ਨਵੀਂ ਦਿੱਲੀ (ਬਿਜ਼ਨੈੱਸ ਡੈਸਕ) – ਰੂਸ-ਯੂਕ੍ਰੇਨ ਯੁੱਧ ਨੂੰ ਇਕ ਹਫਤੇ ਤੋਂ ਵੱਧ ਸਮਾਂ ਹੋ ਗਿਆ ਹੈ, ਇਸ ਦਰਮਿਆਨ ਪੂਰੀ ਦੁਨੀਆ ’ਚ ਯੁੱਧ ਨੇ ਬੁਨਿਆਦੀ ਵਸਤਾਂ ਦੀਆਂ ਕੀਮਤਾਂ ’ਚ ਜਿੱਥੇ ਕਾਫੀ ਵਾਧਾ ਕੀਤਾ ਹੈ, ਉੱਥੇ ਹੀ ਹੁਣ ਭਾਰਤੀ ਕਣਕ, ਮੱਕੀ ਅਤੇ ਮਸਾਲਿਆਂ ਦੀ ਬਰਾਮਦ ਮੰਗ ’ਚ ਤੇਜ਼ੀ ਆਈ ਹੈ। ਕਾਂਡਲਾ ਬੰਦਰਗਾਹ ’ਤੇ ਕਣਕ ਦੀਆਂ ਕੀਮਤਾਂ ਪਿਛਲੇ ਚਾਰ ਦਿਨਾਂ ’ਚ 2200 ਰੁਪਏ ਪ੍ਰਤੀ ਕੁਇੰਟਲ ਤੋਂ ਵਧ ਕੇ 2350-2400 ਰੁਪਏ ਪ੍ਰਤੀ ਕੁਇੰਟਲ ਹੋ ਗਈਆਂ ਹਨ। ਐੱਫ. ਸੀ. ਆਈ. (ਭਾਰਤੀ ਖੁਰਾਕ ਨਿਗਮ) ਨੇ ਐਲਾਨ ਕੀਤਾ ਕਿ ਇਸ ਹਫਤੇ ਇਸ ਦਾ ਆਉਣ ਵਾਲਾ ਟੈਂਡਰ ਆਖਰੀ ਹੋਵੇਗਾ। ਰੋਲਰ ਫਲੋਰ ਮਿੱਲਰਜ਼ ਐਸੋਸੀਏਸ਼ਨ ਆਫ ਇੰਡੀਆ ਦੇ ਸਾਬਕਾ ਪ੍ਰਧਾਨ ਸੰਜੇ ਪੁਰੀ ਨੇ ਕਿਹਾ ਕਿ ਮਾਰਚ ’ਚ ਸਾਨੂੰ ਲਗਦਾ ਹੈ ਕਿ ਅਗਲੇ ਪੰਦਰਵਾੜੇ ’ਚ ਕਣਕ ਅਤੇ ਇਸ ਦੇ ਉਤਪਾਦਾਂ ਦੀਆਂ ਕੀਮਤਾਂ ’ਚ ਵਾਧਾ ਹੋ ਸਕਦਾ ਹੈ।
ਇਹ ਵੀ ਪੜ੍ਹੋ : ਮਾਰਚ ਵਿੱਚ 13 ਦਿਨਾਂ ਬੰਦ ਰਹਿਣ ਵਾਲੇ ਹਨ ਬੈਂਕ, ਜਾਣੋ ਇਸ ਮਹੀਨੇ ਦੀਆਂ ਛੁੱਟੀਆਂ ਦੀ ਪੂਰੀ ਸੂਚੀ ਬਾਰੇ
ਮੱਕੀ ਦੇ ਰੇਟਾਂ ’ਚ ਵੀ ਹੋਇਆ ਵਾਧਾ
ਕਣਕ ਤੋਂ ਇਲਾਵਾ ਭਾਰਤੀ ਮੱਕੀ ਦੀ ਮੰਗ ਵਧ ਗਈ ਹੈ ਕਿਉਂਕਿ ਭਾਰਤ ਦੇ ਗੁਆਂਢ ਦੇ ਖਰੀਦਦਾਰ ਯੂਕ੍ਰੇਨ ਤੋਂ ਭਾਰਤ ’ਚ ਟ੍ਰਾਂਸਫਰ ਹੋ ਗਏ ਹਨ। ਯੂਕ੍ਰੇਨ ਮੱਕੀ ਦਾ ਇਕ ਵੱਡਾ ਬਰਾਮਦਕਾਰ ਹੋਇਆ ਕਰਦਾ ਸੀ। ਕਾਲਾ ਸਾਗਰ ਖੇਤਰ ’ਚ ਤਨਾਅ ਅਤੇ ਉੱਚ ਮਾਲ ਢੁਆਈ ਦਰਾਂ ਕਾਰਨ ਹੁਣ ਦੱਖਣ ਏਸ਼ੀਆ ਤੋਂ ਮੱਕੀ ਦੀ ਮੰਗ ਭਾਰਤ ’ਚ ਟ੍ਰਾਂਸਫਰ ਹੋ ਜਾਏਗੀ ਕਿਉਂਕਿ ਕੋਈ ਹੋਰ ਮੁੱਲ ਇਸ ਮੰਗ ਨੂੰ ਪੂਰਾ ਨਹੀਂ ਕਰ ਸਕਦਾ ਹੈ। ਭਾਰਤ ਦੀ ਮੱਕੀ ਦੀ ਬਰਾਮਦ ਪਿਛਲੇ ਦੋ ਸਾਲਾਂ ਤੋਂ ਵਧ ਰਹੀ ਹੈ ਕਿਉਂਕਿ ਮੀਆਂਮਾਰ ਤੋਂ ਸਪਲਾਈ ਉਸ ਦੇਸ਼ ’ਚ ਫੌਜੀ ਤਖਤਾਪਲਟ ਤੋਂ ਬਾਅਦ ਘਟ ਗਈ ਹੈ। ਭਾਰਤੀ ਮੱਕੀ ਦੀ ਵਧਦੀ ਬਰਾਮਦ ਨਾਲ ਕੀਮਤਾਂ ’ਚ ਵਾਧਾ ਹੋਇਆ ਹੈ। ਗੋਦਰੇਜ ਐਗਰੋਵੇਟ ਦੇ ਮੈਨੇਜਿੰਗ ਡਾਇਰੈਕਟਰ ਬਲਰਾਮ ਯਾਦਵ ਨੇ ਕਿਹਾ ਕਿ ਮੱਕੀ ਦੀ ਖੇਤ ਦੀ ਕੀਮਤ 19.50-20 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵਧ ਕੇ 22 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਇਹ ਮਈ ਤੱਕ ਹੋ ਸਕਦਾ ਹੈ ਜਾਂ ਥੋੜਾ ਹੇਠਾਂ ਆ ਸਕਦਾ ਹੈ।
ਮਸਾਲਿਆਂ ਦੇ ਰੇਟ ਵੀ ਅਸਮਾਨ ’ਤੇ
ਸਥਾਨਕ ਕਮੀ ਅਤੇ ਮਜ਼ਬੂਤ ਕੌਮਾਂਤਰੀ ਮੰਗ ਕਾਰਨ ਵੀ ਮਸਾਲਿਆਂ ਦੇ ਰੇਟ ਵੀ ਅਸਮਾਨ ’ਤੇ ਹਨ। ਫੈੱਡਰੇਸ਼ਨ ਆਫ ਇੰਡੀਅਨ ਸਪਾਈਸ ਸਟੇਕਹੋਲਡਰਸ ਦੇ ਸੰਸਥਾਪਕ ਪ੍ਰਧਾਨ ਅਸ਼ਵਿਨ ਨਾਇਕ ਨੇ ਕਿਹਾ ਕਿ ਯੂਕ੍ਰੇਨ ਧਨੀਏ ਦੇ ਬੀਜ ਦੇ ਪ੍ਰਮੁੱਖ ਬਰਾਮਦਕਾਰਾਂ ’ਚੋਂ ਇਕ ਹੈ। ਪਿਛਲੇ ਕੁੱਝ ਮਹੀਨਿਆਂ ਦੌਰਾਨ ਧਨੀਏ ਦੀਆਂ ਕੀਮਤਾਂ ’ਚ ਲਗਭਗ 30 ਫੀਸਦੀ ਦਾ ਵਾਧਾ ਹੋਇਆ ਹੈ ਕਿਉਂਕਿ ਫਸਲ ਘੱਟ ਹੈ। ਹੁਣ ਅਸੀਂ ਭਾਰਤੀ ਧਨੀਏ ਦੀ ਬਰਾਮਦ ਮੰਗ ’ਚ ਉਮੀਦ ਕਰਦੇ ਹਾਂ ਕਿਉਂਕਿ ਕਾਲਾ ਸਾਗਰ ਖੇਤਰ ਤੋਂ ਸਪਲਾਈ ’ਤੇ ਪਾਬੰਦੀ ਲੱਗੇਗੀ। ਘੱਟ ਉਤਪਾਦਨ ਅਤੇ ਭੂ-ਸਿਆਸੀ ਕਾਰਨਾਂ ਕਰ ਕੇ ਚਾਰ ਮਹੀਨਿਆਂ ’ਚ ਜੀਰੇ ਦੀਆਂ ਕੀਮਤਾਂ ’ਚ 25-30 ਫੀਸਦੀ ਦਾ ਵਾਧਾ ਹੋਇਆ ਹੈ। ਭਾਰਤ ਹੁਣ ਇਕੋ-ਇਕ ਪ੍ਰਮੁੱਖ ਜੀਰਾ ਸਪਲਾਈਕਰਤਾ ਹੈ ਕਿਉਂਕਿ ਅਫਗਾਨਿਸਤਾਨ, ਤੁਰਕੀ ਅਤੇ ਸੀਰੀਆ ਵਰਗੇ ਦੇਸ਼ਾਂ ਤੋਂ ਸਪਲਾਈ ਭੂ-ਸਿਆਸੀ ਕਾਰਨਾਂ ਕਰ ਕੇ ਪ੍ਰਭਾਵਿਤ ਹੋਈ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ: ਸੜਕ ਹਾਦਸੇ 'ਚ ਮੌਤ ਹੋਣ 'ਤੇ ਪਰਿਵਾਰ ਨੂੰ ਦਿੱਤਾ ਜਾਵੇਗਾ ਪਹਿਲਾਂ ਨਾਲੋਂ 8 ਗੁਣਾ ਜ਼ਿਆਦਾ ਮੁਆਵਜ਼ਾ
ਕਪਾਹ, ਸੂਤ, ਕੱਪੜੇ ਅਤੇ ਰੈਡੀਮੇਡ ਕੱਪੜਿਆਂ ਦੀ ਮੰਗ ਵਧੀ
ਕਪਾਹ, ਸੂਤ, ਕੱਪੜੇ ਅਤੇ ਰੈਡੀਮੇਡ ਕੱਪੜਿਆਂ ਦੀ ਮਜ਼ਬੂਤ ਬਰਾਮਦ ਮੰਗ ਨੇ ਸਥਾਨਕ ਕਤਾਈ ਮਿੱਲਾਂ ਨੂੰ ਵਧੇਰੇ ਕਪਾਹ ਦੀ ਖਪਤ ਕਰਨ ’ਤੇ ਮਜਬੂਰ ਕਰ ਦਿੱਤਾ ਹੈ। ਮਿੱਲਰਜ਼ ਨੇ ਕਿਹਾ ਕਿ ਘਰੇਲੂ ਕਪਾਹ ਦੀਆਂ ਕੀਮਤਾਂ ’ਚ ਲਗਭਗ 65 ਫੀਸਦੀ ਦਾ ਸ਼ਾਨਦਾਰ ਵਾਧਾ ਫਰਵਰੀ 2021 ’ਚ ਲਗਭਗ 135 ਪ੍ਰਤੀ ਕਿਲੋਗ੍ਰਾਮ ਤੋਂ ਫਰਵਰੀ 2022 ’ਚ 219 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਿਆ ਹੈ ਜੋ ਬਰਾਮਦਕਾਰਾਂ ਨੂੰ ਆਪਣੀਆਂ ਬਰਾਮਦ ਵਚਨਬੱਧਤਾਵਾਂ ਨੂੰ ਪੂਰਾ ਕਰਨ ’ਚ ਇਕ ਚੁਣੌਤੀ ਪੇਸ਼ ਕਰ ਰਹੀ ਹੈ।
ਕਣਕ ਦੀ ਬਰਾਮਦ ’ਤੇ ਰੋਕ ਨਾ ਲਗਾਈ ਤਾਂ ਮਹਿੰਗਾ ਹੋਵੇਗਾ ਆਟਾ
ਅਗਲੀ ਫਸਲ ਦੀ ਕਟਾਈ ਵਿਸਾਖੀ (13 ਅਪ੍ਰੈਲ) ਤੋਂ ਬਾਅਦ ਹੀ ਕੀਤੀ ਜਾਏਗੀ। ਭਾਰਤ ’ਚ ਜ਼ਿਆਦਾਤਰ ਕਣਕ ਦਾ ਸਟਾਕ ਸਰਕਾਰੀ ਏਜੰਸੀ ਐੱਫ. ਸੀ. ਆਈ. ਕੋਲ ਹੈ ਜੋ ਕਮੋਡਿਟੀ ਦੀ ਬਰਾਮਦ ਨਹੀਂ ਕਰ ਰਹੀ ਹੈ। ਕਣਕ ਦੇ ਵਪਾਰੀ ਚਾਹੁੰਦੇ ਹਨ ਕਿ ਐੱਫ. ਸੀ. ਆਈ. ਬਾਜ਼ਾਰ ’ਚ ਵੱਧ ਤੋਂ ਵੱਧ ਕਣਕ ਜਾਰੀ ਕਰੇ। ਅਜਿਹਾ ਕਰਨ ਨਾਲ ਘਰੇਲੂ ਕੀਮਤਾਂ ਕੰਟਰੋਲ ’ਚ ਰਹਿਣਗੀਆਂ ਅਤੇ ਨਾਲ ਹੀ ਵਾਧੂ ਸਟਾਕ ਨੂੰ ਘੱਟ ਕਰਨ ਅਤੇ ਬਰਾਮਦ ਮੰਗ ਨੂੰ ਪੂਰਾ ਕਰਨ ’ਚ ਮਦਦ ਮਿਲੇਗੀ। ਹਾਲਾਂਕਿ ਪ੍ਰੋਸੈਸਿੰਗ ਉਦਯੋਗ ਚਿੰਤਤ ਹਨ। ਰੋਲਰ ਫਲੋਰ ਮਿੱਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਅੰਜਨੀ ਅੱਗਰਵਾਲ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਦੇਸ਼ ਤੋਂ ਕਣਕ ਦੀ ਬਰਾਮਦ ਨੂੰ ਤੁਰੰਤ ਬੰਦ ਕਰਨ ਦੀ ਅਪੀਲ ਕਰਾਂਗੇ ਕਿਉਂਕਿ ਯੁੱਧ ਦੇ ਫੈਲਣ ਤੋਂ ਪਹਿਲਾਂ ਸਥਾਨਕ ਕੀਮਤਾਂ 21 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵਧ ਕੇ ਮੰਗਲਵਾਰ ਨੂੰ 24 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈਆਂ ਹਨ। ਬਰਾਮਦ ਦੀ ਮੰਗ ਇੰਨੀ ਵੱਡੀ ਹੈ ਕਿ ਜੇ ਅਸੀਂ ਬਰਾਮਦ ਨਹੀਂ ਰੋਕਦੇ ਹਾਂ ਤਾਂ ਆਟੇ ਦੀਆਂ ਕੀਮਤਾਂ ਹੋਰ ਵਧ ਸਕਦੀਆਂ ਹਨ ਅਤੇ ਭਵਿੱਖ ’ਚ ਇਸ ਦੀ ਕਮੀ ਵੀ ਹੋ ਸਕਦੀ ਹੈ।
ਇਹ ਵੀ ਪੜ੍ਹੋ : ਦੁਨੀਆ ਭਰ ਦੇ ਟਾਪ ਬ੍ਰਾਂਡ ਦੀ ਵਿਕਰੀ ਕਰਨ ਵਾਲੇ ਭਾਰਤੀ ਬਜ਼ਾਰਾਂ ਨੂੰ ਅਮਰੀਕਾ ਨੇ ਕੀਤਾ ਬਲੈਕਲਿਸਟ, ਜਾਣੋ ਵਜ੍ਹਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਰੂਸ-ਯੂਕ੍ਰੇਨ ਜੰਗ ਦਾ ਅਸਰ: ਸੈਂਸੈਕਸ 449 ਅੰਕ ਟੁੱਟ ਕੇ ਖੁੱਲ੍ਹਿਆ, ਨਿਵੇਸ਼ਕਾਂ ਨੂੰ 3 ਲੱਖ ਕਰੋੜ ਦਾ ਘਾਟਾ
NEXT STORY