ਅਮਰੀਕੀ ਸ਼ਹਿਰ ਨਿਊਯਾਰਕ ਦੇ ਮੇਅਰ ਦੀ ਚੋਣ ਜਿੱਤਣਾ ਤੱਪਦੇ ਥਲਾਂ ਦੀ ਹਿੱਕ ’ਤੇ ਆਸਮਾਨੋਂ ਡਿੱਗੀਆਂ ਸੀਤਲ ਬੂੰਦਾਂ ਜਿਹਾ ਸੁਹਾਵਣਾ ਅਹਿਸਾਸ ਹੈ। ਮਮਦਾਨੀ, ਸਾਲ 1892 ਤੋਂ ਬਾਅਦ ਜਿੱਤਿਆ ਸਭ ਤੋਂ ਘੱਟ ਉਮਰ ਦਾ ਮੇਅਰ ਹੈ। ਇਹੋ ਨਹੀਂ, ਉਸ ਨੂੰ ਦੱਖਣੀ ਏਸ਼ੀਆਈ ਖਿੱਤੇ ਤੇ ਮੁਸਲਿਮ ਧਰਮ ਨਾਲ ਸਬੰਧਤ ਇਸ ਸ਼ਹਿਰ ਦਾ ਪਹਿਲਾ ਮੇਅਰ ਹੋਣ ਦਾ ਮਾਣ ਵੀ ਹਾਸਲ ਹੋਇਆ ਹੈ। ਯਾਦ ਰਹੇ, ਇਹ ਸ਼ਾਨਦਾਰ ਜਿੱਤ ਉਸ ਨੇ ਵੱਡੇ ਕਾਰੋਬਾਰੀ ਘਰਾਣਿਆਂ ਦੇ ਥਾਪੜੇ ਤੋਂ ਬਗੈਰ ਮਾਮੂਲੀ ਖਰਚੇ ਨਾਲ ਹਾਸਲ ਕੀਤੀ ਹੈ।
ਜ਼ੋਹਰਾਨ ਮਮਦਾਨੀ ਨੇ ਸੰਸਾਰ ਭਰ ਦੇ ਜਮਹੂਰੀਅਤ ਨੂੰ ਪਿਆਰ ਕਰਨ ਵਾਲੇ, ਨਿਆਂਪਸੰਦ ਲੋਕਾਂ ਨੂੰ ਜਿੱਤ ਦੇ ਰੂਪ ’ਚ ਇਹ ਬੇਸ਼ਕੀਮਤੀ ਸੌਗਾਤ ਉਦੋਂ ਬਖਸ਼ੀ ਹੈ ਜਦੋਂ ਇਕ ਪਾਸੇ ਟਰੰਪ, ਉਸ ਨੂੰ ਜਿਤਾਉਣ ਦੀ ਸਜ਼ਾ ਦੇ ਬਦਲੇ ਵਜੋਂ ਸ਼ਹਿਰ ਦੇ ਵਿਕਾਸ ਲਈ ਦਿੱਤੇ ਜਾਂਦੇ ਫੈਡਰਲ ਫੰਡਾਂ ’ਚ ਭਾਰੀ ਕਟੌਤੀ ਕਰਨ ਦੀਆਂ ਧਮਕੀਆਂ ਦੇ ਰਿਹਾ ਸੀ ਤੇ ਦੂਜੇ ਪਾਸੇ ਵੱਡੇ ਕਾਰੋਬਾਰੀ ਘਰਾਣੇ, ਕੁਓਮੋ ਨੂੰ ਖਰਬਾਂ ਡਾਲਰ ਦੀ ‘ਖੈਰਾਤ’ ਦੇ ਰਹੇ ਸਨ।
ਇਸ ਤੋਂ ਵੀ ਕਮਾਲ ਦੀ ਗੱਲ ਇਹ ਹੈ ਕਿ ‘‘ਜਮਹੂਰੀਅਤ ਤੇ ਸਮਾਜਵਾਦ’’ ਦਾ ਮੁੱਦਈ ਕੋਈ ਸ਼ਖਸ, ਅਮਰੀਕਾ ਦੇ ਵਿਸ਼ਵ ਪ੍ਰਸਿੱਧ ਸ਼ਹਿਰ ਦਾ ਮੇਅਰ ਉਦੋਂ ਚੁਣਿਆ ਗਿਆ ਹੈ, ਜਦੋਂ ਟਰੰਪ ਸਮੇਤ ਸੰਸਾਰ ਭਰ ਦੇ ਸਾਮਰਾਜੀ ਲੁਟੇਰੇ ਤੇ ਸੱਜ ਪਿਛਾਖੜੀ ਤਾਕਤਾਂ ‘ਇਸਲਾਮੋ ਫੋਬੀਆ’ ਦੇ ਫਰਜ਼ੀ ਖਤਰੇ ਦੇ ਪੱਜ ਸਮਾਜ ਦਾ ਧਰੁਵੀਕਰਨ ਕਰਨ ਲਈ ਪੂਰਾ ਤਾਣ ਲਾ ਰਹੀਆਂ ਹਨ। ਜਿੱਤ ਤੋਂ ਪਿੱਛੋਂ ਆਪਣੇ ਪਹਿਲੇ ਸੰਬੋਧਨ ਦੌਰਾਨ, ਮਮਦਾਨੀ ਨੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ 15 ਅਗਸਤ, 1947 ਨੂੰ ਦਿੱਤੇ ਭਾਸ਼ਣ ‘ਟਾਇਰਿਸਟ ਐਂਡ ਡੈਸਟਿਨੀ’ ਦਾ ਹਵਾਲਾ ਦਿੰਦਿਆਂ ਆਪਣੀ ਜਿੱਤ ਨੂੰ ‘ਨਵੇਂ ਯੁੱਗ ਦਾ ਆਗਾਜ਼’ ਕਿਹਾ ਹੈ।
ਭਾਰਤ ਦੇ ਮੌਜੂਦਾ ਹਾਕਮ ਜਦੋਂ ਹਰ ਕੁਫ਼ਰ ਤੋਲ ਕੇ ਕਮਿਊਨਿਸਟਾਂ ਦੇ ਨਾਲ ਹੀ ਨਹਿਰੂ ਤੇ ਮਹਾਤਮਾ ਗਾਂਧੀ ਨੂੰ ਪਾਣੀ ਪੀ-ਪੀ ਕੋਸ ਰਹੇ ਹਨ, ਉਦੋਂ ਨਹਿਰੂ ਦੀ ਲਿਖੀ ਵਿਸ਼ਵ ਪ੍ਰਸਿੱਧ ਕਿਤਾਬ ਦੇ ਪ੍ਰੇਰਣਾਦਾਇਕ ਵਾਕ ਉਚਾਰਨਾ ਸਮੁੱਚੇ ਸੰਘ ਪਰਿਵਾਰ ਲਈ ਇਕ ਸ਼ੀਸ਼ਾ ਹੈ। ਇਸ ਜਿੱਤ ’ਚ ਮਮਦਾਨੀ ਵੱਲੋਂ ਆਮ ਲੋਕਾਂ ਦੇ ਜੀਵਨ ਨਾਲ ਨੇੜਿਓਂ ਜੁੜੇ ਮਹਿੰਗਾਈ, ਬੇਰੁਜ਼ਗਾਰੀ, ਸਿਹਤ ਤੇ ਵਿੱਦਿਅਕ ਸੇਵਾਵਾਂ ’ਚ ਨਿਘਾਰ ਆਦਿ ਮੁੱਦਿਆਂ ਨੂੰ ਆਪਣੇ ਚੋਣ ਪ੍ਰਚਾਰ ਦਾ ਧੁਰਾ ਬਣਾਏ ਜਾਣ ਨੇ ਵੱਡੀ ਭੂਮਿਕਾ ਨਿਭਾਈ ਹੈ।
ਡੂੰਘੇ ਆਰਥਿਕ ਸੰਕਟ ਦੇ ਅਜੋਕੇ ਦੌਰ ’ਚ ਸੰਸਾਰ ਦੇ ਵੱਡੇ ਪੂੰਜੀਪਤੀਆਂ ਤੇ ਬਹੁਕੌਮੀ ਕਾਰਪੋਰੇਸ਼ਨਾਂ ਵਲੋਂ ਵੱਖੋ-ਵੱਖ ਦੇਸ਼ਾਂ ਅੰਦਰ ਸਿਰੇ ਦੀਆਂ ਨਿਰਦਈ ਨਵ-ਉਦਾਰਵਾਦੀ ਆਰਥਿਕ ਨੀਤੀਆਂ ਲਾਗੂ ਕੀਤੇ ਜਾਣ ਤੇ ਫਿਰਕੂ-ਫਾਸ਼ੀ ਰਾਜਕੀ ਢਾਂਚੇ ਸਥਾਪਤ ਕੀਤੇ ਜਾਣ ਲਈ ਅੱਡੀ-ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਅਜੇਿਹੇ ਸਮੇਂ, ਹਨੇਰੀਆਂ ਰਾਤਾਂ ’ਚ ਟਿਮਟਿਮਾਉਂਦੇ ਜੁਗਨੂੰ ਦੀ ਰੌਸ਼ਨੀ ਵਰਗੀ ਮਮਦਾਨੀ ਦੀ ਜਿੱਤ, ਪੂੰਜੀਵਾਦੀ ਢਾਂਚੇ ਦੇ ਮੁਕਾਬਲੇ ਭਵਿੱਖ ’ਚ ‘ਜਮਹੂਰੀ ਵਿਚਾਰਾਂ ਤੇ ਸਮਾਜਵਾਦੀ ਪ੍ਰਬੰਧ’ ਦੀ ਉੱਤਮਤਾ ਸਾਬਤ ਕਰਨ ਦਾ ਤਕੜਾ ਜ਼ਰੀਆ ਬਣੇਗੀ।
ਅੱਜ ਲਾਤੀਨੀ ਅਮਰੀਕਾ ਦੇ ਬ੍ਰਾਜ਼ੀਲ, ਮੈਕਸੀਕੋ ਆਦਿ ਦੇਸ਼ਾਂ ਸਮੇਤ ਸੰਸਾਰ ਦੇ ਕਈ ਮੁਲਕਾਂ ਦੀ ਸੱਤਾ ਦੀ ਕੰੁਜੀ ਲੋਕਾਂ ਨੇ ਸਾਮਰਾਜ ਵਿਰੋਧੀ ਖੱਬੇਪੱਖੀਆਂ ਦੇ ਹੱਥਾਂ ’ਚ ਸੌਂਪੀ ਹੋਈ ਹੈ। ਅਮਰੀਕਾ, ਆਪਣੀਆਂ ਜੰਗੀ ਕੁਚਾਲਾਂ, ‘ਵਪਾਰਕ ਟੈਰਿਫ’ ਲੱਦਣ ਵਰਗੀਆਂ ਧੌਂਸਵਾਦੀ ਕਾਰਵਾਈਆਂ ਤੇ ਰਾਜ ਪਲਟਿਆਂ ਰਾਹੀਂ ਇਨ੍ਹਾਂ ਨੂੰ ਸੱਤਾ ਤੋਂ ਲਾਹੁਣਾ ਚਾਹੁੰਦਾ ਹੈ।
ਅਜਿਹੇ ਹੀ ਸੰਕਟਮਈ ਸਮੇਂ ’ਚ ਗੁਆਂਢੀ ਦੇਸ਼ ਨੇਪਾਲ ਦੇ 10 ਕਮਿਊਨਿਟ ਦਲਾਂ ਤੇ ਧੜਿਆਂ ਨੇ ਇਕ ਪਾਰਟੀ, ‘ਕਮਿਊਨਿਸਟ ਪਾਰਟੀ ਆਫ ਨੇਪਾਲ’ ਦਾ ਗਠਨ ਕਰਨ ਤੇ ਇਸੇ ਦੇ ਝੰਡੇ ਹੇਠ ਅਗਲੇ ਸਾਲ ਮਾਰਚ ’ਚ ਹੋਣ ਜਾ ਰਹੀਆਂ ਆਮ ਚੋਣਾਂ ਲੜਨ ਦਾ ਇਤਿਹਾਸਕ ਫੈਸਲਾ ਲਿਆ ਹੈ।
ਭਾਰਤ ਦੇ ਕਮਿਊਨਿਸਟਾਂ ਦੇ ਇਕ ਹਿੱਸੇ ਨੇ ਇਕ ਛੋਟੇ ਜਿਹੇ ਖੇਤਰ ’ਚ ਹਥਿਆਰਬੰਦ ਘੋਲ ਰਾਹੀਂ ਸੱਤਾ ਹਥਿਆਉਣ ਦਾ ਜੋ ਤਜਰਬਾ ਕੀਤਾ ਹੈ, ਉਹ ਹੁਣ ਮਾਓਵਾਦੀਆਂ ਦੇ ਆਤਮਸਮਰਪਣ ਦੀ ਸ਼ਕਲ ’ਚ ਦੇਖਿਆ ਜਾ ਸਕਦਾ ਹੈ। ਸਾਰੀਆਂ ਕੁਰਬਾਨੀਆਂ ਤੇ ਦਾਅਵਿਆਂ ਦੇ ਬਾਵਜੂਦ ਭਾਰਤ ਦੀ ਸ਼ਕਤੀਸ਼ਾਲੀ ਸੱਤਾ ਦੇ ਸਾਹਮਣੇ ਦੇਸ਼ ਦੀਆਂ ਅਜੋਕੀਆਂ ਸਥਿਤੀਆਂ ਅੰਦਰ ਇਕ ਛੋਟੇ ਜਿਹੇ ਖਿੱਤੇ ਦੇ ਹਥਿਆਰਬੰਦ ਘੋਲ ਦਾ ਇਹ ਹਸ਼ਰ ਹੋਣਾ ਕੋਈ ਹੈਰਾਨੀ ਦੀ ਗੱਲ ਨਹੀਂ! ਚੰਗਾ ਪੱਖ ਇਹ ਹੈ ਕਿ ਆਪਣੇ ਅੱਤ ਖੱਬੇ, ਮਾਅਰਕੇਬਾਜ਼ ਪੈਂਤੜੇ ਤੋਂ ਸਬਕ ਸਿੱਖ ਕੇ ਹੁਣ ਉਨ੍ਹਾਂ ਚੋਂ ਕਈਆਂ ਨੇ ਸ਼ਾਂਤੀਪੂਰਨ ਜਨਤਕ ਰਾਜਸੀ ਸਰਗਰਮੀਆਂ ਜਾਰੀ ਰੱਖਣ ਦਾ ਫੈਸਲਾ ਲਿਆ ਹੈ।
ਇਹ ਵੀ ਹਕੀਕਤ ਹੈ ਕਿ ਕਮਿਊਨਿਸਟ, ਦੇਸ਼ ਦੇ ਆਜ਼ਾਦੀ ਸੰਗਰਾਮ ਦੌਰਾਨ ਕੁਰਬਾਨੀ ਕਰਨ ਵਾਲਿਆਂ ਦੀਆਂ ਕਤਾਰਾਂ ’ਚ ਸਭ ਤੋਂ ਮੂਹਰਲੀਆਂ ਸਫਾਂ ’ਚ ਰਹੇ ਸਨ। ਅੰਗਰੇਜ਼ੀ ਸਾਮਰਾਜੀਆਂ ਨੇ ਕਮਿਊਨਿਸਟਾਂ ਖ਼ਿਲਾਫ਼ ‘ਮੇਰਠ ਸਾਜ਼ਿਸ਼ ਕੇਸ’ ਤੇ ‘ਲਾਹੌਰ ਸਾਜ਼ਿਸ਼ ਕੇਸ’ ਵਰਗੇ ਅਨੇਕਾਂ ਸੰਗੀਨ ਮੁਕੱਦਮੇ ਦਰਜ ਕਰ ਕੇ ਉਨ੍ਹਾਂ ਨੂੰ ਫਾਂਸੀ ’ਤੇ ਚਾੜ੍ਹਨ ਤੇ ਲੰਬੀ ਮਿਆਦ ਲਈ ਕਾਲੇ ਪਾਣੀਆਂ ਦੀ ਜੇਲ ’ਚ ਬੰਦ ਕਰਨ ਦੀਆਂ ਸਜ਼ਾਵਾਂ ਦਿੱਤੀਆਂ ਸਨ। ਕਮਿਊਨਿਸਟਾਂ ਨੇ ਆਜ਼ਾਦੀ ਮਿਲਣ ਪਿੱਛੋਂ ਵੀ ਦੇਸ਼ ਦੇ ਮਿਹਨਤਕਸ਼ਾਂ ਦੇ ਹੱਕਾਂ-ਹਿੱਤਾਂ ਦੀ ਰਾਖੀ ਲਈ ਜੂਝਣ ਤੇ ਹਰ ਰੰਗ ਦੀਆਂ ਸਰਕਾਰਾਂ ਦੀਆਂ ਲੋਕ-ਮਾਰੂ ਨੀਤੀਆਂ ਦਾ ਡਟਵਾਂ ਵਿਰੋਧ ਕਰਨ ਰਾਹੀਂ ਸ਼ਾਨਦਾਰ ਇਤਿਹਾਸ ਸਿਰਜਿਆ ਹੈ।
ਅੱਜ ਵੀ ਭ੍ਰਿਸ਼ਟਾਚਾਰ ਤੋਂ ਪਰ੍ਹੇ ਰਹਿ ਕੇ, ਲੋਕ-ਪੱਖੀ ਰਾਜਨੀਤੀ ਕਰਨ ਵਾਲੀ ਜੇਕਰ ਕੋਈ ਭਰੋਸੇਯੋਗ ਰਾਜਸੀ ਧਿਰ ਦੇਸ਼ ’ਚ ਮੌਜੂਦ ਹੈ ਤਾਂ ਉਹ ਕਮਿਊਨਿਸਟ ਹੀ ਹਨ। ਦੇਸ਼ ਅੰਦਰ ਫਿਰਕੂ ਸਦਭਾਵਨਾ ਤੇ ਦੇਸ਼ ਦੀ ਏਕਤਾ-ਅਖੰਡਤਾ ਕਾਇਮ ਰੱਖਣ ਦੇ ਖਰੇ ਮੁੱਦਈ ਅਤੇ ਧਰਮਨਿਰਪੱਖ ਤੇ ਜਮਹੂਰੀ ਪੈਂਤੜੇ ਤੋਂ ਵੰਡਵਾਦੀ ਸ਼ਕਤੀਆਂ ਵਿਰੁੱਧ ਡਟਵਾਂ ਸਟੈਂਡ ਲੈਣ ਵਾਲੇ ਵੀ ਕਮਿਊਨਿਸਟ ਹੀ ਹਨ। ਇਨ੍ਹਾਂ ਨੇ ਆਪਣੀਆਂ ਜਾਨਾਂ ਦੀ ਪ੍ਰਵਾਹ ਕੀਤੇ ਬਿਨਾਂ ਫਿਰਕੂ ਦੰਗੇ ਠੱਲ੍ਹਣ ਲਈ ਜ਼ਿਕਰਯੋਗ ਯੋਗਦਾਨ ਪਾਇਆ ਸੀ।
ਦਿੱਲੀ ਸਥਿਤ ‘ਜਵਾਹਰ ਲਾਲ ਨਹਿਰੂ ਯੂਨੀਵਰਸਿਟੀ’ ਦਿੱਲੀ, ਹਾਕਮ ਧਿਰ ਜਿਸ ਨੂੰ ਹਰ ਪੱਖੋਂ ਬਦਨਾਮ ਕਰ ਕੇ ਅੰਤ ਖਤਮ ਕਰ ਦੇਣ ਲਈ ਹਰ ਹਰਬਾ ਵਰਤ ਰਹੀ ਹੈ, ਦੀ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ’ਚ ਸੱਜੇਪੱਖੀ ਖਰੂਦੀਆਂ ਨੂੰ ਹਰਾ ਕੇ ਖੱਬੇਪੱਖੀ ਵਿਦਿਆਰਥੀ ਜਥੇਬੰਦੀਆਂ ਨੇ ਹੂੰਝਾਫੇਰ ਜਿੱਤ ਹਾਸਲ ਕੀਤੀ ਹੈ। ਇਹ ਜਿੱਤ, ਭਾਰਤ ਦੇ ਯੁਵਕਾਂ ਦੇ ਮਨਾਂ ’ਚ ਖੱਬੇਪੱਖੀ ਰਾਜਨੀਤੀ ਦੀ ਤਕੜੀ ਹੋਂਦ ਨੂੰ ਰੂਪਮਾਨ ਕਰਦੀ ਹੈ ਪ੍ਰੰਤੂ ਇਹ ਵੀ ਇਕ ਹਕੀਕਤ ਹੈ ਕਿ ਸਾਰੀਆਂ ਕੁਰਬਾਨੀਆਂ ਦੇ ਬਾਵਜੂਦ ਅਜੇ ਕਮਿਊਨਿਸਟ ਭਾਰਤ ਅੰਦਰ ਇਕ ਵੱਡੀ ਰਾਜਨੀਤਿਕ ਸ਼ਕਤੀ ਬਣ ਕੇ ਨਹੀਂ ਉੱਭਰ ਸਕੇ।
ਕੋਈ ਵੀ ਕਮਿਊਨਿਸਟ ਦਲ ਵੱਖੋ-ਵੱਖ ਸਮਿਆਂ ’ਤੇ ਕਈ ਰਾਜਸੀ ਭੁੱਲਾਂ ਕਰਨ ਤੋਂ ਵੀ ਮੁਕਤ ਨਹੀਂ ਕਿਹਾ ਜਾ ਸਕਦਾ ਪ੍ਰੰਤੂ ਕਮਿਊਨਿਸਟਾਂ ਦੇ ਲੋਕ-ਪੱਖੀ ਕਿਰਦਾਰ ਤੇ ਸੁਹਿਰਦ ਅਮਲਾਂ ਤੋਂ ਕੋਈ ਵੀ ਸੋਚਵਾਨ ਇਨਸਾਨ ਮੁੱਨਕਰ ਨਹੀਂ ਹੋ ਸਕਦਾ।
ਕੀ ਦੇਸ਼ ਦੀ ਮੌਜੂਦਾ ਖਤਰਨਾਕ ਸਥਿਤੀ ਅੰਦਰ ਨਿਊਯਾਰਕ ਦੇ ਮੇਅਰ ਦੇ ਅਹੁਦੇ ’ਤੇ ਖੱਬੇਪੱਖੀ ਨੌਜਵਾਨ ਦੀ ਜਿੱਤ, ਨੇਪਾਲ ਅੰਦਰ 10 ਕਮਿਊਨਿਸਟ ਦਲਾਂ ਦੀ ਏਕਤਾ ਤੇ ਸੰਘ ਪਰਿਵਾਰ ਦੇ ਫਿਰਕੂ ਹੱਲਿਆਂ ਦਾ ਟਾਕਰਾ ਕਰਦੇ ਹੋਏ ਜੇ. ਐੱਨ. ਯੂ. ’ਚ ਖੱਬੇਪੱਖੀ ਵਿਦਿਆਰਥੀ ਜਥੇਬੰਦੀਆਂ ਦਾ ਜਿੱਤਣਾ ਭਾਰਤ ਦੇ ਕਮਿਊਨਿਸਟਾਂ ਲਈ ਕਿਸੇ ਹੌਸਲਾ ਅਫਜ਼ਾਈ ਦਾ ਸਬੱਬ ਬਣ ਸਕਦਾ ਹੈ? ਕੀ ਅਤੀਤ ਦੀਆਂ ਭੁੱਲਾਂ ਦੀ ਠੀਕ, ਬੇਬਾਕ ਨਿਸ਼ਾਨਦੇਹੀ ਕਰਦਿਆਂ, ਨਰੋਏ ਤਜਰਬਿਆਂ ਦੇ ਆਧਾਰ ’ਤੇ ਭਵਿੱਖ ਲਈ ਠੀਕ ਹੱਲ ਲੱਭਣ ਦੇ ਢੁੱਕਵੇਂ ਯਤਨ ਕੀਤੇ ਜਾ ਸਕਦੇ ਹਨ? ਕਿਉਂਕਿ ਮੌਜੂਦਾ ਸਥਿਤੀਆਂ ਅੰਦਰ ਖੱਬੇਪੱਖੀਆਂ ਦੀ ਠੋਸ ਏਕਤਾ ਕਾਇਮ ਕਰ ਕੇ ਹੀ ਦਰਪੇਸ਼ ਚੁਣੌਤੀਆਂ ਨਾਲ ਸਫਲਤਾਪੂਰਵਕ ਨਜਿੱਠਿਆ ਜਾ ਸਕਦਾ ਹੈ।
-ਮੰਗਤ ਰਾਮ ਪਾਸਲਾ
ਚੋਣਾਂ ’ਚ ਧਰਮ ਦੀ ਵਰਤੋਂ, ਸਭ ਕੁਝ ਧਰਮ ਦੇ ਨਾਂ ’ਤੇ
NEXT STORY