ਨਵੀਂ ਦਿੱਲੀ (ਇੰਟ.) – ਹਫਤਾ ਬਦਲ ਗਿਆ ਪਰ ਹਾਲਾਤ ਨਹੀਂ ਬਦਲੇ। ਭਾਰਤੀ ਬਾਜ਼ਾਰ ’ਚ ਪਿਛਲੇ ਹਫਤੇ 5 ਦਿਨ ਗਿਰਾਵਟ ਰਹੀ। ਅੱਜ ਸਵੇਰੇ ਬਾਜ਼ਾਰ ਤੇਜ਼ੀ ਨਾਲ ਖੁੱਲ੍ਹਿਆ ਪਰ ਦਿਨ ਚੜ੍ਹਦਿਆਂ ਬਾਜ਼ਾਰ ’ਚ ਭਾਰੀ ਗਿਰਾਵਟ ਦਿਸਣ ਲੱਗੀ। ਕਾਰੋਬਾਰ ਦੌਰਾਨ ਸੈਂਸੈਕਸ ਅਤੇ ਨਿਫਟੀ ਡਿੱਗ ਕੇ ਬੰਦ ਹੋਏ।
ਪਿਛਲੇ 6 ਦਿਨਾਂ ’ਚ ਨਿਵੇਸ਼ਕਾਂ ਨੂੰ ਲਗਭਗ 20 ਲੱਖ ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਵਿਦੇਸ਼ੀ ਨਿਵੇਸ਼ਕ ਭਾਰਤੀ ਬਾਜ਼ਾਰ ’ਚੋਂ ਨਕਦੀ ਕੱਢ ਕੇ ਚੀਨ ਦੀ ਮਾਰਕੀਟ ’ਚ ਲਗਾ ਰਹੇ ਹਨ। ਆਪਣੀ ਇਕਾਨਮੀ ’ਚ ਜਾਨ ਪਾਉਣ ਲਈ ਚੀਨ ਨੇ ਹਾਲ ਹੀ ’ਚ ਇਕ ਪ੍ਰੋਤਸਾਹਨ ਪੈਕੇਜ ਦਾ ਐਲਾਨ ਕੀਤਾ ਸੀ।
ਗਲੋਬਲ ਬ੍ਰੋਕਰੇਜ ਫਰਮ ਸੀ. ਐੱਲ. ਐੱਸ. ਏ. ਨੇ ਭਾਰਤੀ ਇਕਵਿਟੀ ’ਚ ਆਪਣੀ ਇਨਵੈਸਟਮੈਂਟ ਘਟਾ ਕੇ ਚੀਨ ’ਚ ਨਿਵੇਸ਼ ਵਧਾ ਦਿੱਤਾ ਹੈ। ਸੀ. ਐੱਲ. ਐੱਸ. ਏ. ਨੇ ਕਿਹਾ ਕਿ ਇਹ ਭਾਰਤ ਦੇ ਓਵਰਵੇਟ ਨੂੰ 20 ਤੋਂ ਘਟਾ ਕੇ 10 ਫੀਸਦੀ ਕਰ ਕੇ ਚੀਨ ਨੂੰ 5 ਫੀਸਦੀ ਓਵਰਵੇਟ ਕਰ ਰਿਹਾ ਹੈ।
ਵਿਦੇਸ਼ੀ ਫਰਮ ਦਾ ਕਹਿਣਾ ਹੈ ਕਿ 3 ਕਾਰਨਾਂ ਨਾਲ ਭਾਰਤੀ ਇਕਵਿਟੀ ’ਤੇ ਅਸਰ ਹੋ ਰਿਹਾ ਹੈ। ਇਸ ’ਚ ਤੇਲ ਦੀਆਂ ਕੀਮਤਾਂ, ਆਈ. ਪੀ. ਓ. ਬੂਮ ਅਤੇ ਖੁਦਰਾ ਨਿਵੇਸ਼ਕਾਂ ਦੀ ਭੁੱਖ ਸ਼ਾਮਲ ਹੈ। ਫਰਮ ਦੇ ਵਿਸ਼ਲੇਸ਼ਕਾਂ ਨੇ ਕਿਹਾ ਕਿ ਭਾਰਤ ਦੇ ਚੀਨ ਨਾਲੋਂ 210 ਫੀਸਦੀ ਬਿਹਤਰ ਪ੍ਰਦਰਸ਼ਨ ਤੋਂ ਬਾਅਦ ਰਿਲੇਟਿਵ ਵੈਲਿਊਏਸ਼ਨ ਵਧਿਆ ਹੈ। ਫਿਰ ਵੀ ਭਾਰਤ ’ਚ ਸਕੇਲੇਬਲ ਈ. ਐੱਮ. ਗ੍ਰੋਥ ਬਹੁਤ ਜ਼ਿਆਦਾ ਹੈ।
ਚੀਨ ’ਤੇ ਸ਼ੱਕ
ਚੀਨ ਦੇ ਸ਼ੇਅਰ ਉਭਰਦੇ ਬਾਜ਼ਾਰਾਂ ਤੋਂ ਲਿਕਵਿਡਿਟੀ ਖਤਮ ਕਰ ਰਹੇ ਹਨ। ਵਿਦੇਸ਼ੀ ਨਿਵੇਸ਼ਕ ਚੀਨੀ ਇਕਵਿਟੀ ’ਚ ਨਿਵੇਸ਼ ਕਰਨ ਲਈ ਲਾਈਨ ’ਚ ਲੱਗੇ ਹਨ। ਲਗਭਗ 2-3 ਸਾਲਾਂ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਚੀਨ ਦੇ ਸ਼ੇਅਰ ਬਾਜ਼ਾਰਾਂ ’ਚ ਤੇਜ਼ੀ ਮੁੜ ਆਈ ਹੈ। ਪਿਛਲੇ ਹਫਤੇ ਨਿਫਟੀ ’ਚ 4.5 ਫੀਸਦੀ ਦੀ ਗਿਰਾਵਟ ਆਈ। ਇਸ ਦੌਰਾਨ ਐੱਫ. ਆਈ. ਆਈ. ਨੇ ਭਾਰਤ ’ਚ 40,500 ਕਰੋੜ ਰੁਪਏ ਤੋਂ ਵੱਧ ਦੇ ਸ਼ੇਅਰ ਵੇਚੇ। ਹਾਲਾਂਕਿ ਸਾਰੇ ਗਲੋਬਲ ਇਨਵੈਸਟਰਜ਼ ਚੀਨ ਨਹੀਂ ਜਾ ਰਹੇ ਹਨ। ਇਨਵੇਸਕੋ, ਜੇ. ਪੀ. ਮੋਰਗਨ, ਐੱਚ. ਐੱਸ. ਬੀ. ਸੀ. ਅਤੇ ਨੋਮੁਰਾ ਨੂੰ ਚੀਨ ਸਰਕਾਰ ਦੇ ਵਾਅਦਿਆਂ ’ਤੇ ਸ਼ੱਕ ਹੈ।
ਹਾਂਗਕਾਂਗ ਅਤੇ ਚੀਨ ਲਈ ਇਨਵੇਸਕੋ ਦੇ ਚੀਫ ਨਿਵੇਸ਼ ਅਧਿਕਾਰੀ ਰੇਮੰਡ ਮਾ ਨੇ ਕਿਹਾ ਕਿ ਸ਼ਾਰਟ ਟਰਮ ’ਚ ਚੀਨ ਦੇ ਬਾਜ਼ਾਰ ਆਕਰਸ਼ਕ ਲੱਗ ਸਕਦੇ ਹਨ ਪਰ ਅਖੀਰ ’ਚ ਲੋਕ ਬੁਨਿਆਦੀ ਗੱਲਾਂ ’ਤੇ ਵਾਪਸ ਮੁੜਨਗੇ। ਇਸ ਰੈਲੀ ਦੇ ਕਾਰਨ ਕੁਝ ਸਟਾਕ ਲੋੜ ਤੋਂ ਵੱਧ ਕੀਮਤੀ ਹੋ ਗਏ ਹਨ। ਉਨ੍ਹਾਂ ਦੀ ਵੈਲਿਊਏਸ਼ਨ ਉਨ੍ਹਾਂ ਦੀ ਇਨਕਮ ਪ੍ਰਫਾਰਮੈਂਸ ਨਾਲ ਮੇਲ ਨਹੀਂ ਖਾਂਦੀ ਹੈ।
ਫਲੋਰਿਡਾ ਸਥਿਤ ਜੀ. ਕਿਊ. ਜੀ. ਪਾਰਟਨਰਜ਼ ਦੇ ਰਾਜੀਵ ਜੈਨ ਨੇ ਕਿਹਾ ਕਿ 2022 ਦੇ ਅਖੀਰ ’ਚ ਚੀਨ ’ਚ ਮਹਾਮਾਰੀ ਨਾਲ ਜੁੜੀਆਂ ਪਾਬੰਦੀਆਂ ਖਤਮ ਹੋਣ ਤੋਂ ਬਾਅਦ ਇਹੀ ਮਾਹੌਲ ਦਿਸਿਆ ਸੀ ਪਰ ਇਹ ਕੁਝ ਹੀ ਦਿਨਾਂ ’ਚ ਖਤਮ ਹੋ ਗਿਆ ਸੀ।
ਅਜੇ ਹੋਰ ਆ ਸਕਦੀ ਹੈ ਗਿਰਾਵਟ
ਜਾਣਕਾਰਾਂ ਦੀ ਮੰਨੀਏ ਤਾਂ 8 ਅਕਤੂਬਰ ਨੂੰ ਹਰਿਆਣਾ ਅਤੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣਗੇ। ਜੇ ਐਗਜ਼ਿਟ ਪੋਲ ਐਗਜ਼ੈਕਟ ਪੋਲ ’ਚ ਕਨਵਰਟ ਹੁੰਦੇ ਹਨ ਤਾਂ ਸ਼ੇਅਰ ਬਾਜ਼ਾਰ ’ਚ ਵੱਡੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਉੱਧਰ 9 ਅਕਤੂਬਰ ਨੂੰ ਆਰ. ਬੀ. ਆਈ. ਐੱਮ. ਪੀ. ਸੀ. ਬੈਠਕ ਦੇ ਨਤੀਜੇ ਸਾਹਮਣੇ ਆਉਣਗੇ, ਜਿਸ ’ਚ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਆਰ. ਬੀ. ਆਈ. ਐੱਮ. ਪੀ. ਸੀ. ਲਗਾਤਾਰ 10ਵੀਂ ਵਾਰ ਰੇਪੋ ਰੇਟ ’ਚ ਕੋਈ ਬਦਲਾਅ ਨਹੀਂ ਕਰੇਗਾ ਜਿਸ ਦਾ ਅਸਰ ਸ਼ੇਅਰ ਬਾਜ਼ਾਰ ’ਤੇ ਦੇਖਣ ਨੂੰ ਮਿਲ ਸਕਦਾ ਹੈ। ਮਤਲਬ ਸਾਫ ਹੈ ਕਿ ਆਉਣ ਵਾਲੇ ਦਿਨਾਂ ’ਚ ਸ਼ੇਅਰ ਬਾਜ਼ਾਰ ’ਚ ਹੋਰ ਵੀ ਜ਼ਿਆਦਾ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ।
Tomato ਦੀਆਂ ਵਧਦੀਆਂ ਕੀਮਤਾਂ 'ਤੇ ਲਗਾਮ , ਜਾਣੋ ਕਦੋਂ ਆਵੇਗੀ ਕੀਮਤਾਂ 'ਚ ਗਿਰਾਵਟ
NEXT STORY