ਨਵੀਂ ਦਿੱਲੀ, (ਭਾਸ਼ਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਬੁੱਧਵਾਰ ਨੂੰ ਕਿਹਾ ਕਿ ਉਸਨੇ ਫੇਮਾ ਐਕਟ ਦੇ ਤਹਿਤ ਅਨਿਲ ਅੰਬਾਨੀ ਸਮੂਹ ਦੀ ਕੰਪਨੀ ਰਿਲਾਇੰਸ ਇਨਫਰਾਸਟ੍ਰਕਚਰ ਦੇ ਇਕ ਦਰਜਨ ਤੋਂ ਵੱਧ ਬੈਂਕ ਖਾਤਿਆਂ ’ਚੋਂ ਲੈਣ-ਦੇਣ ’ਤੇ ਰੋਕ ਲਗਾ ਦਿੱਤੀ ਹੈ ਜਿਨ੍ਹਾਂ ਵਿਚ ਲੱਗਭਗ 55 ਕਰੋੜ ਰੁਪਏ ਹਨ।
ਵਿੱਤੀ ਜਾਂਚ ਏਜੰਸੀ ਨੇ ਇਕ ਬਿਆਨ ਵਿਚ ਦੋਸ਼ ਲਗਾਇਆ ਕਿ ਰਿਲਾਇੰਸ ਇਨਫਰਾਸਟ੍ਰਕਚਰ ਲਿਮਟਿਡ (ਆਰ-ਇਨਫਰਾ) ਨੇ ਆਪਣੀਆਂ ਵਿਸ਼ੇਸ਼ ਉਦੇਸ਼ ਇਕਾਈਆਂ (ਐੱਸ. ਪੀ ਵੀ.) ਰਾਹੀਂ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐੱਨ. ਐੱਚ. ਏ. ਆਈ.) ਵੱਲੋਂ ਅਲਾਟ ਕੀਤੇ ਗਏ ਹਾਈਵੇਅ ਨਿਰਮਾਣ ਪ੍ਰਾਜੈਕਟਾਂ ਲਈ ਜਨਤਕ ਫੰਡਾਂ ਦੀ ਹੇਰਾਫੇਰੀ ਕੀਤੀ ਅਤੇ ਇਸਨੂੰ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ਾਂ ਵਿਚ ਭੇਜ ਦਿੱਤਾ।
ਇਸ ਘਟਨਾਚੱਕਰ ’ਤੇ ਰਿਲਾਇੰਸ ਇਨਫਰਾਸਟ੍ਰਕਚਰ ਵੱਲੋਂ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਕਿਹਾ ਕਿ ਉਸਨੇ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਦੀ ਕਥਿਤ ਉਲੰਘਣਾ ਲਈ ਰਿਲਾਇੰਸ ਇਨਫਰਾਸਟ੍ਰਕਚਰ ਲਿਮਟਿਡ ਦੇ 13 ਬੈਂਕ ਖਾਤਿਆਂ ਤੋਂ ਲੈਣ-ਦੇਣ ’ਤੇ ਰੋਕ ਲਗਾ ਦਿੱਤੀ ਹੈ। ਇਨ੍ਹਾਂ ਖਾਤਿਆਂ ਵਿਚ ਕੁੱਲ 54.82 ਕਰੋੜ ਰੁਪਏ ਜਮ੍ਹਾ ਹਨ। ਜਾਂਚ ਏਜੰਸੀ ਨੇ ਪਿਛਲੇ ਮਹੀਨੇ ਇਸ ਮਾਮਲੇ ਵਿਚ ਪੁੱਛਗਿੱਛ ਲਈ ਅਨਿਲ ਅੰਬਾਨੀ ਨੂੰ ਤਲਬ ਕੀਤਾ ਸੀ ਪਰ ਉਹ ਆਪਣਾ ਬਿਆਨ ਦਰਜ ਕਰਵਾਉਣ ਲਈ ਹਾਜ਼ਰ ਨਹੀਂ ਹੋਏ।
ਰੁਪਏ 'ਚ ਗਿਰਾਵਟ ਜਾਰੀ, ਜਾਣੋ ਡਾਲਰ ਮੁਕਾਬਲੇ ਕਿੰਨੀ ਫਿਸਲੀ ਭਾਰਤੀ ਮੁਦਰਾ
NEXT STORY