ਸ਼ਿਵ ਸੈਨਾ ਚਾਹੁੰਦੀ ਸੀ ਕਿ ਏਕਨਾਥ ਸ਼ਿੰਦੇ ਨੂੰ ਮੁੜ ਮੁੱਖ ਮੰਤਰੀ ਬਣਾ ਦਿੱਤਾ ਜਾਵੇ ਜਾਂ ਢਾਈ ਸਾਲ ਦਾ ਕਾਰਜਕਾਲ ਦਿੱਤਾ ਜਾਵੇ। ਹਾਲਾਂਕਿ, ਭਾਜਪਾ ਨੇ ਇਸ ਨੂੰ ਰੱਦ ਕਰ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨੇ ਰਸਮੀ ਤੌਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕਿਹਾ ਕਿ ਉਹ ਨਵੇਂ ਮੁੱਖ ਮੰਤਰੀ ਦੇ ਉਨ੍ਹਾਂ ਦੇ ਫੈਸਲੇ ਦੀ ਪਾਲਣਾ ਕਰਨਗੇ, ਜਦੋਂ ਕਿ ਸ਼ਿਵ ਸੈਨਾ ਨੇ ਸੰਕੇਤ ਦਿੱਤਾ ਕਿ ਉਹ ਨਵੀਂ ਪ੍ਰਣਾਲੀ ਵਿਚ ਡਿਪਟੀ ਸੀ. ਐੱਮ. ਵਜੋਂ ਕੰਮ ਨਹੀਂ ਕਰੇਗੀ।
ਸੂਤਰਾਂ ਮੁਤਾਬਕ ਮੁੱਖ ਮੰਤਰੀ ਦੇ ਅਹੁਦੇ ਦੀ ਭਰਪਾਈ ਕਰਨ ਲਈ ਭਾਜਪਾ ਮਹਾਰਾਸ਼ਟਰ ਦੇ 12 ਕੈਬਨਿਟ ਅਹੁਦਿਆਂ ਸਮੇਤ 3 ਵੱਡੇ ਵਿਭਾਗ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਨੂੰ ਦੇ ਸਕਦੀ ਹੈ। ਮਹਾਯੁਤੀ ਗੱਠਜੋੜ ਦੀ ਤੀਜੀ ਧਿਰ ਅਜੀਤ ਪਵਾਰ ਦੀ ਅਗਵਾਈ ਵਾਲੀ ਐੱਨ. ਸੀ. ਪੀ. ਨੂੰ ਵਿੱਤ ਵਿਭਾਗ ਸਮੇਤ ਮੰਤਰੀ ਮੰਡਲ ’ਚ 9 ਸੀਟਾਂ ਮਿਲ ਸਕਦੀਆਂ ਹਨ।
ਮਹਾਰਾਸ਼ਟਰ ਵਿਚ ਮੁੱਖ ਮੰਤਰੀ ਸਮੇਤ ਵੱਧ ਤੋਂ ਵੱਧ 43 ਮੰਤਰੀ ਹੋ ਸਕਦੇ ਹਨ ਅਤੇ ਭਾਜਪਾ ਵਲੋਂ ਅੱਧੇ ਅਹੁਦੇ ਰੱਖਣ ਦੀ ਸੰਭਾਵਨਾ ਹੈ, ਜਦੋਂ ਕਿ ਭਾਜਪਾ ਆਗੂ ਦੇਵੇਂਦਰ ਫੜਨਵੀਸ, ਏਕਨਾਥ ਸ਼ਿੰਦੇ ਅਤੇ ਅਜੀਤ ਪਵਾਰ ਨੇ ਵੀਰਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰਿਹਾਇਸ਼ ’ਤੇ ਭਾਜਪਾ ਦੇ ਚੋਟੀ ਦੇ ਆਗੂਆਂ ਨਾਲ ਮੁਲਾਕਾਤ ਕੀਤੀ। ਆਗੂਆਂ ਨੇ ਮੁੱਖ ਮੰਤਰੀ ਦਾ ਅਹੁਦਾ, ਮੰਤਰੀ ਮੰਡਲ ਵਿਚ ਥਾਂ ਅਤੇ ਸਹੁੰ ਚੁੱਕ ਸਮਾਗਮ ਬਾਰੇ ਚਰਚਾ ਕੀਤੀ। ਸੂਤਰਾਂ ਮੁਤਾਬਕ ਮਹਾਰਾਸ਼ਟਰ ਦੇ ਸੀ. ਐੱਮ. ਲਈ ਫੜਨਵੀਸ ਦੇ ਨਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ।
ਟੀ. ਐੱਮ. ਸੀ. ਦਾ ਨਜ਼ਰੀਆ ਵੀ ਵੱਖਰਾ
ਅਮਰੀਕਾ ਵਿਚ ਉਦਯੋਗਪਤੀ ਗੌਤਮ ਅਡਾਣੀ ਦੇ ਸਮੂਹ ਵਿਰੁੱਧ ਧੋਖਾਧੜੀ ਅਤੇ ਰਿਸ਼ਵਤਖੋਰੀ ਦੇ ਦੋਸ਼ਾਂ ਦਾ ਮੁੱਦਾ ਲਗਾਤਾਰ ਉਠਾਉਣ ਵਾਲੀ ਕਾਂਗਰਸ ਦੇ ਨਜ਼ਰੀਏ ਦੇ ਉਲਟ, ਟੀ. ਐੱਮ. ਸੀ. ਨੇ ਕਿਹਾ ਹੈ ਕਿ ਉਹ ਲੋਕਾਂ ਨਾਲ ਜੁੜੇ ਮੁੱਦਿਆਂ ’ਤੇ ਆਪਣਾ ਜ਼ੋਰ ਜਾਰੀ ਰੱਖੇਗੀ। ਟੀ. ਐੱਮ. ਸੀ. ਲੀਡਰਸ਼ਿਪ ਨੇ ਉਨ੍ਹਾਂ ਮੁੱਦਿਆਂ ਦੀ ਪਛਾਣ ਕੀਤੀ ਹੈ ਜਿਨ੍ਹਾਂ ’ਤੇ ਉਹ ਸੰਸਦ ਦੇ ਦੋਵਾਂ ਸਦਨਾਂ ਵਿਚ ਚਰਚਾ ਕਰਨਾ ਚਾਹੁੰਦੀ ਹੈ।
ਇਹ ਮੁੱਦੇ ਹਨ ਮਹਿੰਗਾਈ, ਬੇਰੁਜ਼ਗਾਰੀ, ਮਣੀਪੁਰ ਵਿਚ ਤਣਾਅਪੂਰਨ ਸਥਿਤੀ ਅਤੇ ਪੱਛਮੀ ਬੰਗਾਲ ਨੂੰ ਕੇਂਦਰੀ ਫੰਡਾਂ ਤੋਂ ਕਥਿਤ ਤੌਰ ’ਤੇ ਵਾਂਝੇ ਕਰਨਾ। ਟੀ. ਐੱਮ. ਸੀ. ਰਾਸ਼ਟਰੀ ਪੱਧਰ ’ਤੇ ਵਿਰੋਧੀ ਧਿਰ ਦੇ ‘ਇੰਡੀਆ’ ਬਲਾਕ ਦਾ ਹਿੱਸਾ ਹੋਣ ਦੇ ਬਾਵਜੂਦ, ਇਹ ਚੁਣਾਵੀ ਤੌਰ ’ਤੇ ਸਮੂਹ ਨਾਲ ਭਾਈਵਾਲੀ ਨਹੀਂ ਕਰਦੀ। ਇਸ ਨੇ ਕਿਹਾ ਹੈ ਕਿ ਭਾਵੇਂ ਉਹ ਬਲਾਕ ਦਾ ਹਿੱਸਾ ਬਣੀ ਹੋਈ ਹੈ, ਪਰ ਉਸ ਦਾ ਨਜ਼ਰੀਆ ਵੀ ਵੱਖਰਾ ਹੈ।
ਰਾਜਸਥਾਨ ਵਿਚ ਕਾਂਗਰਸ ਦੀ ਜਿੱਤ ਇਕ ਵੱਡਾ ਸਬਕ ਅਤੇ ਝਟਕਾ
ਰਾਜਸਥਾਨ ਵਿਚ ਹੋਈਆਂ 7 ਵਿਧਾਨ ਸਭਾ ਜ਼ਿਮਨੀ ਚੋਣਾਂ ਵਿਚੋਂ ਸਿਰਫ਼ ਇਕ ਵਿਚ ਕਾਂਗਰਸ ਦੀ ਜਿੱਤ ਇਕ ਵੱਡਾ ਸਬਕ ਅਤੇ ਝਟਕਾ ਹੈ, ਜਿਸ ਦਾ ਦੋਸ਼ ਪਾਰਟੀ ਵੱਲੋਂ ‘ਇੰਡੀਆ’ ਬਲਾਕ ਅਧੀਨ ਸਾਂਝੇ ਉਮੀਦਵਾਰ ਖੜ੍ਹੇ ਕਰਨ ਦੀ ਬਜਾਏ ਇਕੱਲਿਆਂ ਹੀ ਚੋਣ ਲੜਨ ਦੇ ਫੈਸਲੇ ’ਤੇ ਲਾਇਆ ਜਾ ਰਿਹਾ ਹੈ। ਕਾਂਗਰਸ ਨੇ ਜ਼ਿਮਨੀ ਚੋਣ ਵਿਚ ਦੌਸਾ ਸੀਟ ਬਰਕਰਾਰ ਰੱਖੀ, ਪਰ ਪਿਛਲੇ ਸਾਲ ਵਿਧਾਨ ਸਭਾ ਚੋਣਾਂ ਵਿਚ ਜਿੱਤੀਆਂ ਤਿੰਨ ਹੋਰ ਸੀਟਾਂ ਗੁਆ ਦਿੱਤੀਆਂ।
ਇਸ ਕਾਰਨ 200 ਮੈਂਬਰੀ ਵਿਧਾਨ ਸਭਾ ਵਿਚ ਕਾਂਗਰਸ ਦੀ ਗਿਣਤੀ ਘਟ ਕੇ 66 ਰਹਿ ਗਈ ਹੈ। ਇਸ ਮਾੜੀ ਕਾਰਗੁਜ਼ਾਰੀ ਦਾ ਠੀਕਰਾ ਮੁੱਖ ਤੌਰ ’ਤੇ ਕਾਂਗਰਸ ਦੇ ਸੂਬਾ ਪ੍ਰਧਾਨ ਗੋਵਿੰਦ ਸਿੰਘ ਡੋਟਾਸਰਾ ਸਿਰ ਭੱਜੇਗਾ। ਹੁਣ ਡੋਟਾਸਰਾ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਇਹ ਤੈਅ ਨਹੀਂ ਹੈ ਕਿ ਉਨ੍ਹਾਂ ਦੀ ਥਾਂ ਕੌਣ ਲਵੇਗਾ। ਸੂਤਰਾਂ ਮੁਤਾਬਕ ਪਾਰਟੀ ਆਗਾਮੀ ਫੇਰਬਦਲ ’ਚ ਸਚਿਨ ਪਾਇਲਟ ਨੂੰ ਰਾਜਸਥਾਨ ਦਾ ਪੀ. ਸੀ. ਸੀ. ਦਾ ਮੁਖੀ ਨਿਯੁਕਤ ਕਰ ਸਕਦੀ ਹੈ।
ਝਾਰਖੰਡ ’ਚ ਡਬਲ ਇੰਜਣ ਦੀ ਕਹਾਣੀ ’ਤੇ ਲੱਗੀ ਰੋਕ
ਡਬਲ ਇੰਜਣ ਵਾਲੇ ਬਿਰਤਾਂਤ ਨੂੰ ਅੱਗੇ ਵਧਾਉਣ ਲਈ ਭਾਜਪਾ ਦੇ ਜ਼ੋਰਦਾਰ ਯਤਨਾਂ ਦੇ ਬਾਵਜੂਦ, ਪਾਰਟੀ ਝਾਰਖੰਡ ਦੇ ਵੋਟਰਾਂ ਨੂੰ ਆਕਰਸ਼ਿਤ ਕਰਨ ਵਿਚ ਅਸਫਲ ਰਹੀ। ਹਾਲਾਂਕਿ, ਪਾਰਟੀ ਕੋਲ 3 ਆਦਿਵਾਸੀ ਸਾਬਕਾ ਮੁੱਖ ਮੰਤਰੀ ਅਰਜੁਨ ਮੁੰਡਾ, ਬਾਬੂਲਾਲ ਮਰਾਂਡੀ ਅਤੇ ਚੰਪਾਈ ਸੋਰੇਨ ਹਨ। ਭਾਜਪਾ ਦੀ ਚੋਣ ਮੁਹਿੰਮ ਦੀ ਅਗਵਾਈ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕੀਤੀ।
ਦੂਜੇ ਪਾਸੇ ‘ਇੰਡੀਆ’ ਬਲਾਕ ਦੇ ਦੋ ਪ੍ਰਮੁੱਖ ਚਿਹਰੇ ਹੇਮੰਤ ਸੋਰੇਨ ਅਤੇ ਕਲਪਨਾ ਸੋਰੇਨ ਸਨ। ਇਸ ਚੋਣ ਵਿਚ ਕਲਪਨਾ ਸੋਰੇਨ ਇਕ ਪ੍ਰਮੁੱਖ ਆਗੂ ਵਜੋਂ ਉੱਭਰੀ। ਹੇਮੰਤ ਸੋਰੇਨ ਨੇ ਆਪਣੇ ਆਪ ਨੂੰ ਗੱਠਜੋੜ ਦੇ ਨੇਤਾ ਵਜੋਂ ਪ੍ਰਭਾਵਸ਼ਾਲੀ ਢੰਗ ਨਾਲ ਸਥਾਪਤ ਕੀਤਾ। ਸੰਥਾਲ ਪਰਗਨਾ ਖੇਤਰ ਵਿਚ ਬੰਗਲਾਦੇਸ਼ੀ ਘੁਸਪੈਠ ਸਬੰਧੀ ਭਾਜਪਾ ਦੀ ਬਿਆਨਬਾਜ਼ੀ ਅਸਫਲ ਰਹੀ ਅਤੇ ਅਨੁਸੂਚਿਤ ਜਨਜਾਤੀ ਦੇ ਵੋਟਰਾਂ ਨੂੰ ਆਪਣੇ ਨਾਲ ਜੋੜਨ ਵਿਚ ਅਸਫਲ ਰਹੀ, ਜਿਸ ਕਰ ਕੇ ਭਾਜਪਾ ਦੀ ਅਗਵਾਈ ਵਾਲੇ ਰਾਸ਼ਟਰੀ ਲੋਕਤੰਤਰੀ ਗੱਠਜੋੜ (ਐੱਨ. ਡੀ. ਏ.) ਨੇ ਸੂਬੇ ਭਰ ਵਿਚ 28 ਐੱਸ. ਟੀ.-ਰਾਖਵੀਆਂ ਸੀਟਾਂ ’ਚੋਂ 27 ਸੀਟਾਂ ’ਤੇ ਚੋਣ ਲੜੀ।
ਇਸ ਦਰਮਿਆਨ, ਸੂਬੇ ’ਚ ਭਾਜਪਾ ਦੀ ਕਰਾਰੀ ਹਾਰ ਪਿੱਛੋਂ ਰਾਸ਼ਟਰੀ ਸੰਗਠਨ ਜਨਰਲ ਸਕੱਤਰ ਬੀ. ਐੱਲ. ਸੰਤੋਸ਼ ਨੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਸਮੇਤ ਚੋਣ ਇੰਚਾਰਜਾਂ ਕੋਲੋਂ ਵਿਸਥਾਰਤ ਰਿਪੋਰਟ ਮੰਗੀ ਹੈ। ਹਾਰ ਦੇ ਕਾਰਨ ਭਾਜਪਾ ਦੇ ਅੰਦਰ ਅਹਿਮ ਸੰਗਠਨਾਤਮਕ ਬਦਲਾਵਾਂ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਹਨ। ਸੂਤਰਾਂ ਮੁਤਾਬਕ, ਪਾਰਟੀ ਦੀ ਲੀਡਰਸ਼ਿਪ ’ਚ ਨਵੀਂ ਜਾਨ ਫੂਕਣ ਲਈ ਸੂਬਾ ਪ੍ਰਧਾਨ ਨੂੰ ਬਦਲਿਆ ਜਾ ਸਕਦਾ ਹੈ।
-ਰਾਹਿਲ ਨੋਰਾ ਚੋਪੜਾ
ਦੇਸ਼ ਦੀਆਂ ਅਦਾਲਤਾਂ ’ਚ ਜੱਜਾਂ ਦੀ ਭਾਰੀ ਕਮੀ, ਪੀੜਤਾਂ ਨੂੰ ਸਮੇਂ ’ਤੇ ਨਿਆਂ ਮਿਲੇ ਤਾਂ ਕਿਵੇਂ
NEXT STORY