ਨਵੀਂ ਦਿੱਲੀ— ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਦੀ ਇਕ ਰਿਪੋਰਟ ਮੁਤਾਬਕ, ਪ੍ਰਤੀ ਵਿਅਕਤੀ ਜੀ. ਡੀ. ਪੀ. ਯਾਨੀ ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ 'ਚ ਬੰਗਲਾਦੇਸ਼ ਭਾਰਤ ਨੂੰ ਪਛਾੜਦੇ ਹੋਏ ਅੱਗੇ ਨਿਕਲਣ ਵਾਲਾ ਹੈ। ਆਈ. ਐੱਮ. ਐੱਫ. ਦੀ 'ਵਰਲਡ ਇਕੋਨਾਮਿਕ ਆਊਟਲੁਕ' ਰਿਪੋਰਟ ਮੁਤਾਬਕ, ਸਾਲ 2020 'ਚ ਬੰਗਲਾਦੇਸ਼ ਦੀ ਪ੍ਰਤੀ ਵਿਅਕਤੀ ਜੀ. ਡੀ. ਪੀ. 4 ਫੀਸਦੀ ਵੱਧ ਕੇ 1,888 ਡਾਲਰ ਹੋਣ ਦੀ ਉਮੀਦ ਹੈ, ਜਦੋਂ ਕਿ ਭਾਰਤੀ ਦੀ ਪ੍ਰਤੀ ਵਿਅਕਤੀ ਜੀ. ਡੀ. ਪੀ. 10.3 ਫੀਸਦੀ ਘੱਟ ਕੇ 1,877 ਡਾਲਰ ਰਹਿਣ ਦੀ ਉਮੀਦ ਹੈ, ਜੋ ਪਿਛਲੇ ਚਾਰ ਸਾਲਾਂ 'ਚ ਸਭ ਤੋਂ ਘੱਟ ਹੋਵੇਗੀ।
ਕੌਮਾਂਤਰੀ ਮੁਦਰਾ ਫੰਡ ਦੀ ਰਿਪੋਰਟ ਮੁਤਾਬਕ, ਕੋਰੋਨਾ ਵਾਇਰਸ ਲਾਕਡਾਊਨ ਦੇ ਪ੍ਰਭਾਵ ਦੇ ਨਤੀਜੇ ਵੱਜੋਂ ਕੈਲੰਡਰ ਸਾਲ 2020 'ਚ ਭਾਰਤ ਦੀ ਪ੍ਰਤੀ ਵਿਅਕਤੀ ਜੀ. ਡੀ. ਪੀ. ਬੰਗਲਾਦੇਸ਼ ਤੋਂ ਘੱਟ ਰਹਿਣ ਦਾ ਖਦਸ਼ਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਪ੍ਰਤੀ ਵਿਅਕਤੀ ਜੀ. ਡੀ. ਪੀ. ਦੇ ਮਾਮਲੇ 'ਚ ਭਾਰਤ ਦੱਖਣੀ ਏਸ਼ੀਆ 'ਚ ਸਿਰਫ ਪਾਕਿਸਤਾਨ ਅਤੇ ਨੇਪਾਲ ਤੋਂ ਹੀ ਅੱਗੇ ਹੋਵੇਗਾ। ਇਸ ਦਾ ਮਤਲਬ ਹੈ ਕਿ ਭੂਟਾਨ, ਸ਼੍ਰੀਲੰਕਾ ਅਤੇ ਮਾਲਦੀਵ ਵਰਗੇ ਦੇਸ਼ ਭਾਰਤ ਤੋਂ ਅੱਗੇ ਹੋਣਗੇ।
ਕੌਮਾਂਤਰੀ ਮੁਦਰਾ ਫੰਡ ਦਾ ਕਹਿਣਾ ਹੈ ਕਿ ਭਾਰਤ ਦੀ ਜੀ. ਡੀ. ਪੀ. 'ਚ ਇਸ ਵਿੱਤੀ ਸਾਲ 'ਚ 10.3 ਫੀਸਦੀ ਦੀ ਗਿਰਾਵਟ ਆ ਸਕਦੀ ਹੈ, ਜੋ ਕਿ ਸਪੇਨ ਤੇ ਇਟਲੀ ਪਿੱਛੋਂ ਤੀਜੀ ਸਭ ਤੋਂ ਤੇਜ਼ ਗਿਰਾਵਟ ਰਹਿ ਸਕਦੀ ਹੈ।
ਹਾਲਾਂਕਿ, ਆਈ. ਐੱਮ. ਐੱਫ. ਨੇ ਰਿਪੋਰਟ 'ਚ ਇਹ ਵੀ ਕਿਹਾ ਹੈ ਕਿ 2021 'ਚ ਭਾਰਤ ਤੇਜ਼ੀ ਨਾਲ ਉਭਰੇਗਾ ਅਤੇ ਪ੍ਰਤੀ ਵਿਅਕਤੀ ਜੀ. ਡੀ. ਪੀ. ਦੇ ਮਾਮਲੇ 'ਚ ਫਿਰ ਬੰਗਲਾਦੇਸ਼ ਤੋਂ ਮੁਹਰੇ ਨਿਕਲ ਜਾਵੇਗਾ। ਰਿਪੋਰਟ ਦਾ ਕਹਿਣਾ ਹੈ ਕਿ 2021 'ਚ ਡਾਲਰ 'ਚ ਹਿਸਾਬ-ਕਿਤਾਬ ਨਾਲ ਭਾਰਤ 8.2 ਫੀਸਦੀ ਦੀ ਵਿਕਾਸ ਦਰ ਨਾਲ ਏਸ਼ੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਦੇ ਰੂਪ 'ਚ ਵਾਪਸੀ ਕਰ ਸਕਦਾ ਹੈ। ਇਸ ਦੌਰਾਨ ਬੰਗਲਾਦੇਸ਼ ਦੀ ਵਿਕਾਸ ਦਰ 5.2 ਫੀਸਦੀ ਰਹਿ ਸਕਦੀ ਹੈ। ਇਸ ਨਾਲ 2021 'ਚ ਭਾਰਤ ਦੀ ਪ੍ਰਤੀ ਵਿਅਕਤੀ ਜੀ. ਡੀ. ਪੀ. 2,030 ਡਾਲਰ 'ਤੇ ਪਹੁੰਚ ਜਾਵੇਗੀ, ਜਦੋਂ ਕਿ ਬੰਗਲਾਦੇਸ਼ ਦੀ 1,990 ਡਾਲਰ ਰਹਿ ਸਕਦੀ ਹੈ। ਗੌਰਤਲਬ ਹੈ ਕਿ ਵੱਡੀ ਆਬਾਦੀ ਹੋਣ ਦੀ ਵਜ੍ਹਾ ਨਾਲ ਭਾਰਤ ਦੀ ਪ੍ਰਤੀ ਵਿਅਕਤੀ ਜੀ. ਡੀ. ਪੀ. 'ਤੇ ਕਾਫ਼ੀ ਅਸਰ ਪੈਂਦਾ ਹੈ।
ਨਿਵੇਸ਼ ਲਈ ਤਿੰਨ ਪਸੰਦੀਦਾ ਥਾਂਵਾਂ 'ਚੋਂ ਇਕ ਹੈ ਭਾਰਤ : ਸਰਵੇ
NEXT STORY