ਮੁੰਬਈ-ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) 'ਚ 12,700 ਕਰੋੜ ਰੁਪਏ ਦੀ ਧੋਖਾਦੇਹੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਬੈਂਕ ਦਾ ਸੋਨੇ ਦੀ ਦਰਾਮਦ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਵਿਦੇਸ਼ੀ ਬੈਂਕ ਪੀ. ਐੱਨ. ਬੀ. ਨੂੰ ਸੋਨਾ ਵੇਚਣ ਲਈ ਤਿਆਰ ਨਹੀਂ ਹਨ। ਬੈਂਕ 'ਚ ਗਾਰੰਟੀ ਪੱਤਰ (ਐੱਲ. ਓ. ਯੂ.) ਰਾਹੀਂ ਹੋਈ ਧੋਖਾਦੇਹੀ ਨਾਲ ਕਮਜ਼ੋਰ ਅਨੁਪਾਲਨ ਦੀ ਗੱਲ ਪ੍ਰਗਟ ਹੋਈ ਹੈ ਅਤੇ ਇਹੀ ਵਜ੍ਹਾ ਹੈ ਕਿ ਵਿਦੇਸ਼ੀ ਬੈਂਕ ਕੋਈ ਖਤਰਾ ਨਹੀਂ ਲੈਣਾ ਚਾਹੁੰਦੇ ਹਨ।
ਪੀ. ਐੱਨ. ਬੀ. ਸਮੇਤ ਕਈ ਬੈਂਕ ਕੀਮਤੀ ਧਾਤਾਂ ਦੇ ਕਾਰੋਬਾਰੀਆਂ ਅਤੇ ਰਿਫਾਈਨਰੀਆਂ ਤੋਂ ਦਰਾਮਦ ਲਈ ਰਜਿਸਟਰਡ ਏਜੰਸੀਆਂ ਹਨ। ਹਾਲ ਦੇ ਮਹੀਨਿਆਂ 'ਚ ਪੀ. ਐੱਨ. ਬੀ. ਸੋਨੇ ਦੀ ਦਰਾਮਦ ਕਰਨ ਵਾਲੇ ਸਭ ਤੋਂ ਵੱਡੇ ਬੈਂਕਾਂ ਦੀ ਸੂਚੀ 'ਚ ਸ਼ਾਮਲ ਸੀ, ਜਿੱਥੇ ਉਸ ਨੂੰ 1 ਤੋਂ 2 ਫ਼ੀਸਦੀ ਮਾਰਜਨ ਮਿਲਦਾ ਸੀ। ਬੈਂਕ ਮਰਕੇਂਡਾਈਜ਼ ਐਕਸਪੋਰਟ ਫਰਾਮ ਇੰਡੀਆ ਸਕੀਮ (ਐੱਮ. ਈ. ਆਈ. ਐੱਸ.) ਦੇ ਤਹਿਤ ਸੋਨੇ ਦੇ ਬਰਾਮਦਕਾਰਾਂ ਵੱਲੋਂ ਪ੍ਰੋਤਸਾਹਨ ਦੇ ਤੌਰ 'ਤੇ ਜਾਰੀ ਕੀਤੇ ਜਾਣ ਵਾਲੇ ਡਿਊਟੀ ਕ੍ਰੈਡਿਟ ਸਰਟੀਫਿਕੇਟ ਖਰੀਦਦਾ ਸੀ। ਇਸ ਨੂੰ ਐਗ਼ਜ਼ਿਮ ਸਕ੍ਰਿਪਸ ਵੀ ਕਿਹਾ ਜਾਂਦਾ ਹੈ। ਐੱਮ. ਈ. ਆਈ. ਐੱਸ. ਯੋਜਨਾ ਅਪ੍ਰੈਲ 2015 'ਚ ਐਲਾਨੀ ਗਈ ਸੀ। ਪੀ. ਐੱਨ. ਬੀ. ਵਰਗੇ ਦਰਾਮਦਕਾਰ ਤਬਦੀਲਣਯੋਗ ਐਗ਼ਜ਼ਿਮ ਸਕ੍ਰਿਪਸ ਖਰੀਦਦੇ ਹਨ ਅਤੇ ਇੰਪੋਰਟ ਡਿਊਟੀ ਦਾ ਭੁਗਤਾਨ ਕਰਨ 'ਤੇ ਉਨ੍ਹਾਂ ਨੂੰ ਕ੍ਰੈਡਿਟ ਮਿਲਦਾ ਹੈ। ਪੀ. ਐੱਨ. ਬੀ. ਫਿਰ ਕਾਰੋਬਾਰੀਆਂ ਨੂੰ ਸੋਨਾ ਵੇਚਦਾ ਸੀ ਅਤੇ ਆਪਣੀ ਕਮਾਈ ਦਾ ਕੁਝ ਹਿੱਸਾ ਉਨ੍ਹਾਂ ਨੂੰ ਦਿੰਦਾ ਸੀ।
ਖਤਰਾ ਨਹੀਂ ਚੁੱਕਣਾ ਚਾਹੁੰਦੇ ਵਿਦੇਸ਼ੀ ਬੈਂਕ
ਵਿਦੇਸ਼ੀ ਬੈਂਕਾਂ ਦੇ ਸੂਤਰਾਂ ਦਾ ਕਹਿਣਾ ਹੈ ਕਿ ਉਹ ਐਗ਼ਜ਼ਿਮ ਸਕ੍ਰਿਪਸ ਦੇ ਫਰਜ਼ੀ ਹੋਣ ਦਾ ਖਤਰਾ ਨਹੀਂ ਚੁੱਕਣਾ ਚਾਹੁੰਦੇ। ਐੱਮ. ਈ. ਆਈ. ਐੱਸ. ਦੇ ਤਹਿਤ ਜਾਰੀ ਐਗ਼ਜ਼ਿਮ ਸਕ੍ਰਿਪਸ ਦੀ ਵਰਤੋਂ ਨਾਲ ਸੋਨੇ ਦੀ ਦਰਾਮਦ ਪਿਛਲੇ ਸਾਲ ਜੁਲਾਈ 'ਚ ਸ਼ੁਰੂ ਹੋਈ ਸੀ। ਕੁਝ ਵਿਚੋਲੀਆਂ ਨੂੰ ਲੱਗਾ ਕਿ ਇਸ 'ਚ ਘੱਟ ਖਤਰਾ ਹੈ। ਕੱਚੇ ਸੋਨੇ ਦੀ ਦਰਾਮਦ ਕਰਨ ਵਾਲੇ ਰਿਫਾਈਨਰਾਂ ਤੋਂ ਇਲਾਵਾ ਪੀ. ਐੱਨ. ਬੀ. ਸਮੇਤ 2 ਬੈਂਕ ਵੀ ਇਸ ਯੋਜਨਾ ਤਹਿਤ ਸੋਨੇ ਦੀ ਦਰਾਮਦ ਕਰਨ ਲੱਗੇ। ਥਾਮਸਨ ਰਾਈਟਰਸ ਜੀ. ਐੱਫ. ਐੱਮ. ਐੱਸ. ਮੁਤਾਬਕ ਅਕਤੂਬਰ 2017 'ਚ ਦੇਸ਼ 'ਚ ਸੋਨੇ ਦੀ ਕੁਲ ਦਰਾਮਦ 'ਚੋਂ 30 ਫ਼ੀਸਦੀ ਦਰਾਮਦ ਐੱਮ. ਈ. ਆਈ. ਐੱਸ. ਦੇ ਤਹਿਤ ਕੀਤਾ ਗਿਆ ਜੋ ਦਸੰਬਰ 'ਚ ਵਧ ਕੇ 55 ਫ਼ੀਸਦੀ ਹੋ ਗਿਆ। ਇਹ ਸਪੱਸ਼ਟ ਨਹੀਂ ਹੈ ਕਿ ਪੀ. ਐੱਨ. ਬੀ. ਨੇ ਐਗ਼ਜ਼ਿਮ ਸਕ੍ਰਿਪਸ ਦੀ ਵਰਤੋਂ ਨਾਲ ਕਿੰਨੇ ਸੋਨੇ ਦੀ ਦਰਾਮਦ ਕੀਤੀ ਪਰ ਇਸ ਦੇ ਜ਼ਰੀਏ ਪਿਛਲੇ 6 ਮਹੀਨਿਆਂ 'ਚ ਕਰੀਬ 70 ਟਨ ਸੋਨੇ ਦੀ ਦਰਾਮਦ ਕੀਤੀ ਗਈ। ਸੂਤਰਾਂ ਮੁਤਾਬਕ ਪੀ. ਐੱਨ. ਬੀ. ਸੋਨੇ ਦੇ ਵੱਡੇ ਦਰਾਮਦਕਾਰਾਂ 'ਚ ਸ਼ਾਮਲ ਸੀ। ਇਸ ਬਾਰੇ ਪੀ. ਐੱਨ. ਬੀ. ਨੂੰ ਭੇਜੀ ਗਈ ਪ੍ਰਸ਼ਨਾਵਲੀ ਦਾ ਕੋਈ ਜਵਾਬ ਨਹੀਂ ਆਇਆ।
ਮੂਡੀਜ਼ ਪੀ. ਐੱਨ. ਬੀ. ਦੀ ਰੇਟਿੰਗ 'ਤੇ ਰੱਖ ਰਿਹੈ ਨਜ਼ਰ
ਧੋਖਾਦੇਹੀ ਸਾਹਮਣੇ ਆਉਣ ਤੋਂ ਬਾਅਦ ਪੀ. ਐੱਨ. ਬੀ. ਦਾ ਕਾਰੋਬਾਰ ਲਈ ਫੰਡ ਉਪਲੱਬਧ ਕਰਵਾਉਣ ਦਾ ਕੰਮ ਅਤੇ ਸੋਨੇ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਮੂਡੀਜ਼ ਉਸਦੀ ਰੇਟਿੰਗ 'ਤੇ ਨਜ਼ਰ ਰੱਖ ਰਿਹਾ ਹੈ ਅਤੇ ਇਸ ਨੂੰ ਘਟਾਏ ਜਾਣ ਦੀ ਸੰਭਾਵਨਾ ਹੈ। ਮੂਡੀਜ਼ ਇਨਵੈਸਟਰਸ ਸਰਵਿਸਿਜ਼ ਦੀ ਵਾਈਸ ਚੇਅਰਪਰਸਨ (ਫਾਈਨਾਂਸ਼ੀਅਲ ਇੰਸਟੀਚਿਊਸ਼ਨ ਗਰੁੱਪ) ਅਲਕਾ ਅੰਬਾਰਾਸੂ ਨੇ ਕਿਹਾ ਕਿ ਪੀ. ਐੱਨ. ਬੀ. ਦੇ ਏਕਲ ਕ੍ਰੈਡਿਟ ਪ੍ਰੋਫਾਈਲ 'ਤੇ ਦਬਾਅ ਦੇ ਮੱਦੇਨਜ਼ਰ ਦੂਜੇ ਬੈਂਕ ਉਸ ਨਾਲ ਲੈਣ-ਦੇਣ ਕਰਨ 'ਚ ਸਾਵਧਾਨੀ ਵਰਤ ਸਕਦੇ ਹਨ। ਧੋਖਾਦੇਹੀ ਨਾਲ ਬੈਂਕ ਦੀ ਕਮਾਈ 'ਤੇ ਦਬਾਅ ਰਹਿ ਸਕਦਾ ਹੈ। ਮੂਡੀਜ਼ ਮੁਤਾਬਕ ਇਕਮਾਤਰ ਹਾਂ-ਪੱਖੀ ਗੱਲ ਇਹ ਹੈ ਕਿ ਸਰਕਾਰ ਬੈਂਕਾਂ ਨੂੰ ਸਪੋਰਟ ਕਰਦੀ ਰਹੀ ਹੈ, ਇਹ ਵਿਦੇਸ਼ੀ ਬੈਂਕਾਂ ਅਤੇ ਦੂਜੇ ਬੈਂਕਾਂ ਲਈ ਰਾਹਤ ਦੀ ਗੱਲ ਹੋਣੀ ਚਾਹੀਦੀ ਹੈ।
ਵਟਸਐਪ ਮਾਮਲਾ : ਸੇਬੀ ਵੱਲੋਂ ਟਾਟਾ ਮੋਟਰਸ ਨੂੰ ਅੰਦਰੂਨੀ ਜਾਂਚ ਕਰਨ ਦੇ ਨਿਰਦੇਸ਼
NEXT STORY