ਜਲੰਧਰ (ਨਰੇਸ਼ ਕੁਮਾਰ) – ਦੇਸ਼ ਦੀ 150 ਕਰੋੜ ਦੀ ਆਬਾਦੀ ਦੁਨੀਆ ਲਈ ਇਕ ਵੱਡਾ ਬਾਜ਼ਾਰ ਹੈ ਅਤੇ ਇਸ ਬਾਜ਼ਾਰ ਵਿਚ ਜੇ ਕਿਸੇ ਵੀ ਤਰ੍ਹਾਂ ਦੀ ਅਸਥਿਰਤਾ ਆਉਂਦੀ ਹੈ ਤਾਂ ਇਸ ਦਾ ਉਨ੍ਹਾਂ ਸਾਰੇ ਦੇਸ਼ਾਂ ਉੱਪਰ ਅਸਰ ਪੈਂਦਾ ਹੈ ਜੋ ਭਾਰਤ ਦੇ ਖਪਤਕਾਰਾਂ ਨੂੰ ਆਪਣਾ ਸਾਮਾਨ ਵੇਚਦੇ ਹਨ। ਦੁਨੀਆ ਭਰ ਦੇ ਵਿਕਸਿਤ ਦੇਸ਼ ਭਾਰਤ ਨੂੰ ਇਕ ਵੱਡੇ ਬਾਜ਼ਾਰ ਦੇ ਰੂਪ ’ਚ ਵੇਖਦੇ ਹਨ। ਚੀਨ ਦੀਆਂ ਕਈ ਕੰਪਨੀਆਂ ਦੇ ਹਿੱਤ ਸਿੱਧੇ ਤੌਰ ’ਤੇ ਭਾਰਤ ਦੇ ਨਾਲ ਜੁੜੇ ਹੋਏ ਹਨ ਅਤੇ ਚੀਨੀ ਕੰਪਨੀਆਂ ਭਾਰਤ ਵਿਚ ਮੋਬਾਈਲ ਫੋਨ ਤੋਂ ਲੈ ਕੇ ਕੱਪੜਾ ਅਤੇ ਹੋਰ ਸਾਮਾਨ ਵੇਚ ਰਹੀਆਂ ਹਨ। ਇਸ ਤੋਂ ਇਲਾਵਾ ਰੂਸ ਲਈ ਵੀ ਭਾਰਤ ਇਕ ਵੱਡਾ ਬਾਜ਼ਾਰ ਹੈ ਅਤੇ ਭਾਰਤ ਰੂਸ ਤੋਂ ਵੱਡੀ ਮਾਤਰਾ ਵਿਚ ਕੱਚਾ ਤੇਲ ਤੇ ਹੋਰ ਸਾਮਾਨ ਦਰਾਮਦ ਕਰ ਰਿਹਾ ਹੈ। ਅਮਰੀਕਾ ਤਾਂ ਭਾਰਤ ਨੂੰ ਚੀਨ ਦੇ ਵੱਡੇ ਬਦਲ ਵਜੋਂ ਹੀ ਵੇਖ ਰਿਹਾ ਹੈ।
ਇਹ ਵੀ ਪੜ੍ਹੋ : ਮਾਰੇ ਗਏ 5 ਅੱਤਵਾਦੀਆਂ ਦੀ ਕੁੰਡਲੀ ਆਈ ਸਾਹਮਣੇ, ਸਰਕਾਰੀ ਸਨਮਾਨਾਂ ਨਾਲ Pak 'ਚ ਹੋਏ ਅੰਤਿਮ ਸੰਸਕਾਰ
ਅਜਿਹੀ ਸਥਿਤੀ ’ਚ ਜੇ ਭਾਰਤ ਵਿਚ ਹਾਲਤ ਵਿਗੜਦੇ ਤਾਂ ਇਸ ਦਾ ਅਸਰ ਖਪਤਕਾਰ ਦੀ ਖਰੀਦ ਸ਼ਕਤੀ ’ਤੇ ਪੈਣਾ ਤੈਅ ਸੀ। ਭਾਰਤ ਦੇ ਬਾਜ਼ਾਰ ਨੂੰ ਵੇਖਦਿਆਂ ਹੀ ਪੂਰੀ ਦੁਨੀਆ ਦੇ ਕਾਰੋਬਾਰੀਆਂ ਨੇ ਆਪੋ-ਆਪਣੇ ਦੇਸ਼ ਦੀ ਲੀਡਰਸ਼ਿਪ ਨੂੰ ਇਸ ਤਣਾਅ ਨੂੰ ਘੱਟ ਕਰਨ ਲਈ ਯਤਨ ਕਰਨ ਵਾਸਤੇ ਦਬਾਅ ਬਣਾਇਆ। ਜ਼ਿਕਰਯੋਗ ਹੈ ਕਿ 6 ਤੇ 7 ਮਈ ਦੀ ਰਾਤ ਨੂੰ ਭਾਰਤ ਵੱਲੋਂ ਪਾਕਿਸਤਾਨ ਦੇ ਅੱਤਵਾਦੀ ਟਿਕਾਣਿਆਂ ’ਤੇ ਕੀਤੀ ਗਈ ਸਰਜੀਕਲ ਸਟ੍ਰਾਈਕ ਤੋਂ ਬਾਅਦ ਪੈਦਾ ਹੋਈ ਜੰਗ ਵਰਗੀ ਸਥਿਤੀ 4 ਦਿਨ ਦੇ ਤਣਾਅ ਤੋਂ ਬਾਅਦ ਹੀ ਆਮ ਵਰਗੀ ਹੋ ਗਈ। ਇਸ ਸਥਿਤੀ ਦੇ ਆਮ ਵਰਗੀ ਹੋਣ ਪਿੱਛੇ ਕਾਰਨ ਭਾਰਤ ਦਾ ਇਕ ਵੱਡਾ ਬਾਜ਼ਾਰ ਹੋਣਾ ਹੈ।
ਇਸੇ ਨੂੰ ਵੇਖਦਿਆਂ ਸਾਰੇ ਵੱਡੇ ਦੇਸ਼ਾਂ ਨੇ ਸਥਿਤੀ ਨੂੰ ਆਮ ਵਰਗੀ ਬਣਾਉਣ ਲਈ ਆਪੋ-ਆਪਣੇ ਪੱਧਰ ’ਤੇ ਯਤਨ ਕੀਤੇ। ਅਮਰੀਕਾ ’ਚ ਡੋਨਾਲਡ ਟਰੰਪ ਦੇ ਸੱਤਾ ਸੰਭਾਲਣ ਤੋਂ ਬਾਅਦ ਅਪ੍ਰੈਲ ਵਿਚ ਸ਼ੁਰੂ ਕੀਤੀ ਗਈ ਟਰੇਡ ਵਾਰ ਦਾ ਅਸਰ ਪੂਰੀ ਦੁਨੀਆ ’ਤੇ ਪੈ ਰਿਹਾ ਹੈ। ਦੁਨੀਆ ਦੇ ਹੋਰਨਾਂ ਦੇਸ਼ਾਂ ਵੱਲੋਂ ਅਮਰੀਕਾ ਨੂੰ ਕੀਤੀ ਜਾਣ ਵਾਲੀ ਬਰਾਮਦ ਘੱਟ ਹੋਣ ਦੀ ਸਥਿਤੀ ਵਿਚ ਕਈ ਦੇਸ਼ਾਂ ਲਈ ਭਾਰਤ ਇਕ ਵੱਡਾ ਬਾਜ਼ਾਰ ਹੈ।
ਇਹ ਵੀ ਪੜ੍ਹੋ : ਭੁੱਖ ਨਾਲ ਮਰ ਰਹੇ ਲੋਕ, ਕਰੋੜਾਂ ਦੇ ਕਰਜ਼... ਜਾਣੋ Pak ਕੋਲ ਕਿੰਨੇ ਦਿਨਾਂ ਦਾ ਬਚਿਆ ਹੈ ਰਾਸ਼ਨ
ਭਾਰਤ ’ਚ 5 ਹਜ਼ਾਰ ਦੇ ਲੱਗਭਗ ਵਿਦੇਸ਼ੀ ਕੰਪਨੀਆਂ
ਭਾਰਤ ਵਿਚ 5 ਹਜ਼ਾਰ ਤੋਂ ਵੱਧ ਵਿਦੇਸ਼ੀ ਕੰਪਨੀਆਂ ਕੰਮ ਕਰ ਰਹੀਆਂ ਹਨ। ਇਨ੍ਹਾਂ ਵਿਚੋਂ ਕਈ ਕੰਪਨੀਆਂ ਦੇ ਹੈੱਡਕੁਆਰਟਰ ਭਾਰਤ ਵਿਚ ਨਹੀਂ ਹਨ ਪਰ ਇਨ੍ਹਾਂ ਦੇ ਰਜਿਸਟਰਡ ਦਫਤਰ ਭਾਰਤ ਵਿਚ ਹਨ। ਇਨ੍ਹਾਂ ਕੰਪਨੀਆਂ ਵਿਚੋਂ ਲੱਗਭਗ 4 ਹਜ਼ਾਰ ਕੰਪਨੀਆਂ ਸਟ੍ਰੀ, ਫਾਰਮਾ, ਕੈਮੀਕਲਜ਼, ਆਟੋਮੋਟਿਵ ਆਦਿ ਵਰਗੇ ਸੈਕਟਰਾਂ ਨਾਲ ਸਬੰਧਤ ਹਨ, ਜਦੋਂਕਿ ਯੂਨੀਲੀਵਰ, ਪ੍ਰੋਕਟਰ ਐਂਡ ਗੈਂਬਲ, ਪੈਪਸੀਕੋ ਤੇ ਕੋਕਾ ਕੋਲਾ ਵਰਗੀਆਂ ਵੱਡੀਆਂ ਐੱਫ. ਐੱਮ. ਸੀ. ਜੀ. ਕੰਪਨੀਆਂ ਖਪਤਕਾਰਾਂ ਨੂੰ ਸਿੱਧੇ ਤੌਰ ’ਤੇ ਸਾਮਾਨ ਵੇਚਣ ਦਾ ਕੰਮ ਕਰਦੀਆਂ ਹਨ। ਇਨ੍ਹਾਂ ਕੰਪਨੀਆਂ ਵੱਲੋਂ ਬਣਾਏ ਗਏ ਸਾਮਾਨ ਨੂੰ ਵੇਚਣ ਲਈ ਵਾਲਮਾਰਟ, ਐਮਾਜ਼ੋਨ ਆਦਿ ਵਰਗੇ ਈ-ਕਾਮਰਸ ਪਲੇਟਫਾਰਮ ਵੀ ਵਿਦੇਸ਼ੀ ਹਨ। ਹੁਣੇ ਜਿਹੇ ਐੱਪਲ ਨੇ ਭਾਰਤ ਵਿਚ ਆਪਣੇ ਫੋਨ ਨਿਰਮਾਣ ਦੀ ਰਫਤਾਰ ਵੀ ਵਧਾਈ ਹੈ। ਇਨ੍ਹਾਂ ਤੋਂ ਇਲਾਵਾ ਹੁੰਡਈ, ਟੋਯੋਟਾ, ਹੋਂਡਾ, ਬੀ. ਐੱਮ. ਡਬਲਯੂ., ਮਰਸੀਡੀਜ਼ ਆਦਿ ਵਰਗੀਆਂ ਕਾਰ ਨਿਰਮਾਤਾ ਕੰਪਨੀਆਂ ਵੀ ਵਿਦੇਸ਼ੀ ਹਨ।
ਇਹ ਵੀ ਪੜ੍ਹੋ : 'ਕਰਾਚੀ ਬੇਕਰੀ' 'ਤੇ ਆਪਣਾ ਗੁੱਸਾ ਉਤਾਰ ਰਹੇ ਲੋਕ, ਜਾਣੋ ਪਾਕਿਸਤਾਨ ਨਾਲ ਕੀ ਹੈ Connection
ਹਥਿਆਰਾਂ ਨਾਲੋਂ ਕੰਜ਼ਿਊਮਰ ਮਾਰਕੀਟ ਜ਼ਿਆਦਾ ਵੱਡੀ
ਹਾਲਾਂਕਿ ਅਮਰੀਕਾ, ਰੂਸ, ਚੀਨ ਤੇ ਹੋਰ ਵੱਡੇ ਦੇਸ਼ ਭਾਰਤ ਤੇ ਪਾਕਿਸਤਾਨ ਨੂੰ ਹਥਿਆਰ ਵੀ ਵੇਚਦੇ ਹਨ ਅਤੇ ਜੰਗ ਜਾਰੀ ਰਹਿਣ ਦੀ ਹਾਲਤ ’ਚ ਹਥਿਆਰ ਬਣਾਉਣ ਵਾਲੀਆਂ ਵਿਦੇਸ਼ੀ ਕੰਪਨੀਆਂ ਨੂੰ ਭਾਰਤ ਤੋਂ ਵੱਡੇ-ਵੱਡੇ ਆਰਡਰ ਮਿਲ ਸਕਦੇ ਸਨ ਪਰ ਵੱਡੇ ਦੇਸ਼ਾਂ ਨੂੰ ਹਥਿਆਰਾਂ ਦੀ ਬਜਾਏ ਹੋਰ ਸਾਮਾਨ ਲਈ ਭਾਰਤ ਦਾ ਬਾਜ਼ਾਰ ਹੁਣ ਜ਼ਿਆਦਾ ਵੱਡਾ ਲੱਗਣ ਲੱਗਾ ਹੈ। ਇਹੀ ਕਾਰਨ ਹੈ ਕਿ ਭਾਰਤ ਵਿਚ ਕਈ ਵੱਡੀਆਂ ਕੰਪਨੀਆਂ ਪ੍ਰਤੱਖ ਵਿਦੇਸ਼ੀ ਨਿਵੇਸ਼ ਕਰ ਰਹੀਆਂ ਹਨ।
ਵਿਦੇਸ਼ੀ ਨਿਵੇਸ਼ਕਾਂ ਨੂੰ ਭਾਰਤ ’ਚ ਨਜ਼ਰ ਆ ਰਹੀ ਹੈ ਆਸ ਦੀ ਕਿਰਨ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ 2 ਅਪ੍ਰੈਲ ਨੂੰ ਕੀਤੇ ਗਏ ਟੈਰਿਫ ਦੇ ਐਲਾਨ ਤੋਂ ਬਾਅਦ ਪੂਰੀ ਦੁਨੀਆ ਵਿਚ ਮੰਦੀ ਦਾ ਖਤਰਾ ਮੰਡਰਾ ਰਿਹਾ ਹੈ। ਅਜਿਹੀ ਹਾਲਤ ’ਚ ਵੀ ਦੁਨੀਆ ਭਰ ਦੀਆਂ ਰੇਟਿੰਗ ਏਜੰਸੀਆਂ ਭਾਰਤ ਦੀ ਗ੍ਰੋਥ ਦੀ ਰਫਤਾਰ ਬਣੇ ਰਹਿਣ ਦਾ ਅਨੁਮਾਨ ਲਾ ਰਹੀਆਂ ਹਨ। ਇਹੀ ਕਾਰਨ ਹੈ ਕਿ ਦੁਨੀਆ ਦੇ ਵੱਡੇ ਨਿਵੇਸ਼ਕਾਂ ਤੇ ਫੰਡ ਮੈਨੇਜਰਾਂ ਨੂੰ ਵੀ ਭਾਰਤ ਤੋਂ ਹੀ ਗ੍ਰੋਥ ਮਿਲਣ ਦੀ ਆਸ ਹੈ। ਅਮਰੀਕਾ ’ਚ ਟੈਰਿਫ ਵਾਰ ਕਾਰਨ ਅਰਥਵਿਵਸਥਾ ’ਤੇ ਖਤਰੇ ਦੇ ਬੱਦਲ ਮੰਡਰਾ ਰਹੇ ਹਨ, ਜਦੋਂਕਿ ਰੂਸ ਯੂਕ੍ਰੇਨ ਦੇ ਨਾਲ ਜੰਗ ਵਿਚ ਉਲਝਿਆ ਹੋਇਆ ਹੈ। ਮਿਡਲ ਈਸਟ ਦੇ ਦੇਸ਼ਾਂ ’ਚ ਵੀ ਆਪਸੀ ਟਕਰਾਅ ਦੀ ਸਥਿਤੀ ਲਗਾਤਾਰ ਬਣੀ ਹੋਈ ਹੈ, ਜਦੋਂਕਿ ਚੀਨ ’ਚੋਂ ਵੀ ਵਿਦੇਸ਼ੀ ਨਿਵੇਸ਼ਕ ਲਗਾਤਾਰ ਨਿਕਲ ਰਹੇ ਹਨ ਅਤੇ ਭਾਰਤ ਦਾ ਰੁਖ਼ ਕਰ ਰਹੇ ਹਨ। ਉਨ੍ਹਾਂ ਨੂੰ ਭਾਰਤ ਵਿਚ ਹੀ ਚੰਗੀ ਗ੍ਰੋਥ ਮਿਲਣ ਦੀ ਆਸ ਹੈ।
ਅਜਿਹੀ ਹਾਲਤ ’ਚ ਜੇ ਭਾਰਤ ਵੀ ਪਾਕਿਸਤਾਨ ਨਾਲ ਜੰਗ ਦੀ ਸਥਿਤੀ ਵਿਚ ਉਲਝ ਜਾਂਦਾ ਤਾਂ ਭਾਰਤੀ ਬਾਜ਼ਾਰ ਵਿਚ ਵੀ ਨਿਵੇਸ਼ਕਾਂ ਦਾ ਅਰਬਾਂ ਰੁਪਿਆ ਫਸ ਜਾਂਦਾ। ਇਨ੍ਹਾਂ ਵਿਦੇਸ਼ੀ ਨਿਵੇਸ਼ਕਾਂ ਦਾ ਦਬਾਅ ਵੀ ਭਾਰਤ-ਪਾਕਿਸਤਾਨ ਵਿਚਾਲੇ ਬਣੀ ਤਣਾਅ ਦੀ ਸਥਿਤੀ ਨੂੰ ਘੱਟ ਕਰਨ ’ਚ ਮਦਦਗਾਰ ਸਾਬਤ ਹੋਇਆ।
ਸ਼ੇਅਰ ਬਾਜ਼ਾਰ ’ਚ ਗਿਰਾਵਟ ਤੋਂ ਫਿਕਰਮੰਦ ਸੀ ਕਾਰਪੋਰੇਟ ਜਗਤ
ਭਾਰਤ-ਪਾਕਿਸਤਾਨ ਵਿਚਾਲੇ ਪੈਦਾ ਹੋਏ ਤਣਾਅ ਵਿਚਕਾਰ ਪਿਛਲੇ 5 ਟਰੇਡਿੰਗ ਸੈਸ਼ਨਾਂ ਦੌਰਾਨ ਹੀ ਸੈਂਸੈਕਸ 1541 ਅੰਕ ਹੇਠਾਂ ਚਲਾ ਗਿਆ ਹੈ, ਜਦੋਂਕਿ ਨਿਫਟੀ ’ਚ 433 ਅੰਕ ਦੀ ਗਿਰਾਵਟ ਵੇਖੀ ਗਈ ਹੈ। ਸ਼ੇਅਰ ਬਾਜ਼ਾਰ ਵਿਚ ਆਈ ਇਸ ਗਿਰਾਵਟ ਦਾ ਭਾਰਤ ਦੇ ਕਾਰਪੋਰੇਟ ਸੈਕਟਰ ਨੂੰ ਵੀ ਨੁਕਸਾਨ ਹੋਇਆ ਹੈ ਕਿਉਂਕਿ ਬਾਜ਼ਾਰ ਵਿਚ ਗਿਰਾਵਟ ਤੋਂ ਬਾਅਦ ਵੱਡੇ-ਵੱਡੇ ਅਰਬਪਤੀਆਂ ਦੀਆਂ ਕੰਪਨੀਆਂ ਦੇ ਮਾਰਕੀਟ ਕੈਪੀਟਲਾਈਜ਼ੇਸ਼ਨ ਵਿਚ ਵੀ ਕਮੀ ਆਈ ਹੈ। ਸ਼ੇਅਰ ਬਾਜ਼ਾਰ ਵਿਚ ਚੱਲ ਰਹੀ ਇਸ ਗਿਰਾਵਟ ਕਾਰਨ ਦੇਸ਼ ਦੇ 9 ਕਰੋੜ ਨਿਵੇਸ਼ਕ ਤੇ ਵੱਡੇ ਕਾਰਪੋਰੇਟ ਘਰਾਣੇ ਵੀ ਫਿਕਰਮੰਦ ਸਨ ਅਤੇ ਉਹ ਵੀ ਚਾਹੁੰਦੇ ਸਨ ਕਿ ਭਾਰਤ-ਪਾਕਿਸਤਾਨ ਵਿਚਾਲੇ ਚੱਲ ਰਹੀ ਤਣਾਅ ਦੀ ਸਥਿਤੀ ਜੰਗ ਵਿਚ ਨਹੀਂ ਬਦਲਣੀ ਚਾਹੀਦੀ। ਇਸ ਕਾਰਨ ਵੀ ਦੋਵਾਂ ਦੇਸ਼ਾਂ ਵਿਚਾਲੇ ਸੀਜ਼ਫਾਇਰ ਹੋਇਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
LIC ਨੇ ਸ਼ੁਰੂ ਕੀਤੀ ਵ੍ਹਟਸਐਪ ਬਾਟ ਰਾਹੀਂ ਪ੍ਰੀਮੀਅਮ ਭੁਗਤਾਨ ਦੀ ਆਨਲਾਈਨ ਸਹੂਲਤ
NEXT STORY