ਨਵੀਂ ਦਿੱਲੀ - ਕੇਂਦਰ ਸਰਕਾਰ ਨੇ ਮੱਕੀ ਦੀ ਉਪਜ ਲਈ ਘੱਟੋ-ਘੱਟ ਸਮਰਥਨ ਮੁੱਲ ਨਿਰਧਾਰਤ ਕੀਤਾ ਹੋਇਆ ਹੈ। ਇਸ ਦੇ ਬਾਵਜੂਦ ਮੱਕੀ ਉਤਪਾਦਕਾਂ ਨੂੰ ਆਪਣੀ ਉਪਜ 50 ਫ਼ੀਸਦੀ ਘੱਟ ਮੁੱਲ 'ਤੇ ਨਿੱਜੀ ਖਰੀਦਦਾਰਾਂ ਨੂੰ ਵੇਚਣ ਲ਼ਈ ਮਜਬੂਰ ਹੋਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਜੀ-20 ਨਾਲ ਹੋਟਲ ਇੰਡਸਟਰੀ ਦੀ ਹੋਣ ਵਾਲੀ ਹੈ ਚਾਂਦੀ, 850 ਕਰੋੜ ਰੁਪਏ ਦੀ ਬੰਪਰ ਕਮਾਈ ਦੀ ਉਮੀਦ
ਸੂਬੇ ਦੇ ਉੱਤਰੀ ਜ਼ਿਲ੍ਹਿਆਂ ਦੀਆਂ ਮੰਡੀਆਂ ਦੀਆਂ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਸਰਕਾਰੀ ਏਜੰਸੀਆਂ ਦੀ ਅਣਹੋਂਦ ਵਿੱਚ ਨਿੱਜੀ ਖਰੀਦਦਾਰ 2022-23 ਲਈ ਨਿਰਧਾਰਤ 1,962 ਰੁਪਏ ਦੇ ਘੱਟੋ-ਘੱਟ ਸਮਰਥਨ ਮੁੱਲ ਦੇ ਮੁਕਾਬਲੇ 900 ਤੋਂ 1,400 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਮੱਕੀ ਦੀ ਫਸਲ ਖਰੀਦ ਰਹੇ ਹਨ।
ਹਰਿਆਣਾ ਵਿੱਚ ਸਾਉਣੀ ਅਤੇ ਹਾੜ੍ਹੀ ਦੇ ਮੌਸਮ ਵਿੱਚ ਮੱਕੀ ਦੀ ਕਾਸ਼ਤ ਕੀਤੀ ਜਾਂਦੀ ਹੈ। ਸੂਬੇ ਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਕੋਲ ਹਾੜ੍ਹੀ ਦੇ ਸੀਜ਼ਨ ਵਿੱਚ ਮੱਕੀ ਦੀ ਕਾਸ਼ਤ ਦੇ ਅੰਕੜੇ ਨਹੀਂ ਹਨ ਪਰ ਆਉਣ ਵਾਲੇ ਸਾਉਣੀ ਸੀਜ਼ਨ ਲਈ ਰਾਜ ਦੇ ਖੇਤੀਬਾੜੀ ਵਿਭਾਗ ਨੇ ਮੱਕੀ ਦੀ ਫ਼ਸਲ ਹੇਠ ਤਕਰੀਬਨ 30,000 ਹੈਕਟੇਅਰ ਰਕਬਾ ਲਿਆਉਣ ਦਾ ਟੀਚਾ ਮਿੱਥਿਆ ਹੈ। ਭਾਵੇਂ ਸੂਬਾ ਸਰਕਾਰ ਵੱਲੋਂ ਹਾੜ੍ਹੀ ਦੇ ਸੀਜ਼ਨ ਦੀ ਮੱਕੀ ਦੀ ਖਰੀਦ ਨਹੀਂ ਕੀਤੀ ਜਾਂਦੀ, ਪਰ ਕਿਸਾਨ ਇਸ ਨੂੰ ਕਣਕ ਦਾ ਵਧੀਆ ਬਦਲ ਮੰਨਦੇ ਹਨ ਕਿਉਂਕਿ ਇਹ ਮਾਰਚ ਦੇ ਦੂਜੇ ਹਫ਼ਤੇ ਤੱਕ ਉਗਾਈ ਜਾ ਸਕਦੀ ਹੈ ਅਤੇ ਔਸਤ ਝਾੜ ਲਗਭਗ 40 ਕੁਇੰਟਲ ਪ੍ਰਤੀ ਏਕੜ ਰਹਿੰਦਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੀ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ (CCEA) ਨੇ ਹੁਣ ਮੱਕੀ ਦੇ ਮੰਡੀਕਰਨ ਸੀਜ਼ਨ (ਇਸ ਸਾਲ ਅਕਤੂਬਰ ਵਿੱਚ ਕਟਾਈ ਕੀਤੀ ਜਾਣ ਵਾਲੀ) 2023-24 ਦੇ ਘੱਟੋ-ਘੱਟ ਸਮਰਥਨ ਮੁੱਲ ਨੂੰ ਵਧਾ ਕੇ 2,090 ਰੁਪਏ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।
ਇਹ ਵੀ ਪੜ੍ਹੋ : ਟਾਟਾ ਪਾਵਰ ਦੇਸ਼ ਦਾ ਸਭ ਤੋਂ ਆਕਰਸ਼ਕ ਰੋਜ਼ਗਾਰਦਾਤਾ ਬ੍ਰਾਂਡ, ਜਾਣੋ ਕਿਹੜਾ ਹੈ ਦੂਜੇ ਸਥਾਨ ’ਤੇ
ਸਰਦੀਆਂ ਦੀ ਮੱਕੀ (ਹਾੜ੍ਹੀ) ਦੀ ਵਾਢੀ ਆਪਣੇ ਸਿਖਰ 'ਤੇ ਹੋਣ ਦੇ ਨਾਲ, ਪਿਛਲੇ ਇੱਕ ਹਫ਼ਤੇ ਵਿੱਚ ਕੀਮਤਾਂ ਵਿੱਚ ਲਗਭਗ 500 ਰੁਪਏ ਪ੍ਰਤੀ ਕੁਇੰਟਲ ਦੀ ਗਿਰਾਵਟ ਦੇਖੀ ਗਈ ਹੈ। ਇੱਥੋਂ ਤੱਕ ਕਿ ਵਪਾਰੀਆਂ ਅਤੇ ਆੜ੍ਹਤੀਆਂ ਨੇ ਵੀ ਭਵਿੱਖਬਾਣੀ ਕੀਤੀ ਹੈ ਕਿ ਜੇਕਰ ਅਗਲੇ ਦੋ ਦਿਨਾਂ ਤੱਕ ਮੱਕੀ ਦੀ ਆਮਦ ਇਸੇ ਰਫ਼ਤਾਰ ਨਾਲ ਜਾਰੀ ਰਹੀ ਤਾਂ ਇਸ ਵਿੱਚ ਹੋਰ ਗਿਰਾਵਟ ਆ ਸਕਦੀ ਹੈ।
ਇਸੇ ਤਰ੍ਹਾਂ, ਮੂੰਗੀ ਦੇ ਉਤਪਾਦਕਾਂ ਨੂੰ 7,755 ਰੁਪਏ ਪ੍ਰਤੀ ਕੁਇੰਟਲ ਦੇ ਘੱਟੋ-ਘੱਟ ਸਮਰਥਨ ਮੁੱਲ ਦੇ ਮੁਕਾਬਲੇ 7,000 ਰੁਪਏ ਪ੍ਰਤੀ ਕੁਇੰਟਲ ਤੋਂ ਘੱਟ ਮੁੱਲ ਮਿਲ ਰਿਹਾ ਹੈ। ਪਿੰਡ ਧੂਮਸੀ ਦੇ ਕਿਸਾਨ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਉਸ ਨੇ ਆਪਣੇ ਚਾਰ ਏਕੜ ਵਿੱਚ 17 ਕੁਇੰਟਲ ਮੂੰਗੀ 6,800 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵੇਚੀ, ਜਿਸ ਕਾਰਨ ਉਸ ਨੂੰ ਕਰੀਬ 16,000 ਰੁਪਏ ਦਾ ਨੁਕਸਾਨ ਹੋਇਆ।
ਕਿਸਾਨਾਂ ਦੀ ਮੰਗ ਹੈ ਕਿ ਦੇਸ਼ ਨੂੰ ਐਮਐਸਪੀ ਦੀ ਗਰੰਟੀ ਲਈ ਇੱਕ ਐਕਟ ਦੀ ਲੋੜ ਹੈ। ਜੇਕਰ ਸਰਕਾਰ ਘੱਟੋ-ਘੱਟ ਸਮਰਥਨ ਮੁੱਲ 'ਤੇ ਇਸ ਦੀ ਖਰੀਦ ਨਹੀਂ ਕਰ ਸਕਦੀ ਤਾਂ ਉਹ ਹਰ ਸਾਲ ਇਸ ਨੂੰ ਵਧਾਉਣ ਦੇ ਦਾਅਵੇ ਕਿਉਂ ਕਰ ਰਹੀ ਹੈ।
ਰਾਜ ਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਸਰਦੀਆਂ ਦੀ ਮੱਕੀ ਨੂੰ ਕਣਕ ਦਾ ਸਭ ਤੋਂ ਵਧੀਆ ਵਿਕਲਪਕ ਫ਼ਸਲ ਮੰਨਿਆ ਜਾਂਦਾ ਹੈ ਕਿਉਂਕਿ ਕਿਸਾਨ ਇਸ ਨੂੰ ਸਰ੍ਹੋਂ, ਗੰਨੇ ਅਤੇ ਆਲੂ ਤੋਂ ਬਾਅਦ ਤੀਜੀ ਫ਼ਸਲ ਵਜੋਂ ਉਗਾਉਂਦੇ ਹਨ।
ਪਿਛਲੇ ਸਾਲ ਨਿੱਜੀ ਵਪਾਰੀਆਂ ਨੇ 2,000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਉਤਪਾਦ ਖਰੀਦਿਆ ਸੀ ਪਰ ਇਸ ਸਾਲ ਰਕਬਾ ਵਧਣ ਅਤੇ ਝਾੜ ਵਧਣ ਕਾਰਨ ਭਾਅ ਘਟ ਗਏ ਹਨ।
ਇਹ ਵੀ ਪੜ੍ਹੋ : SBI ਨੇ ਵਿੱਤ ਮੰਤਰੀ ਨੂੰ ਸੌਂਪਿਆ 5740 ਕਰੋੜ ਰੁਪਏ ਦਾ ਡਿਵਿਡੈਂਡ ਚੈੱਕ, ਅੱਜ ਤੱਕ ਦਾ ਰਿਕਾਰਡ ਲਾਭਅੰਸ਼
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਫਿਚ ਨੇ 2023-24 ਲਈ ਭਾਰਤ ਦੀ ਵਿਕਾਸ ਦਰ ਦੇ ਅਨੁਮਾਨ 'ਚ ਕੀਤਾ 6.3 ਫ਼ੀਸਦੀ ਵਾਧਾ
NEXT STORY