ ਲਈ ਵਿਆਪਕ ਮੁਹਿੰਮ ਚਲਾਈ ਸੀ। ਇਸ ਘਟਨਾ ਨਾਲ ਸੂਬਾਈ ਸਿਆਸਤ ’ਚ ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ ਦਾ ਕੱਦ ਵਧ ਗਿਆ ਅਤੇ ਉਨ੍ਹਾਂ ਨੇ ਸਾਲ 2011 ’ਚ ਬੰਗਾਲ ’ਚੋਂ ਸਾਢੇ 3 ਦਹਾਕੇ ਪੁਰਾਣੇ ਖੱਬੇਪੱਖੀ ਸ਼ਾਸਨ ਨੂੰ ਉਖਾੜ ਸੁੱਟਿਆ।
ਆਸ ਸੀ ਕਿ ਖੱਬੇਪੱਖੀਆਂ ਤੋਂ ਮੁਕਤੀ ਪਿੱਛੋਂ ਪੱਛਮੀ ਬੰਗਾਲ ’ਚ ਗੁੰਡਿਆਂ ਦੀ ਸਲਤਨਤ ਨਾ ਹੋ ਕੇ ਚੰਗਾ ਸ਼ਾਸਨ ਅਤੇ ਕਾਨੂੰਨ-ਲੋਕਤੰਤਰ ਦਾ ਸ਼ਾਸਨ ਹੋਵੇਗਾ ਪਰ ਬੀਤੇ 12 ਸਾਲਾਂ ’ਚ ਇਹ ਸਥਿਤੀ ਪਹਿਲਾਂ ਤੋਂ ਜ਼ਿਆਦਾ ਖੂਨੀ, ਵਿਸ਼ੇਸ਼ ਕਰ ਕੇ ਹਿੰਦੂ ਵਿਰੋਧੀ ਹੋ ਗਈ। ਅਜਿਹਾ ਇਸ ਲਈ ਹੋਇਆ ਕਿਉਂਕਿ ਖੱਬੇਪੱਖੀ ਸ਼ਾਸਨ ’ਚ ਜੋ ਅਪਰਾਧੀ ਮਾਨਸਿਕਤਾ ਨਾਲ ਗ੍ਰਸਤ ਸਮੂਹ ਮਾਰਕਸਵਾਦੀ ਮੁਖੌਟਾ ਪਹਿਨ ਕੇ ਘੁੰਮਿਆ ਕਰਦੇ ਸਨ, ਉਹ ਰਾਤੋ-ਰਾਤ ਤ੍ਰਿਣਮੂਲ ਕਾਂਗਰਸ ਦੇ ਵਰਕਰ ਅਤੇ ਸਥਾਨਕ ਆਗੂ ਬਣ ਗਏ ਅਤੇ ਉਨ੍ਹਾਂ ਨੇ ਵਿਚਾਰਧਾਰਕ ਕਾਰਨਾਂ ਕਰ ਕੇ ਵਿਰੋਧੀਆਂ ਨੂੰ ਮੌਤ ਦੇ ਘਾਟ ਉਤਾਰਨਾ ਜਾਰੀ ਰੱਖਿਆ। ਪੰਚਾਇਤੀ ਚੋਣਾਂ ’ਚ ਹਿੰਸਾ ਅਤੇ ਵੋਟ ਪੇਟੀਆਂ ਦੀ ਲੁੱਟ ਇਸ ਦਾ ਪ੍ਰਮਾਣ ਹੈ। ਪ੍ਰਦੇਸ਼ ’ਚ ਹਿੰਸਾ ਅਤੇ ਖੂਨ-ਖਰਾਬੇ ਦਾ ਇਹ ਕੁਚੱਕਰ ਕਦ ਰੁਕੇਗਾ, ਇਸ ਦਾ ਜਵਾਬ ਭਵਿੱਖ ਦੇ ਗਰਭ ’ਚ ਹੈ।
ਬਲਬੀਰ ਪੁੰਜ
ਹੁਣ ਚੀਨ ਵਲੋਂ ਦੁਨੀਆ ’ਤੇ ਧਾਤੂ ਹਮਲਾ
NEXT STORY