ਨਵੀਂ ਦਿੱਲੀ- ਖੇਤੀਬਾੜੀ ਕਨੂੰਨਾਂ ਦਾ ਵਿਰੋਧ ਕਰ ਰਹੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਰਾਜਧਾਨੀ ਦਿੱਲੀ ਨੂੰ ਜਾਣ ਵਾਲੀਆਂ ਸੜਕਾਂ ਦੇ ਰਸਤੇ ਰੋਕੇ ਹੋਏ ਹਨ। ਇਸ ਕਾਰਨ ਇਕ ਮਹੀਨੇ ਪਹਿਲਾਂ ਦੇ ਮੁਕਾਬਲੇ ਦਿੱਲੀ ਦੀ ਥੋਕ ਮੰਡੀ ਵਿਚ ਫਲਾਂ ਅਤੇ ਸਬਜ਼ੀਆਂ ਦੀ ਵਿਕਰੀ 30 ਫ਼ੀਸਦੀ ਘੱਟ ਗਈ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਇਸ ਨਾਲ ਕੀਮਤਾਂ ਵਿਚ ਵੀ ਗਿਰਾਵਟ ਆਈ ਹੈ।
ਕਿਸਾਨ ਅੰਦੋਲਨ ਕਾਰਨ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਤੋਂ ਖਰੀਦਦਾਰ ਦਿੱਲੀ ਦੀ ਮੰਡੀ ਵਿਚ ਨਹੀਂ ਪਹੁੰਚ ਰਹੇ ਹਨ, ਜਿਸ ਨਾਲ ਕਾਰੋਬਾਰ ਨੂੰ ਨੁਕਸਾਨ ਹੋ ਰਿਹਾ ਹੈ। ਆਜ਼ਾਦਪੁਰ ਮੰਡੀ ਦੇ ਮੈਂਬਰ ਅਨਿਲ ਮਲਹੋਤਰਾ ਨੇ ਕਿਹਾ ਕਿ ਇਕ ਮਹੀਨੇ ਪਹਿਲਾਂ ਤੁਲਨਾ ਵਿਚ ਸਬਜ਼ੀਆਂ ਦੀ ਵਿਕਰੀ 30 ਫੀਸਦੀ ਘੱਟ ਹੈ। ਉਨ੍ਹਾਂ ਕਿਹਾ ਕਿ ਖਰੀਦਦਾਰ ਮੰਡੀ ਵਿਚ ਨਹੀਂ ਆ ਰਹੇ। ਰਾਜਸਥਾਨ ਅਤੇ ਗੁਜਰਾਤ ਰਾਹੀਂ ਦਿੱਲੀ ਤੋਂ ਉੱਤਰੀ ਅਤੇ ਪੂਰਬੀ ਸੂਬਿਆਂ ਨੂੰ ਸਬਜ਼ੀਆਂ ਦੀ ਸਪਲਾਈ ਕੀਤੀ ਜਾ ਰਹੀ ਹੈ।
ਆਜ਼ਾਦਪੁਰ ਮੰਡੀ ਵਿਚ ਸ਼੍ਰੀ ਰਾਮ ਟਰੇਡਿੰਗ ਕੰਪਨੀ ਦੇ ਰਾਮ ਬਰਨ ਨੇ ਦੱਸਿਆ ਕਿ ਆਲੂ ਅਤੇ ਪਿਆਜ਼ ਦੀ ਸਪਲਾਈ ਗੁਜਰਾਤ ਤੋਂ ਸਿੱਧੇ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਲਈ ਹੋ ਰਹੀ ਹੈ। ਇਹ ਟਰਾਂਸਪੋਰਟ ਕਿਰਾਇਆ ਵਧਾ ਰਿਹਾ ਹੈ ਅਤੇ ਟਰੱਕਾਂ ਦੀ ਘਾਟ ਕਾਰੋਬਾਰ ਨੂੰ ਪ੍ਰਭਾਵਿਤ ਕਰ ਰਹੀ ਹੈ। ਭਜਨ ਸਿੰਘ ਐਂਡ ਕੰਪਨੀ ਦੇ ਸਬਜ਼ੀ ਵਪਾਰੀ ਭਜਨ ਸਿੰਘ ਨੇ ਕਿਹਾ ਕਿ ਟਰੱਕਾਂ ਦੀ ਘਾਟ ਕਾਰਨ ਉੱਤਰੀ ਸੂਬਿਆਂ ਲਈ ਪਿਆਜ਼, ਘਿਆ, ਕਰੇਲਾ, ਅਦਰਕ ਅਤੇ ਲੱਸਣ ਦੀ ਵਿਕਰੀ ਘੱਟ ਹੋ ਗਈ ਹੈ।
ਟਮਾਟਰ, ਮਟਰ ਵੀ ਹੋਏ ਸਸਤੇ-
ਮਲਹੋਤਰਾ ਨੇ ਕਿਹਾ ਕਿ ਬਾਜ਼ਾਰ ਵਿਚ ਆਮਦ ਵਧੇਰੇ ਹੋਣ ਕਾਰਨ ਕੀਮਤਾਂ ਹੇਠਾਂ ਆ ਰਹੀਆਂ ਹਨ ਕਿਉਂਕਿ ਖਰੀਦਦਾਰ ਘੱਟ ਹਨ। ਟਮਾਟਰ ਅਤੇ ਮਟਰ ਦੀਆਂ ਕੀਮਤਾਂ 30 ਫ਼ੀਸਦੀ ਘੱਟ ਗਈਆਂ ਹਨ। ਇਨ੍ਹਾਂ ਦੀ ਕੀਮਤ ਕ੍ਰਮਵਾਰ 20 ਰੁਪਏ ਅਤੇ 12 ਰੁਪਏ ਪ੍ਰਤੀ ਕਿਲੋ ਰਹਿ ਗਈ ਹੈ। ਇਸੇ ਤਰ੍ਹਾਂ ਗਾਜਰ ਅਤੇ ਫੁਲ ਗੋਭੀ ਦੀ ਕੀਮਤ ਵਿਚ 50 ਫ਼ੀਸਦੀ ਤੋਂ ਵੀ ਜ਼ਿਆਦਾ ਦੀ ਗਿਰਾਵਟ ਆਈ ਹੈ। ਕਿਨੂੰ ਅਤੇ ਸੰਤਰਾ ਵਪਾਰੀ ਦੀਪਕ ਧਵਨ ਨੇ ਕਿਹਾ ਕਿ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿਚ ਬਰਫਬਾਰੀ ਨੇ ਵੀ ਮੰਗ ਘਟਾ ਦਿੱਤੀ ਹੈ। ਪਿਛਲੇ ਇਕ ਹਫਤੇ ਵਿਚ ਕੀਮਤ ਵਿਚ 15 ਫ਼ੀਸਦੀ ਦੀ ਗਿਰਾਵਟ ਆਈ ਹੈ।
ਸ਼ਹਿਦ 'ਚ ਮਿਲਾਵਟ ਨੂੰ ਰੋਕਣ ਲਈ ਚੀਨ ਤੋਂ ਸਿਰਪ ਦੀ ਦਰਾਮਦ ਹੋਵੇਗੀ ਬੰਦ!
NEXT STORY