ਗੁਰਦਾਸਪੁਰ (ਵਿਨੋਦ)-ਜ਼ਿਲਾ ਖਪਤਕਾਰ ਹਿਫਾਜ਼ਤ ਫੋਰਮ ਨੇ ਇਕ ਔਰਤ ਨੂੰ ਰਾਹਤ ਦਿੰਦਿਆਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ (ਪਾਵਰਕਾਮ) ਗੁਰਦਾਸਪੁਰ ਦਫ਼ਤਰ ਨੂੰ ਹੁਕਮ ਦਿੱਤਾ ਹੈ ਕਿ ਉਹ ਸ਼ਿਕਾਇਤਕਰਤਾ ਨੂੰ ਜ਼ਿਆਦਾ ਭੇਜੇ ਬਿਜਲੀ ਦੇ ਬਿੱਲ ਨੂੰ ਵਾਪਸ ਲੈ ਕੇ ਸਿਰਫ ਉਸ ਦਾ ਬਿਜਲੀ ਖਪਤ ਬਿੱਲ ਹੀ ਵਸੂਲ ਕਰੇ ਅਤੇ ਸ਼ਿਕਾਇਤਕਰਤਾ ਨੂੰ 30 ਦਿਨਾਂ 'ਚ 3000 ਰੁਪਏ ਹਰਜਾਨਾ ਅਤੇ 2000 ਰੁਪਏ ਅਦਾਲਤੀ ਖਰਚਾ ਅਦਾ ਕਰੇ।
ਕੀ ਹੈ ਮਾਮਲਾ
ਗੀਤਾ ਸ਼ਰਮਾ ਪਤਨੀ ਵਿਜੇ ਸ਼ਰਮਾ ਨਿਵਾਸੀ ਬੰਦਾ ਬਹਾਦਰ ਕਾਲੋਨੀ ਨੇ ਦੱਸਿਆ ਕਿ ਉਸ ਨੇ ਦੋਰਾਂਗਲਾ ਰੋਡ ਭੁਕਰਾ ਮੋੜ ਦੇ ਸਾਹਮਣੇ ਭੱਠਾ ਕਾਲੋਨੀ 'ਤੇ ਇਕ ਦੁਕਾਨ ਬਣਾ ਕੇ ਆਪਣੀ ਰੋਜ਼ੀ-ਰੋਟੀ ਚਲਾਉਣ ਲਈ ਇਕ ਗਰਾਈਂਡਰ ਮਸ਼ੀਨ ਲਾਈ ਸੀ। ਇੱਥੇ ਉਹ ਵਾਸ਼ਿੰਗ ਪਾਊਡਰ ਬਣਾਉਂਦੀ ਸੀ। ਮਸ਼ੀਨ 'ਚ ਇਕ ਹਾਰਸਪਾਵਰ ਦੀ ਮੋਟਰ ਲੱਗੀ ਹੋਈ ਹੈ। ਇਸ ਸਬੰਧੀ ਪਾਵਰਕਾਮ ਤੋਂ ਉਸ ਨੇ ਬਿਜਲੀ ਕੁਨੈਕਸ਼ਨ ਨੰਬਰ 3001002725 ਲਿਆ ਹੋਇਆ ਹੈ ਅਤੇ ਨਿਯਮਿਤ ਬਿਜਲੀ ਬਿੱਲ ਅਦਾ ਕਰ ਰਹੀ ਹੈ ਪਰ 8 ਜੂਨ 2017 ਨੂੰ ਉਸ ਨੂੰ 41,700 ਰੁਪਏ ਦਾ ਬਿਜਲੀ ਬਿੱਲ ਦਿੱਤਾ ਗਿਆ, ਜਿਸ 'ਚ 39,433 ਰੁਪਏ ਸੰਡਰੀ ਚਾਰਜਿਸ ਅਤੇ 1,777 ਰੁਪਏ ਚਾਲੂ ਵਿੱਤੀ ਸਾਲ ਦੇ ਖਰਚੇ ਪਾਏ ਗਏ ਸਨ ਜਦੋਂ ਕਿ ਇਸ ਰਾਸ਼ੀ ਸਬੰਧੀ ਪਹਿਲਾਂ ਕਦੇ ਕੋਈ ਨੋਟਿਸ ਨਹੀਂ ਦਿੱਤਾ ਗਿਆ ਹੈ। ਇਸ ਸਬੰਧੀ ਉਸ ਨੇ ਐੱਸ. ਡੀ. ਓ. ਦਫ਼ਤਰ ਦੇ ਨੇੜੇ ਨਹਿਰੂ ਪਾਰਕ 'ਚ ਸਥਿਤ ਦਫ਼ਤਰ ਨਾਲ ਸੰਪਰਕ ਕਰ ਕੇ ਭੇਜੇ ਬਿੱਲ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਪਰ ਉੱਥੋਂ ਬਿੱਲ ਨਾ ਭਰਨ 'ਤੇ ਬਿਜਲੀ ਸਪਲਾਈ ਕੱਟ ਦਿੱਤੇ ਜਾਣ ਦੀ ਧਮਕੀ ਦਿੱਤੀ ਗਈ। ਪ੍ਰੇਸ਼ਾਨ ਹੋ ਕੇ ਉਸ ਨੇ ਖਪਤਕਾਰ ਫੋਰਮ ਦਾ ਦਰਵਾਜ਼ਾ ਖੜਕਾਇਆ।
ਪਾਵਰਕਾਮ ਅਧਿਕਾਰੀਆਂ ਨੇ ਫੋਰਮ ਦੇ ਸਾਹਮਣੇ ਇਹ ਦਲੀਲ ਦਿੱਤੀ ਕਿ ਸ਼ਿਕਾਇਤਕਰਤਾ ਦਾ ਇਕ ਪੁਰਾਣਾ ਬਿਜਲੀ ਕੁਨੈਕਸ਼ਨ ਨੰਬਰ 3000312967 ਸੀ ਜੋ ਬੰਦਾ ਬਹਾਦਰ ਕਾਲੋਨੀ ਤ੍ਰਿਮੋ ਰੋਡ ਗੁਰਦਾਸਪੁਰ 'ਚ ਚੱਲਦਾ ਸੀ। ਉਹ ਕੁਨੈਕਸ਼ਨ ਵੀ ਗੀਤਾ ਸ਼ਰਮਾ ਦੇ ਨਾਂ 'ਤੇ ਸੀ ਅਤੇ ਉਸ ਦਾ 39,514 ਰੁਪਏ ਦਾ ਬਿਜਲੀ ਬਿੱਲ ਅਦਾ ਕਰਨਾ ਬਾਕੀ ਹੈ ਅਤੇ ਬਿੱਲ ਅਦਾ ਨਾ ਕਰਨ ਦੇ ਕਾਰਨ ਉਹ ਬਿਜਲੀ ਕੁਨੈਕਸ਼ਨ 27 ਫਰਵਰੀ 2017 ਨੂੰ ਸਥਾਈ ਰੂਪ 'ਚ ਬੰਦ ਕਰ ਦਿੱਤਾ ਗਿਆ ਸੀ। ਉਹ ਰਾਸ਼ੀ ਗੀਤਾ ਸ਼ਰਮਾ ਤੋਂ ਪਾਵਰਕਾਮ ਦੇ ਨਿਯਮ ਅਨੁਸਾਰ ਵਸੂਲ ਕੀਤੀ ਜਾ ਰਹੀ ਹੈ।
ਇਹ ਕਿਹਾ ਫੋਰਮ ਨੇ
ਜ਼ਿਲਾ ਖਪਤਕਾਰ ਹਿਫਾਜ਼ਤ ਫੋਰਮ ਦੇ ਪ੍ਰਧਾਨ ਨਵੀਨ ਪੁਰੀ ਨੇ ਦੋਵਾਂ ਪੱਖਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਪਾਵਰਕਾਮ ਨੂੰ ਹੁਕਮ ਦਿੱਤਾ ਕਿ ਉਹ ਗੀਤਾ ਸ਼ਰਮਾ ਦੇ ਪੁਰਾਣੇ ਬਿਜਲੀ ਸਪਲਾਈ ਕੁਨੈਕਸ਼ਨ ਦਾ ਰਿਕਾਰਡ ਪੇਸ਼ ਕਰੇ ਤਾਂ ਪਾਵਰਕਾਮ ਰਿਕਾਰਡ ਪੇਸ਼ ਨਹੀਂ ਕਰ ਸਕਿਆ। ਇਸ 'ਤੇ ਫੋਰਮ ਨੇ ਪਾਵਰਕਾਮ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਉਹ ਸ਼ਿਕਾਇਤਕਰਤਾ ਵੱਲੋਂ ਸਹੀ ਵਰਤੀ ਗਈ ਬਿਜਲੀ ਦਾ ਹੀ ਬਿੱਲ ਲਵੇ ਅਤੇ ਸ਼ਿਕਾਇਤਕਰਤਾ ਨੂੰ 3000 ਰੁਪਏ ਹਰਜਾਨਾ ਰਾਸ਼ੀ ਅਤੇ 2000 ਰੁਪਏ ਅਦਾਲਤੀ ਖ਼ਰਚਾ 30 ਦਿਨਾਂ 'ਚ ਅਦਾ ਕਰੇ। ਅਜਿਹਾ ਨਾ ਕਰਨ 'ਤੇ ਪੂਰੀ ਰਾਸ਼ੀ 'ਤੇ 9 ਫ਼ੀਸਦੀ ਦੀ ਦਰ ਨਾਲ ਵਿਆਜ ਵੀ ਅਦਾ ਕਰਨਾ ਹੋਵੇਗਾ।
ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ ਨੂੰ 794 ਫਲੈਟ ਦੇਵੇਗਾ ਡੀ.ਡੀ.ਏ.
NEXT STORY