ਨਵੀਂ ਦਿੱਲੀ - ਆਪਣੇ ਇਲੈਕਟ੍ਰਿਕ ਵਾਹਨ ਕਾਰੋਬਾਰ ਲਈ ਹੀਰੋ ਬ੍ਰਾਂਡ ਦੀ ਵਰਤੋਂ ਕਰਨ ਦੇ ਅਧਿਕਾਰ ਨੂੰ ਲੈ ਕੇ ਮੁੰਜਾਲ ਪਰਿਵਾਰ ਦੇ ਦੋ ਵਾਰਸਾਂ ਵਿਚਕਾਰ ਕਾਨੂੰਨੀ ਲੜਾਈ ਛਿੜ ਗਈ ਹੈ। ਹੀਰੋ ਇਲੈਕਟ੍ਰਿਕ ਦੇ ਮਾਲਕ ਵਿਜੇ ਮੁੰਜਾਲ ਅਤੇ ਉਨ੍ਹਾਂ ਦੇ ਬੇਟੇ ਨਵੀਨ ਮੁੰਜਾਲ ਨੇ ਆਪਣੇ ਚਚੇਰੇ ਭਰਾ ਅਤੇ ਹੀਰੋ ਮੋਟੋਕਾਰਪ ਦੇ ਪ੍ਰਮੋਟਰ ਅਤੇ ਚੇਅਰਮੈਨ ਪਵਨ ਮੁੰਜਾਲ ਦੇ ਖਿਲਾਫ ਦਿੱਲੀ ਹਾਈ ਕੋਰਟ ਦਾ ਰੁਖ ਕੀਤਾ ਹੈ। ਉਸਨੇ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਹੀਰੋ ਮੋਟੋਕਾਰਪ ਨੂੰ ਇਸਦੇ ਆਉਣ ਵਾਲੇ ਇਲੈਕਟ੍ਰਿਕ ਦੋਪਹੀਆ ਵਾਹਨ ਲਈ ਹੀਰੋ ਬ੍ਰਾਂਡ ਨਾਮ ਦੀ ਵਰਤੋਂ ਕਰਨ ਤੋਂ ਰੋਕਿਆ ਜਾਵੇ।
ਅੱਧੀ ਦਰਜਨ ਤੋਂ ਵੱਧ ਉੱਘੇ ਵਕੀਲ ਕੀਤੇ ਨਿਯੁਕਤ
ਦੋਵਾਂ ਮੁੰਜਾਲਾਂ ਨੇ ਅਦਾਲਤੀ ਲੜਾਈ ਲਈ ਅੱਧੀ ਦਰਜਨ ਤੋਂ ਵੱਧ ਉੱਘੇ ਵਕੀਲ ਨਿਯੁਕਤ ਕੀਤੇ ਹਨ। ਵਿਜੇ ਮੁੰਜਾਲ ਨੇ ਲਾਅ ਫਰਮ ਖੇਤਾਨ ਐਂਡ ਕੰਪਨੀ ਨੂੰ ਹਾਇਰ ਕੀਤਾ ਹੈ ਅਤੇ ਵਕੀਲਾਂ ਦੀ ਇੱਕ ਟੀਮ ਬਣਾਈ ਹੈ ਜਿਸ ਵਿੱਚ ਸਾਬਕਾ ਸਾਲਿਸਟਰ ਜਨਰਲ ਗੋਪਾਲ ਸੁਬਰਾਮਨੀਅਮ, ਸਾਬਕਾ ਐਡੀਸ਼ਨਲ ਸਾਲਿਸਟਰ ਜਨਰਲ ਏਐਸ ਚੰਦੋਕ ਵਰਗੇ ਉੱਘੇ ਵਕੀਲ ਸ਼ਾਮਲ ਹਨ। ਦੂਜੇ ਪਾਸੇ ਪਵਨ ਮੁੰਜਾਲ ਨੇ ਅਗਰਵਾਲ ਲਾਅ ਐਸੋਸੀਏਟਸ ਦੀਆਂ ਸੇਵਾਵਾਂ ਲੈ ਲਈਆਂ ਹਨ ਅਤੇ ਅਭਿਸ਼ੇਕ ਮਨੂ ਸਿੰਘਵੀ, ਰਾਜੀਵ ਨਾਇਰ ਵਰਗੇ ਵਕੀਲਾਂ ਦੀ ਟੀਮ ਨੂੰ ਮਾਮਲਾ ਸੌਂਪਿਆ ਹੈ। ਮਾਮਲੇ ਦੀ ਸੁਣਵਾਈ 5 ਜਨਵਰੀ ਨੂੰ ਹੋਵੇਗੀ।
ਇਹ ਵੀ ਪੜ੍ਹੋ : ਕਿਸਾਨਾਂ ਲਈ ਖ਼ਾਸ ਹੋ ਸਕਦੈ ਇਸ ਵਾਰ ਦਾ ਬਜਟ, 'ਸਮਰੱਥ' ਯੋਜਨਾ ਤਹਿਤ ਵਧੇਗੀ ਆਮਦਨ
ਇਹ ਕਾਨੂੰਨੀ ਲੜਾਈ ਅਜਿਹੇ ਸਮੇਂ ਸ਼ੁਰੂ ਹੋਈ ਹੈ ਜਦੋਂ ਦੇਸ਼ ਦੀ ਸਭ ਤੋਂ ਵੱਡੀ ਦੋਪਹੀਆ ਵਾਹਨ ਕੰਪਨੀ ਹੀਰੋ ਮੋਟੋਕਾਰਪ ਇਸ ਸਾਲ ਮਾਰਚ ਵਿੱਚ ਈਵੀ ਕਾਰੋਬਾਰ ਵਿੱਚ ਐਂਟਰੀ ਕਰਨ ਜਾ ਰਹੀ ਹੈ। ਕੰਪਨੀ ਦਾ ਪਹਿਲਾ EV ਉਤਪਾਦ ਸਕੂਟਰ ਹੋਵੇਗਾ, ਜੋ ਸਿੱਧੇ ਤੌਰ 'ਤੇ ਹੀਰੋ ਇਲੈਕਟ੍ਰਿਕ ਨਾਲ ਮੁਕਾਬਲਾ ਕਰੇਗਾ। ਹੀਰੋ ਇਲੈਕਟ੍ਰਿਕ ਅਤੇ ਹੀਰੋ ਮੋਟੋਕਾਰਪ ਦੇ ਬੁਲਾਰਿਆਂ ਨੇ ਇਸ ਮਾਮਲੇ 'ਤੇ ਕੋਈ ਟਿੱਪਣੀ ਨਹੀਂ ਕੀਤੀ। ਘਟਨਾਕ੍ਰਮ ਦੀ ਜਾਣਕਾਰੀ ਰੱਖਣ ਵਾਲੇ ਇੱਕ ਵਿਅਕਤੀ ਨੇ ਕਿਹਾ ਕਿ ਵਿਜੇ ਮੁੰਜਾਲ ਸਮੂਹ ਨੇ ਬ੍ਰਾਂਡ ਦੀ ਮਲਕੀਅਤ ਨੂੰ ਲੈ ਕੇ ਵਿਵਾਦ ਨੂੰ ਸੁਲਝਾਉਣ ਲਈ ਸਾਲਸੀ ਦੀ ਮੰਗ ਕੀਤੀ ਹੈ ਅਤੇ ਹੀਰੋ ਮੋਟੋਕਾਰਪ ਨੂੰ ਦਿੱਲੀ ਹਾਈ ਕੋਰਟ ਵਿੱਚ ਆਰਬਿਟਰੇਸ਼ਨ ਦਿੱਤਾ ਗਿਆ ਹੈ।
2010 ਵਿਚ ਹੋਏ ਪਰਿਵਾਰਕ ਸਮਝੌਤੇ ਅਨੁਸਾਰ ਮੁੰਜਾਲ ਪਰਿਵਾਰ ਦੇ ਚਾਰ ਵਾਰਸ ਇਸ ਗੱਲ 'ਤੇ ਸਹਿਮਤ ਹੋਏ ਸਨ ਕਿ ਪਰਿਵਾਰ ਦੇ ਦੋ ਜਾਂ ਦੋ ਤੋਂ ਵੱਧ ਸਮੂਹਾਂ ਵਿਚ ਵਿਆਦ ਹੋਣ ਦੀ ਸੂਰਤ ਵਿਚ ਮਾਮਲੇ ਦਾ ਨਿਪਟਾਰਾ ਸਾਲਸੀ ਰਾਹੀਂ ਕੀਤਾ ਜਾਵੇਗਾ, ਜਿਸ ਵਿਚ ਅਸਫਲ ਰਹਿਣ 'ਤੇ ਮਾਮਲਾ ਸਾਲਸੀ ਟ੍ਰਿਬਿਊਨਲ ਕੋਲ ਜਾਵੇਗਾ। ਉਕਤ ਵਿਅਕਤੀ ਨੇ ਕਿਹਾ, "ਕੁਝ ਸਮਾਂ ਪਹਿਲਾਂ ਆਰਬਿਟਰੇਸ਼ਨ ਨੋਟਿਸ ਦਿੱਤਾ ਗਿਆ ਸੀ ਪਰ ਹੀਰੋ ਮੋਟੋਕਾਰਪ ਵੱਲੋਂ ਕੋਈ ਜਵਾਬ ਨਹੀਂ ਆਇਆ, ਜਿਸ ਕਾਰਨ ਵਿਜੇ ਮੁੰਜਾਲ ਸਮੂਹ ਨੂੰ ਬ੍ਰਾਂਡ ਦੀ ਵਰਤੋਂ 'ਤੇ ਰੋਕ ਲਗਾਉਣ ਲਈ ਦਿੱਲੀ ਹਾਈ ਕੋਰਟ ਤੱਕ ਪਹੁੰਚ ਕਰਨੀ ਪਈ" । ਮੁੰਜਾਲ ਪਰਿਵਾਰ ਦੇ ਆਪਣੇ ਏਕੀਕ੍ਰਿਤ ਕਾਰੋਬਾਰ ਵਿੱਚ ਲਗਭਗ 20 ਕੰਪਨੀਆਂ ਹਨ ਅਤੇ ਕਾਰੋਬਾਰ ਦੀ ਵਾਗਡੋਰ ਤੀਜੀ ਪੀੜ੍ਹੀ ਨੂੰ ਸੌਂਪਣ ਦੇ ਬਾਵਜੂਦ, ਹੁਣ ਤੱਕ ਕੋਈ ਵਿਵਾਦ ਸਾਹਮਣੇ ਨਹੀਂ ਆਇਆ ਹੈ।
ਇਹ ਵੀ ਪੜ੍ਹੋ : ਚੀਨ ਦਾ ਕਰਜ਼ ਉਤਾਰਦਿਆਂ 'ਕੰਗਾਲ' ਹੋਇਆ ਸ਼੍ਰੀਲੰਕਾ, ਜਲਦ ਹੋ ਸਕਦੈ ਦਿਵਾਲੀਆ
2010 ਵਿੱਚ, ਮੁੰਜਾਲ ਪਰਿਵਾਰ ਨੇ 20 ਤੋਂ ਵੱਧ ਕੰਪਨੀਆਂ ਵਿੱਚ ਆਪਣੇ ਕਰਾਸ-ਹੋਲਡਿੰਗਜ਼ ਨੂੰ ਇਸ ਤਰੀਕੇ ਨਾਲ ਸੈਟਲ ਕੀਤਾ ਸੀ ਕਿ ਪਰਿਵਾਰ ਦੇ ਹਰੇਕ ਵਰਗ ਨੂੰ ਉਹਨਾਂ ਦੁਆਰਾ ਚਲਾਏ ਗਏ ਕਾਰੋਬਾਰ ਦੀ ਮਾਲਕੀ ਮਿਲ ਗਈ ਸੀ। ਕਾਰੋਬਾਰ ਬ੍ਰਿਜ ਮੋਹਨ ਲਾਲ ਮੁੰਜਾਲ (ਪਵਨ ਮੁੰਜਾਲ ਦੇ ਪਿਤਾ) ਅਤੇ ਉਸਦੇ ਤਿੰਨ ਭਰਾਵਾਂ - ਓਪੀ ਮੁੰਜਾਲ, ਸਤਿਆਨੰਦ ਮੁੰਜਾਲ ਅਤੇ ਮਰਹੂਮ ਦਯਾਨੰਦ ਮੁੰਜਾਲ (ਵਿਜੇ ਮੁੰਜਾਲ) ਵਿਚਕਾਰ ਵੰਡਿਆ ਗਿਆ ਸੀ। ਇਸ ਅਨੁਸਾਰ ਬੀ.ਐਮ ਮੁੰਜਾਲ ਦੇ ਚਾਰੇ ਪੁੱਤਰਾਂ - ਪਵਨ ਕਾਂਤ, ਸੁਨੀਲ ਕਾਂਤ, ਸੁਮਨ ਕਾਂਤ ਅਤੇ ਮਰਹੂਮ ਰਮਨ ਕਾਂਤ - ਨੂੰ ਹੀਰੋ ਹੌਂਡਾ (ਬਾਅਦ ਵਿੱਚ ਹੀਰੋ ਮੋਟੋਕਾਰਪ) ਦੀ ਮਲਕੀਅਤ ਮਿਲੀ, ਵਿਜੇ ਮੁੰਜਾਲ ਗਰੁੱਪ ਨੂੰ ਭਾਰਤ ਅਤੇ ਵਿਦੇਸ਼ਾਂ ਵਿੱਚ ਹੀਰੋ ਬ੍ਰਾਂਡ ਦੇ ਤਹਿਤ ਇਲੈਕਟ੍ਰਿਕ ਵਾਹਨ ਵੇਚਣ ਦਾ ਅਧਿਕਾਰ ਮਿਲਿਆ।
ਵਿਜੇ ਮੁੰਜਾਲ ਦੇ ਬੇਟੇ ਅਤੇ ਹੀਰੋ ਇਲੈਕਟ੍ਰਿਕ ਦੇ ਮੈਨੇਜਿੰਗ ਡਾਇਰੈਕਟਰ ਨਵੀਨ ਮੁੰਜਾਲ ਨੇ ਪਹਿਲਾਂ ਇਕ ਅਖ਼ਬਾਰ ਨੂੰ ਦੱਸਿਆ ਸੀ ਕਿ ਉਹ ਬ੍ਰਾਂਡ 'ਤੇ ਆਪਣੇ ਪਰਿਵਾਰ ਦੇ ਅਧਿਕਾਰਾਂ ਨੂੰ ਲੈ ਕੇ ਕਾਨੂੰਨੀ ਲੜਾਈ ਤੋਂ ਪਿੱਛੇ ਨਹੀਂ ਹਟਣਗੇ। ਉਨ੍ਹਾਂ ਨੇ ਕਿਹਾ ਕਿ ਅਸੀਂ ਬ੍ਰਾਂਡ ਦੇ ਆਪਣੇ ਅਧਿਕਾਰ ਦੀ ਰੱਖਿਆ ਕਰਨ ਅਤੇ ਇਲੈਕਟ੍ਰਿਕ ਅਤੇ ਈਕੋ-ਅਨੁਕੂਲ ਵਾਹਨਾਂ ਲਈ ਸਾਡੇ ਅਧਿਕਾਰਾਂ ਦੀ ਉਲੰਘਣਾ ਨੂੰ ਰੋਕਣ ਲਈ ਸਾਰੇ ਢੁਕਵੇਂ ਉਪਾਅ ਕਰਾਂਗੇ।
ਇਹ ਵੀ ਪੜ੍ਹੋ : ਜੇਕਰ ਤੁਸੀਂ ਵੀ ਨਹੀਂ ਭਰੀ ਇਨਕਮ ਟੈਕਸ ਰਿਟਰਨ ਤਾਂ ਜਾਣੋ ਕਿਹੜੇ ਹਨ ਵਿਕਲਪ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਬਿਜਲੀ 'ਤੇ 5 ਫੀਸਦੀ GST ਨਾਲ ਸਰਕਾਰ ਨੂੰ ਹੋਵੇਗਾ 5,700 ਕਰੋੜ ਦਾ ਨੁਕਸਾਨ
NEXT STORY