ਨਵੀਂ ਦਿੱਲੀ- ਭਾਰਤੀ ਡਰੱਗਜ਼ ਕੰਟਰੋਲਰ ਜਨਰਲ (ਡੀ. ਸੀ. ਜੀ. ਆਈ.) ਵੱਲੋਂ ਦੋ ਟੀਕਿਆਂ ਨੂੰ ਹਰੀ ਝੰਡੀ ਮਿਲਣ ਮਗਰੋਂ ਭਾਰਤ ਵਿਚ ਕਜ਼ਾਖਸਤਾਨ ਦੇ ਰਾਜਦੂਤ ਯੇਰਲਾਨ ਅਲੀਮਬਾਯੇਵ ਨੇ ਕਿਹਾ ਹੈ ਕਿ ਉਨ੍ਹਾਂ ਦਾ ਮੁਲਕ ਭਾਰਤ ਤੋਂ ਕੋਵਿਡ-19 ਟੀਕੇ ਖ਼ਰੀਦਣ ਲਈ ਤਿਆਰ ਹੈ।
ਉਨ੍ਹਾਂ ਕਿਹਾ ਕਿ ਕਜ਼ਾਖਸਤਾਨ ਵਿਚ ਤਿੰਨ ਟੀਕੇ ਵਿਕਸਤ ਹੋ ਰਹੇ ਹਨ, ਜੋ ਕਿ ਦੂਜੇ ਅਤੇ ਤੀਜੇ ਪੜਾਅ ਵਿਚ ਹਨ। ਅਲੀਮਬਾਯੇਵ ਨੇ ਕਿਹਾ ਕਿ ਭਾਰਤ ਨਾਲ ਹਾਲੇ ਅਧਿਕਾਰਤ ਗੱਲਬਾਤ ਨਹੀਂ ਹੋਈ ਹੈ ਪਰ ਅਸੀਂ ਜਾਣਦੇ ਹਾਂ ਭਾਰਤ ਕੋਲ ਦੋ ਟੀਕੇ ਹਨ ਜੋ ਕਿ ਚੰਗੇ ਹਨ। ਉਨ੍ਹਾਂ ਕਿਹਾ ਕਿ ਭਾਰਤ ਤੋਂ ਟੀਕੇ ਖ਼ਰੀਦਣ ਲਈ ਜਲਦ ਹੀ ਗੱਲਬਾਤ ਕਰ ਸਕਦੇ ਹਾਂ। ਗੌਰਤਲਬ ਹੈ ਕਿ ਥੋੜ੍ਹੀ ਦੇਰ ਪਹਿਲਾਂ ਹੀ ਸੀਰਮ ਇੰਸਟੀਚਿਊਟੀ ਦੇ ਸੀ. ਈ. ਓ. ਅਦਾਰ ਪੂਨਾਵਾਲਾ ਨੇ ਕਿਹਾ ਸੀ ਕਿ ਕੋਵੀਸ਼ੀਲਡ ਦੀ ਬਰਾਮਦ ਸਾਰੇ ਦੇਸ਼ਾਂ ਨੂੰ ਕਰਨ ਦੀ ਮਨਜ਼ੂਰੀ ਹੈ। ਪੂਨਾਵਾਲਾ ਨੇ ਇਹ ਵੀ ਕਿਹਾ ਹੈ ਕਿ ਭਾਰਤ ਬਾਇਓਟੈਕ ਦੇ ਸੰਬੰਧ ਵਿਚ ਤਾਜ਼ਾ ਗ਼ਲਤ ਸੰਚਾਰ ਨੂੰ ਦੂਰ ਕਰਨ ਲਈ ਇਕ ਸਾਂਝਾ ਜਨਤਕ ਬਿਆਨ ਜਾਰੀ ਕੀਤਾ ਜਾਵੇਗਾ।
ਦਰਅਸਲ, ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਸਰਕਾਰ ਨੇ ਆਕਸਫੋਰਡ-ਐਸਟ੍ਰਾਜ਼ੈਨੇਕਾ ਦੇ ਟੀਕੇ ਦੀ ਬਰਾਮਦ ਕਈ ਮਹੀਨਿਆਂ ਤੱਕ ਨਾ ਕਰਨ ਦੀ ਰੋਕ ਲਾ ਦਿੱਤੀ ਹੈ।
ਇਸ 'ਤੇ ਪੂਨਾਵਾਲਾ ਨੇ ਟਵੀਟ ਵਿਚ ਕਿਹਾ, ''ਮੈਂ ਦੋ ਗੱਲਾਂ ਸਪੱਸ਼ਟ ਕਰਨਾ ਚਾਹੁੰਦਾ ਹੈ ਕਿਉਂਕਿ ਬਾਜ਼ਾਰ ਵਿਚ ਗਲਤਫ਼ਹਿਮੀ ਹੈ। ਸਾਰੇ ਦੇਸ਼ਾਂ ਨੂੰ ਟੀਕੇ ਦੀ ਬਰਾਮਦ ਮਨਜ਼ੂਰੀ ਹੈ ਅਤੇ ਭਾਰਤ ਬਾਇਓਟੈਕ ਦੇ ਸਬੰਧ ਵਿਚ ਤਾਜ਼ਾ ਫੈਲਾਈ ਗਲਤ ਜਾਣਕਾਰੀ 'ਤੇ ਸਾਂਝਾ ਜਨਤਕ ਬਿਆਨ ਦਿੱਤਾ ਜਾਵੇਗਾ।" ਇਸ ਤੋਂ ਪਹਿਲਾਂ ਪੂਨਾਵਾਲਾ ਨੇ ਕਿਹਾ ਸੀ ਕਿ ਕੰਪਨੀ ਭਾਰਤ ਲਈ ਲੋੜੀਂਦਾ ਭੰਡਾਰ ਯਕੀਨੀ ਕਰਨ ਤੋਂ ਬਾਅਦ ਹੀ ਬਰਾਮਦ ਕਰ ਸਕਦੀ ਹੈ।
ਗੂਗਲ ਮੁਲਾਜ਼ਮਾਂ 'ਚ ਸੁਲਘ ਰਹੀ ਵਿਰੋਧ ਦੀ ਅੱਗ! ਗੁਪਤ ਰੂਪ ’ਚ ਬਣਾਈ ਯੂਨੀਅਨ
NEXT STORY